ਕੇਜਰੀਵਾਲ ਤੇ ਕਾਂਗਰਸ ਤੋਂ ਸਾਵਧਾਨ ਰਹਿਣ ਪੰਜਾਬੀ: ਹਰਸਿਮਰਤ

ਜੋਗਾ (ਸਮਾਜ ਵੀਕਲੀ):  ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨੂੰ ਪੰਜਾਬ ਦੇ ਕਾਂਗਰਸੀਆਂ ਸਮੇਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ ਹੈ। ਮਾਨਸਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪ੍ਰੇਮ ਅਰੋੜਾ ਦੇ ਹੱਕ ’ਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੇ ਸੱਤਾ ਦੇ ਲਾਲਚ ਲਈ ਪਿਛਲੇ ਸਮੇਂ ਵਿੱਚ ਜੋ ਕੁਝ ਕੀਤਾ ਹੈ, ਅਜਿਹਾ ਅੱਜ ਤੱਕ ਇਸ ਸੂਬੇ ਵਿੱਚ ਕਦੇ ਵੀ ਨਹੀਂ ਹੋਇਆ ਹੈ ਤੇ ਦੂਜੇ ਪਾਸੇ ‘ਆਪ’ ਦੇ ਜਿੱਤੇ ਹੋਏ ਵਿਧਾਇਕਾਂ ਨੇ ਲਾਲਚ ਲਈ ਹੋਰ ਪਾਰਟੀਆਂ ਵਿੱਚ ਸ਼ਮੂਲੀਅਤ ਕੀਤੀ।

ਪਿੰਡ ਬੁਰਜ ਰਾਠੀ ਵਿੱਚ ਇਕੱਠ ਮੌਕੇ ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਖਜ਼ਾਨੇ ’ਤੇ ਨਜ਼ਰ ਰੱਖਣ ਵਾਲੇ ਕੇਜਰੀਵਾਲ ਧੋਖੇਬਾਜ਼ ਹਨ ਅਤੇ ਉਨ੍ਹਾਂ ਤੋਂ ਵੱਡੀ ਧੋਖੇਬਾਜ਼ ਕਾਂਗਰਸ ਪਾਰਟੀ ਹੈ, ਜਿਸ ਦੇ ਮੁੱਖ ਮੰਤਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਏ। ਉਨ੍ਹਾਂ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ ਜਿਸ ਦੀ ਸਰਕਾਰ ਵੱਲੋਂ ਪੰਜਾਬ ਨੂੰ ਆਰਥਿਕ ਤੌਰ ’ਤੇ ਤਕੜਾ ਕਰਕੇ ਖੇਤੀ ਪ੍ਰਧਾਨ ਅਤੇ ਬਿਜਲੀ ਸੰਪੰਨ ਸੂਬਾ ਬਣਾਇਆ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਨੂੰ ਨਸ਼ਿਆਂ ਅਤੇ ਕਰਜ਼ੇ ਤੋਂ ਇਲਾਵਾ ਕੁਝ ਨਹੀਂ ਦਿੱਤਾ, ਜਿਸ ਕਾਰਨ ਨਿਰਾਸ਼ ਨੌਜਵਾਨ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਹਨ। ਉਨ੍ਹਾਂ ਨੇ ਲੋਕਾਂ ਨੂੰ ਪ੍ਰੇਮ ਕੁਮਾਰ ਅਰੋੜਾ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਦੇ ਰਾਜ ’ਚ ਨਸ਼ਾ ਤਸਕਰ ਤੇ ਗੈਂਗਸਟਰ ਵਧੇ: ਸੁਖਬੀਰ
Next articleਨਕੋਦਰ ਬੇਅਦਬੀ ਕਾਂਡ: 36 ਸਾਲਾਂ ਬਾਅਦ ਵੀ ਮਾਪੇ ਇਨਸਾਫ਼ ਤੋਂ ਵਾਂਝੇ