ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੋਣ ਵਾਲੇ ਹਲਫ਼ਦਾਰੀ ਸਮਾਗਮ ਨੂੰ ਯਾਦਗਾਰੀ ਤੇ ਇਤਿਹਾਸਕ ਬਣਾਉਣ ਲਈ ਪੂਰੇ ਪੰਜਾਬ ਤੋਂ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਉਸ ਦਿਨ ਪੰਜਾਬ ਦੇ ਨੌਜਵਾਨਾਂ ਨੂੰ ਬਸੰਤੀ ਦਸਤਾਰਾਂ ਬੰਨਣ ਅਤੇ ਔਰਤਾਂ ਨੂੰ ਬਸੰਤੀ ਦੁਪੱਟੇ ਲੈ ਕੇ ਆਉਣ ਦੀ ਅਪੀਲ ਕੀਤੀ ਹੈ। ਮਾਨ ਨੇ ਕਿਹਾ, ‘‘ਸ਼ਹੀਦਾਂ ਦੀ ਧਰਤੀ ’ਤੇ ਮੈਂ ਇਕੱਲਾ ਨਹੀਂ, ਪੰਜਾਬ ਦੇ ਤਿੰਨ ਕਰੋੜ ਲੋਕ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ। ਜਿਨ੍ਹਾਂ ਮਿਲ ਕੇ ਭਗਤ ਸਿੰਘ ਦੀ ਸੋਚ ਨੂੰ ਪੂਰਾ ਕਰਨਾ ਹੈ। ਅਸੀਂ ਸਾਰੇ ਮਿਲ ਕੇ ਭਗਤ ਸਿੰਘ ਦੀ ਸੋਚ ਨੂੰ ਅਮਲੀ ਰੂਪ ਦੇਵਾਂਗੇ।’’ ਉਨ੍ਹਾਂ ਕਿਹਾ ਕਿ ਇਹ ਕਿਸੇ ਇਕ ਪਾਰਟੀ ਦੀ ਸਰਕਾਰ ਨਹੀਂ, ਤੁਹਾਡੀ ਆਪਣੀ ਸਰਕਾਰ ਹੋਵੇਗੀ। ਪੰਜਾਬ ਨੂੰ ਹਰਾ-ਭਰਾ ਅਤੇ ਖੁਸ਼ਹਾਲ ਬਣਾਉਣਾ ਹਰ ਕਿਸੇ ਦੀ ਜ਼ਿੰਮੇਵਾਰੀ ਹੋਵੇਗੀ। ਦੱਸ ਦੇਈੲੇ ਕਿ 16 ਮਾਰਚ ਨੂੰ ਸਿਰਫ਼ ਭਗਵੰਤ ਮਾਨ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ ਜਦੋਂ ਕਿ ਪੰਜਾਬ ਮੰਤਰੀ ਮੰਡਲ ਦੀ ਚੋਣ ਬਾਅਦ ਵਿੱਚ ਕੀਤੀ ਜਾਵੇਗੀ। ਹਲਫ਼ਦਾਰੀ ਸਮਾਗਮ ਵਿੱਚ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਣੇ ਵੱਡੀ ਗਿਣਤੀ ਵਿੱਚ ਮਹਿਮਾਨ ਪਹੁੰਚਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly