ਭਾਣਾ

(ਇੰਦਰ ਪਾਲ ਸਿੰਘ ਪਟਿਆਲਾ)

(ਸਮਾਜ ਵੀਕਲੀ)

ਬੜੇ ਦਿਨਾਂ ਤੋਂ ਮੈਂਨੂੰ ਆਪਣੇ ਦੋਸਤ ਬਲਵਿੰਦਰ ਦੀ ਯਾਦ ਆ ਰਹੀ ਸੀ। ਅੱਜ ਸੋਚਿਆ ਫੋਨ ਕਰ ਹੀ ਲੈਂਦਾ ਹਾਂ। ਤਿੰਨ ਚਾਰ ਵਾਰ ਨੰਬਰ ਮਿਲਾਇਆ ਪਰ ਉਸ ਨਾਲ ਗੱਲ ਨਾ ਹੋ ਪਾਈ। ਘੰਟੇ ਕੁ ਬਾਅਦ ਓਧਰੋਂ ਫੋਨ ਆ ਗਿਆ… ਹੈਲੋ ਕੌਣ ਬੋਲਦੇ ਓ ਕਿੱਥੋਂ ਬੋਲਦੇ ਓ ਕੀਹਦੇ ਨਾਲ ਗੱਲ ਕਰਨੀ ਐ। ਓਧਰੋਂ ਬੋਲਣ ਵਾਲਾ ਇੱਕੋ ਸਾਹੇ ਬੋਲ ਗਿਆ। ਅਵਾਜ਼ ਵਿੱਚ ਘਬਰਾਹਟ ਦੇ ਨਾਲ ਨਾਲ ਅੱਖੜਾਪਣ ਵੀ ਲੱਗ ਰਿਹਾ ਸੀ। ਮੈਂ ਕਿਹਾ.. ਮੈਂ ਮੋਗੇ ਤੋਂਂ ਬੋਲਦਾਂ ਸੁਰਿੰਦਰ ਪਾਲ ਸਿੰਘ… ਬਲਵਿੰਦਰ ਦਾ ਦੋਸਤ… ਓਸੇ ਨਾਲ ਗੱਲ ਕਰਨੀ ਸੀ।

ਮੈਂ ਓਹਨਾਂ ਦਾ ਵੱਡਾ ਮੁੰਡਾ ਬੋਲਦਾਂ। ਹੁਣ ਓਹਨਾਂ ਨਾਲ ਗੱਲ ਨਹੀਂ ਹੋ ਸਕਦੀ। “ਕਿਉਂ” ਦੇ ਜਵਾਬ ਵਿੱਚ ਓਹ ਬੋਲਿਆ… ਜੀ ਓਹ ਤਾਂ ਪਿਛਲੇ ਹਫ਼ਤੇ ਚੱਲ ਵੱਸੇ। ਮੈਂ ਇਕ ਦਮ ਸੁੰਨ ਜਿਹਾ ਹੋ ਗਿਆ ਪਰ ਪੁੱਛ ਹੀ ਲਿਆ… ਕੀ ਹੋਇਆ ਸੀ ਓਹਨਾਂ ਨੂੰ।

ਚੰਗੇ ਭਲੇ ਸੀ। ਬੱਸ ਅਚਾਨਕ ਹੀ ਹਾਰਟ ਅਟੈਕ ਹੋ ਗਿਆ ਤੇ ਢੇਰੀ ਹੋ ਗਏ।

ਮੈਂ ਹੌਂਸਲਾ ਦਿੰਦੇ ਹੋਏ ਕਿਹਾ… ਜੋ ਵਾਹਿਗੁਰੂ ਨੂੰ ਮਨਜ਼ੂਰ ਸੀ ਹੋ ਗਿਆ। ਉਸਦਾ ਭਾਣਾ ਮੰਨਣ ਵਿੱਚ ਹੀ ਭਲਾ ਹੈ।

ਲੈ ਭਾਣਾ ਵਰਤਨਾ ਹੀ ਸੀ ਤਾਂ ਇੱਕ ਦੋ ਦਿਨ ਠਹਿਰ ਕੇ ਵਰਤ ਜਾਂਦਾ। ਉਸੇ ਦਿਨ ਸ਼ਾਮ ਨੂੰ ਵਕੀਲ ਨੇ ਆਉਣਾ ਸੀ ਤੇ ਅਸੀਂ ਵਸੀਅਤ ਲਿਖਵਾਉਣੀ ਸੀ। ਪਰ ਉਸ ਤੋਂ ਪਹਿਲਾਂ ਹੀ… ਓਹ ਚਲੇ ਗਏ। ਹੁਣ ਸੌ ਸਿਆਪੇ ਕਰਨੇ ਪੈਣੇ ਵੰਡ ਵੰਡਈਏ ਲਈ। ਜਿੰਨਾ ਚਿਰ ਹਿੱਸਾ ਨਹੀ ਮਿਲਦਾ ਸਾਡੇ ਤੇ ਤਾਂ ਨਿੱਤ ਭਾਣਾ ਵਰਤਿਆ ਕਰੂ । ਫੋਨ ਬੰਦ ਹੋ ਗਿਆ।

ਪਰ ਮੇਰੇ ਦਿਮਾਗ ਦਾ ਫੋਨ ਅਜੇ ਵੀ ਚੱਲ ਰਿਹਾ ਸੀ….. ਇਹ ਭਾਣਾ ਵਰਤ ਗਿਆ…. ਭਾਣਾ ਮੰਨ ਕੇ ਹੀ ਬੰਦਾ ਅਰਾਮ ਨਾਲ ਰਹਿ ਸਕਦਾ… ਵਾਲੀਆਂ ਗੱਲਾਂ ਬੰਦੇ ਨਾਲ ਸਬੰਧਤ ਨੇ ਕਿ ਬੰਦੇ ਦੀ ਜਾਇਦਾਦ ਨਾਲ…. ਕੀ ਬੱਚੇ ਦਾ ਜਨਮ ਵੀ ਰੱਬ ਦੇ ਭਾਣੇ ਅਨੁਸਾਰ ਹੀ ਨਹੀਂ ਹੁੰਦਾ। ਭਾਣਾ ਮੌਤ ਨਾਲ ਹੀ ਕਿਉਂ ਜੋੜ ਦਿੱਤਾ ਗਿਆ ਹੈ।

ਭਾਣਾ ਸ਼ਬਦ ਦਾ ਅਰਥ ਅਜੇ ਵੀ ਮੇਰੀ ਸਮਝ ਤੋਂ ਬਾਹਰ ਹੋਇਆ ਪਿਆ ਹੈ।

(ਇੰਦਰ ਪਾਲ ਸਿੰਘ ਪਟਿਆਲਾ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਸ਼ੁਭ ਸਵੇਰ ਦੋਸਤੋ,