ਭਗਤ ਸਿੰਘ ਦੇ ਸਿੱਖਣ ਦੀ ਤੀਬਰ ਜਗਿਆਸਾ
-ਸੁਖਵਿੰਦਰ
ਸਮਾਜ ਵੀਕਲੀ- ਇਹ ਆਪਣੇ ਆਪ ਵਿੱਚ ਤੱਥ ਹੈ ਕੇ ਮਨੁੱਖ ਦੀ ਜਗਿਆਸਾ ਹੀ ਉਸ ਨੂੰ ਸਿੱਖਣ ਅਤੇ ਖੋਜਣ ਦੇ ਰਾਹ ਤੋਰਦੀ ਹੈ।ਮਨੁੱਖੀ ਜਗਿਆਸਾ ਦਾ ਸਰਲ ਸ਼ਬਦਾਂ ਵਿੱਚ ਅਰਥ ਹੈ ਸਿੱਖਣ ਅਤੇ ਜਾਨਣ ਦੀ ਰੁਚੀ l ਇਸ ਲਿਖਤ ਵਿੱਚ ਸ਼ਹੀਦ ਭਗਤ ਦੀ ਸਾਹਿਤ ਅਤੇ ਸਮਕਾਲੀ ਸਿਆਸਤ ਨੂੰ ਸਮਝਣ ਦੀ ਤੀਬਰ ਜਗਿਆਸਾ ਉਪਰ ਸੰਖੇਪ ਝਾਤ ਪਾਵਾਂਗੇ।
ਭਗਤ ਸਿੰਘ ਨੇ ਲਾਹੌਰ ਕਾਲਜ ਪੜਦਿਆਂ ਸਤਾਰਾਂ ਅਠ੍ਹਾਰਾਂ ਵਰ੍ਹਿਆਂ ਦੀ ਉਮਰੇ ਜੋਬਨ ਰੁੱਤ ਦੀ ਦਹਲੀਜ ਤੇ ਪੈਰ ਧਰਦਿਆਂ ਹੀ ਆਪਣੀ ਕਾਲਜ ਦੀ ਸਿੱਖਿਆ ਦੇ ਨਾਲ ਨਾਲ ਆਲੇ ਦੁਆਲੇ ਦੇ ਸਿਆਸੀ ਮਾਹੌਲ ਦਾ ਵੀ ਜਾਇਜਾ ਲੈਣਾ ਸ਼ੁਰੂ ਕੀਤਾ। ਇਤਫਾਕਨ ਜਾਂ ਸੰਜੋਗ ਵੱਸ ਉਸ ਨੂੰ ਵਿਰਸੇ ਦੇ ਤੌਰ ਤੇ ਆਪਣੇ ਪਰਵਾਰ ਦਾ ਮਹੌਲ ਵੀ ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਪ੍ਰਭਾਵ ਹੇਠ ਉਸਰਿਆ ਹੋਇਆ ਮਿਲਿਆ।ਉਸ ਦਾ ਘਰ ਆਜ਼ਾਦੀ ਦੇ ਸਿਪਾਹੀ ਤਿਆਰ ਕਰਨ ਵਾਲਾ ਨਿੱਕਾ ਜਿਹਾ ਸੰਸਥਾਨ ਹੀ ਸੀ। ਇਸ ਮਹੌਲ ਵਿੱਚ ਭਗਤ ਸਿੰਘ ਦਾ ਜਨਮ ਹੋਇਆ ਅਤੇ ਜਵਾਨ ਹੋਣ ਤਕ ਉਹ ਇਸ ਦੇ ਪ੍ਰਭਾਵ ਹੇਠ ਪ੍ਰਵਾਨ ਚੜ੍ਹਿਆ।ਇਸ ਦੀ ਬਦੌਲਤ ਉਹ ਕਾਲਜ ਦੀ ਜਿੰਦਗੀ ਦੇ ਬੇਪਰਵਾਹ ਦਿਨਾਂ ਤੋਂ ਹੀ ਆਜ਼ਾਦੀ ਸੰਗਰਾਮ ਦੇ ਬਿਖੜੇ ਸਫ਼ਰ ਦਾ ਰਾਹੀ ਬਣਨ ਲਈ ਤਿਆਰ ਹੋ ਕੇ ਇਸ ਰਾਹ ਤੇ ਆ ਗਿਆ। ਉਹ ਆਪਣੀ ਤੀਬਰ ਜਗਿਆਸਾ ਵਸ ਸਾਹਿਤ ਪੜ੍ਹਨ ਦਾ ਚਾਹਵਾਨ ਅਤੇ ਸਿਆਸੀ ਦ੍ਰਿਸ਼ਟੀਕੋਣ ਤੋਂ ਭਾਰਤੀ ਦੀ ਆਜ਼ਾਦੀ ਦੇ ਸੰਗਰਾਮ ਨੂੰ ਸਮਝਣ ਅਤੇ ਉਸ ਬਾਰੇ ਆਪਣਾ ਨਜ਼ਰੀਆ ਘੜਨ ਦਾ ਯਤਨ ਕਰਨ ਲੱਗਾ । ਜਲਦੀ ਹੀ ਉਹ ਸਮਾਂ ਆਇਆ ਜਦੋਂ ਉਸ ਨੇ ਕਾਲਜ ਦੀ ਸਿੱਖਿਆ ਨੂੰ ਅੱਧ ਵਿਚਕਾਰ ਛੱਡ ਜੀਵਨ ਸੰਗਰਾਮ ਦੀ ਸਿਖਿਆ ਦਾ ਲੜ ਫੜ ਆਪਣੇ ਸਾਥੀਆਂ ਨਾਲ ਹੋ ਤੁਰਿਆ।
ਇਹ ਅਲੜ ਵਰੇਸ ਦਾ ਮੁੰਡਾ ਅਤੇ ਕਾਲਜ ਦਾ ਵਿਦਿਆਰਥੀ ਅਜੇ ਭਾਵੁਕਤਾ ਅਤੇ ਥੋੜ੍ਹੀ ਸੰਜੀਦਗੀ ਦੇ ਮਿਲੇ ਜੁਲੇ ਖਿਆਲਾਂ ਨਾਲ ਸਿਆਸੀ ਗਤੀਵਿਧੀਆਂ ਦੇ ਅਮਲ ਦੀ ਮੱਧਮ ਲੋਅ ਵਿੱਚ ਆਪਣੇ ਸਿਆਸੀ ਨਜ਼ਰੀਏ ਦੀ ਪਗਡੰਡੀ ਟੋਲ ਰਿਹਾ ਸੀ। ਉਸ ਨੇ ਜੇਲ੍ਹ ਵਿੱਚ ਬੈਠ ਕੇ ਸਾਹਿਤਕ ਅਧਿਐਨ ਦੇ ਨਾਲ ਨਾਲ ਅਦਾਲਤ ਦੀ ਨਿਆਂ ਪ੍ਰਕਿਰਿਆ ਅਤੇ ਜੇਲ੍ਹ ਤੋਂ ਬਾਹਰ ਹੋ ਰਹੀਆਂ ਸਮਕਾਲੀ ਸਿਆਸੀ ਗਤੀਵਿਧੀਆਂ ਦੀ ਨਜ਼ਰਸਾਨੀ ਵੀ ਕਰਨੀ ਸ਼ੁਰੂ ਕੀਤੀ। ਇਸ ਤਿੱਖੀ ਨਜ਼ਰਸਾਨੀ ਦੀ ਆਲੋਚਨਾਤਮਕ ਅਤੇ ਕਸ਼ੀਦਾ ਕਾਰੀ ਅਥਵਾ ਗਹਿਰੇ ਵਿਸ਼ਲੇਸ਼ਣ ਦੀ ਤੇਜ਼ ਰੌਸ਼ਨੀ ਵਿੱਚ ਉਸ ਨੂੰ ਸਮਾਜਵਾਦੀ ਸਿਆਸੀ ਨਜ਼ਰੀਏ ਦੀ ਪਗਡੰਡੀ ਸਾਫ ਦਿਸਣ ਲੱਗੀ । ਉਸ ਨੇ ਆਪਣੇ ਦ੍ਰਿਸ਼ਟੀਕੋਣ ਦੀ ਤਸਵੀਰ ਵਿੱਚ ਸਾਹਿਤਕ , ਸਮਾਜਵਾਦ ਅਤੇ ਕਲਾ ਦੇ ਰੰਗ ਭਰੇ। ਜਦੋਂ ਉਸ ਦੀਆਂ ਲਿਖਤਾਂ ਨੂੰ ਅਸੀਂ ਪੜਦੇ ਹਾਂ ਤਾਂ ਇਹ ਰੰਗ ਉਨ੍ਹਾਂ ਵਿੱਚੋਂ ਉੱਘੜਦੇ ਹਨ।ਉਸ ਸਮੇਂ ਦਾ ਉਹ ਸਭ ਤੋਂ ਛੋਟੀ ਉਮਰ ਦਾ ਭਾਰਤ ਦੇ ਅਜ਼ਾਦੀ ਸੰਗਰਾਮ ਦਾ ਸਿਪਾਹੀ ਅਤੇ ਵਿਚਾਰਵਾਨ ਸੀ। ਜਿਸ ਨੇ ਉਸ ਸਮੇਂ ਆਜ਼ਾਦੀ ਤੋਂ ਬਾਅਦ ਭਾਰਤ ਦੀ ਸਿਆਸੀ ਅਤੇ ਸਮਾਜਿਕ ਵਿਵਸਥਾ ਦੇ ਨਕਸ਼ ਆਪਣੀਆਂ ਲਿਖਤਾਂ ਵਿੱਚ ਘੜੇ। ਜਿਸ ਨੂੰ ਅਸੀਂ ਸੱਚ ਮੁੱਚ ਦਾ ਕਿਰਤੀ ਲੋਕ ਰਾਜ ਆਖਦੇ ਸਕਦੇ ਹਾਂ। ਇਸ ਉਮੰਗਾਂ ਭਰੀ ਉਮਰ ਦੇ ਵੇਗ ਦਾ ਮੂੰਹ ਉਸ ਨੇ ਹਮੇਸ਼ਾਂ ਹੀ ਸਾਹਿਤ ਦੇ ਅਧਿਐਨ ਅਤੇ ਇਸ ਵਿਚੋਂ ਪ੍ਰਾਪਤ ਗਿਆਨ ਵੱਲ ਨੂੰ ਰੱਖਿਆ। ਇਹ ਉਸ ਦੀ ਜੀਵਨ ਸ਼ੈਲੀ ਦਾ ਆਖਰੀ ਪਲ੍ਹ ਤਕ ਅਨਿੱਖੜਵਾਂ ਅਤੇ ਮਹਤਵਪੂਰਣ ਪਹਿਲੂ ਰਿਹਾ।
ਜਦੋਂ ਉਸ ਨੂੰ ਅਸੈਂਬਲੀ ਬੰਬ ਕੇਸ ਵਿੱਚ ਫੜ ਕੇ ਜੇਲ੍ਹ ਵਿਚ ਸਾਥੀਆਂ ਨਾਲ ਬੰਦ ਕਰ ਦਿੱਤਾ ਗਿਆ ਸੀ । ਫਿਰ ਵੀ ਉਸ ਨੇ ਆਪਣਾ ਧਿਆਨ ਅਦਾਲਤ ਦੀ ਕਾਰਵਾਈ ਅਤੇ ਸਿਆਸੀ ਗਤੀਵਿਧੀਆਂ ਦੇ ਨਾਲ ਅਧਿਐਨ ਤੇ ਵੀ ਕੇਂਦਰਿਤ ਰੱਖਿਆ। ਉਸ ਨੇ ਜੇਲ੍ਹ ਦੇ ਸਖ਼ਤ ਅਤੇ ਤਕਲੀਫ਼ਾਂ ਭਰੇ ਜੀਵਨ ਦੇ ਬਾਵਜੂਦ ਵੀ ਸਮੇਂ ਨੂੰ ਸਾਹਿਤਕ ਅਧਿਐਨ ਦੇ ਲੇਖੇ ਲਾ ਕੇ ਇਤਨਾ ਮੁੱਲਵਾਨ ਕੀਤਾ ਕੇ ਉਸ ਦੇ ਵਿਚਾਰਾਂ ਅਤੇ ਲਿਖਤਾਂ ਵਿੱਚੋਂ ਸ਼ਬਦਾਂ ਦੇ ਅਨਮੋਲ ਰਤਨ ਲਿਸ਼ਕਦੇ ਹਨ। ਇਸ ਮੁੱਛ ਫੁੱਟ ਗਭਰੂ ਨੇ ਆਪਣਾ ਅਤੇ ਭਾਰਤ ਦੀ ਆਜ਼ਾਦੀ ਸੰਘਰਸ਼ ਨਾਲ ਜੁੜੀਆਂ ਹੋਈਆਂ ਸਮਕਾਲੀ ਸਿਆਸੀ ਜਥੇਬੰਦੀਆਂ ਦਾ ਆਲੋਚਨਾਤਮਕ ਵਿਸ਼ਲੇਸ਼ਣ ਵੱਲ ਨੂੰ ਕਦਮ ਧਰਿਆ। ਨਤੀਜੇ ਦੇ ਤੌਰ ਤੇ ਉਸ ਨੇ ਇਸ ਕਦਮ ਨੂੰ ਅਗਾਂਹ ਨੇਮ ਵਧ ਢੰਗ ਨਾਲ ਵਿਸ਼ਵ ਦੇ ਅਲੱਗ ਅਲੱਗ ਦੇਸ਼ਾਂ ਵਿੱਚ ਹੋ ਚੁੱਕੀਆਂ ਕ੍ਰਾਂਤੀਆਂ ਦੇ ਇਤਿਹਾਸ ਨੂੰ ਪੜ੍ਹਿਆ ਅਤੇ ਇਸ ਕਸਵੱਟੀ ਦੇ ਅਧਾਰ ਤੇ ਸਿਆਸੀ ਠੋਸ ਰਾਏ ਕਾਇਮ ਕੀਤੀ। ਇਸ ਤਰ੍ਹਾਂ ਦੇ ਦ੍ਰਿਸ਼ਟੀਕੋਣ ਦਾ ਅਧਾਰ ਹੀ ਉਸ ਨੂੰ ਅਜ਼ਾਦੀ ਦੇ ਸੰਘਰਸ਼ ਨੂੰ ਤੁਲਨਾਤਮਕ ਤੌਰ ਤੇ ਸਮਝਣ ਅਤੇ ਉਸ ਬਾਰੇ ਆਪਣਾ ਦ੍ਰਿਸ਼ਟੀਕੋਣ ਬਣਾਉਣ ਵਾਸਤੇ ਸਹਾਈ ਹੋਇਆ। ਸਿਆਸੀ ਅਤੇ ਸਮਜਿਕ ਕ੍ਰਾਂਤੀ ਦੇ ਪਿਤਾਮਾ ਅਤੇ ਸਿਧਾਂਤ ਕਾਰ ਕਾਰਲ ਮਾਰਕਸ ਅਤੇ ਉਸ ਦੇ ਵਿਚਾਰਾਂ ਉਤੇ ਪਹਿਰਾ ਦੇਣ ਵਾਲੇ ਲੈਨਿਨ ਦੀਆਂ ਲਿਖਤਾਂ ਨੂੰ ਪੜਿਆ ਆਪਣੀ ਆਪਣੇ ਸਿਆਸੀ ਵਿਚਾਰ ਨੂੰ ਮਾਂਝਣ ਵਾਸਤੇ। ਇਨ੍ਹਾਂ ਚਿੰਤਕਾਂ ਤੋਂ ਇਲਾਵਾ ਵਿਸ਼ਵ ਦੇ ਹੋਰ ਚਿੰਤਕਾਂ ਨੂੰ ਵੀ ਆਪਣੇ ਅਧਿਐਨ ਵਿੱਚ ਸ਼ਾਮਿਲ ਕਰਦੇ ਹੋਏ ਆਪਣੇ ਨਜਰੀਏ ਨੂੰ ਵਿਗਿਆਨਕ ਪੱਖ ਤੋਂ ਵੀ ਵਿਕਸਤ ਕੀਤਾ। ਇਸ ਦੀ ਬਦੌਲਤ ਉਸ ਦੀ ਸੂਝ ਬੂਝ ਇਤਨੀ ਰੌਸ਼ਨ ਹੋ ਗਈ ਕਿ ਜਿਸ ਦੇ ਚਾਨਣ ਵਿੱਚ ਉਹ ਸਪਸ਼ਟ ਦੇਖ ਸਕਦਾ ਸੀ। ਕਿਸ ਤਰ੍ਹਾਂ ਭਾਰਤ ਦੇ ਆਜ਼ਾਦੀ ਅੰਦੋਲਨ ਨੂੰ ਸਫਲ ਕਰਨ ਅਤੇ ਉਦੇਸ਼ ਤਕ ਪਹੁੰਚਾਉਣ ਵਾਸਤੇ , ਸਮਾਜ ਵਾਦੀ ਵਿਚਾਰਧਾਰਾ ਵਰਗੀ ਵਿਗਿਆਨਕ ਤੇ ਸੂਤਰ ਬਧ ਸਿਆਸੀ ਸਿਧਾਂਤ ਦੇ ਅਧਾਰ ਦੀ ਲੋੜ ਹੈ।
ਸੰਖੇਪ ਵਿੱਚ ਦਸਿਆ ਜਾ ਚੁੱਕਾ ਹੈ ਕਿ ਭਗਤ ਸਿੰਘ ਦੇ ਪੜਨ ਦੀ ਡੂੰਘੀ ਰੁਚੀ ਅਤੇ ਸਿਆਸੀ ਗਤੀਵਿਧੀਆਂ ਦੀ ਨਜ਼ਰਸਾਨੀ ਕਰਨ ਨਾਲ ਉਸ ਦੀ ਬੌਧਿਕਤਾ ਦਾ ਵਿਕਾਸ ਜੇਲ੍ਹ ਵਿੱਚ ਬਿਤਾਏ ਸਮੇਂ ਦੌਰਾਨ ਮੁੱਖ ਤੌਰ ਤੇ ਹੋਇਆ। ਉਸ ਨੂੰ ਇਹ ਬਿਲਕੁਲ ਸਪਸ਼ਟ ਹੋ ਗਿਆ ਕਿ ਕਿਸੇ ਵੀ ਦੇਸ਼ ਵਿੱਚ ਇਨਕਲਾਬ ਦੇ ਕਾਮਯਾਬ ਹੋਣ ਦੀ ਪਹਿਲੀ ਸ਼ਰਤ ਹੈ, ਕਿ ਠੋਸ ਸਿਆਸੀ ਵਿਚਾਰਧਾਰਾ ਤੇ ਅਮਲ ਕਰਦੀ ਹੋਈ ਜੱਥੇਬੰਦੀ ਦੇ ਆਗੂਆਂ ਦੀ ਸੂਝਵਾਨ ਅਗਵਾਈ ਹੇਠ ਸਧਾਰਨ ਲੋਕਾਂ ਦਾ ਇੱਕ ਜੁਟ ਅਤੇ ਲਾਮਬੰਦ ਹੋਣਾ ਹੈ। ਜੇਲ੍ਹ ਜਾਣ ਤੋਂ ਪਹਿਲਾਂ ਉਸ ਜਿਹੜੀਆਂ ਆਪਣੀਆਂ ਸਿਆਸੀ ਗਤੀਵਿਧੀਆਂ ਕੀਤੀਆਂ ਸਨ।ਉਸ ਨੇ ਜੇਲ੍ਹ ਵਿਚ ਕੀਤੇ ਅਨੁਭਵ ਦੇ ਅਧਾਰ ਤੇ ਗੰਭੀਰ ਵਿਸ਼ਲੇਸ਼ਣ ਕੀਤਾ । ਉਸ ਸਮੇਂ ਹੋਰ ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦਾ ਮੁਲਾਂਕਣ ਕਰਦਿਆਂ ਹੋਇਆ, ਇਸ ਨਤੀਜ਼ੇ ਤੇ ਪੁਹੰਚਿਆ ਕਿ ਕੋਈ ਵੀ ਸਫਲ ਕਰਾਂਤੀ ਬੰਬਾਂ ਅਤੇ ਪਸਤੌਲਾਂ ਨਾਲ ਹਿੰਸਾ ਕਰਕੇ ਨਹੀਂ ਕੀਤੀ ਜਾ ਸਕਦੀ। ਇਹ ਉਸ ਦੇ ਡੂੰਘੇ ਅਨੁਭਵ ਪ੍ਰਤੀਕ ਵੀ ਹੈ ਅਤੇ ਸਿਆਸੀ ਦ੍ਰਿਸ਼ਟੀਕੋਣ ਵੀ ਹੈ। ਉਸ ਦੇ ਅਨੁਭਵ ਅਤੇ ਅਹਿਸਾਸ ਅਧਾਰ ਤੇ ਕੀਤਾ ਹੋਇਆ ਸਵੈ ਵਿਸ਼ਲੇਸ਼ਣ ਜਿਹੜ੍ਹਾ ਆਉਂਦੀਆਂ ਪੰਗਤੀਆਂ ਵਿਚ ਕੁਝ ਇਸ ਤਰ੍ਹਾਂ ਹੈ। ਜਦੋਂ ਇੱਕ ਵਾਰ ਉਸ ਦਾ ਮਿੱਤਰ ਉਸ ਨੂੰ ਜੇਲ੍ਹ ਵਿੱਚ ਮਿਲਣ ਲਈ ਗਿਆ ਤਾਂ ਭਗਤ ਸਿੰਘ ਨੇ ਮੁਲਾਕਾਤ ਕਰਨ ਆਏ ਸਾਥੀ ਨੂੰ ਕਿਹਾ ਕਿ ” ਮੈਂ ਆਪਣੇ ਉਦੇਸ਼ ਦਾ ਹਜ਼ਾਰਵਾਂ ਹਿੱਸਾ ਵੀ ਨਹੀਂ ਕਰ ਸਕਿਆ ” । ਉਸ ਦੇ ਇਨ੍ਹਾਂ ਸ਼ਬਦਾ ਪਿੱਛੇ ਸਵੈ ਵਿਸ਼ਲੇਸ਼ਣ ਦੇ ਅਹਿਸਾਸ ਦਾ ਅਰਥ ਕੀ ਹੈ ? ਓਪਰੀ ਦ੍ਰਿਸ਼ਟੀ ਨਾਲ ਸੁਣੀਆਂ ਇਹ ਉਸ ਦਾ ਪਛਤਾਵਾ ਲਗਦਾ ਹੈ? ਪਰ ਇਹ ਉਸ ਦਾ ਪਛਤਾਵਾ ਨਹੀਂ ਸਗੋਂ ਸਿਆਸੀ ਸੰਘਰਸ਼ ਵਿੱਚ ਬੇਲੋੜੀ ਹਿੰਸਾ ਨੂੰ ਹਵਾ ਦੇਣ ਵਾਲੇ ਆਗੂਆਂ ਨੂੰ ਚਿਤਾਵਨੀ ਹੈ।
ਜੇਲ੍ਹ ਵਿੱਚ ਗੁਜਾਰੇ ਸਮੇਂ ਦੌਰਾਨ ਉਸ ਦੇ ਸਿਆਸੀ ਦ੍ਰਿਸ਼ਟੀਕੋਣ ਦਾ ਵਿਕਾਸ ਅਤੇ ਸਮਕਾਲੀ ਰਾਜਨੀਤਕ ਗਤੀਵਿਧੀਆਂ ਦੇ ਮੁਲਾਂਕਣ ਵਿਚੋਂ ਹਾਸਿਲ ਕੀਤੇ ਅਨੁਭਵ ਦਾ ਇਹ ਅਹਿਸਾਸ ਪ੍ਰਤੱਖ ਤੌਰ ਤੇ ਸਿੱਟਾ ਹੈ। ਭਗਤ ਸਿੰਘ ਇਨ੍ਹਾਂ ਸੰਵੇਦਨਸ਼ੀਲ ਹੈ ਕੇ ਜੇਲ੍ਹ ਵਿੱਚ ਆਉਣ ਤੋਂ ਪੂਰਵਲੇ ਸਮੇਂ ਵਿੱਚ ਕੀਤੀਆਂ ਸਿਆਸੀ ਗਤੀਵਿਧੀਆਂ ਦਾ ਆਲੋਚਨਾਤਮਕ ਢੰਗ ਨਾਲ ਵਿਸ਼ਲੇਸ਼ਣ ਕਰਦਾ ਹੋਇਆ ਆਪਣੇ ਆਪ ਨੂੰ ਵੀ ਸਵਾਲ ਕਰਦਾ ਹੈ। ਕਾਸ਼ ਕਿਤੇ ਇਸ ਤਰ੍ਹਾਂ ਭਾਰਤੀ ਅਤੇ ਪੰਜਾਬ ਦੀਆਂ ਸਮਾਜਵਾਦੀ ਜਾਂ ਕਮਿਊਨਿਸਟ ਜਥੇਬੰਦੀਆਂ ਨੇ ਆਪਣੇ ਸਿਆਸੀ ਦ੍ਰਿਸ਼ਟੀਕੋਣ ਦਾ ਭਗਤ ਸਿੰਘ ਵਰਗਾ ਸਵੈ ਵਿਸ਼ਲੇਸ਼ਣ ਕੀਤਾ ਹੁੰਦਾ ਤਾਂ ਹੋ ਸਕਦਾ ਇਨ੍ਹਾਂ ਦੇ ਭਵਿੱਖ਼ ਦਾ ਰਾਹ ਲੋਕਾਂ ਦੇ ਮਨਾਂ ਵਿੱਚੋਂ ਗੁਜਰ ਕੇ ਜਾਂਦਾ। ਜਿਹੜਾ ਵੀ ਉਸ ਦੇ ਹਜਾਰਵੇਂ ਹਿੱਸੇ ਤੋਂ ਸ਼ੁਰੂ ਕਰਕੇ ਉਸ ਦੇ ਸੁਪਨਿਆਂ ਦਾ ਸਮਾਜ ਸਿਰਜਣਾ ਵੱਲ ਨੂੰ ਤੁਰੇਗਾ ਉਹੀ ਉਸ ਦਾ ਵਾਰਿਸ ਕਹਿਲਾਉਣ ਦਾ ਹੱਕ ਦਾਰ ਹੋ ਸਕਦਾ ਹੈ।