(ਸਮਾਜ ਵੀਕਲੀ)-ਹਾਲ ਹੀ ਵਿੱਚ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਸੱਤਾ ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਸਨ। ਪੰਜਾਬੀਆਂ ਨੇ ਖੁੱਲ੍ਹੇ ਦਿਲ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ। 117 ਵਿੱਚੋ 92 ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿੱਚ ਪਹੁੰਚੇ ਹਨ। ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ। ਆਮ ਆਦਮੀ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮਾਣਯੋਗ ਭਗਵੰਤ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ। ਲੋਕਾਂ ਵਿਚ ਕਾਫੀ ਉਤਸ਼ਾਹ ਹੈ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਲੋਕਾਂ ਨੂੰ ਬਹੁਤ ਸਹੂਲਤਾਂ ਮੁਫ਼ਤ ਦਿੱਤੀਆਂ ਹਨ ,ਪੰਜਾਬ ਦੇ ਲੋਕਾਂ ਨੂੰ ਵੀ ਆਮ ਆਦਮੀ ਪਾਰਟੀ ਤੋਂ ਬਹੁਤ ਜਿਆਦਾ ਉਮੀਦਾਂ ਹਨ । ਅੱਜ ਪੰਜਾਬ ਦਾ ਕਿਸਾਨ ਖੁਦਕੁਸ਼ੀ ਦੇ ਰਾਹ ਪੈ ਗਿਆ ਹੈ। ਕਰਜ਼ੇ ਦੀ ਪੰਡ ਇੰਨੀ ਭਾਰੀ ਹੋ ਚੁੱਕੀ ਹੈ ,ਕਿ ਉਸਨੂੰ ਹੋਰ ਕੁਝ ਵੀ ਨਹੀਂ ਦਿਸਦਾ। ਜਿਵੇਂ ਤਾਲਾਬੰਦੀ ਵਿੱਚ ਛੋਟ ਦਿੱਤੀ ਗਈ, ਮਹਿੰਗਾਈ ਵਧਦੀ ਗਈ । ਕਰੋਨਾ ਮਹਾਂਮਾਰੀ ਨੇ ਆਰਥਿਕਤਾ ਨੂੰ ਨਪੀੜਿਆ ਹੈ। ਰੋਟੀ, ਕੱਪੜਾ ਅਤੇ ਮਕਾਨ ਹਰ ਆਦਮੀ ਦੀ ਬੁਨਿਆਦੀ ਜ਼ਰੂਰਤਾਂ ਹਨ। ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ। ਸਰੋਂ ਦੇ ਤੇਲ, ਰਾਜਮਾਂਹ ,ਛੋਲੇ ਦਾਲਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦੋ ਸਮੇਂ ਦੀ ਰੋਟੀ ਦਾ ਜੁਗਾੜ ਕਰਨਾ ਆਮ ਆਦਮੀ ਨੂੰ ਮੁਸ਼ਕਿਲ ਹੋ ਗਿਆ ਹੈ। ਕਰੋਨਾ ਮਹਾਮਾਰੀ ਤੋਂ ਬਾਅਦ ਜੋ ਥੋੜੇ ਬਹੁਤ ਕੰਮ ਕਾਜ ਚਲੇ ਵੀ ਹਨ ,ਉਥੇ ਸੀਮਿਤ ਲੋਕਾਂ ਨੂੰ ਵੀ ਰੁਜ਼ਗਾਰ ਮਿਲਿਆ ਹੈ।ਹਾਲ ਹੀ ਵਿੱਚ ਨਸ਼ਰ ਹੋਈ ਇੱਕ ਰਿਪੋਰਟ ਮੁਤਾਬਕ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ। 40 ਫੀਸਦੀ ਪਾਣੀ ਖਰਾਬ ਹੋ ਚੁੱਕਾ ਹੈ।ਪੰਜਾਬ ਦੇ ਕਈ ਜਿਲ੍ਹੇ ਕੈਂਸਰ ਦੀ ਮਾਰ ਹੇਠ ਹਨ। ਜੇ ਸਮਾਂ ਰਹਿੰਦਿਆਂ ਕੋਈ ਠੋਸ ਨੀਤੀ ਨਾ ਅਪਣਾਈ ਗਈ , ਤਾਂ ਜਲਦੀ ਹੀ ਪੂਰਾ ਪੰਜਾਬ ਕੈਂਸਰ ਨਾਲ ਪ੍ਰਭਾਵਿਤ ਹੋ ਜਾਵੇਗਾ।ਅੱਜ ਬੇਰੋਜ਼ਗਾਰੀ ਕਾਰਨ ਪੰਜਾਬ ਖਾਲੀ ਹੋਣ ਲੱਗਾ ਹੈ। ਪੰਜਾਬ ਵਿੱਚ ਹਰ ਸਾਲ ਵਿਦੇਸ਼ਾਂ ਵਿਚ ਪੜਾਈ ਕਰਨ ਲਈ ਨੌਜਵਾਨ 27 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੇ ਹਨ। ਹਰ ਸਾਲ ਲੱਖਾਂ ਨੌਜਵਾਨਾਂ ਦਾ ਵਿਦੇਸ਼ ਜਾਣਾ ਖਤਰੇ ਦੀ ਘੰਟੀ ਹੈ।ਜੇ ਇਹ ਸਿਲਸਿਲਾ ਚਲਦਾ ਰਿਹਾ ਤਾਂ ਪੰਜਾਬ ਇੱਕ ਦਿਨ ਖਾਲੀ ਹੋ ਜਾਏਗਾ। ਚਪੜਾਸੀ ਦੀ ਅਸਾਮੀ ਲਈ ਐਮ ਫਿਲ, ਪੀਐਚਡੀ ਨੌਜਵਾਨ ਅਪਲਾਈ ਕਰਦੇ ਹਨ ।ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ । ਨੋਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਡਿਗਰੀਆਂ ਹੱਥਾਂ ਵਿੱਚ ਫੜੀ, ਨੌਕਰੀ ਦੀ ਪ੍ਰੇਸ਼ਾਨੀ, ਮਾਪਿਆਂ ਦੀ ਉਮੀਦਾਂ ਤੇ ਖ਼ਰਾ ਨਾ ਉਤਰਨਾ ਨਸ਼ੇ ਨੂੰ ਗ੍ਰਹਿਣ ਕਰਨ ਦਾ ਵੱਡਾ ਕਾਰਨ ਹੈ। ਘਰਾਂ ਦੇ ਚਿਰਾਗ ਦੇ ਚਿਰਾਗ ਬੁੱਝ ਚੁੱਕੇ ਹਨ । ਕੋਈ ਦਿਨ ਅਜਿਹਾ ਹੁੰਦਾ ਹੋਣਾ ਜਦੋਂ ਅਖ਼ਬਾਰ ਵਿੱਚ ਖ਼ਬਰ ਨਾ ਛਾਪੀ ਹੋਵੇ ਕਿ ਫ਼ਲਾਣੇ ਪਿੰਡ ਦਾ ਨੌਜਵਾਨ ਚਿੱਟੇ ਦੀ ਭੇਟ ਨਹੀਂ ਚੜ੍ਹਇਆ। ਆਏ ਦਿਨ ਪੰਜ ਸੱਤ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਨਸ਼ੇ ਨੇ ਤਾਂ ਪੰਜਾਬ ਦੀ ਜਵਾਨੀ ਹੀ ਖਤਮ ਕਰ ਦਿੱਤੀ ਹੈ। ਆਵਾਰਾ ਕੁੱਤਿਆਂ ਦੀ ਸਮੱਸਿਆ ਇੰਨੀ ਵੱਧ ਚੁੱਕੀ ਹੈ ਕਿ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਅਨੁਭਵ ਕਰਦਾ ਹੈ। ਹਾਲਾਂਕਿ ਸਰਕਾਰ ਨੇ ਕੁੱਤੇ ਮਾਰਨ ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਕੋਈ ਠੋਸ ਨੀਤੀ ਨਹੀਂ ਬਣੀ ਹੈ । ਝੁੰਡ ਦੇ ਝੁੰਡ ਬਣਾ ਕੇ ਇਹ ਅਵਾਰਾ ਕੁੱਤੇ ਸੜਕਾਂ ਤੇ ਜਾ ਰਹੇ ਰਾਹਗੀਰਾਂ ਨੂੰ ਆਪਣਾ ਨਿਸ਼ਾਨਾਂ ਬਣਾਉਂਦੇ ਹਨ। ਪਾਰਕਾਂ ਵਿਚ ਸੈਰ ਕਰਨਾ ਦੁੱਭਰ ਹੋ ਚੁੱਕਿਆ ਹੈ। ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਕਿ 9 ਮਹੀਨੇ ਦੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ।ਆਵਾਰਾ ਪਸ਼ੂਆਂ ਨੇ ਤਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ ।ਪਿੰਡਾਂ ਵਿੱਚ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਇਹ ਅਵਾਰਾ ਪਸ਼ੂ ਉਜਾੜਾ ਕਰ ਰਹੇ ਹਨ ।ਆਏ ਦਿਨ ਕਿਸਾਨ ਧਰਨੇ ਲਾ ਕੇ ਡੀਸੀ ਦਫ਼ਤਰਾਂ ਤੇ ਮੰਤਰੀਆਂ ਦੀ ਕੋਠੀਆਂ ਦੇ ਮੂਹਰੇ ਬੈਠਦੇ ਸਨ। ਪਹਿਲਾਂ ਤਾਂ ਲੋਕ ਇਨ੍ਹਾਂ ਪਸ਼ੂਆਂ ਦਾ ਦੁੱਧ ਪੀਂਦੇ ਹਨ। ਜਦੋਂ ਇਹ ਪਸ਼ੂ ਦੁੱਧ ਦੇਣ ਤੋਂ ਹੱਟ ਜਾਂਦੇ ਹਨ ਤਾਂ ਲੋਕ ਇਨ੍ਹਾਂ ਨੂੰ ਸ਼ਹਿਰਾਂ ਵੱਲ ਛੱਡ ਦਿੰਦੇ ਹਨ ।ਜਿਸ ਕਰਕੇ ਸ਼ਹਿਰਾਂ ਵਿਚ ਹਾਦਸਿਆਂ ਦਾ ਕਾਰਨ ਬਣਦੇ ਹਨ । ਅੱਜ ਪੰਜਾਬ ਦੇ ਲੋਕਾਂਂ ਨੂੰ ਇਨ੍ਹਾਂਂ ਸਮੱਸਿਆਵਾਂਂ ਚੋਂ ਨਿਕਲਣ ਲਈ ਕੋਈ ਹੱਲ ਨਹੀਂ ਲੱਭ ਰਿਹਾ।ਸਰਕਾਰਾਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਲੋਕ ਪੱਖੀ ਨੀਤੀਆਂ ਬਣਾਉਣ ਦੀ ਸਖਤ ਲੋੜ ਹੈ। ਭਗਵੰਤ ਮਾਨ ਸਾਹਿਬ ਉਮੀਦ ਹੈ ਕਿ ਤੁਸੀਂ ਇਨ੍ਹਾਂ ਸਮੱਸਿਆਵਾਂ ਤੇ ਗੌਰ ਫਰਮਾਓਗੇ ਤੇ ਲੋਕਾਂ ਦੀ ਹਰ ਮੁਸ਼ਕਿਲ ਦਾ ਹੱਲ ਕਰੋਗੇ। ਨੌਜਵਾਨਾਂ ਨੂੰ ਆਪ ਤੋਂ ਬਹੁਤ ਉਮੀਦਾਂ ਹਨ। ਇੱਕ ਵਾਰ ਫ਼ਿਰ ਪੰਜਾਬ ਸਿਆਂ ਨੂੰ ਤੁਹਾਡੇ ਤੋਂ ਬਹੁਤ ਉਮੀਦ ਜਾਗੀ ਹੈ।
ਸੰਜੀਵ ਸਿੰਘ ਸੈਣੀ,
ਮੋਹਾਲੀ, 7888966168
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly