ਦੇਵ ਮੁਹਾਫਿਜ਼
(ਸਮਾਜ ਵੀਕਲੀ) ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਵਾਇਦਾ ਕੀਤਾ ਸੀ। ਜਿਸ ਦੇ ਹਿਸਾਬ ਨਾਲ ਪੰਜ ਸਾਲਾਂ ਦੇ 60000 ਹਜਾਰ ਰੁਪਏ ਪ੍ਰਤੀ ਔਰਤ ਬਣਦੇ ਹਨ। ਅਸੀਂ ਭਗਵੰਤ ਮਾਨ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਇਹ 60 – 60 ਹਜਾਰ ਰੁਪਏ ਔਰਤਾਂ ਨੂੰ ਕਦੋਂ ਤੱਕ ਮਿਲ ਜਾਣਗੇ ਜਾਂ ਨਹੀਂ । ਇਸ ਬਾਰੇ ਆਮ ਆਦਮੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਆਪਣਾ ਸਪੱਸ਼ਟੀਕਰਨ ਦੇਵੇ। ਆਮ ਆਦਮੀ ਪਾਰਟੀ ਨੇ ਇੱਕ ਇੱਕ ਹਜ਼ਾਰ ਰੁਪਏ ਦੇ ਨਾਂ ਤੇ, ਇਨਸਾਫ਼ ਦੇ ਨਾਂ ਤੇ, ਨੌਜਵਾਨਾਂ ਨੂੰ ਵੱਧ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਵਿੱਚੋਂ ਬੇਰੁਜ਼ਗਾਰੀ ਖ਼ਤਮ ਕਰਨ ਦੇ ਨਾਂ ਤੇ, ਨਸ਼ਾ ਮੁਕਤ ਪੰਜਾਬ ਬਣਾਉਣ ਦੇ ਨਾਂ ਤੇ ਅਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਗਰੰਟੀਆਂ ਦੇ ਨਾਂ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਢੇ ਧੋਖੇ ਵਿੱਚ ਰੱਖ ਕੇ ਰਾਜ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਹੀ ਨਹੀਂ ਦਿੱਲੀ ਨੂੰ ਵੀ ਧੋਖੇ ਨਾਲ ਸੱਤਾ ਹਾਸਲ ਕਰਕੇ ਦਿਨ ਰਾਤ ਲੁੱਟਣ ਦਾ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੰਗ ਆਏ ਲੋਕਾਂ ਨੇ ਹੁਣ ਤਖ਼ਤਾਂ ਪਲਟ ਦਿੱਤਾ ਹੈ। ਜਿਸ ਤਰ੍ਹਾਂ ਕੇਜਰੀਵਾਲ ਦੀਆਂ ਗਰੰਟੀਆਂ ਦੀ ਪੰਜਾਬ ਵਿੱਚ ਸੁੱਕੀ ਵਰਖਾ ਹੋਈ ਸੀ ਓਸੇ ਤਰ੍ਹਾਂ ਹੀ ਦਿੱਲੀ ਵਿਚ ਵੀ ਗਰੰਟੀਆਂ ਦੀ ਬਾਰਿਸ਼ ਹੋਈ ਸੀ। ਪਰ ਅਫ਼ਸੋਸ ਗਰੰਟੀਆਂ ਦੀ ਇਸ ਬਾਰਿਸ਼ ਨੇ ਲੋਕਾਂ ਦੇ ਸਰੀਰ ਦੀ ਮੈਲ ਨਹੀਂ ਧੋਤੀ। ਵਿਧਾਨ ਸਭਾ ਦੇ ਇਲੈਕਸ਼ਨਾਂ ਸਮੇਂ ਕੇਜਰੀਵਾਲ ਨੇ ਪੰਜਾਬ ਵਿੱਚ ਆ ਕੇ ਲੋਕਾਂ ਨੂੰ ਭਰਮਾਉਣ ਲਈ ਆਪਣਾ ਕੂੜ ਪ੍ਰਚਾਰ ਕੀਤਾ ਸੀ। ਉਸਦੇ ਭ੍ਰਮ ਜਾਲ਼ ਵਿੱਚ ਫ਼ਸ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪ ਦਿੱਤੀ। ਭਗਵੰਤ ਮਾਨ ਮੁੱਖ ਮੰਤਰੀ ਦੇ ਸਿੰਹਾਸਨ ਤੇ ਬੈਠਦਿਆਂ ਹੀ ਆਪਣੇ ਆਪ ਨੂੰ ਸਵਰਗ ਦਾ ਇੰਦ੍ਰ ਦੇਵ ਸਮਝ ਬੈਠਾ ਤੇ ਝੱਟ ਹੀ ਉਰਵਸ਼ੀ ਨਾਲ ਸਾਦੀ ਰਚਾ ਲਈ । ਸ੍ਵਰਗ ਦੇ ਆਨੰਦ ਵਿੱਚ ਭਗਵੰਤ ਮਾਨ ਇੰਦਰ ਪੰਜਾਬ ਦੇ ਉਲਝੇ ਹੋਏ ਮਸਲਿਆਂ ਅਤੇ ਜੰਤਾਂ ਨੂੰ ਭੁੱਲ ਬੈਠਾ। ਸਾਰੀਆਂ ਗਰੰਟੀਆਂ ਭੁੱਲ ਬੈਠਾ। ਪੰਜਾਬ ਦੀਆਂ ਔਰਤਾਂ ਹਰ ਮਹੀਨੇ ਇੱਕ ਇੱਕ ਹਜ਼ਾਰ ਰੁਪਏ ਆਉਣ ਦੀ ਅੱਜ ਤੱਕ ਉਡੀਕ ਕਰ ਰਹੀਆਂ ਹਨ। ਨੌਜਵਾਨ ਨੌਕਰੀਆਂ ਦੀ ਤਲਾਸ਼ ਵਿੱਚ ਭਟਕ ਰਹੇ ਹਨ। ਹਰ ਪਿੰਡ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਲੜਾਈ ਝਗੜਿਆਂ ਦਾ ਸੋਰ ਸਰਾਭਾ ਵੱਧ ਗਿਆ ਹੈ। ਚਿੱਟਾ ਖਾ ਕੇ ਸੈਂਕੜੇ ਨੌਜਵਾਨ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕੇ ਹਨ ਅਤੇ ਕਰ ਰਹੇ ਹਨ। ਜੰਤਾਂ ਇਨਸਾਫ਼ ਲੈਣ ਲਈ ਪਹਿਲਾਂ ਵਾਂਗ ਹੀ ਧਰਨਿਆਂ ਤੋਂ ਕੰਮ ਲੈ ਰਹੀ ਹੈ। ਜਦੋਂ ਕਿ ਭਗਵੰਤ ਮਾਨ ਨੇ ਕਿਹਾ ਜੀ ਕਿ ਸਾਡੀ ਸਰਕਾਰ ਵਿਚ ਕਿਸੇ ਨੂੰ ਧਰਨਾ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ। ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਸਤਾਏ ਹੋਏ ਲੋਕਾਂ ਨੇ ਵੀ ਆਮ ਆਦਮੀ ਸਰਕਾਰ ਨੂੰ ਚਲਦਾ ਕਰਨ ਲਈ ਪੱਕਾ ਮਨ ਬਣਾ ਲਿਆ ਹੈ। ਭਗਵੰਤ ਮਾਨ ਸਰਕਾਰ ਕੋਲ ਹਾਲੇ ਵੀ ਲੋਕਾਂ ਦਾ ਦਿਲ ਜਿੱਤਣ ਲਈ ਟਾਇਮ ਹੈ। ਦਿੱਲੀ ਹਾਰਨ ਤੋਂ ਬਾਅਦ ਵੇਖਦੇ ਹਾਂ ਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਕਿਸ ਤਰ੍ਹਾਂ ਦੀ ਰਨਨੀਤੀ ਤਿਆਰ ਕਰਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj