ਚੇਨੱਈ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਾਮਿਲ ਨਾਡੂ ਵਿੱਚ 11 ਸਰਕਾਰੀ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਿਹਤ ਖੇਤਰ ਵਿੱਚ ਨਿਵੇਸ਼ ਕਰਨ ਵਾਲੀਆਂ ਧਿਰਾਂ ਦਾ ਭਵਿੱਖ ਬਿਹਤਰ ਹੋਵੇਗਾ। ਮੈਡੀਕਲ ਸੰਸਥਾਵਾਂ ਦਾ ਵਰਚੁਅਲੀ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਨੇ ਸਿਹਤ ਖੇਤਰ ਦੀ ਅਹਿਮੀਅਤ ਦੀ ਪੁਸ਼ਟੀ ਕੀਤੀ ਹੈ ਅਤੇ ਸਰਕਾਰ ਦੀਆਂ ਵੱਖ-ਵੱਖ ਸਿਹਤ ਤੇ ਮੈਡੀਕਲ ਸਿੱਖਿਆ ਨਾਲ ਸਬੰਧਿਤ ਪਹਿਲਕਦਮੀਆਂ ਨੂੰ ਸੂਚੀਬੱਧ ਕੀਤਾ ਹੈ। ਮੋਦੀ ਨੇ ਕਿਹਾ, ‘‘ਕਰੋਨਾ ਮਹਾਮਾਰੀ ਨੇ ਜੀਵਨ ਵਿੱਚ ਸਿਹਤ ਖੇਤਰ ਦੀ ਅਹਿਮੀਅਤ ਦੀ ਪੁਸ਼ਟੀ ਕਰ ਦਿੱਤੀ ਹੈ।
ਭਵਿੱਖ ਉਨ੍ਹਾਂ ਧਿਰਾਂ ਦਾ ਹੋਵੇਗਾ, ਜੋ ਸਿਹਤ ਖੇਤਰ ਵਿੱਚ ਨਿਵੇਸ਼ ਕਰਨਗੀਆਂ। ਭਾਰਤ ਸਰਕਾਰ ਨੇ ਸਿਹਤ ਖੇਤਰ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਹਨ। ਇਸ ਮਹਾਮਾਰੀ ਤੋਂ ਸਬਕ ਲੈਂਦਿਆਂ ਅਸੀਂ ਆਪਣੇ ਸਮੁੱਚੇ ਦੇਸ਼ ਵਾਸੀਆਂ ਨੂੰ ਵਧੀਆ ਸਿਹਤ ਸੇਵਾਵਾਂ ਦੇਣਾ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ।’’ ਇਸ ਮਹੀਨੇ ਸ਼ੁਰੂ ਹੋਈ ਅੱਲ੍ਹੜਾਂ ਦੇ ਟੀਕਾਕਰਨ ਦੀ ਮੁਹਿੰਮ ਤਹਿਤ ਹੁਣ ਤੱਕ ਦੋ ਕਰੋੜ ਤੋਂ ਵੱਧ 15-18 ਸਾਲਾਂ ਦੇ ਬੱਚਿਆਂ ਨੂੰ ਕਰੋਨਾ ਰੋਕੂ ਵੈਕਸੀਨ ਦਿੱਤੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਅੰਕੜਿਆਂ ਤੋਂ ਦੇਸ਼ ਦੇ ਨੌਜਵਾਨਾਂ ਦੀ ‘ਜ਼ਿੰਮੇਵਾਰੀ ਵਾਲੀ ਭਾਵਨਾ’ ਦਾ ਪਤਾ ਚੱਲਦਾ ਹੈ।
ਲੜਕੀਆਂ ਦੇ ਵਿਆਹ ਦੀ ਉਮਰ ਕਾਨੂੰਨੀ ਤੌਰ ’ਤੇ ਵਧਾ ਕੇ 21 ਸਾਲ ਕਰਨ ਦੇ ਮਾਮਲੇ ’ਤੇ ਮੋਦੀ ਨੇ ਕਿਹਾ ਕਿ ਇਸ ਦਾ ਆਧਾਰ ਬਰਾਬਰੀ ਦਾ ਸਿਧਾਂਤ ਹੈ। ਮੋਦੀ ਨੇ ਕਿਹਾ, ‘‘ਸਾਨੂੰ ਪਤਾ ਹੈ ਕਿ ਮੁੰਡੇ ਅਤੇ ਕੁੜੀਆਂ ਬਰਾਬਰ ਹਨ। ਇਸੇ ਸੋਚ ਨਾਲ ਸਰਕਾਰ ਵੱਲੋਂ ਧੀਆਂ ਦੀ ਬਿਹਤਰੀ ਲਈ ਉਨ੍ਹਾਂ ਦੀ ਵਿਆਹ ਦੀ ਉਮਰ ਵਧਾ ਕੇ 21 ਸਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਧੀਆਂ ਨੂੰ ਵੀ ਆਪਣਾ ਕਰੀਅਰ ਬਣਾਉਣ ਦਿਓ। ਉਨ੍ਹਾਂ ਨੂੰ ਹੋਰ ਸਮਾਂ ਦਿਓ। ਇਹ ਇਸ ਦਿਸ਼ਾ ਵਿੱਚ ਬਹੁਤ ਹੀ ਅਹਿਮ ਕਦਮ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly