ਸੁੰਦਰਤਾ ਤੇ ਐਂਕਰਿੰਗ ਦੀ ਮੂਰਤ ਬੀਬਾ ‘ਨਵਜੋਤ ਕੌਰ’

ਨਵਜੋਤ ਕੌਰ

(ਸਮਾਜ ਵੀਕਲੀ)

ਦੂਰਦਰਸ਼ਨ ਪੰਜਾਬੀ ਡਿਜੀਟਲ ਤਕਨੀਕ ਨਾਲ ਪੂਰੀ ਦੁਨੀਆਂ ਵਿੱਚ ਪਹੁੰਚਣ ਲੱਗਿਆ। ਮਰਚੈਂਟ ਵਿੱਚ ਨੌਕਰੀ ਕਰਦੇ ਹੋਏ ਸਮੁੰਦਰਾਂ ਵਿੱਚ ਚੱਕਰ ਲਾਉਣਾ ਮੇਰਾ ਖਾਸ ਕੰਮ ਸੀ। ਨੌਂ ਮਹੀਨੇ ਸਮੁੰਦਰ ਤਿੰਨ ਮਹੀਨੇ ਘਰ ਮਨੋਰੰਜਨ ਲਈ ਰੇਡੀਓ ਤੇ ਅਖ਼ਬਾਰ ਪੜ੍ਹ ਲੈਂਦਾ ਸੀ। ਟੀ.ਵੀ. ਤੋਂ ਮੈਂ ਦੂਰ ਹੀ ਰਿਹਾ। ਸੰਨ 2005 ਵਿੱਚ ਹਾਂਗਕਾਂਗ ਤੋਂ ਜਹਾਜ਼ ਜੁਆਇਨ ਕਰਨਾ ਸੀ। ਮੌਸਮ ਖਰਾਬ ਹੋਣ ਕਾਰਨ ਇੱਕ ਹਫ਼ਤਾ ਹਾਂਗਕਾਂਗ ਸੀਮੈਨ ਕਲੱਬ ਵਿੱਚ ਰੁਕਣਾ ਪਿਆ। ਸਾਡੀ ਟੀਮ ਵਿੱਚ ਦਸ ਆਦਮੀ ਸਨ, ਜੋ ਸਾਰੇ ਪੰਜਾਬੀ ਸਨ। ਠੰਢ ਬਹੁਤ ਸੀ। ਅੰਦਰ ਬੈਠੇ ਟੀ.ਵੀ. ਵੇਖਿਆ ਕਰਦੇ ਸੀ, ਤਾਂ ਦੂਰਦਰਸ਼ਨ ਪੰਜਾਬੀ ਚਾਲੂ ਕੀਤਾ।

ਸੱਜਰੀ ਸਵੇਰ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਵਿੱਚ ਸੁੰਦਰਤਾ ਦੀ ਦੇਵੀ ਪੰਜਾਬਣ ਬੀਬੀ ਨਵਜੋਤ ਕੌਰ ਦੀ ਜ਼ੋਰਦਾਰ ਆਵਾਜ਼ ਵਿੱਚ ਕਿਸੇ ਬੁੱਧੀਜੀਵੀ ਨਾਲ ਗੱਲਬਾਤ ਚੱਲ ਰਹੀ ਸੀ। ਸਵਾਲ ਇੰਨੇ ਧੜੱਲੇਦਾਰ ਸਨ, ਜਵਾਬ ਦੇਣ ਵਾਲਾ ਇਸ ਤਰ੍ਹਾਂ ਡਰਿਆ ਬੈਠਾ ਸੀ, ਜਿਵੇਂ ਕਮਜ਼ੋਰ ਬੱਚਾ ਇਮਤਿਹਾਨ ਵਿੱਚ ਬੈਠਾ ਹੋਵੇ। ਇੱਕ ਪ੍ਰੋਗਰਾਮ ਦੇਖਿਆ ਪਰ ਬੀਬਾ ਜੀ ਦੀ ਐਂਕਰਿੰਗ ਮੇਰੇ ਦਿਲ ਵਿੱਚ ਵੱਸ ਗਈ। ਮੈਂ ਘਰ ਨੂੰ ਫੋਨ ਕੀਤਾ ਕਿ ਜਿਸ ਦਿਨ ਬੀਬਾ ਜੀ ਪ੍ਰੋਗਰਾਮ ਵਿੱਚ ਆਉਣ ਰਿਕਾਰਡ ਕਰਕੇ ਮੈਨੂੰ ਪ੍ਰੋਗਰਾਮ ਭੇਜਿਆ ਕਰੋ। ਘਰ ਆ ਕੇ ਬੀਬਾ ਨਵਜੋਤ ਕੌਰ ਦਾ ਪ੍ਰੋਗਰਾਮ ਵੇਖਣਾ ਮੈਂ ਕਦੇ ਵੀ ਨਹੀਂ ਭੁੱਲਦਾ ਸੀ।

ਦੂਰਦਰਸ਼ਨ ਸੱਥ ਪੇਂਡੂ ਲਹਿਜੇ ਦਾ ਪ੍ਰੋਗਰਾਮ ਅਵਿਨਾਸ਼ ਭਾਖੜੀ ਜੀ ਨਾਲ ਪੰਜਾਬੀ ਪਹਿਰਾਵਾ ਠੇਠ ਪੰਜਾਬੀ ਪੇਂਡੂ ਸੱਭਿਆਚਾਰ ਬਾਰੇ ਗੱਲਾਂ ਹਰ ਪ੍ਰੋਗਰਾਮ ਏਨੇ ਸੋਹਣੇ ਤਰੀਕੇ ਨਾਲ ਬਣਾਇਆ ਜਾਂਦਾ ਸੀ ਕਿ ਸ਼ਹਿਰ ਵਿੱਚ ਬੈਠੇ ਮੈਨੂੰ ਲੱਗਦਾ ਸੀ ਕਿ ਮੈਂ ਪਿੰਡ ਆਪਣੇ ਬਾਪੂ ਜੀ ਤੇ ਆਪਣੀ ਭੈਣ ਜੀ ਦੇ ਸ਼ੁੱਧ ਵਿਚਾਰ ਸੁਣ ਰਿਹਾ ਹੋਵਾਂ। ਜੋੜੀਆਂ ਜੱਗ ਥੋੜ੍ਹੀਆਂ ਪ੍ਰੋਗਰਾਮ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿਸੇ ਖੇਤਰ ਵਿੱਚ ਸਥਾਪਤ ਜੋੜੀਆਂ ਨਾਲ ਮੁਲਾਕਾਤ ਹੁੰਦੀ ਸੀ। ਆਪਣੇ ਇੱਕ ਸਾਥੀ ਨਾਲ ਮਿਲ ਕੇ ਜੋੜੀਆਂ ਨਾਲ ਗੱਲਬਾਤ ਇੰਨੇ ਸੋਹਣੇ ਅੰਦਾਜ਼ ਵਿੱਚ ਪੇਸ਼ ਕੀਤੀ ਜਾਂਦੀ ਸੀ।ਜਾਣਕਾਰੀ ਅਤੇ ਹਾਸੇ ਬਿਖੇਰ ਦੀ ਟੋਕਰੀ ਭਰ ਦਿੰਦੇ ਸਨ। ਕਦੇ-ਕਦੇ ਨਾਰੀ ਸੰਸਾਰ ਪ੍ਰੋਗਰਾਮ ਵਿੱਚ ਵੇਖਦਾ ਸੀ।

ਗੱਲ ਕੀ ਨਵਜੋਤ ਕੌਰ ਦੇ ਪ੍ਰੋਗਰਾਮ ਮੇਰੀਆਂ ਯਾਦਾਂ ਵਿੱਚ ਥਾਂ ਬਣਾ ਕੇ ਬੈਠੇ ਸਨ। ਪਿਛਲੇ ਮਹੀਨੇ ਨਵਜੋਤ ਕੌਰ ਨੂੰ ਨਵੇਂ ਰੂਪ ਵਿੱਚ ਖ਼ਾਸ ਖ਼ਬਰ ਇਕ ਨਜ਼ਰ ਵਿੱਚ ਵੇਖਿਆ, ਜਿਸ ਵਿੱਚ ਕਿਸੇ ਬੁੱਧੀਜੀਵੀ ਨਾਲ ਅਖ਼ਬਾਰਾਂ ਦੀਆਂ ਖ਼ਬਰਾਂ ਸਬੰਧੀ ਵਿਚਾਰ ਚਰਚਾ ਹੁੰਦੀ ਹੈ। ਨਵਜੋਤ ਕੌਰ ਦੇ ਉਹੀ ਧੜੱਲੇਦਾਰ ਅੰਦਾਜ਼ ਵਿੱਚ ਸਵਾਲ ਬੁੱਧੀਜੀਵੀ ਦੇ ਠੋਸ ਜਵਾਬ ਪ੍ਰੋਗਰਾਮ ਦੀ ਸ਼ਾਨ ਵਧਾ ਦਿੰਦੇ ਹਨ। ਮੈਂ ਹਰ ਹਫ਼ਤੇ ਉਨ੍ਹਾਂ ਦਾ ਪ੍ਰੋਗਰਾਮ ਵੇਖਦਾ ਹਾਂ ਮੈਂ ਬੀਬਾ ਜੀ ਦੀ ਐਂਕਰਿੰਗ ਦਾ ਇਨ੍ਹਾਂ ਕਾਇਲ ਸੀ ਕਿ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੁੰਦਾ ਸੀ।

ਮੈਂ ਦੂਰਦਰਸ਼ਨ ਪੰਜਾਬੀ ਦੇ ਇੱਕ ਸਾਥੀ ਤੋਂ ਉਨ੍ਹਾਂ ਦਾ ਫੋਨ ਨੰਬਰ ਪ੍ਰਾਪਤ ਕੀਤਾ। ਮੈਂ ਸਤਿ ਸ੍ਰੀ ਅਕਾਲ ਦੇ ਨਾਲ ਆਪਣਾ ਨਾਮ ਦੱਸਿਆ ਤਾਂ ਉਨ੍ਹਾਂ ਨੇ ਝੱਟ ਜਵਾਬ ਦਿੱਤਾ ਤੁਸੀਂ ਸਾਡੇ ਪ੍ਰੋਗਰਾਮਾਂ ਲਈ ਬਹੁਤ ਵਧੀਆ ਚਿੱਠੀਆਂ ਲਿਖਦੇ ਹੋ। ਮੈਂ ਵੀ ਬਹੁਤ ਵਾਰ ਤੁਹਾਡੀਆਂ ਚਿੱਠੀਆਂ ਪੜ੍ਹੀਆਂ ਹਨ। ਬੜੇ ਪਿਆਰ ਨਾਲ ਕਿਹਾ ਵੀਰ ਰਮੇਸ਼ਵਰ ਸਿੰਘ ਜੀ, ਜਿਵੇਂ ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਹੋ, ਉਸ ਨਾਲ ਸਾਨੂੰ ਵਧੀਆ ਪ੍ਰੋਗਰਾਮ ਬਣਾਉਣ ਲਈ ਹੌਸਲਾ ਮਿਲਦਾ ਹੈ। ਮੈਂ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਲੈਣ ਲਈ ਸਮਾਂ ਮੰਗਿਆ ਤਾਂ ਬੀਬਾ ਜੀ ਨੇ ਕਿਹਾ ਵੀਰੇ ਅਸੀਂ ਸਰੋਤਿਆਂ ਦੀ ਸੇਵਾ ਲਈ ਕੰਮ ਕਰਦੇ ਹਾਂ। ਪੁੱਛੋ ਕੀ ਪੁੱਛਣਾ ਚਾਹੁੰਦੇ ਹੋ। ਉਸ ਦੌਰਾਨ ਮੈਂ ਠੋਸ ਜਾਣਕਾਰੀ ਪ੍ਰਾਪਤ ਕੀਤੀ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ।

ਬੀਬਾ ਨਵਜੋਤ ਕੌਰ ਦਾ ਜਨਮ ਸੰਨ 1982 ਪਿੰਡ ਸਿੱਧਵਾਂ ਦੋਨਾ ਵਿਖੇ ਹੋਇਆ। ਉਹ ਕਾਮਰੇਡ ਸੁਖਦੇਵ ਸਿੰਘ ਸਿੱਧੂ ਜੀ ਦੀ ਬੇਟੀ ਹੈ। ਬੀਬਾ ਜੀ ਨੇ ਐੱਮ.ਏ. ਪੰਜਾਬੀ ਅਤੇ ਪੱਤਰਕਾਰੀ ਐੱਮ.ਏ. ਪ੍ਰਾਪਤ ਕਰਕੇ ਰੇਡੀਓ ਤੇ ਦੂਰਦਰਸ਼ਨ ਨੂੰ ਆਪਣਾ ਆਧਾਰ ਬਣਾਇਆ। ਸੰਨ 2004 ਤੋਂ ਲੈ ਕੇ ਅੱਜ ਤੱਕ ਦੂਰਦਰਸ਼ਨ ਪੰਜਾਬੀ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਐਂਕਰਿੰਗ ਜਿਹੜੇ ਪ੍ਰੋਗਰਾਮ ਮੈਂ ਬਾਰੀ ਬਾਰੀ ਵੇਖਦਾ ਰਿਹਾ ਹਾਂ ਤੇ ਉੱਪਰ ਵੇਰਵਾ ਵੀ ਦਰਜ ਹੈ। ਇਸ ਤੋਂ ਇਲਾਵਾ ਰੈੱਡ ਐੱਫ.ਐੱਮ, ਕੈਨੇਡਾ ਲੋਕ ਰੰਗ ਰੇਡੀਓ ਕੈਨੇਡਾ ਵਿੱਚ ਵੀ ਇਨ੍ਹਾਂ ਦੀ ਐਂਕਰਿੰਗ ਚਾਲੂ ਹੈ।

ਪਿਛਲੇ ਸਾਲ ਤੋਂ ਵਿਦੇਸ਼ੀ ਟੀ ਵੀ ਪੰਜਾਬ ਵਨ ਟੀ ਵੀ ਯੂ ਐਸ ਏ ਵਿੱਚ ਵੀ ਰੋਜ਼ਾਨਾ ਸਮਾਚਾਰ ਸੁਣਾਉਂਦੇ ਹਨ  ਪ੍ਰੋਗਰਾਮ ਕਿਸੇ ਤਰ੍ਹਾਂ ਦਾ ਵੀ ਹੋਵੇ ਬੀਬਾ ਜੀ ਦਾ ਪੇਸ਼ ਕਰਨ ਦਾ ਅੰਦਾਜ਼ ਆਪਣੇ ਆਪ ਵਿੱਚ ਨਿਵੇਕਲਾ ਤੇ ਸੁਲਾਹੁਣਯੋਗ ਹੈ।ਸਿਹਤ ਪੱਖੋਂ ਪੰਜਾਬਣ ਮੁਟਿਆਰ ਮਜ਼ਬੂਤ ਹੋਣ ਕਰਕੇ ਸਕੂਲ ਕਾਲਜ ਤੇ ਯੂਨੀਵਰਸਿਟੀ ਵਿੱਚ ਵਾਲੀਵਾਲ ਖੇਡ ਕੇ ਨਾਮਣਾ ਖੱਟਿਆ ਹੈ। ਲੋਕ ਸੇਵਾ ਲਈ ਖ਼ੂਨਦਾਨ ਕੈਂਪ ਲਗਾਉਣੇ ਸਾਡੇ ਸਮਾਜ ਵਿੱਚ ਦਾਜ ਤੇ ਨਸ਼ਿਆਂ ਵਿਰੁੱਧ ਸਮਾਜਿਕ ਜਥੇਬੰਦੀਆਂ ਨਾਲ ਮਿਲ ਕੇ ਪ੍ਰੋਗਰਾਮ ਬਣਾਉਣੇ ਜਨਤਾ ਨੂੰ ਸਹੀ ਸੇਧ ਦੇਣਾ ਬੀਬਾ ਜੀ ਦੇ ਰੋਜ਼ ਕੰਮਾਂ ਵਿੱਚ ਸ਼ਾਮਲ ਹੈ।

ਮੈਂ ਪੁੱਛਿਆ ਬੀਬਾ ਜੀ ਤੁਸੀਂ ਪ੍ਰੋਗਰਾਮਾਂ ਵਿੱਚ ਗੀਤ ਸੰਗੀਤ ਪੇਸ਼ ਕਰਦੇ ਹੋ, ਅੱਜ ਕੱਲ੍ਹ ਦੀ ਗਾਇਕੀ ਨਿੱਘਰਦੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ? ਕਹਿੰਦੀ ਵੀਰੇ ਲਿਖਣ ਅਤੇ ਗਾਉਣ ਵਾਲਿਆਂ ਨੂੰ ਇਹ ਪਤਾ ਨਹੀਂ ਕਿ ਸਾਡੇ ਘਰ ਵੀ ਬੀਬੀਆਂ ਭੈਣਾਂ ਹਨ। ਉਹ ਵੀ ਤੁਹਾਡੇ ਘਟੀਆ ਗੀਤ ਸੁਣ ਦੀਆਂ ਹੋਣਗੀਆਂ। ਮੈਂ ਗਾਉਣ ਵਾਲਿਆਂ ਦੀਆਂ ਮਾਂਵਾਂ ਤੇ ਭੈਣਾਂ ਤੋਂ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਪਰਿਵਾਰ ਵਿੱਚੋਂ ਮੁੰਡਾ ਜਾਂ ਕੁੜੀ ਪੰਜਾਬੀ ਮਾਂ ਬੋਲੀ ਦਾ ਜੋ ਘਾਣ ਕਰ ਰਿਹਾ ਹੈ, ਇਹ ਸਾਡੇ ਸੱਭਿਆਚਾਰ ਦੀ ਬਰਬਾਦੀ ਤਾਂ ਹੈ ਹੀ ਤੁਹਾਡਾ ਪਰਿਵਾਰ ਵੀ ਪੈਸੇ ਲਈ ਵਿਕਣ ਵਾਲਾ ਹੈ। ਗਾਇਕੀ ਕਿੰਨੀ ਕੁ ਦੇਰ ਚੱਲੇਗੀ ਬਾਅਦ ਵਿੱਚ ਤੁਹਾਨੂੰ ਕੋਈ ਨਹੀਂ ਪੁੱਛੇਗਾ।

ਭੈਣ ਜੀ ਤੁਸੀ ਸਕੂਲਾਂ ਕਾਲਜਾਂ ਵਿੱਚ ਪੜ੍ਹੇ ਹੋ। ਤੁਹਾਡਾ ਪਹਿਰਾਵਾ ਤੇ ਬੋਲੀ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਚੰਗੀ ਤਰ੍ਹਾਂ ਮਾਣਦੇ ਹੋ, ਇਸ ਦਾ ਕੀ ਰਾਜ਼ ਹੈ? ਵੀਰੇ ਮੇਰੇ ਪਿਤਾ ਜੀ ਕਾਮਰੇਡ ਅਤੇ ਉੱਚ ਖਿਆਲਾਂ ਦੇ ਹਨ। ਉਨ੍ਹਾਂ ਨੇ ਸਾਨੂੰ ਪੜ੍ਹਾਉਣ ਦੇ ਨਾਲ-ਨਾਲ ਉੱਚੇ ਵਿਚਾਰਾਂ ਦਾ ਸਬਕ ਵੀ ਪੜ੍ਹਾਇਆ ਹੈ। ਉਨ੍ਹਾਂ ਦੇ ਉੱਚੇ ਵਿਚਾਰਾਂ ਦੇ ਬਣਾਏ ਰਸਤੇ ’ਤੇ ਮੈਂ ਚੱਲ ਰਹੀ ਹਾਂ। ਮੈਂ ਮੇਰੇ ਪਿਤਾ ਜੀ ਤੋਂ ਸਿੱਖੀ ਹਾਂ ਕਿ ਸਾਨੂੰ ਸਾਡੀ ਔਲਾਦ ਨੂੰ ਕਿਵੇਂ ਰੱਖਣਾ ਤੇ ਕੀ ਸਿਖਾਉਣਾ ਚਾਹੀਦਾ ਹੈ। ਉਨ੍ਹਾਂ ਨੇ ਮੇਰੇ ਲਈ ਉੱਚ ਵਿਚਾਰਾਂ ਦਾ ਪਤੀ ਸਰਦਾਰ ਗੁਰ ਕਿਰਪਾਲ ਸਿੰਘ ਲੱਭਿਆ। ਸਾਡੇ ਦੋ ਬੱਚੇ ਇੱਕ ਬੇਟਾ ਤੇ ਇੱਕ ਬੇਟੀ ਹੈ। ਸਾਡਾ ਪਰਿਵਾਰ ਬਹੁਤ ਸੁਖੀ ਵੱਸ ਰਿਹਾ ਹੈ।

ਅਸੀਂ ਪੰਜਾਬੀ ਵਿਰਸੇ ਦੇ ਰਸਤੇ ’ਤੇ ਚੱਲ ਰਹੇ ਹਾਂ। ਇਸੇ ਕਰਕੇ ਮੈਨੂੰ ਦੂਰਦਰਸ਼ਨ ਪੰਜਾਬੀ ਇੱਕ ਅਜਿਹੀ ਉੱਚੀ ਸਟੇਜ ਮਿਲੀ ਹੈ ਜਿਸ ’ਤੇ ਮੈਂ ਪੰਜਾਬੀ ਮਾਂ ਬੋਲੀ ਅਤੇ ਵਿਰਸੇ ਦੀ ਸੇਵਾ ਕਰ ਰਹੀ ਹਾਂ ਤੇ ਕਰਦੀ ਰਹਾਂਗੀ। ਮੈਨੂੰ ਬੀਬਾ ਜੀ ਦੀਆਂ ਗੱਲਾਂ ਬਹੁਤ ਸੋਹਣੀਆਂ ਲੱਗੀਆਂ। ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਅਜਿਹੇ ਖੁੱਲ੍ਹੇ-ਡੁੱਲ੍ਹੇ ਤੇ ਸੱਚੇ ਰਸਤੇ ’ਤੇ ਚੱਲਣਾ ਚਾਹੀਦਾ ਹੈ। ਬੀਬਾ ਜੀ ਇਸੇ ਤਰ੍ਹਾਂ ਪੰਜਾਬੀ ਜਗਤ ਲਈ ਪ੍ਰੋਗਰਾਮ ਪੇਸ਼ ਕਰਦੇ ਰਹਿਣ ਅਤੇ ਸਾਨੂੰ ਸਿੱਖਿਆ ਭਰਪੂਰ ਕਰਦੇ ਰਹਿਣ। ਕੁਦਰਤੀ ਵਰਤਾਰਾ ਹਮੇਸ਼ਾ ਬੀਬਾ ਜੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਖੁਸ਼ ਰੱਖੇ।

ਰਮੇਸ਼ਵਰ ਸਿੰਘ ਪਟਿਆਲਾ

 

 

 

 

 

 

 

 

ਸੰਪਰਕ ਨੰਬਰ 9914880392

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOlympics hockey: India have nothing to lose against Belgium
Next articleਦੇਸ਼