(ਸਮਾਜ ਵੀਕਲੀ)
ਆਪਣੇ ਕੰਮਕਾਰ ਦੇ ਸਿਲਸਿਲੇ ਵਿੱਚ ਅਕਸਰ ਦਿੱਲੀ ਜਾਣਾ ਹੁੰਦਾ ਹੈ। ਵਾਪਸੀ ਉੱਤੇ ਮੁਰਥਲ ਦੇ ਇੱਕ ਢਾਬੇ ਉੱਤੇ ਰਾਤ ਦੇ ਖਾਣੇ ਲਈ ਰੁਕਦਾ ਹਾਂ । ਖਾਣੇ ਦਾ ਮੈਨੂਯ ਸੈਟ ਹੈ।
ਹਾਫ ਦਾਲ
3 ਰੋਟੀਆਂ
ਇੱਕ ਪਲੇਟ ਸਲਾਦ
ਦੋ ਕਟੋਰੀ ਸਫੇਦ ਮੱਖਣ
ਤੇ ਅੰਤ ਵਿੱਚ ਖੀਰ।
ਲਗਭਗ ਇੱਕ ਹੀ ਆਦਮੀ ਮੇਰੀ ਟੇਬਲ ਤੇ ਸਰਵਿਸ ਲਈ ਆਉਂਦਾ ਹੈ।
ਮੈਂ ਉਸਨੂੰ ਉਹੀ ਮੈਨੂਯ ਦੱਸਦਾ ਹਾਂ।
….. ਕੁੱਝ ਦਿਨਾਂ ਤੋਂ ਉਹ ਮੈਨੂੰ ਪੁੱਛਣ ਦਾ ਤਰਦੱਦ ਵੀ ਨਹੀਂ ਕਰਦਾ।
ਮੈਂ ਬੈਠਦਾ ਹਾਂ… …ਉਹ ਸਲਾਦ ਪਰਸ ਦਿੰਦਾ ਹੈ ਤੇ ਫੇਰ ਇੱਕ ਇੱਕ ਕਰਕੇ ਬਾਕੀ ਸਮਾਨ ਲੈ ਆਉਂਦਾ ਹੈ।
ਕੱਲ੍ਹ ਰਾਤੀਂ ਮੈਂ ਢਾਬੇ ਤੇ ਆ ਕੇ ਬੈਠਾ। ਮੈਨੂੰ ਜਾਣਨ ਵਾਲਾ ਬੰਦਾ ਜਿਹੜਾ ਆਡਰ ਲੈਂਦਾ ਸੀ, ਮੈਨੂੰ ਕਿਤੇ ਦਿਖਾਈ ਨਾ ਦਿੱਤਾ।
ਮੇਰੀਆਂ ਅੱਖਾਂ ਉਸਨੂੰ ਲੱਭ ਰਹੀਆਂ ਸਨ। ਇੰਨੇ ਵਿੱਚ ਇੱਕ ਨੌਜਵਾਨ ਲੜਕਾ ਮੇਰੀ ਟੇਬਲ ਤੇ ਆਇਆ ਤੇ ਬੋਲਿਆ, ” ਭੋਲਾ ਭਈਆ ਨਹੀਂ ਆਏ ਹੈਂ ਸਰ, ਉਨ੍ਹਾਂ ਤਬੀਅਤ ਖਰਾਬ ਹੈ।”
ਮੈਨੂੰ ਪਤਾ ਨਹੀਂ ਸੀ ਕਿ ਜਿਸ ਆਦਮੀ ਨੂੰ ਮੈਂ ਹਰ ਵਾਰ ਖਾਣੇ ਦਾ ਆਰਡਰ ਦਿੰਦਾ ਹਾਂ ਉਸਦਾ ਨਾਂ “ਭੋਲਾ” ਹੈ।
“ਤੇਰਾ ਕੀ ਨਾਂ ਹੈ ?” ਮੈਂ ਸਾਹਮਣੇ ਖੜ੍ਹੇ ਨੌਜਵਾਨ ਨੂੰ ਪੁੱਛਿਆ।
” ਹਮਾਰਾ ਨਾਮ ‘ਆਕਾਸ’ ਹੈ ਸਰ।” ਉਸਨੇ ਝੱਟ ਜਵਾਬ ਦਿੱਤਾ।
ਮੁਰਥਲ ਦੇ ਢਾਬਿਆਂ ਤੇ ਕੰਮ ਕਰਨ ਵਾਲੇ ਜ਼ਿਆਦਾਤਰ ਬਿਹਾਰੀ ਹਨ।
ਨੌਜਵਾਨ ਦਾ ਆਕਾਸ਼ ਨੂੰ ਆਕਾਸ ਕਹਿਣਾ ਮੈਨੂੰ ਭੋਰਾ ਗ਼ਲਤ ਨਾ ਲੱਗਾ।
ਲੜਕਾ ਟਿੱਪ ਟਾਪ ਸੀ। ਸਧੀ ਹੋਈ ਕਦ ਕਾਠੀ। ਤੇਲ ਨਾਲ ਚੋਪੜੇ ਹੋਏ ਤੇ ਕੰਘੀ ਕੀਤੇ ਹੋਏ ਵਾਲ।ਸਭ ਤੋਂ ਵੱਡੀ ਗੱਲ ਕਿ ਉਸਦੇ ਜੁੱਤੇ ਚਮਕ ਰਹੇ ਸਨ। ਲੱਗ ਰਿਹਾ ਸੀ ਕਿ ਪੋਲਿਸ਼ ਕੀਤੇ ਹੋਏ ਸਨ।
ਮੈਂ ਹਾਲੇ ਆਪਣਾ ਮੀਨੂਯ ਦੱਸਣ ਹੀ ਲੱਗਾ ਸੀ ਕਿ ਮੇਰੀ ਗੱਲ ਕੱਟਦਿਆਂ ਉਸਨੇ ਕਿਹਾ…. ਪਤਾ ਹੈ ਸਰ….।
ਹਰਾ ਸਲਾਦ…. ਦਾਲ … ਮੱਖਣ… ਰੋਟੀ… ਖੀਰ।
ਮੈਂ ਉਸ ਵੱਲ ਦੇਖਿਆ ..
ਹੱਸਿਆ… ਤੇ ਕਿਹਾ… ਪਤਾ ਹੈ ਤਾਂ ਲੈ ਆ.. । ਭੁੱਖ ਨਾਲ ਮੇਰੇ ਪ੍ਰਾਣ ਨਿੱਕਲ ਚੱਲੇ ਹਨ।
ਉਹ ਕਿਚਨ ਵੱਲ ਚਲਾ ਗਿਆ।
ਕੁੱਝ ਸਮੇਂ ਬਾਅਦ ਵਾਪਸ ਆਇਆ ਤੇ ਬੋਲਿਆ…” ਸਰ… ਡੌਂਟ ਮਾਂਈਡ। ਇੱਕ ਬੈਟਰ ਆਪਸ਼ਨ ਹੈ। ”
ਮੈਂ ਇੱਕ ਪਲ … ਹੈਰਾਨ ਰਹਿ ਗਿਆ।
ਡੌਂਟ ਮਾਂਈਂਡ… ਬੈਟਰ ਆਪਸ਼ਨ… ਮੇਰੇ ਸਾਹਮਣੇ ਢਾਬੇ ਦਾ ਇੱਕ ਵੇਟਰ ਖੜਿਆ ਸੀ ਜਾਂ ਕਿਸੇ ਮਨੇਜਮੈਂਟ ਇੰਸਟੀਚਿਊਟ ਦਾ ਐਮ ਬੀ ਏ ਮੈਨੇਜਰ ਖਲੋਤਾ ਸੀ।
ਸ਼ਕਲ ਦੇਖ ਤਾਂ ਨਹੀਂ ਲੱਗ ਰਿਹਾ ਸੀ ਕਿ ਇਸਨੂੰ ਅੰਗਰੇਜ਼ੀ ਦਾ ਏ ਵੀ ਆਉਂਦਾ ਹੋਵੇਗਾ।
ਮੈਂ ਹੈਰਾਨ ਸੀ..।
” ਕੀ ਬੈਟਰ ਆਪਸ਼ਨ ਹੈ ਸਰ ?” ਮੈਂ ਵਿਅੰਗ ਕਰਨ ਵਾਲੇ ਅੰਦਾਜ਼ ਨਾਲ ਪੁੱਛਿਆ।
ਲੜਕੇ ਨੇ ਮੀਨੂਯ ਕਾਰਡ ਚੁੱਕਿਆ ਤੇ ਬੋਲਿਆ ….” ਆਪ ਵੈਜ ਥਾਲੀ ਲੀਜੀਏ ਸਰ। ਇਸਮੇਂ ਦਾਲ ਹੈ। ਦੋ ਸਬਜ਼ੀ ਹੈ। ਪੁਲਾਓ ਹੈ। ਸਲਾਦ ਹੈ। ਔਰ ਮੀਠਾ ਖੀਰ ਭੀ ਹੈ…. ਔਰ ਸਰ… ਥਾਲੀ ਆਪਕੋ ਮੀਨੂਯ ਕੇ ਹਿਸਾਬ ਸੇ 20 ਪਰਸੈਂਟ ਸਸਤਾ ਭੀ ਪੜੇਗਾ।” ਲੜਕਾ ਇੱਕੋ ਸਾਹ ਵਿੱਚ ਸਭ ਕਹਿ ਗਿਆ।
ਪਹਿਲਾਂ… ਡੌਂਟ ਮਾਂਈਂਡ…. ਬੈਟਰ ਆਪਸ਼ਨ… ਯਾਨੀ ਅੰਗਰੇਜ਼ੀ…. ਤੇ ਫੇਰ ’20 ਪਰਸੈਂਟ’ ਯਾਨੀ ਮੈਥੇਮੈਟਿਕਸ…।
“ਯਾਰ ਕੌਣ ਹੈ ਇਹ ਲੜਕਾ” ਮੈਂ ਆਪਣੇ ਆਪ ਨੂੰ ਪੁੱਛਿਆ।
ਧਿਆਨ ਨਾਲ ਦੇਖਿਆ ਤਾਂ ਬਿਲ ਵਿੱਚ ਵਾਕਈ ਵੀਹ ਪਰਸੈਂਟ ਦਾ ਫਰਕ ਸੀ।
ਉਮਰ ਦੇ 42 ਬਸੰਤ ਦੇਖ ਚੁੱਕਾ ਹਾਂ। ਖ਼ਤ ਕਾ ਮਜ਼ਮੂਨ ਸਮਝ … ਖ਼ਤ ਕਾ ਪਤਾ ਦੇਖ ਕਰ। ਲਿਫ਼ਾਫ਼ਾ ਬਿਨਾਂ ਖੋਲਿਆਂ।
” ਕੀ ਕਰਦੇ ਹੋ..?”
ਮੈਂ ਸਵਾਲੀਆ ਨਜ਼ਰਾਂ ਨਾਲ ਉਸਨੂੰ ਪੁੱਛਿਆ।
” ਯਹੀਂ ਕਾਮ ਕਰਤੇ ਹੈਂ।” ਉਸ ਨੇ ਜਵਾਬ ਦਿੱਤਾ।
” ਇਸ ਤੋਂ ਇਲਾਵਾ ਹੋਰ ਕੀ ਕਰਦੇ ਹੋ..? ” ਮੈਂ ਪੁੱਛਿਆ।
” ਯੂ ਪੀ ਐਸ ਸੀ ਕੀ ਤਯਾਰੀ ਕਰ ਰਹੇ ਹੈਂ, ਸਰ।
ਦਿਨ ਮੇਂ ਦਿੱਲੀ ਰਹਿਤੇ ਹੈਂ। ਢਾਬਾ ਪਰ ਨਾਈਟ ਡਿਊਟੀ ਰਹਿਤਾ ਹੈ।”
ਆਤਮਵਿਸ਼ਵਾਸ ਭਰੇ ਹੋਏ ਲਹਿਜੇ ਨਾਲ ਉਸਨੇ ਜਵਾਬ ਦਿੱਤਾ।
” ਬੈਟਰ ਆਪਸ਼ਨ ਲੈ ਆ।”
ਮੈਂ ਹੱਸਦਿਆਂ ਉਸਨੂੰ ਕਿਹਾ।
ਖਾਣਾ ਖਾਧਾ। ਬਿਲ ਟੇਬਲ ਤੇ ਸੀ। ਤੇ ਆਕਾਸ਼.. ਨਹੀਂ ਨਹੀਂ.. ਆਕਾ’ਸ’ ਸਾਹਮਣੇ ਖੜ੍ਹਾ ਸੀ।
ਇੱਕ ਲੰਮੇਂ ਸਮੇਂ ਬਾਅਦ ਮੈਂ ਕਿਸੇ ਵੇਟਰ ਨੂੰ ਟਿੱਪ ਨਹੀਂ ਦਿੱਤੀ।
ਉਹ ਟਿੱਪ ਦੇਣ ਲਾਇਕ ਆਦਮੀ ਨਹੀਂ ਸੀ।
ਮੇਰੇ ਕੋਲ ਪਾਰਕਰ ਦਾ ਇੱਕ ਪੈਨ ਸੀ। ਮੈਂ ਉਸਦੀ ਕਮੀਜ਼ ਦੀ ਜੇਬ ਉੱਤੇ ਉਹ ਪੈਨ ਲਗਾ ਦਿੱਤਾ।
ਉਸ ਦੀਆਂ ਅੱਖਾਂ ਦੀ ਚਮਕ ਦੇਖਣ ਵਾਲੀ ਸੀ।
ਇੱਕ ਵਰਗ ਹੈ…. ਜਿਹੜਾ ਬੇਸ਼ੱਕ ਘੋਰ ਗਰੀਬੀ ਵਿੱਚ ਜੀ ਰਿਹਾ ਹੈ। ਦਾਣੇ ਦਾਣੇ ਨੂੰ ਮੁਹਤਾਜ ਹੈ। ਰੋਜ਼ ਖੂਹ ਪੁੱਟ ਕੇ ਪਾਣੀ ਪੀ ਰਿਹਾ ਹੈ। ਪਰ ਫੇਰ ਵੀ ਉਹ ਆਪਣੇ ਲਈ…. ਬੈਟਰ ਆਪਸ਼ਨ ਦੀ ਤਲਾਸ਼ ਵਿੱਚ ਹੈ।
ਬੇਹਤਰ ਵਿਕਲਪ ਲੱਭ ਰਿਹਾ ਹੈ। ਇਹ ਵਰਗ ਦਿਨ ਵਿੱਚ ਕਿਤਾਬਾਂ ਵਿੱਚ ਮੂੰਹ ਦੇਈਂ ਆਪਣੇ ਸੁਪਨਿਆਂ ਦੀ ਲੜਾਈ ਲੜ ਰਿਹਾ ਹੈ ਅਤੇ ਰਾਤ ਨੂੰ ਢਾਬੇ ਤੇ ਖਾਣਾ ਪਰੋਸਦਾ ਹੋਇਆ ਸਰਵਾਈਵਲ ਦੀ ਲੜਾਈ ਲੜ ਰਿਹਾ ਹੈ।
……. ਤੇ ਜਿੱਤਦਾ ਵੀ ਇਹੋ ਵਰਗ ਹੈ ਕਿਉਂਕਿ ਇਨ੍ਹਾਂ ਕੋਲ ਹਾਰਨ ਲਈ …. ਕੁੱਝ ਵੀ ਨਹੀਂ।
ਬੀਤੀ ਰਾਤ ਮੈਂ ਭਵਿੱਖ ਦੇ ਇੱਕ “ਪ੍ਰਸ਼ਾਸਨਿਕ ਅਧਿਕਾਰੀ”
ਨੂੰ ਪੈਨ ਭੇਂਟ ਕਰਕੇ ਆਇਆ ਹਾਂ। ਹਾਲਾਤ ਜਿਵੇਂ ਦੇ ਵੀ ਬੁਰੇ ਤੇ ਦੁੱਖ ਭਰੇ ਹੋਣ…. ਸੰਘਰਸ਼ ਜਾਰੀ ਰਖੱਣਾ ਹੀ ….. ਬੈਟਰ ਆਪਸ਼ਨ ਹੈ।
( ਰਚਿਤ ਸਤੀਜਾ ਦੀ ਪੋਸਟ ਦਾ ਪੰਜਾਬੀ ਅਨੁਵਾਦ )
ਪੇਸ਼ਕਸ਼ : ਗੁਰਮਾਨ ਸੈਣੀ
ਰਾਬਤਾ : 9256346906
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly