“ਅਧੂਰਾ ਪਿਆ ਹੈ ਭਗਤ ਸਿੰਘ ਦਾ ਇਨਕਲਾਬ”

ਕੁਲਦੀਪ ਸਾਹਿਲ

(ਸਮਾਜ ਵੀਕਲੀ)

28 ਸਤੰਬਰ 1907 ਨੂੰ ਲਾਇਲਪੁਰ (ਫੈਸਲਾਬਾਦ) ਜਿਲ੍ਹੇ ਦੇ ਪਿੰਡ ਬੰਗਾ ਵਿਚ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਯਾਵਤੀ ਦੇ ਘਰ ਜਨਮੇ ਭਗਤ ਸਿੰਘ ਜਦੋਂ ਜਵਾਨ ਹੋਏ ਤਾਂ ਉਨ੍ਹਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਪਸੰਦ ਨਹੀਂ ਆਈ ਅਤੇ ਉਨਾ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਵਾਉਣ ਲਈ ਅਜ਼ਾਦੀ ਦੀ ਲਹਿਰ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਿਖਤਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਿਹੋ ਜਿਹਾ ਇਨਕਲਾਬ, ਦੇਸ਼, ਅਜ਼ਾਦੀ ਅਤੇ ਲੋਕਤੰਤਰ ਚਾਹੁੰਦੇ ਸਨ। ਭਗਤ ਸਿੰਘ ਨੂੰ ਡਰ ਸੀ ਕਿ ਅਜ਼ਾਦੀ ਤੋਂ ਬਾਅਦ ਕੁਝ ਧਨਾਢ, ਸਰਮਾਏਦਾਰ ਅਤੇ ਰਾਜਨੀਤਕ ਲੋਕ ਦੇਸ਼ ਨੂੰ ਲੁੱਟਦੇ ਰਹਿਣਗੇ ਅਤੇ 80% ਆਮ ਲੋਕ , ਕਿਸਾਨ ਅਤੇ ਮਜ਼ਦੂਰ ਲੁਟ ਅਤੇ ਜਬਰ ਦਾ ਸ਼ਿਕਾਰ ਹੁੰਦੇ ਰਹਿਣਗੇ ਅਜ਼ਾਦੀ ਤੋਂ ਬਾਅਦ ਉਨ੍ਹਾਂ ਦਾ ਡਰ ਸੱਚ ਸਾਬਿਤ ਹੋਇਆ ਭਗਤ ਸਿੰਘ ਦਾ ਸੁਪਨਾ ਇੱਕ ਇਹੋ ਜਿਹੀ ਅਜ਼ਾਦੀ ਵਾਲੇ ਦੇਸ਼ ਦਾ ਸੀ ਜਿਥੇ ਅਮੀਰੀ ਗਰੀਬੀ ਦਾ ਪਾੜਾ ਘੱਟ ਹੋਣਾ ਸੀ ਜਿਥੇ ਭ੍ਰਿਸ਼ਟਾਚਾਰ, ਮਹਿਗਾਈ, ਬੇਰੁਜ਼ਗਾਰੀ ਗਰੀਬੀ ਵਰਗੀਆਂ ਅਲਾਮਤਾਂ ਨੇ ਘੱਟ ਹੋਣਾ ਸੀ ਪਰ ਅਫਸੋਸ ਕਿ ਇਹ ਅਲਾਮਤਾਂ ਆਜ਼ਾਦੀ ਤੋਂ ਬਾਅਦ ਇਸ ਤੋਂ ਵੀ ਕਈ ਗੁਣਾਂ ਵੱਧ ਚੁਕੀਆਂ ਹਨ।

ਅਜ਼ਾਦੀ ਤੋਂ ਬਾਅਦ ਦੇਸ਼ ਦੇ ਲੁਟੇਰਿਆਂ ਦੀ ਚਮੜੀ ਦੇ ਰੰਗ ਤਾਂ ਜ਼ਰੂਰ ਬਦਲ ਗਏ ਹਨ ਪਰ ਦੇਸ਼ ਵਿੱਚ ਲੁਟ ਖਸੁੱਟ, ਜ਼ਾਤੀ ਨਫ਼ਰਤ, ਧਰਮੀਂ ਫਸਾਦ ਵਿਚ ਵਾਧਾ ਹੋਇਆ ਹੈ। ਅਜ਼ਾਦੀ ਦੇ 75 ਸਾਲਾਂ ਬਾਅਦ ਵੀ ਦੇਸ਼ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਤੋਂ ਕੋਹਾਂ ਦੂਰ ਹੈ। ਦੇਸ਼ ਅਤੇ ਸੂਬੇ ਕਰਜ਼ੇ ਦੀ ਮਾਰ ਝੱਲ ਰਹੇ ਹਨ। ਦੇਸ਼ ਧਰਮ ਅਤੇ ਜ਼ਾਤ ਦੇ ਨਾਂ ਤੇ ਹੁੰਦੀ ਨਫ਼ਰਤ ਅਤੇ ਫਿਰਕਾਪ੍ਰਸਤੀ ਵਿੱਚ ਉਲਝ ਕੇ ਰਹਿ ਗਿਆ ਹੈ। ਅਜ਼ਾਦੀ ਤੋਂ ਬਾਅਦ ਵਾਲੇ ਭਾਰਤ ਵਿੱਚ ਅੱਜ ਵੀ ਲੱਖਾਂ ਲੋਕਾ ਨੂੰ ਰਹਿਣ ਲਈ ਛੱਤ ਨਸ਼ੀਬ ਨਹੀਂ ਹੋਈ ਅਤੇ ਹਰ ਸਾਲ ਲੱਖਾਂ ਲੋਕ ਭੁਖਮਰੀ ਨਾਲ ਮਰ ਰਹੇ ਹਨ। ਕਰੋੜਾਂ ਹੀ ਬੱਚੇ ਸਿੱਖਿਆ ਤੋਂ ਵਾਂਝੇ ਹਨ। ਦੇਸ਼ ਦੇ ਕਾਮੇ ਅਤੇ ਕਿਸਾਨ ਅੱਜ ਖ਼ੁਦਕੁਸ਼ੀਆਂ ਦੇ ਰਾਹ ਪੈ ਗਏ ਹਨ । ਦੇਸ਼ ਅਤੇ ਸੂਬਿਆਂ ਦੀ ਰਾਜਨੀਤੀ, ਪ੍ਰਸ਼ਾਸਨ ਅਤੇ ਸਿਸਟਮ ਭ੍ਰਿਸ਼ਟ ਹੋ ਚੁੱਕਾ ਹੈ।

ਭਗਤ ਸਿੰਘ ਅਤੇ ਦੇਸ਼ ਦੇ ਹੋਰ ਸ਼ਹੀਦਾਂ ਦੀ ਬਦੌਲਤ ਭਾਰਤ ਨੂੰ ਮਿਲੀ ਅਜ਼ਾਦੀ ਅਪੰਗ ਹੋ ਚੁੱਕੀ ਹੈ ਅਤੇ ਅਜੇ ਅਧੂਰੀ ਪਈ ਕਿਸੇ ਹੋਰ ਭਗਤ ਸਿੰਘ ਦਾ ਇੰਤਜ਼ਾਰ ਕਰ ਰਹੀ ਹੈ। ਭਗਤ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜਿਨ੍ਹਾਂ ਨੌਜਵਾਨਾਂ ਦੇ ਲਈ ਅਸੀਂ ਅਜ਼ਾਦੀ ਦੀ ਲੜਾਈ ਲੜ ਰਹੇ ਹਾਂ ਉਨ੍ਹਾਂ ਨੂੰ ਫਿਰ ਤੋਂ ਰੁਜ਼ਗਾਰ ਲਈ ਆਪਣਾ ਅਜ਼ਾਦ ਮੁਲਕ ਛੱਡ ਕੇ ਉਨ੍ਹਾਂ ਦੇਸ਼ਾਂ ਵੱਲ ਜਾਣਾ ਪਵੇਗਾ ਜਿਨ੍ਹਾਂ ਨੇ ਸਾਡੇ ਮੁਲਕ ਨੂੰ ਗੁਲਾਮ ਬਣਾਇਆ ਸੀ। ਸਾਡੇ ਦੇਸ਼ ਦੇ ਨੌਜਵਾਨਾਂ ਦਾ ਵੱਡੀ ਪੱਧਰ ਤੇ ਆਜ਼ਾਦ ਭਾਰਤ ਨੂੰ ਛੱਡ ਕੇ ਜਾਣਾ ਹੀ ਸਾਡੀ ਜਮਹੂਰੀਅਤ ਅਤੇ ਸਿਸਟਮ ਤੇ ਇੱਕ ਤਮਾਚਾ ਹੈ।

ਦੇਸ਼ ਦਾ ਨੌਜਵਾਨ ਚੰਗੇ ਸਿਸਟਮ ਦਾ ਇੰਤਜ਼ਾਰ ਕਰਦਾ ਕਰਦਾ ਥੱਕ ਅਤੇ ਅੱਕ ਗਿਆ ਹੈ। ਵੋਟਾਂ ਦੀ ਰਾਜਨੀਤੀ ਵਿੱਚ ਦੇਸ਼ ,ਸਮਾਜ ਅਤੇ ਨੌਜਵਾਨ ਉਲਝ ਗਿਆ ਹੈ ਕਿਉਂਕਿ ਸਾਫ਼ ਸੁਥਰੀ ਰਾਜਨੀਤੀ ਦੇਸ਼ ਦੀਆਂ ਬਰੂਹਾਂ ਤੋਂ ਅਜੇ ਕੋਹਾ ਦੂਰ ਹੈ। ਦੇਸ਼ ਦੇ ਨੌਜਵਾਨਾਂ ਨੂੰ ਜਾਗਣਾ ਪਵੇਗਾ ਰਾਜਨੀਤੀ ਦੀ ਪ੍ਰੀਭਾਸ਼ਾ ਬਦਲਣੀ ਪਵੇਗੀ। ਭਗਤ ਸਿੰਘ ਦੀ ਸੋਚ ਵਾਲੇ ਇਨਕਲਾਬ ਨੂੰ ਸਮਝਣਾ ਪਵੇਗਾ ਅਤੇ ਉਨ੍ਹਾਂ ਦੇ ਸੁਨੇਹੇ ਨੂੰ ਸਮਝਣਾ ਪਵੇਗਾ ਜਿਨ੍ਹਾਂ ਨੇ 23 ਮਾਰਚ 1931 ਨੂੰ ਦੇਸ਼ ਦੀ ਆਜ਼ਾਦੀ ਲਈ ਹੱਸਦਿਆਂ ਹੱਸਦਿਆਂ ਫਾਂਸੀ ਦੇ ਰੱਸੇ ਨੂੰ ਚੁੰਮਿਆ ਸੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਵਸ਼ ਮਨਾਇਆ ਜਾ ਰਿਹਾ ਹੈ। ਆਓ ਉਨ੍ਹਾਂ ਦੀ ਸੋਚ, ਤੇ ਵਿਚਾਰ ਕਰਕੇ ਇੱਕ ਚੰਗੇ ਸਮਾਜ, ਜਮਹੂਰੀਅਤ ਅਤੇ ਦੇਸ਼ ਲਈ ਕੰਮ ਕਰੀਏ।

ਕੁਲਦੀਪ ਸਾਹਿਲ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਅੰਧਵਿਸ਼ਵਾਸ ਰੋਕੂ ਕਾਨੂੰਨ ਸਮੇਂ ਦੀ ਲੋੜ”
Next articleਜਣੇਪੇ ਦਾ ਦਰਦ