(ਸਮਾਜ ਵੀਕਲੀ)
ਜ਼ਿੰਦਗੀ ਵਿਚ ਵਿਚਰਦਿਆਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਕਰੀਬੀ, ਦੋਸਤ, ਜਾਂ ਰਿਸ਼ਤੇਦਾਰ ਤੁਹਾਨੂੰ ਬੇਧਿਆਨ ਕਰ ਰਿਹਾ ਹੈ, ਤਾਂ ਉਸ ਕੋਲੋਂ ਥੋੜੀ ਦੂਰੀ ਬਣਾ ਲਉ। ਸਮਾਂ ਲੰਘਣ ‘ਤੇ ਜੇਕਰ ਇਹੀ ਵਤੀਰਾ ਜਾਰੀ ਰਹਿੰਦਾ ਹੈ ਤਾਂ ਬਿਨਾਂ ਕੁਝ ਕਹੇ ਆਪਣੀ ਜ਼ਿੰਦਗੀ ਦੀ ਤੋਰ ਵਿਚ ਮਸਤ ਹੋ ਜਾਉ।
ਤੁਹਾਨੂੰ ਹਰ ਕੋਈ ਪਸੰਦ ਨਹੀਂ ਕਰ ਸਕਦਾ ਅਤੇ ਹਰ ਇੱਕ ਨਫ਼ਰਤ ਨਹੀਂ ਕਰਦਾ। ਕਈਆਂ ਦਾ ਸੁਭਾਅ ਹੀ ਹੁੰਦਾ ਹੈ ਕਿ ਹਰ ਇੱਕ ਦੀ ਸਿਫਤ ਕਰੀ ਜਾਣਾ। ਕਈ ਗੁਣ ਨਾ ਹੋਣ ਦੇ ਬਾਵਜੂਦ ਵੀ ਅਗਲਾ ਜੇਕਰ ਤੁਹਾਡੀ ਝੂਠੀ ਤਾਰੀਫ਼ ਕਰ ਰਿਹਾ ਹੈ ਤਾਂ ਸਤਰਕ ਹੋ ਜਾਉ। ਤੁਹਾਨੂੰ ਆਪਣੀਆਂ ਕਮੀਆਂ ਅਤੇ ਗੁਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਆਪਣੇ ਬਾਰੇ ਸਹੀ ਰਾਇ ਰੱਖਣ ਵਾਲੇ ਲੋਕਾਂ ਬਾਰੇ ਜਾਣ ਸਕਦੇ ਹੋ।
ਅਸੀਂ ਬਹੁਤੇ ਦੁੱਖੀ ਆਪਣੇ ਆਪ ਕਰਕੇ ਹੀ ਹੁੰਦੇ ਹਾਂ। ਆਪਣੀ ਲੋੜ ਤੋਂ ਜ਼ਿਆਦੀਆਂ ਪਾਲੀਆਂ ਖਾਹਿਸ਼ਾਂ ਕਰਕੇ। ਕਈ ਵਾਰ ਅਸੀਂ ਕਿਸੇ ਦਾ ਬਹੁਤ ਤੇਹ ਕਰਦੇ ਹਾਂ,ਪਰ ਅਗਲਾ ਸਾਡੇ ਨਾਲ ਉਨਾਂ ਨਹੀਂ ਕਰਦਾ ਜਿਨਾਂ ਅਸੀਂ ਅਗਲੇ ਦਾ ਕਰਦੇ ਹਾਂ। ਇਹੀ ਕਾਰਨ ਹੁੰਦਾ ਹੈ ਕਿ ਅਸੀਂ ਦੁੱਖੀ ਹੁੰਦੇ ਹਾਂ। ਸੋਚਿਆਂ ਜਾਵੇ ਤਾਂ ਪਿਆਰ ਜ਼ਿਆਦਾਤਰ ਇੱਕ ਤਰਫ਼ਾ ਹੀ ਹੁੰਦਾ ਹੈ।
ਕਿਸੇ ਨਾਲ ਅਸੀਂ ਦਿਲੋਂ ਕਰਦੇ ਹਾਂ, ਜ਼ਰੂਰੀ ਨਹੀ ਅਗਲਾ ਵੀ ਸਾਡੇ ਨਾਲ ਦਿਲੋਂ ਹੀ ਕਰੇ, ਇਹ ਅਗਲੇ ਦੀ ਨਿੱਜੀ ਜ਼ਿੰਦਗੀ ਦਾ ਸਵਾਲ ਹੈ। ਕੋਈ ਕਿਸੇ ਨੂੰ ਬੰਦਿਸ਼ ਨਹੀਂ ਲਗਾ ਸਕਦਾ। ਪਿਆਰ ਅਤੇ ਆਪਣੇਪਨ ਵਿਚ ਸੌਦੇਬਾਜ਼ੀ ਨਹੀਂ ਚਲਦੀ ਹੈ। ਇਹ ਤੁਹਾਡੇ ਮਨ ਅਤੇ ਦਿਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸੇ ਨੂੰ ਕਿੰਨਾ ਚਾਹੁੰਦੇ ਹੋ?
ਹਰ ਮਨੁੱਖ ਦਾ ਸੁਭਾਅ ਅਤੇ ਆਦਤਾਂ ਵੱਖੋਂ-ਵੱਖ ਹੁੰਦੇ ਹਨ। ਅਸੀਂ ਕਈਆਂ ਦੇ ਸੁਭਾਅ ਤੋਂ ਪ੍ਰਭਾਵਿਤ ਹੁੰਦੇ ਹਾਂ ਅਤੇ ਕਈਆਂ ਦੀਆਂ ਆਦਤਾਂ ਬਹੁਤ ਪਸੰਦ ਕਰਦੇ ਹਾਂ। ਇਹ ਪਸੰਦ-ਨਾਪਸੰਦ ਸਾਡਾ ਨਿੱਜੀ ਮਸਲਾ ਹੈ। ਇਵੇਂ ਹੀ ਅਗਲੇ ਵਿਅਕਤੀ ਦਾ ਵੀ ਨਿੱਜੀ ਮਸਲਾ ਹੈ ਕਿ ਉਹ ਤੁਹਾਡੇ ਪਿਆਰ ਅਤੇ ਵਿਸ਼ਵਾਸ਼ ‘ਤੇ ਖਰਾ ਉਤਰਦਾ ਹੈ ਕਿ ਨਹੀਂ ਜਾਂ ਤੁਸੀਂ ਉਸ ਦੇ ਪਿਆਰ ‘ਤੇ ਖਰੇ ਉਤਰਦੇ ਹੋ ਕਿ ਨਹੀਂ?
ਇਹ ਸਭ ਆਪੋ ਆਪਣੇ ਵਿਚਾਰ ਅਤੇ ਸਮਝ ਹੁੰਦੀ ਹੈ।ਇਸ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਘਰਾਂ ਵਿੱਚ ਵੀ ਕਲੇਸ਼ ਲੈਣ ਦੇਣ ਕਰਕੇ ਹੀ ਹੁੰਦਾ ਹੈ। ਕਦੀ ਕੁਝ ਵਾਧੇ ਘਾਟੇ ਕਰਕੇ ਹੁੰਦਾ ਹੈ। ਆਪਣੇ ਮਨ ਨੂੰ ਸਮਝਾਉਣਾ ਪੈਂਦਾ ਹੈ। ਮਸਲੇ ਆਪੇ ਘੱਟ ਹੋ ਜਾਂਦੇ ਹਨ।
ਜੇ ਮੈਂ ਇਹ ਸੋਚਾਂ ਕਿ ਅਗਲੇ ਨੇ ਆਪਣੇ ਕੰਮ ਕਰਨ ਸਮੇਂ ਮੈਨੂੰ ਪੁੱਛਿਆ ਤੱਕ ਨਹੀਂ। ਮੈਂ ਤਾਂ ਹਮੇਸ਼ਾ ਪੁੱਛ ਕੇ ਹੀ ਕੰਮ ਕਰਦੀ ਹਾਂ, ਇੰਝ ਕਰਨ ਨਾਲ ਮੈਂ ਆਪਣੀਆਂ ਪ੍ਰੇਸ਼ਾਨੀਆਂ ਆਪ ਵਧਾਵਾਗੀ। ਤੁਹਾਨੂੰ ਦੂਸਰੇ ਵਿਅਕਤੀ ਦੀ ਲੋੜ ਮਹਿਸੂਸ ਹੋਈ ਹੈ, ਜ਼ਰੂਰੀ ਨਹੀ ਕਿ ਅਗਲੇ ਇਨਸਾਨ ਨੂੰ ਵੀ ਤੁਹਾਡੀ ਹੀ ਲੋੜ ਮਹਿਸੂਸ ਹੋਵੇਗੀ। ਲੋੜਾਂ ਅਤੇ ਜ਼ਰੂਰਤਾਂ ਸਭ ਦੀਆਂ ਵੱਖੋ-ਵੱਖਰੀਆਂ ਹੁੰਦੀਆਂ ਹਨ।
ਤੁਸੀਂ ਰਿਸ਼ਤੇ ਖੁਸ਼ ਹੋ ਕੇ ਨਿਭਾਅ ਕੇ ਵੇਖੋ ਤਾਂ ਸਹੀ, ਰੂਹ ਵਿੱਚ ਖੇੜਾ ਆਵੇਗਾ। ਚਿਹਰੇ ਦੀ ਚਮਕ ਦੁਗਣੀ ਹੋ ਜਾਵੇਗੀ। ਵੈਰ ਵਿਰੋਧ ਮਿਟੇਗਾ। ਆਪਸੀ ਪਿਆਰ ਦੀਆਂ ਸਾਂਝਾਂ ਪੱਕੀਆਂ ਹੋਣਗੀਆਂ, ਦੁੱਖ ਅਤੇ ਮਾਨਸਿਕ ਪ੍ਰੇਸ਼ਾਨੀਆਂ ਘੱਟਣਗੀਆ। ਜ਼ਿੰਦਗੀ ਵਿਚ ਵਿਚਰਦਿਆਂ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਹੁੰਦਾ ਹੈ। ਵਿਚਾਰ ਸਭ ਦੇ ਸੁਣੋ,ਪਰ ਮਰਜ਼ੀ ਆਪਣੀ ਹੀ ਕਰੋ।
ਜੋ ਤੁਹਾਨੂੰ ਚੰਗਾ ਲੱਗੇ ਉਹੀ ਕਰੋ। ਬਾਅਦ ਵਿੱਚ ਦੂਸਰਿਆਂ ਨੂੰ ਕਹਿੰਦੇ ਫਿਰਨਾ ਕਿ ਮੈਂ ਤੇਰੀ ਮੰਨ ਕੇ ਇਹ ਕੰਮ ਕੀਤਾ ਸੀ। ਇਸ ਤਰ੍ਹਾ ਝੂਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਤੁਸੀਂ ਵੀ ਦੁਨੀਆਂ ਵਿੱਚ ਵਿਚਰ ਰਹੇ ਹੋ। ਆਪ ਵੀ ਕੋਸ਼ਸ਼ ਜਾਰੀ ਰੱਖੋ। ਕਿਸੇ ਦੂਸਰੇ ‘ਤੇ ਪੂਰੇ ਨਿਰਭਰ ਹੋਣ ਦੀ ਥਾਂ ‘ਤੇ ਆਪ ਵੀ ਸੁਚੇਤ ਰਹੋ।
ਪਰਵੀਨ ਕੌਰ ਸਿੱਧੂ
8146536200
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly