ਭਗਤ ਸਿੰਘ

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

28 ਸਤੰਬਰ 1907 ਨੂੰ ਜੰਮਿਆ ‘ਭਗਤ ਸਿੰਘ ‘,
23 ਮਾਰਚ 1931 ਨੂੰ ਦੇਸ਼ ਕੌਮ ਲਈ ਫਾਂਸੀ ਚੜਿਆ ਭਗਤ ਸਿੰਘ
ਅਸਲ ਵਿੱਚ ਮਰਿਆ ਨਹੀਂ ,
ਭਗਤ ਸਿੰਘ 1931 ਤੋਂ ਲੈਕੇ ਅੱਜ ਤੱਕ ਹਰ ਸਾਲ ਵਾਪਿਸ ਅਉਂਦਾ ਹੈ
23 ਮਾਰਚ ਜਾਂ 28 ਸਤੰਬਰ ਨੂੰ ,
ਪੱਥਰਾਂ ਦੇ ਬਣੇ ਪੁਤਲਿਆਂ ‘ਚ
ਜਾਂ ਸੰਗਮਰਮਰ ਦੀਆਂ ਦੀਵਾਰਾਂ ‘ਚ ,
ਭੀੜੇ – ਭੀੜੇ ਬਾਜ਼ਾਰਾਂ ਵਿੱਚ ਜਾਂ ” Times Of India ” ਜਹੇ ਵੱਡੇ-ਵੱਡੇ ਅਖ਼ਬਾਰਾਂ ਵਿੱਚ ;
ਉਹ ਭਗਤ ਸਿੰਘ ਜੋ ਕੇਸਰੀ ਪੱਗ ਬੰਨਦਾ ਹੈ ,
ਜੋ ਕਿਸੇ ਨਾਮੀ ਤੇ ਮਹਿੰਗੇ Brand ਦੀ ਜੀਨ ਤੇ ਸ਼ਰਟ ਪਾਉਂਦਾ ਹੈ ,
ਕਿਸੇ ਰੋਹਬਦਾਰ ਵੈਲੀ ਵਾੰਗੂ ਮੁੱਛਾਂ ਨੂੰ ਤਾਅ ਦੇਕੇ ਰੱਖਦਾ ਹੈ ,
ਜਿਸ ਦੇ ਖੱਬੀ ਸਾਇਡ ਡੱਬ ਵਿੱਚ ਛੇ ਗੋਲੀਆਂ ਵਾਲਾ ਅੰਗਰੇਜੀ ਰਿਵਾਲਵਰ ਪਾਇਆ ਹੁੰਦਾ ਹੈ ,
ਉਹ ਭਗਤ ਸਿੰਘ ਜੋ ਵੱਡੀਆਂ-ਵੱਡੀਆਂ ਮੋਟਰ ਗੱਡੀਆਂ ਉੱਪਰ ਮੁੱਛਾਂ ਨੂੰ ਵੱਟ ਦਿੰਦਾ ਖੜਾ ਦਿਖਾਈ ਦਿੰਦਾ ਹੈ ,
ਅਕਸਰ ਘਰਾਂ ਦੀਆਂ ਦੀਵਾਰਾਂ ‘ਤੇ ,
ਸਕੂਟਰ ਗੱਡੀਆਂ ਦੀਆਂ ਨੰਬਰ ਪਲੇਟਾਂ ‘ਤੇ ਖੜਾ ,
ਜੰਮਦੀ ਹੋਈ ਧੂੜ ਦਾ ਭਾਗੀ ਬਣਦਾ ਹੈ ,
ਇਹ ਭਗਤ ਸਿੰਘ ਹਰ ਸਾਲ ਹਰ ਵਾਰ 23 ਮਾਰਚ ਜਾਂ 28 ਸਤੰਬਰ ਨੂੰ ਹੀ ਅਉਂਦਾ ਹੈ ,
ਜੋ ਆਪਣੇ ਪੱਥਰ ਦੇ ਬਣੇ ਹੋਏ ਬੁੱਤਾਂ ਤੋਂ ਸਿਰਫ ਮਿੱਟੀ ਦੀ ਗਰਦ ਝਾੜ੍ਹ ਕੇ ਜਾਂਦਾ ਹੈ ,
ਲੋਕਾਂ ਦੀ ਮਾਨਸਿਕਤਾ ਤੇ ਸੋਚ ਨੂੰ ਲੱਗਾ ਹੋਇਆ ਜੰਗਾਲ ਨਹੀਂ ,
ਇਸ ਦਿਨ ਉਹ ਭਗਤ ਸਿੰਘ ਅਉਂਦਾ ਹੈ ਗੀਤਾਂ ਤੇ ਮੂਵੀਆਂ ਵਿੱਚ ਬੜੀ ਲੜਾਕੀ ਤੇ ਬਦਲਾਖੋਰੀ ਦੀ ਸੋਚ ਵਾਲਾ ਦਿਖਾਇਆ ਜਾਂਦਾ ਹੈ ;

ਆਖਿਰ ਉਹ ” ਭਗਤ ਸਿੰਘ ” ਫਿਰ ਕੌਣ ਸੀ
ਜੋ ਖੱਦਰ ਦੇ ਬਣੇ ਕੁੜਤੇ ਪਾਉਂਦਾ ਸੀ ,
ਪੱਗ ਬੰਨਦਾ ਸੀ ਕਲਾਕਾਰਾਂ ਜਾਂ ਡਾਕੂਆਂ ਵਾਂਗ ਲੜ ਛੱਡਵੀਂ ਨਹੀਂ ,
ਹਥਿਆਰ ਰੱਖਦਾ ਸੀ ਪਰ ! 9 M:M ਦਾ ਪਿਸਟਲ ਜਾਂ ਰਿਵਾਲਵਰ ਨਹੀਂ ,
ਸਗੋਂ ਕਾਗਜ਼ ਤੇ ਕਲਮ ਦਾ ,
ਉਹ ਭਗਤ ਸਿੰਘ ਜੋ ” ਆਜ਼ਾਦ ਭਾਰਤ ” ਦੇ ਆਜ਼ਾਦ ਸੁਪਨਿਆਂ ਦੀ ਗੱਲ ਕਰਦਾ ਸੀ ,
ਉਹ ਭਗਤ ਸਿੰਘ ਜੋ ਆਪਣੇ ਹੱਕਾਂ ਲਈ ਲੜਦੇ ਕਿਸਾਨ ,ਮਜਦੂਰਾਂ ਤੇ ਵਿਦਿਆਰਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਸੀ ,
ਉਹ ਭਗਤ ਸਿੰਘ ਜੋ ਆਪਣੀ ਕੈਦ ਦੇ ਆਖਰੀ ਸਮੇਂ ,
ਫਾਂਸੀ ਚੜ੍ਹਨ ਤੋਂ ਪਹਿਲਾਂ ,
ਜੇਲ ਵਿੱਚ ਆਪਣੀ ਆਖਰੀ ਕਿਤਾਬ ਦੇ ਆਖਰੀ 2 ਪੰਨੇ ,ਮੁੜ ਆਕੇ ਪੜ੍ਹਨ ਦੀਆਂ ਗੱਲਾਂ ਕਰਦਾ ਸੀ ;

ਪਰ ! ਅਫਸੋਸ ਇਹ ਹੱਕ ਸੱਚ ਲਈ ਲੜਨ ਵਾਲਾ ਤੇ ਗਰੀਬਾਂ ਦੇ ਹੱਕ ਲਈ ਖੜਨ ਵਾਲਾ ਭਗਤ ਸਿੰਘ ਨਾ ਤਾਂ ਹੁਣ ਸਾਨੂੰ ਪਸੰਦ ਹੈ
ਨਾਂ ਹੀ ਸਾਡੇ ਲੀਡਰਾਂ ਨੂੰ ,
ਤੇ ਨਾਂ ਹੀ ਉਸਦੀ ਸਿਖਿਆ ਤੇ ਗਿਆਨ ਹਾਸਿਲ ਕਰਨ ਦੀ ਸੋਚ ਸਾਨੂੰ ਪਸੰਦ ਆਈ ,
ਸਾਨੂੰ ਤਾਂ ਪਸੰਦ ਅਉਂਦਾ ਹੈ ਤਾਂ ਸਿਰਫ Branded ਕੱਪੜੇ ਪਾਉਣ ਵਾਲਾ ,ਲੜ ਛੱਡਵੀਂ ਪੱਗ ਬੰਨਕੇ ਮੁੱਛਾਂ ਨੂੰ ਤਾਅ ਦੇਣ ਵਾਲਾ ਭਗਤ ਸਿੰਘ ,
ਜਿਸ ਦੀ ਖੱਬੀ ਸਾਇਡ 9:MM ਦਾ ਰਿਵਾਲਵਰ ਜਾਂ ਪਿਸਟਲ ਟੰਗਿਆ ਹੁੰਦਾ ਹੈ …..!! ”

ਹਰਕਮਲ ਧਾਲੀਵਾਲ
ਸੰਪਰਕ:- 8437403720

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਬਾਣੀ
Next articleਬਚਾ ਲਿਆ ..