ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਸਾਲ ਦੇਸ਼ ਦਾ ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਉਨ੍ਹਾਂ ਸਾਰੇ ਡਾਕਟਰਾਂ, ਨਰਸਾਂ ਤੇ ਪੈਰਾ ਮੈਡੀਕਲ ਸਟਾਫ਼ ਨੂੰ ਦਿੱਤਾ ਜਾਵੇ ਜਿਨ੍ਹਾਂ ਨੇ ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਕੀਤੀ। ਉਹ ਅੱਜ ‘ਸਟੈੱਪ ਵਨ’ ਸੰਸਥਾ ਵੱਲੋਂ ‘ਡਾਕਟਰ ਦਿਵਸ’ ਸਬੰਧੀ ਕਰਵਾਏ ਗੲੇ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ।
ਇਸ ਦੌਰਾਨ ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਇਸ ਸਾਲ ਦਾ ‘ਭਾਰਤ ਰਤਨ’ ਪੁਰਸਕਾਰ ਇਕ ‘ਭਾਰਤੀ ਡਾਕਟਰ’ ਨੂੰ ਹੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਡਾਕਟਰ ਦਾ ਅਰਥ ਹੈ ਕਿ ਸਾਰੇ ਡਾਕਟਰ, ਨਰਸਾਂ ਤੇ ਪੈਰਾ ਮੈਡੀਕਲ ਸਟਾਫ। ਇਹੀ ਸ਼ਹੀਦ ਡਾਕਟਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਨਾਲ ਹੀ ਹੋਰ ਵੀ ਜਿਹੜੇ ਆਪਣੀ ਜ਼ਿੰਦਗੀ ਤੇ ਪਰਿਵਾਰਾਂ ਦੀ ਚਿੰਤਾ ਕੀਤੇ ਬਿਨਾ ਦੇਸ਼ ਤੇ ਲੋਕਾਂ ਦੀ ਸੇਵਾ ਕਰਦੇ ਹਨ ਉਨ੍ਹਾਂ ਨੂੰ ਸਨਮਾਨ ਮਿਲੇਗਾ। ਕਰੋਨਾ ਦੌਰਾਨ ਸ਼ਹੀਦ ਹੋਏ ਡਾਕਟਰਾਂ ਤੇ ਹੋਰ ਫ਼ਰੰਟ ਲਾਈਨ ਵਰਕਰਾਂ ਨੂੰ ਸਾਰੇ ਦੇਸ਼ ਵੱਲੋਂ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸ਼ਹੀਦ ਹੋਏ ਡਾਕਟਰਾਂ ਜਾਂ ਫ਼ਰੰਟ ਲਾਈਨ ਵਰਕਰਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਮੁਆਵਜ਼ਾ ਦਿੱਤਾ ਹੈ।
ਉਨ੍ਹਾਂ ਕਿਹਾ, ‘‘ਇਹ ਮੁਆਵਜ਼ਾ ਨਹੀਂ ਹੈ ਪਰ ਇਹ ਕਹਿਣ ਦਾ ਇੱਕ ਤਰੀਕਾ ਹੈ ਕਿ ਅਸੀਂ ਤੁਹਾਡੇ ਧੰਨਵਾਦੀ ਹਾਂ।’’ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ 200 ਤੋਂ ਵੱਧ ਡਾਕਟਰਾਂ ਅਤੇ ਵਾਲੰਟੀਅਰਾਂ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ‘ਡਾਕਟਰ ਦਿਵਸ’ ਸਮਾਰੋਹ ਵਿੱਚ ਹਿੱਸਾ ਲਿਆ। ਸ੍ਰੀ ਕੇਜਰੀਵਾਲ ਨੇ ਸਭ ਤੋਂ ਪਹਿਲਾਂ ‘ਡਾਕਟਰ ਦਿਵਸ’ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੱਦਣ ਲਈ ‘ਸਟੈੱਪ ਵਨ’ ਸੰਸਥਾ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਮੈਡੀਕਲ ਭਾਈਚਾਰੇ ਨੇ ਦੇਸ਼ ਦੀ ਸੇਵਾ ਕੀਤੀ ਤੇ ਲੋਕਾਂ ਦੀ ਮਦਦ ਕੀਤੀ ਹੈ, ਉਸ ਲਈ ਸਾਰਾ ਦੇਸ਼ ਬਹੁਤ ਧੰਨਵਾਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly