ਬਲਦੇਵ ਸਿੰਘ ਬੇਦੀ
(ਸਮਾਜ ਵੀਕਲੀ) ਰਿਸ਼ਤਿਆਂ ਦੀ ਅਹਿਮੀਅਤ ਬਹੁਤ ਵੱਡੀ ਹੈ ਇਸਦਾ ਨਾਪਤੋਲ ਕਰਨਾ ਸਾਡੇ ਹੱਥ ਵਸ ਨਹੀਂ। ਰਿਸ਼ਤੇ ਸਾਨੂੰ ਜਿੰਦਗ਼ੀ ‘ਚ ਪਿਆਰ ਅਤੇ ਸਾਂਝ ਵਧਾਉਣ ਬਾਰੇ ਸਿਖਾਉਂਦੇ ਹਨ। ਸਾਨੂੰ ਖੁਸ਼ੀ, ਸਮਰਥਨ ਅਤੇ ਦਿਲਾਸੇ ਤੋਂ ਇਲਵਾ ਇੱਕ ਮਜ਼ਬੂਤ ਸਮਾਜਿਕ ਨੈਟਵਰਕ ਪ੍ਰਦਾਨ ਕਰਦੇ ਹਨ। ਇਹ ਸਾਡੀ ਮਾਨਸਿਕ ਅਤੇ ਸ਼ਾਰੀਰਿਕ ਸਿਹਤ ‘ਚ ਵੀ ਸਕਾਰਾਤਮਕ ਊਰਜਾ ਭਰਦੇ ਹਨ। ਜਿਸ ਨਾਲ ਅਸੀਂ ਮੁਸ਼ਕਲ ਸਮਿਆਂ ਦਾ ਸਾਮਨਾ ਕਰਨ ਦੇ ਯੋਗ ਹੁੰਦੇ ਹਾਂ।
ਇਸੇ ਤਰ੍ਹਾਂ ਸੰਸਾਰ ਦੇ ਸਭ ਤੋਂ ਪਵਿੱਤਰ ਅਤੇ ਖੂਬਸੂਰਤ ਰਿਸ਼ਤਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਮਾਂ – ਪੁੱਤ ਦਾ ਰਿਸ਼ਤਾ। ਸਭ ਰਿਸ਼ਤਿਆਂ ਤੋਂ ਉੱਤਮ ਅਤੇ ਅਨਮੋਲ ਮਾਂ ਅਤੇ ਪੁੱਤ ਦੇ ਰਿਸ਼ਤੇ ਵਿੱਚ ਪਿਆਰ, ਮਮਤਾ, ਸਹਿਯੋਗ ਅਤੇ ਸਮਰਪਣ ਦੀ ਭਾਵਨਾ ਭਰੀ ਹੁੰਦੀ ਹੈ। ਇਕ ਮਾਂ ਦੇ ਆਪਣੇ ਪੁੱਤ ਦੇ ਪ੍ਰਤੀ ਪਿਆਰ ਨੂੰ ਬਿਆਨ ਕਰਨਾ ਨਾ ਮੁਮਕਿਨ ਹੈ, ਕਿਉਂਕਿ ਉਸ ਦੇ ਪਿਆਰ ਦਾ ਕੋਈ ਤੋਲ ਨਹੀਂ। ਪਿਆਰ ਤੇ ਸਹਿਣਸ਼ੀਲਤਾ ਦੀ ਮਿਸਾਲ, ਮਾਂ ਆਪਣਾ ਹਰ ਸੁਖ ਪੁੱਤ ਦੇ ਸੁੱਖ ਲਈ ਕੁਰਬਾਨ ਕਰ ਦਿੰਦੀ ਹੈ। ਉਸਦਾ ਪਿਆਰ ਬਿਨਾਂ ਕਿਸੇ ਸ਼ਰਤ ਦੇ ਹੁੰਦਾ ਹੈ। ਉਹ ਪੁੱਤ ਦੀ ਹਰ ਖੁਸ਼ੀ ਵਿੱਚ ਖੁਸ਼ ਰਹਿੰਦੀ ਹੈ ਅਤੇ ਉਸਦੇ ਹਰ ਦੁੱਖ ਵਿੱਚ ਦੁੱਖੀ। ਮਾਂ ਦੀ ਹਰ ਸਿੱਖਿਆ ਜੋ ਪੁੱਤ ਨੂੰ ਸਹੀ ਰਾਹ ‘ਤੇ ਚਲਾਉਂਦੀ ਹੈ, ਜਿਸ ਨਾਲ ਪੁੱਤ ਦਾ ਹਰ ਇੱਕ ਕਦਮ ਸਫ਼ਲਤਾ ਦੇ ਰਾਹ ਖੋਲਦਾ ਹੈ।
ਮਾਂ ਆਪਣੇ ਪੁੱਤ ਨਾਲ ਜ਼ਿੰਦਗੀ ਦੇ ਹਰ ਮੋੜ ਤੇ ਖੜੀ ਰਹਿੰਦੀ ਹੈ। ਉਸ ਦੀ ਗੋਦ, ਪੁੱਤ ਲਈ ਸਭ ਤੋਂ ਸੁਰੱਖਿਅਤ ਥਾਂ ਹੁੰਦੀ ਹੈ। ਜਦੋਂ ਪੁੱਤ ਪੈਦਾ ਹੁੰਦਾ ਹੈ ਤਾਂ ਮਾਂ ਉਸ ਨੂੰ ਆਪਣੀ ਬਾਹਾਂ ਵਿੱਚ ਲੈ ਹਰ ਬੁਰੀ ਬਲਾ ਤੋਂ ਰਾਖੀ ਕਰਦੀ ਹੈ। ਮਾਂ ਖੁੱਦ ਭਾਵੇਂ ਗਿੱਲੇ ਬਿਸਤਰੇ ਤੇ ਸੌਵੇਂ ਪਰ ਆਪਣੇ ਪੁੱਤ ਨੂੰ ਸੁੱਕੇ ਬਿਸਤਰੇ ਤੇ ਪਾਉਂਦੀ ਹੈ। ਪੁੱਤ ਦੇ ਹਰੇਕ ਸੁੱਖ ਦੁੱਖ ਮਾਂ ਦੇ ਸੁੱਖ ਦੁੱਖ ਬਣ ਜਾਂਦੇ ਹਨ। ਕਿਓਂਕਿ ਪੁੱਤ ਦੇ ਮੁਰਝਾਏ ਚਿਹਰੇ ਦੀ ਖੁਸ਼ੀ ਵਿੱਚ ਹੀ ਇਕ ਮਾਂ ਦੀ ਮੁਸਕਾਨ ਲੁੱਕੀ ਹੁੰਦੀ ਹੈ। ਮਾਂ, ਜੋ ਆਪਣੇ ਪੁੱਤ ਦੇ ਭਵਿੱਖ ਲਈ ਕਈ ਬਲਿਦਾਨ ਕਰਦੀ ਹੈ। ਇਸ ਸੰਸਾਰ ਵਿੱਚ ਬਹੁਤ ਸਾਰੇ ਰਿਸ਼ਤੇ ਹਨ, ਪਰ ਮਾਂ ਅਤੇ ਪੁੱਤ ਦੇ ਰਿਸ਼ਤੇ ਵਿੱਚ ਇੱਕ ਅਨੋਖੀ ਮਿੱਠਾਸ ਹੈ ਜੋ ਕਦੇ ਵੀ ਅਤੇ ਕਿਸੇ ਵੀ ਉਮਰ ‘ਚ ਘੱਟ ਨਹੀਂ ਹੁੰਦੀ।
ਮਾਂ-ਪੁੱਤ ਦਾ ਰਿਸ਼ਤਾ ਇਕ ਅਜਿਹੀ ਡੋਰ ਹੈ ਜੋ ਜਿੰਦਗੀ ਦੇ ਹਰ ਰੰਗ ਵਿਚ ਬੰਨ੍ਹੀ ਰਹਿੰਦੀ ਹੈ। ਇਹ ਰਿਸ਼ਤਾ ਪਵਿੱਤਰ, ਅਨੰਤ, ਅਤੇ ਅਦਭੁਤ ਹੈ ਜੋ ਮਮਤਾ ਦੇ ਪਿਆਲੇ ਨਾਲ ਭਰਪੂਰ ਹੁੰਦਾ ਹੈ। ਮਾਂ-ਪੁੱਤ ਦੇ ਰਿਸ਼ਤੇ ਨੂੰ ਸਾਂਭ ਕੇ ਰੱਖਣਾ, ਸਮਾਜ ਦੇ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ। ਮਾਂ, ਜੋ ਆਪਣੇ ਪੁੱਤ ਨੂੰ ਜਨਮ ਦਿੰਦੀ ਹੈ, ਉਸ ਨੂੰ ਪਾਲਦੀ ਹੈ ਪੋਸਦੀ ਹੈ, ਉਸ ਦੀ ਹਰ ਜ਼ਰੂਰਤ ਦਾ ਧਿਆਨ ਰੱਖਦੀ ਹੈ ਤਾਂ ਇੱਕ ਪੁੱਤ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਮਾਂ ਦੀ ਇਜ਼ੱਤ ਕਰੇ, ਉਸ ਦੇ ਵੱਲੋ ਦਿੱਤੇ ਗਏ ਸਾਰੇ ਸਹਿਯੋਗ ਅਤੇ ਪਿਆਰ ਦਾ ਮੁੱਲ ਮੋੜੇ।
ਪੁੱਤ ਦੇ ਲਈ, ਮਾਂ ਉਸ ਦੀ ਪ੍ਰੇਰਣਾ ਦਾ ਸਰੋਤ ਹੁੰਦੀ ਹੈ। ਉਸ ਦੀ ਮਮਤਾ ਅਤੇ ਪਿਆਰ ਪੁੱਤ ਨੂੰ ਹਰ ਮੁਸ਼ਕਲ ਤੋਂ ਲੜਨ ਦੀ ਤਾਕਤ ਦੇਂਦੇ ਹਨ। ਜਦੋਂ ਪੁੱਤ ਨੂੰ ਲੱਗਦਾ ਹੈ ਕਿ ਸੰਸਾਰ ਵਿੱਚ ਕੋਈ ਨਹੀਂ, ਤਾਂ ਮਾਂ ਦਾ ਪਿਆਰ ਉਸ ਨੂੰ ਸੰਸਾਰ ਦੀਆਂ ਸਭ ਤੋਂ ਵੱਡੀਆਂ ਮੁਸ਼ਕਲਾਂ ਤੋਂ ਵੀ ਬਚਾ ਲੈਂਦਾ ਹੈ। ਇਸ ਲਈ, ਪੁੱਤ ਦੀ ਜ਼ਿੰਮੇਵਾਰੀ ਹੈ ਕਿ ਉਹ ਮਾਂ ਦੇ ਹੱਕ ਨੂੰ ਸਮਝੇ ਅਤੇ ਉਸ ਦੀ ਸੇਵਾ ਕਰੇ। ਮਾਂ ਦੇ ਪਿਆਰ ਨੂੰ ਵਾਪਸ ਦੇਣਾ ਤਾਂ ਸੰਭਵ ਨਹੀਂ ਹੈ, ਪਰ ਮਾਂ ਦੇ ਹਰ ਸੁਪਨੇ ਨੂੰ ਪੂਰਾ ਕਰਨਾ ਹਰੇਕ ਪੁੱਤ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ।
ਬੇਦੀ ਬਲਦੇਵ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly