* ਕੂੜੇ ਦੇ ਡੰਪ ਦਾ ਰੂਪ ਧਾਰ ਚੁੱਕੇ ਨੇ ਜਲੰਧਰ ਤੇ ਟਾਂਡਾ ਰੋਡ ਤੇ ਬਣੇ ਬਰਸਾਤੀ ਨਾਲ਼ੇ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ )
ਨਗਰ ਨਿਗਮ ਵੱਲੋਂ ਸਾਂਭ ਸੰਭਾਲ ਵਿੱਚ ਕੀਤੀ ਜਾਂਦੀ ਅਣਗਹਿਲੀ ਅਤੇ ਢਿੱਲ ਮੱਠ ਵਾਲ਼ੀ ਨੀਤੀ ਸਦਕਾ ਲੱਖਾਂ ਕਰੋੜਾਂ ਦੀ ਲਾਗਤ ਨਾਲ ਹੁਸ਼ਿਆਰਪੁਰ ਦੇ ਜਲੰਧਰ ਰੋਡ ਅਤੇ ਟਾਂਡਾ ਰੋਡ ਨਾਲ ਦੋਵੇਂ ਪਾਸੇ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਨਾਲੇ ਕੁੜੇ ਕਰਕਟ ਅਤੇ ਦੁਕਾਨਾਂ ਦੀ ਰਹਿੰਦ ਖੂੰਹਦ ਨੂੰ ਖਪਾਉਣ ਲਈ ਕੂੜੇ ਦੇ ਡੰਪ ਦਾ ਰੂਪ ਧਾਰ ਚੁੱਕੇ ਹਨ | ਪਾਣੀ ਦੀ ਨਿਕਾਸੀ ਦਾ ਤਾਂ ਪਤਾ ਨਹੀਂ ਪਏ ਪਰ ਹੁਣ ਇਹ ਸਟੋਰਮ ਡਰੇਨ (ਵਿਸ਼ਾਲ ਬਰਸਾਤੀ ਨਾਲ਼ੇ) ਇਨ੍ਹਾਂ ਸੜਕਾਂ ਦੇ ਨਾਲ ਸਥਿਤ ਦੁਕਾਨਦਾਰਾਂ ਤੇ ਨਜਾਇਜ਼ ਕਬਜ਼ਾਧਾਰਕ ਰੇਹੜੀਆਂ ਫੜੀਆਂ ਵਾਲਿਆਂ ਲਈ ਸਿਰਫ ਕੂੜਾ ਸੁੱਟਣ ਦੇ ਨਾ ਸਿਰਫ ਕੰਮ ਆ ਰਹੇ ਹਨ ਸਗੋਂ ਇਹ ਬਰਸਾਤੀ ਨਾਲ਼ੇ 110 ਫੀਸਦੀ ਕੁੜ੍ਹੇ ਦੇ ਡੰਪ ‘ਚ ਹੀ ਤਬਦੀਲ ਹੋ ਚੁੱਕੇ ਹਨ ।
ਬਰਸਾਤੀ ਨਾਲਿਆਂ ਦੀ ਸਫਾਈ ਸਿਰਫ ਬਿਆਨ ਬਾਜ਼ੀ ਤੱਕ ਸੀਮਿਤ :-
ਜਿਲੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਬਰਸਾਤੀ ਮੌਸਮ ਤੋਂ ਪਹਿਲਾਂ ਬਰਸਾਤੀ ਨਾਲਿਆਂ ਦੀ ਸਫਾਈ ਕਰਵਾਉਣ ਦੇ ਬਿਆਨਾਂ ਦੀ ਫੂਕ ਉਦੋਂ ਨਿਕਲ ਗਈ ਜਦੋਂ ਪੱਤਰਕਾਰਾਂ ਵੱਲੋਂ ਕੀਤੇ ਦੌਰੇ ਦੌਰਾਨ ਹੁਸ਼ਿਆਰਪੁਰ ਦੇ ਜਲੰਧਰ ਅਤੇ ਟਾਂਡਾ ਰੋਡ ਤੇ ਦੋਵੇਂ ਪਾਸੇ ਬਣੇ ਹੋਏ ਬਰਸਾਤੀ ਨਾਲਿਆਂ ਨੂੰ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵੱਲੋਂ ਸੁਟੇ ਗਏ ਕੂੜੇ ਅਤੇ ਰਹਿੰਦੇ ਖੂਹੰਦ ਨਾਲ ਨੱਕੋ ਨੱਕ ਭਰਿਆ ਵੇਖਿਆ ਗਿਆ | ਬੇਸ਼ੱਕ ਹਰ ਸਾਲ ਬਰਸਾਤ ਤੋਂ ਪਹਿਲਾਂ ਇਹਨਾਂ ਨਾਲਿਆਂ ਨੂੰ ਸਾਫ ਕਰਨ ਦੇ ਦਾਅਵੇ ਤੇ ਦਾਅਵਾ ਪ੍ਰਸ਼ਾਸਨ ਵੱਲੋਂ ਬਿਆਨਬਾਜ਼ੀ ਰਾਹੀਂ ਕੀਤਾ ਜਾਂਦਾ ਪਰ ਇਹ ਸਭ ਦ੍ਰਿਸ਼ ਦੇਖ ਕਿ ਲਗਦੈ ਕਿ ਇਹਨਾਂ ਨਾਲਿਆਂ ਦੀ ਸਫਾਈ ਕਦੇ ਹੋਈ ਹੀ ਨਹੀਂ , ਇਹ ਉਹ ਕੌੜੀ ਹਕੀਕਤ ਹੈ ਜੋ ਏਸੀ ਕਮਰਿਆਂ ਵਿੱਚ ਬੈਠ ਕੇ ਬਿਆਨਬਾਜ਼ੀ ਕਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿਖਾਈ ਨਹੀਂ ਦਿੰਦੀ |
ਨਾਲਿਆਂ ‘ਚ ਕੂੜੇ ਨੂੰ ਅੱਗ ਲਾਉਣ ਨਾਲ ਹੁੰਦਾ ਪਰੇਸ਼ਾਨੀ ‘ਚ ਵਾਧਾ :-
ਲੋਕਾਂ ਨੇ ਮੀਡੀਆ ਅੱਗੇ ਦੁੱਖ ਬਿਆਨ ਕਰਦਿਆਂ ਦਸਿਆ ਕਿ ਇਕ ਤਾਂ ਗਲੀਆਂ ਦੀਆਂ ਨਾਲੀਆਂ ਦਾ ਲੈਵਲ ਉੱਚਾ ਹੋਣ ਕਾਰਨ ਮੁਸੀਬਤਾਂ ਪਹਿਲਾਂ ਹੀ ਵਧ ਗਈਆਂ ਸਨ ਤੇ ਹੁਣ ਇਹਨਾਂ ਵਿੱਚ ਲੋਕਾਂ ਅਤੇ ਦੁਕਾਨਦਾਰਾਂ ਵਲੋਂ ਕੂੜਾ ਸੁੱਟਣ ਕਾਰਨ ਨਾਲਿਆਂ ਵਿਚੋਂ ਉੱਠਦੀ ਜਹਿਰੀਲੀ ਨਾ ਸਹਿਣਯੋਗ ਬਦਬੂ ਤੋਂ ਲੋਕ ਬੇਹੱਦ ਪ੍ਰੇਸ਼ਾਨ ਹੋ ਚੁੱਕੇ ਹਨ । ਇਨਾ ਹੀ ਨਹੀਂ ਲੋਕਾਂ ਨੇ ਕਿਹਾ ਕਿ ਇਹਨਾਂ ਨਾਲਿਆਂ ਚ ਕੂੜੇ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਕਾਰਨ ਧੂੰਏਂ ਕਾਰਨ ਪ੍ਰੇਸ਼ਾਨੀਆਂ ਹੋਰ ਵਧ ਜਾਂਦੀਆਂ ਨੇ ਅਤੇ ਜੇਕਰ ਕੋਈ ਛੋਟਾ ਜਾਨਵਰ ਇਸ ਨਾਲਿਆਂ ਵਿਚ ਡਿੱਗ ਜਾਵੇ ਤਾਂ ਬਾਹਰ ਨਿਕਲਣ ਦਾ ਰਸਤਾ ਨਾ ਮਿਲਣ ਕਰਕੇ ਵਿਚ ਹੀ ਜਾਨਵਰ ਮਰ ਜਾਂਦੇ ਨੇ ਜਿਸ ਕਾਰਨ ਇਲਾਕੇ ਚ ਬਦਬੂ ਫੈਲ ਜਾਂਦੀ ਹੈ | ਇਸ ਤੋਂ ਇਲਾਵਾ ਪੱਤਰਕਾਰਾਂ ਨੇ ਦੌਰੇ ਦੌਰਾਨ ਵੇਖਿਆ ਕਿ ਇਸ ਨਾਲ਼ੇ ਨੂੰ ਢੱਕਣ ਵਾਲਿਆਂ ਥਾਂ ਥਾਂ ਤੋਂ ਸਲੈਬਾਂ ਟੁੱਟੀਆਂ ਹੋਣ ਕਾਰਨ ਕਈ ਵਾਰ ਪੈਦਲ ਚਲਣ ਵਾਲੇ ਰਾਹਗੀਰ ਵੀ ਸੱਟਾਂ ਲਗਵਾ ਚੁੱਕੇ ਹਨ ।
ਪ੍ਰਸਾਸ਼ਨ ਦੇ ਨਾਲ ਨਾਲ ਲੋਕ ਵੀ ਕਸੂਰਵਾਰ :-
ਹਾਲਾਂਕਿ ਇਸ ਸਾਰੇ ਵਰਤਾਰੇ ਦੌਰਾਨ ਕਸੂਰ ਕੇਵਲ ਪ੍ਰਸ਼ਾਸਨ ਦਾ ਨਹੀਂ ਕੱਢਿਆ ਜਾ ਸਕਦਾ ਕਿਓਂਕਿ ਲੋਕਾਂ ਅਤੇ ਇਹਨਾਂ ਨਾਲਿਆਂ ਦੇ ਆਸਪਾਸ ਦੁਕਾਨਦਾਰਾਂ ਤੇ ਰੇਹੜੀਆਂ ਫੜੀਆਂ ਵਾਲਿਆਂ ਵੱਲੋਂ ਹੀ ਜ਼ਿਆਦਾਤਰ ਕਚਰਾ ਇਹਨਾਂ ਨਾਲਿਆਂ ਚ ਸੁੱਟਿਆ ਜਾਂਦੈ ਤੇ ਫਿਰ ਕਸੂਰ ਪ੍ਰਸ਼ਾਸਨ ਸਿਰ ਮੜ੍ਹਿਆ ਜਾਂਦਾ ਕਿ ਪ੍ਰਸ਼ਾਸ਼ਨ ਕੁਝ ਕਰਦਾ ਹੀ ਨਹੀਂ ।
ਕੀ ਕਹਿੰਦੇ ਨੇ ਪ੍ਰਸਾਸ਼ਨਿਕ ਅਧਿਕਾਰੀ :-
ਇਸ ਬਾਰੇ ਸੰਪਰਕ ਕਰਨ ‘ਤੇ ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਅਮਨਦੀਪ ਕੌਰ ਨੇ ਦੱਸਿਆ ਕਿ ਚੋਣ ਜ਼ਾਬਤਾ ਲੱਗਾ ਹੋਣ ਕਰਕੇ ਸਾਰੇ ਕੰਮ ਚ ਦੇਰੀ ਜਰੂਰ ਹੋਈ ਹੈ ਪਰ ਓਹਨਾਂ ਵਲੋਂ ਪਹਿਲਾਂ ਹੀ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਹਨਾਂ ਨਾਲਿਆਂ ਦੀ ਸਫਾਈ ਨੂੰ ਬਰਸਾਤ ਤੋਂ ਪਹਿਲਾਂ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ | ਪਰ ਹਕੀਕਤ ਇਹ ਹੈ ਕਿ ਇਹ ਆਦੇਸ਼ ਜ਼ਮੀਨੀ ਤੌਰ ਤੇ ਲਾਗੂ ਹੋਏ ਦਿਖਾਈ ਨਹੀਂ ਦੇ ਰਹੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly