ਨਾਨਕ ਦੇ ਬੱਚੇ ਹੋ ਕੇ….

(ਸਮਾਜ ਵੀਕਲੀ)

ਨਾਨਕ ਦੇ ਬੱਚੇ ਹੋ ਕੇ,
ਕਿੱਧਰ ਨੂੰ ਟੁਰ ਗਏ ਹਾਂ।
ਜਿੱਧਰੋਂ ਓਹਨਾਂ ਰੋਕਿਆ ਸੀ,
ਓਧਰ ਹੀ ਮੁੜ ਗਏ ਹਾਂ।
ਨਾਨਕ ਦੇ ਬੱਚੇ…..
ਪੜ੍ਹਦੇ ਨਿੱਤ ਬਾਣੀ ਬੇਸ਼ੱਕ,
ਪਰ ਮੰਨਦੇ ਤਾਂ ਮਨ ਦੀ ਹਾਂ।
ਲੱਗੇ ਹੋਏ ਹਰ ਵੇਲ਼ੇ ਵਿੱਚ,
ਦੌੜ ਜਿਹੀ ਧੰਨ ਦੀ ਹਾਂ।
ਖ਼ਾਲਸ ਨਾ ਬਣ ਪਾਏ ਅਸੀਂ,
ਆਖਣ ਨੂੰ ਜੁੜ ਗਏ ਹਾਂ।
ਨਾਨਕ ਦੇ ਬੱਚੇ…..
ਸਾਡੇ ਲਈ ਬਾਬਾ ਜੀ ਨੇ,
ਚਾਰੋਂ ਦਿਸ਼ਾਵਾਂ ਗਾਹੀਆਂ।
ਹੱਕ ਦੀ ਕਮਾਈ ਦੇ ਲਈ,
ਉਹਨਾਂ ਸੀ ਕੀਤੀਆਂ ਵਾਹੀਆਂ।
ਪੱਕੇ ਰੰਗ ਰੰਗਿਆ ਸਾਨੂੰ,
ਅਸੀਂ ਕੱਚੇ ਬਣ ਖੁਰ ਗਏ ਹਾਂ।
ਨਾਨਕ ਦੇ ਬੱਚੇ….
ਫ਼ੋਕੇ ਪਾਖੰਡ ਸੀ ਕਰਨੋਂ,
ਬਾਬਾ ਜੀ ਸਦਾ ਹੀ ਰੋਕਿਆ।
ਚੋਰੀ, ਠੱਗੀ,ਬੇਈਮਾਨੀ,
ਕਰਨੋਂ ਸੀ ਸੱਭ ਨੂੰ ਟੋਕਿਆ।
ਮੱਕੀ ਦੇ ਦਾਣਿਆਂ ਵਾਂਗੂੰ,
ਹੋਰਾਂ ਹੱਥ ਭੁਰ ਗਏ ਹਾਂ।
ਨਾਨਕ ਦੇ ਬੱਚੇ…..
ਜਿਹੜੀ ਤਕਦੀਰ ਅਸਾਡੀ,
ਓਹਨੇ ਕਿੰਝ ਮਿਟਣਾ ਹੈ।
ਕਰ ਕੇ ਕਿਵੇਂ ਟੂਣੇ ਟਾਮਣ,
ਗ੍ਰਿਹਾਂ ਨੂੰ ਕੱਟਣਾ ਹੈ।
ਜਾਤਾਂ, ਧਰਮਾਂ ਦੀਆਂ ਵਾਧੂ,
ਸੋਚਾਂ ਵਿੱਚ ਰੁੜ ਗਏ ਹਾਂ।
ਨਾਨਕ ਦੇ ਬੱਚੇ…..
ਬਾਬੇ ਦੇ ਹੱਥਾਂ ਦੇ ਵਿੱਚ,
ਤਸਬੀ ਵੀ ਫੜਾ ਦਿੱਤੀ।
ਫੁੱਲਾਂ ਦੀ ਮਾਲ਼ਾ ਲੈ ਕੇ,
ਫ਼ੋਟੋ ਤੇ ਚੜ੍ਹਾ ਦਿੱਤੀ।
ਦਾਤੇ ਨੂੰ ਦਾਨ ਹਾਂ ਦਿੰਦੇ,
ਸੋਚੋਂ ਹੀ ਥੁੜ ਗਏ ਹਾਂ।
ਨਾਨਕ ਦੇ ਬੱਚੇ…..

ਮਨਜੀਤ ਕੌਰ ਧੀਮਾਨ
ਸਪਰਿੰਗ ਡੇਲ ਪਬਲਿਕ ਸਕੂਲ

ਸ਼ੇਰਪੁਰ, ਲੁਧਿਆਣਾ। ਸੰ:9464633059

 

Previous articleਟੁੱਟੀ ਜੁੱਤੀ
Next articleਕੋਟਸ਼ਮੀਰ ਵਿਖੇ ਸਮੂਹ ਬੀ.ਐਲ.ਓ ਵੱਲੋਂ ਮਨਾਇਆ ਵੋਟਰ ਦਿਵਸ