(ਸਮਾਜ ਵੀਕਲੀ)-ਇੱਕੀਵੀਂ ਸਦੀ ਵਿੱਚ ਜਦੋਂ ਅਸੀਂ ਬਹੁਤ ਤਰੱਕੀ ਪਸੰਦ ਤੇ ਅਗਾਂਹ ਵਧੂ ਹੋਣ ਦਾ ਭਰਮ ਪਾਲੀ ਬੈਠੀ ਹਾਂ। ਬੇ ਹੱਦ ਅਸਭਿਅਕ ਤੇ ਦਿਲ ਕੰਬਾਊ ਘਟਨਾਵਾਂ ਮਾਨਸਿਕ ਪ੍ਰੇਸ਼ਾਨੀ ਤੇ ਬੇਬਸੀ ਦਾ ਅਹਿਸਾਸ ਕਰਵਾ ਰਹੀਆਂ ਹਨ। ਉਂਝ ਤਾਂ ਇਹ ਵਰਤਾਰਾ ਕੋਈ ਨਵੀਂ ਗੱਲ ਨਹੀਂ ਏ।ਜਦੋ ਵੀ ਕੋਈ ਵੱਡਾ ਯੁੱਧ, ਕੋਈ ਖ਼ਾਨਾਜੰਗੀ, ਕੋਈ ਦੰਗਾ ਫਸਾਦ ਹੁੰਦਾ ਹੈ ਤਾਂ ਸਭ ਤੋਂ ਵੱਧ ਨਿਸ਼ਾਨਾ ਔਰਤਾਂ ਤੇ ਬੱਚਿਆਂ ਤੇ ਬੰਨਿਆਂ ਜਾਂਦਾ। ਜਿਹਨਾਂ ਦਾ ਜ਼ਾਹਿਰਾ ਤੌਰ ਤੇ ਸ਼ੁਰੂ ਹੋਏ ਵਿਵਾਦ ਨਾਲ ਕੋਈ ਸਿੱਧਾ ਸਬੰਧ ਨਹੀ ਹੁੰਦਾ। ਨਿਹੱਥੀਆਂ ਤੇ ਕਮਜ਼ੋਰ ਔਰਤਾਂ ਦਾ ਬਲਤਕਾਰ ਤੇ ਹੱਤਿਆ ਕਰਕੇ ਬਿਮਾਰ ਮਾਨਸਿਕਤਾ ਵਾਲੀਆਂ ਭੀੜਾਂ ਆਪਣੀ ਮਰਦਾਵੀਂ ਹੳਮੈ ਨੂੰ ਸਾਂਤ ਕਰਦੀਆਂ ਹਨ।ਇਹ ਬਿਮਾਰ ਮਾਨਸਿਕਤਾ ਭੀੜ ਦੀ ਹੀ ਨਹੀ ਆਸੇ ਪਾਸੇ ਹਰ ਥਾਂ ਮੌਜੂਦ ਏ। ਦੋ ਮਰਦਾਂ ਦੀ ਲੜਾਈ ਵਿੱਚ ਇੱਕ ਦੂਜੀ ਦੀ ਮਾਂ ਭੈਣ ਨੂੰ ਗਾਲ ਦੇਣੀ ਆਮ ਗੱਲ ਏ। ਇਹ ਮਾਨਸਿਕ ਪੀੜ ਔਰਤਾਂ ਦੇ ਨਿੱਤ ਦੇ ਜੀਵਨ ਦਾ ਹਿੱਸਾ ਹੈ। ਲੁਕਵਾ ਤੇ ਅਪ੍ਰਤੱਖ ਜੋ ਹੋ ਰਿਹਾ ਹੈ ਉਸਦੀ ਚਰਚਾ ਤਾਂ ਫਜੂਲ ਏ।
ਪਰ ਜੋ ਅਨਿਆਂ ਚਿੱਟੇ ਦਿਨ ਹੋ ਰਿਹਾ ਤੇ ਜਿਸ ਤਰ੍ਹਾਂ ਦੀ ਸੰਵੇਦਨਹੀਣਤਾ ਸੱਤਾ ਪੱਖ ਵੱਲੋਂ ਦਿਖਾਈ ਜਾ ਰਹੀ ਹੈ ਸੱਚਮੁੱਚ ਹੀ ਦਿਲ ਕੰਬਾਊ ਹੈ। ਬਲਾਤਕਾਰੀਆਂ , ਗੁੰਡਿਆਂ ਨੂੰ ਜੋ ਸਨਮਾਨ ਅਜੋਕੇ ਰਾਜਸੀ ਨਿਜ਼ਾਮ ਵਿੱਚ ਮਿਲ ਰਿਹਾ ਸ਼ਰਮਨਾਕ ਏ।ਤਿੰਨ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਮਨੀਪੁਰ ਨੂੰ ਹਿੰਸਾ ਦੀ ਭੱਠੀ ਵਿੱਚ ਝੁਲਸਦਿਆ। ਸੈਂਕੜੈ ਲੋਕਾਂ ਦੀ ਬਲੀ ਦਿੱਤੀ ਜਾ ਚੁੱਕੀ ਏ ਤੇ ਹਜ਼ਾਰਾਂ ਬੇਘਰ ਨੇ। ਇੰਟਰਨੈਟ ਸੇਵਾਵਾਂ ਪੂਰੀ ਤਰ੍ਹਾਂ ਠੱਪ ਨੇ। ਚਾਰ ਮਈ ਦੀ ਘਟਨਾ ਦੀ ਵੀਡੀਓ ਦੈ ਮਹੀਨੇ ਬਾਦ ਮੀਡੀਏ ਵਿੱਚ ਆਉਣ ਤੋ ਬਾਦ ਬਹੁਤ ਲੋਕ ਸਦਮੇ ਵਿੱਚ ਨੇ। ਬਹੁਤ ਹੋ ਹੱਲਾ ਹੋਇਆ। ਪ੍ਰਧਾਨ ਮੰਤਰੀ ਜੀ ਦਾ ਦੋਸ਼ੀਆਂ ਨੂੰ ਬਖਸ਼ੇ ਨਾ ਜਾਣ ਦਾ ਜਿਸ ਦਿਨ ਫੁਰਮਾਨ ਜਾਰੀ ਹੈਇਆ।ਉਸੇ ਦਿਨ ਯੋਨ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬ੍ਰਿਜ ਭੂਸ਼ਨ ਨੂੰ ਜ਼ਮਾਨਤ ਦੇ ਦਿੱਤੀ ਗਈ। ਓਦੋ ਹੀ ਵੱਡੇ ਬਲਤਕਾਰੀ ਰਾਮ ਰਹੀਮ ਪੈਰੋਲ ਤੇ ਬਾਹਰ ਆ ਗਏ। 2017 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋ ਬਾਦ ਢਾਈ ਸਾਲਾਂ ਵਿੱਚ ਸੱਤ ਵਾਰ ਬਾਹਰ ਆ ਚੁੱਕੇ ਹਨ। ਬਿਲਕੀਸ ਬਾਨੋ ਕੇਸ ਨੂੰ ਕੋਈ ਕਿਵੇ ਭੁੱਲ ਸਕਦਾ ਹੈ। ਬਲਾਤਕਾਰੀਆਂ ਨੂੰ ਜਿਸ ਆਨ ਬਾਨ ਸ਼ਾਨ ਨਾਲ ਹਾਰ ਪਾ ਕੇ ਸਮੇਂ ਤੋਂ ਪਹਿਲਾਂ ਰਿਹਾਈ ਦਿੱਤੀ ਗਈ ਬੇਸ਼ਰਮੀ ਦੀ ਸਿਖਰ ਏ। ਪੀੜਤਾਂ ਦੀ ਮਾਨਸਿਕ ਪੀੜਾਂ ਨੂੰ ਸ਼ਬਦਾਂ ਵਿੱਚ ਬੰਨਣਾ ਸੰਭਵ ਨਹੀ। ਮਨੀਪੁਰ ਦੀ ਪੀੜਤਾਂ ਵਿੱਚੋ ਇੱਕ ਉਸ ਪਰਿਵਾਰ ਵਿੱਚੋਂ ਜਿਹਨਾਂ ਨੇ ਕਾਰਗਿਲ ਯੁੱਧ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਅਨਮੁੱਲੀ ਸੇਵਾ ਕੀਤੀ ਹੈ। ਆਪਣੇ ਹੀ ਦੇਸ਼ ਵਿੱਚ ਨਿਰਾਸ਼ਾ , ਅਸੁਰੱਖਿਅਤ ਹੋਣ ਦਾ ਅਹਿਸਾਸ ਰੂਹ ਨੂੰ ਕੰਬਾ ਦੇਣ ਵਾਲਾ ਹੈ।
ਸੱਤਾ ਦੇ ਲਾਲਚ ਵਿੱਚ ਆ ਕੇ ਜਿਸ ਤਰ੍ਹਾਂ ਗੁੰਡਾਗਰਦੀ ਤੇ ਅਨੈਤਿਕਤਾ ਦੀ ਪੁਸ਼ਤ ਪਨਾਹੀ ਕੀਤੀ ਜਾ ਰਹੀ ਏ ਬੇਹੱਦ ਨਿੰਦਣ ਯੋਗ ਹੈ। ਗੱਲ ਗੱਲ ਤੇ ਪੰਜਾਬ ਸਰਕਾਰ ਨੂੰ ਘੇਰਨ ਵਾਲੇ ਕੇਂਦਰ ਦੇ ਨੁਮਾਇਦੇ ਰਾਜਪਾਲ ਮਨੀਪੁਰ ਵਿੱਚ ਕਿੱਥੇ ਹਨ। ਸੱਤਾ ਦੇ ਲਾਲਚ ਵਾਲਾ ਕਾਲਾ ਮਨੀਪੁਰ ਦੇ ਮਾਸੂਮਾਂ ਤੇ ਬੇਕਸੂਰਾਂ ਦੀ ਜਾਨ ਦਾ ਦੁਸ਼ਮਣ ਬਣਿਆ ਬੈਠਾ ਏ। ਵੇਲਾ ਏ ਸਭ ਰਾਜਨੀਤਿਕ , ਸਮਾਜਿਕ ਧਿਰਾਂ ਦਾ ਸੌੜੀ ਵਲਗਣ ਵਿੱਚੋ ਬਾਹਰ ਨਿਕਲ ਕੇ ਮਾਨਵਤਾ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਪਛਾਨਣ ਦਾ।ਭਾਜਪਾ ਤੇ ਉਸਦੀ ਭਾਈਵਾਲ ਧਿਰਾਂ ਨੂੰ ਆਦਿਵਾਸੀਆਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਤੇ ਉਹਨਾਂ ਵਿੱਚ ਪੈਦਾ ਹੋਈ ਅਸੁਰੱਖਿਆ ਤੇ ਬੇਗਾਨਗੀ ਨੂੰ ਖਤਮ ਕਰਨ ਦੇ ਉਪਰਾਲੇ ਕਰਨ ਦਾ। ਦੇਸ਼ ਦੀ ਵਿਭਿੰਨਤਾ ਦਾ ਸਨਮਾਨ ਕਰਦੇ ਹੋਏ ਸਭ ਧਿਰਾਂ ਨੂੰ ਸਤੁੰਸ਼ਟ ਕਰਨਾ ਬੇਹੱਦ ਜ਼ਰੂਰੀ ਏ। ਹਿੰਦੂ ਰਾਸ਼ਟਰ ਦਾ ਸੰਕਲਪ ਦੇਸ਼ ਦੀਆਂ ਘੱਟ ਗਿਣਤੀਆਂ ਵਿੱਚ ਅਸਤੁੰਸਟਤਾ ਤੇ ਬੇਗਾਨਗੀ ਵਿੱਚ ਦਿਨੋ ਦਿਨ ਵਾਧਾ ਕਰ ਰਿਹਾ ਹੈ, ਜੋ ਕਿਸੇ ਵੀ ਤਰ੍ਹਾਂ ਰਾਸ਼ਟਰ ਹਿੱਤ ਵਿੱਚ ਨਹੀ ਹੈ। ਸੱਤਾ ਤੇ ਕਾਬਜ਼ ਹੋਣ ਲਈ ਵੋਟ ਬੈਂਕ ਦੀ ਰਾਜਨੀਤੀ ਦੇਸ਼ ਨੂੰ ਮਹਿੰਗੀ ਪੈ ਰਹੀ ਹੈ।ਨਿਰਪੱਖ ਧਿਰਾਂ ਨੂੰ ਬੇਹੱਦ ਚੌਕਸ ਹੋਣ ਦੀ ਲੋੜ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly