ਬੇਬੇ ਬਾਪੂ / ਡਿਉਢ ਗੀਤ

ਸੁਕਰ ਦੀਨ ਕਾਮੀਂ ਖੁਰਦ
         (ਸਮਾਜ ਵੀਕਲੀ)
ਘਰਵਾਲੀ:
ਨਾ ਕੋਈ ਦੋਨਾਂ ਵਿਚੋਂ ਮਾਹੀਆ ਇੱਕ ਦੂਜੇ ਨੂੰ ਬੁਲਾਵੇ।
ਕਿਹਨੂੰ ਲੱਭੀਏ ਜੋ ਸੁਲਾਹ ,ਬੇਬੇ ਬਾਪੂ ਦੀ ਕਰਾਵੇ।
ਕੌਣ ਬਣੂਗਾ ਬੁਢਾਪੇ ਚ ਸਹਾਰਾ।
ਵੇ ਐਡੀ ਕੀ ਗੰਡਾਸੀ ਚੱਲਗੀ,
ਬੇਬੇ ਬਾਪੂ ਨੇਂ ਬਲਾਈ ਨਾ ਦੁਬਾਰਾ।
ਘਰਵਾਲਾ:
ਪੁੱਛ ਸਕਦਾ ਨਾ ਮੈਂ,ਪੁੱਛ ਸਕਦੀ ਨਾ ਤੂੰ।
ਮੇਰਾ ਪੁੱਤ ਵਾਲਾ ਅਹੁਦਾ, ਤੂੰ ਵੀ ਲੱਗਦੀ ਏ ਨੂੰਹ।
ਕੀ ਕਰੀਏ ਇਹਨਾਂ ਨੂੰ ਸਮਝਾਕੇ।
ਹੁਣ ਤੱਕ ਭਾਵੇਂ ਲੰਘ ਗਈ,
ਅੱਗੇ ਲੰਘਣੀ ਏ ਦੁੱਖਾਂ ਨੂੰ ਵੰਡਾਕੇ।
ਘਰਵਾਲੀ:
ਉਂਝ ਤਾਂ ਸੁਭਾਅ ਸੀ ਬੜਾ ਬੇਬੇ ਦਾ ਨਰਮ ਵੇ।
ਬਾਪੁ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਭਰਮ ਵੇ।
ਲੱਗੇ ਦੋਵਾਂ ਵਿੱਚ ਰੋਸ਼ ਕੋਈ ਭਾਰਾ।
ਵੇ ਐਡੀ ਕੀ ਗੰਡਾਸੀ ਚੱਲ ਗਈ,
ਬੇਬੇ ਬਾਪੂ ਨੇ ਬੁਲਾਈ ਨਾ ਦੁਬਾਰਾ।
ਘਰਵਾਲਾ:
ਲਾਵਾਂ ਵੇਲੇ ਕਸਮਾਂ ਸੀ ਖਾਧੀਆਂ ਨਿਭਾਉਣ ਦੀ।
ਚੱਲਦੀ ਆਈ ਐ ਰੀਤ ਰੁੱਠਣ ਰੁਠਾਉਣ ਦੀ।
ਜਾਂਦਾ ਕੋਣ ਹੋਣਾ ਇਹਨਾਂ ਨੂੰ ਸਿਖਾਕੇ।
ਨੀ ਹੁਣ ਤੱਕ ਭਾਵੇਂ ਲੰਘ ਗਈ,
ਅੱਗੇ ਲੰਘੂ ਦੁੱਖ ਦੋਹਾਂ ਦੇ ਵੰਡਾਕੇ।
ਘਰਵਾਲੀ:
ਸੱਦ ਇੱਕ ਵਾਰੀ ਮੇਹਣਾ ਲੱਥ ਜੂ ਜਹਾਨ ਦਾ
ਯਾਰ ਹੈ ਪੁਰਾਣਾ “ਬੱਲੀ ਪੰਡਤ” ਜੋ “ਖ਼ਾਨ” ਦਾ।
ਗ਼ਿਲਾ ਸ਼ਿਕਵਾ ਮਿਟਾ ਜੂ ਆਕੇ ਸਾਰਾ।
ਵੇ ਖੁਸ਼ੀਆਂ ਦਾ ਹੜ ਆ ਜਾਊ,
ਬੇਬੇ ਬਾਪੂ ਕੱਠੇ ਹੋ ਜਾਣ ਦੁਬਾਰਾ।
ਘਰਵਾਲਾ:
ਹੋਣ ਰੀਝਾਂ ਰੱਬਾ “ਕਾਮੀ ਵਾਲੇ” ਦੀਆਂ ਪੂਰੀਆਂ।
ਪੈਣ ਨਾ ਕਿਸੇ ਦੇ ਕਦੇ ਦਿਲ ਵਿੱਚ ਦੂਰੀਆਂ।
ਘੇਰ ਲੈਂਦੇ ਦੁੱਖ ਜ਼ਿੰਦਗੀ ਨੂੰ ਆਕੇ।
ਹੁਣ ਤੱਕ ਭਾਵੇਂ ਲੰਘ ਗਈ,
ਅੱਗੇ ਲੰਘੂ ਦੁੱਖ ਦੋਹਾਂ ਦੇ ਵੰਡਾਕੇ।
   ਸੁਕਰ ਦੀਨ ਕਾਮੀਂ ਖੁਰਦ 
         9592384393

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ  ਚਿੰਤਨ /  ਸੱਚ ਤਾਂ  ਸੱਚ ਹੁੰਦਾ  ਹੈ !
Next articleਅਦਬੀ ਪੰਗੇ