ਬਾਇਡਨ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਿਰਧਾਰਿਤ ਕਰਨ ਦੀ ਮੰਗ

US President Joe Biden

ਵਾਸ਼ਿੰਗਟਨ  (ਸਮਾਜ ਵੀਕਲੀ):  ਦੋ ਦਰਜਨ ਤੋਂ ਵੱਧ ਰਿਪਬਲਿਕਨ ਸੈਨੇਟਰਾਂ ਨੇ ਮੰਗ ਕੀਤੀ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਵੱਲੋਂ ਜ਼ਬਤ ਕੀਤੇ ਗਏ ਅਤਿ-ਸੰਵੇਦਨਸ਼ੀਲ ਅਮਰੀਕੀ ਫ਼ੌਜੀ ਉਪਕਰਨਾਂ ਦੇ ਮਾਮਲੇ ’ਤੇ ਬਾਇਡਨ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਅਮਰੀਕੀ ਫ਼ੌਜ ਦੇ ਅਫ਼ਗਾਨਿਸਤਾਨ ਵਿਚੋਂ ਨਿਕਲਣ ਤੋਂ ਬਾਅਦ ਤਾਲਿਬਾਨ ਨੇ ਅਰਬਾਂ ਡਾਲਰਾਂ ਦੇ ਅਮਰੀਕੀ ਉਪਕਰਨ ਆਪਣੇ ਕਬਜ਼ੇ ਵਿਚ ਲੈ ਲਏ ਹਨ। ਸੈਨੇਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਤਾਲਿਬਾਨ ਬਾਗ਼ੀ ਇਨ੍ਹਾਂ ਨੂੰ ਵਰਤਣ ਲਈ ਰੂਸ, ਪਾਕਿਸਤਾਨ, ਇਰਾਨ ਤੇ ਚੀਨ ਵਰਗੇ ਮੁਲਕਾਂ ਦੀ ਮਦਦ ਲੈਣਗੇ।

ਰੱਖਿਆ ਮੰਤਰੀ ਲੌਇਡ ਆਸਟਿਨ ਨੂੰ ਲਿਖੇ ਪੱਤਰ ਵਿਚ ਸੈਨੇਟਰ ਬਿਲ ਕੈਸਿਡੀ, ਮਾਰਕੋ ਰੂਬੀਓ, ਟੈੱਡ ਕਰੂਜ਼ ਤੇ ਹੋਰਨਾਂ ਨੇ ਫ਼ਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਅਤਿ-ਆਧੁਨਿਕ ਅਮਰੀਕੀ ਫ਼ੌਜੀ ਉਪਕਰਨ ਅਫ਼ਗਾਨਿਸਤਾਨ ਵਿਚ ਹੀ ਰਹਿ ਗਏ ਹਨ ਕਿਉਂਕਿ ਉੱਥੋਂ ਨਿਕਲਣ ਲਈ ਅਮਰੀਕਾ ਨੇ ਢੁੱਕਵੀਂ ਰਣਨੀਤੀ ਨਹੀਂ ਬਣਾਈ। ਸੈਨੇਟਰਾਂ ਨੇ ਕਿਹਾ ਕਿ ਇਨ੍ਹਾਂ ਉਪਕਰਨਾਂ ਲਈ ਪੈਸਾ ਲੋਕਾਂ (ਕਰਦਾਤਿਆਂ) ਵੱਲੋਂ ਅਦਾ ਕੀਤਾ ਗਿਆ ਸੀ ਤੇ ਇਨ੍ਹਾਂ ਨੂੰ ਪਿੱਛੇ ਛੱਡਣ ਲਈ ਹੁਣ ਬਾਇਡਨ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਤਾਲਿਬਾਨ ਵੱਲੋਂ ਕਬਜ਼ੇ ਵਿਚ ਲਏ ਗਏ ਅਮਰੀਕੀ ਉਪਕਰਨਾਂ ਤੇ ਹਥਿਆਰਾਂ ਵਿਚ ‘ਬਲੈਕ ਹਾਅਕ ਹੈਲੀਕੌਪਟਰ’ ਤੇ ਏ-29 ਸੁਪਰ ਟੂਕਾਨੋ ਹਮਲਾਵਰ ਹਵਾਈ ਜਹਾਜ਼ ਵੀ ਸ਼ਾਮਲ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀਲੰਕਾ ਵੱਲੋਂ ਦਸ ਦਿਨਾ ਇਕਾਂਤਵਾਸ ਕਰਫਿਊ ਦਾ ਐਲਾਨ
Next articleਤਾਲਿਬਾਨ ਵੱਲੋਂ ਕੰਧਾਰ ਅਤੇ ਹੇਰਾਤ ’ਚ ਭਾਰਤੀ ਕੌਂਸੁਲੇਟਾਂ ਦੀ ਤਲਾਸ਼ੀ