ਸਮਾਜ ਵੀਕਲੀ ਯੂ ਕੇ-
ਜਲੰਧਰ, (ਜੱਸਲ)- ਅੱਜ ਤਕਸ਼ਿਲਾ ਬੁੱਧ ਵਿਹਾਰ ਕਾਦੀਆਂ ਵਿਖੇ ‘ਭੀਮਾ ਕੋਰੇਗਾਓ ਵਿਜੇ ਦਿਵਸ’ ਮਨਾਇਆ ਗਿਆ। ਇਸ ਮੌਕੇ ‘ਤੇ ਭੰਤੇ ਪ੍ਰੀਗਿਆ ਬੋਧੀ ਜੀ ਨੇ ਭੀਮਾ ਕੋਰੇਗਾਓ ਵਿਜੈ ਦਿਵਸ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ। ਉਹਨਾਂ ਬੋਧੀ ਉਪਾਸਕਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ।
ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਬੁੱਧਿਸ਼ਟ ਸੋਸਾਇਟੀ (ਰਜ਼ਿ) ਪੰਜਾਬ, ਸ੍ਰੀ ਸ਼ਾਮ ਲਾਲ ਜੱਸਲ (ਨਿਊਜ਼ੀਲੈਂਡ) ਉਪ ਪ੍ਰਧਾਨ, ਰਾਮ ਦਾਸ ਗੁਰੂ ਖਜ਼ਾਨਚੀ, ਹੰਸ ਰਾਜ ਸਮਰਾ ਅਤੇ ਰਾਜੀਵ ਕੁਮਾਰ ਆਦਿ ਬੁੱਧੀਜੀਵੀਆਂ, ਬੋਧੀ ਉਪਾਸਕਾਂ ਨੇ ਮਹਾਰ ਫੌਜ ਦੇ ਯੋਧਿਆ ਨੂੰ ਯਾਦ ਕੀਤਾ, ਨਵੇਂ ਸਾਲ ਦੀ ਵੀ ਵਧਾਈ ਦਿੱਤੀ। ਬੁੱਧੀਜੀਵੀ ਬੋਧੀ ਆਗੂਆਂ ਨੇ ਕਿਹਾ ਕਿ ਮਹਾਨ ਰੈਜੀਮੈਂਟ ਦੇ 500 ਸੂਰਵੀਰ ਸਿਪਾਹੀਆਂ ਨੇ ਪੇਸ਼ਵਾ ਦੇ 28,000 ਸੈਨਿਕਾਂ ਦੀ ਫੌਜ ਨੂੰ ਮਾਰ ਮੁਕਾਇਆ ਸੀ, ਜੋ ਕਿ ਮੂਲ ਨਿਵਾਸੀ ਸੈਨਾ ਦੀ ਬਹਾਦਰੀ ਦੀ ਵਿਸ਼ਵ ਵਿੱਚ ਇੱਕੋ -ਇੱਕ ਉਦਾਹਰਣ ਮਿਲਦੀ ਹੈ। ਐਡਵੋਕੇਟ ਹਰਭਜਨ ਸਾਂਪਲਾ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਹਰ ਸਾਲ ਭੀਮਾ ਕੋਰੇਗਾਓ ਦੇ ਮਹਾਨ ਸਥਾਨ ‘ਤੇ ਜਾ ਕੇ ਯੋਧਿਆਂ ਨੂੰ ਨਤਮਸਤਕ ਹੁੰਦੇ ਸਨ। ਜਿਸ ਨਾਲ ਉਹਨਾਂ ਵਿੱਚ ਮਹਾਰ ਯੋਧਿਆਂ ਦੀ ਸੂਰਬੀਰਤਾ ਅਤੇ ਜਿੱਤ ਦੀ ਨਵੀਂ ਊਰਜਾ ਆ ਜਾਂਦੀ ਸੀ।
ਇਸ ਮੌਕੇ ‘ਤੇ ਸ਼੍ਰੀ ਹਰਭਜਨ ਲਾਲ ਫਗਵਾੜਾ, ਅਮਨ, ਅਸੀਸ, ਚੇਤ ਰਾਮ, ਪ੍ਰਮੋਦ, ਅਰੁਣ, ਅਜੇ ਕੁਮਾਰ, ਧਰਮਿੰਦਰ, ਰਾਮ ਸੇਵਕ, ਅੰਜਲੀ ਅਤੇ ਹੋਰ ਬਹੁਤ ਸਾਰੇ ਉਪਾਸਕ ਹਾਜ਼ਰ ਸਨ।