ਸਰਦਾਰ ਪਰਸ਼ਨ ਸਿੰਘ ਫੌਜੀ ਨਮਿੱਤ ਦਾ ਭੋਗ ਅੱਜ
ਭਲੂਰ (ਸਮਾਜ ਵੀਕਲੀ) (ਬੇਅੰਤ ਗਿੱਲ) ਬਹੁਤ ਹੀ ਮਿਲਾਪੜੀ ਤੇ ਮਿਹਨਤੀ ਸ਼ਖ਼ਸੀਅਤ ਸਰਦਾਰ ਪਰਸ਼ਨ ਸਿੰਘ ਫੌਜੀ ਹੋਰਾਂ ਦਾ ਸਦੀਵੀ ਵਿਛੋੜਾ ਦੇ ਜਾਣਾ ਬਹੁਤ ਹੀ ਦੁਖਦਾਈ ਹੈ। ਚੰਗੇ ਲੋਕਾਂ ਦਾ ਚਲੇ ਜਾਣਾ ਪੀੜ ਵੀ ਦਿੰਦਾ ਹੈ ਤੇ ਉਦਾਸ ਵੀ ਕਰਦਾ ਹੈ। ਉਨ੍ਹਾਂ ਦਾ ਅਚਾਨਕ ਤੁਰ ਜਾਣਾ ਜਿੱਥੇ ਪਿੰਡ ਵਿੱਚ ਉਦਾਸੀ ਦਾ ਆਲਮ ਪੈਦਾ ਕਰ ਗਿਆ , ਉੱਥੇ ਹੀ ਪਰਿਵਾਰ ਨੂੰ ਇੱਕਲਾਪੀ ਰੁੱਤ ਦੇ ਗਿਆ ਹੈ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਸਰਬਜੀਤ ਕੌਰ, ਬੇਟਾ ਅਰਸ਼ਪ੍ਰੀਤ ਸਿੰਘ, ਬੇਟੀ ਅਮਨਪ੍ਰੀਤ ਕੌਰ ਅਤੇ ਉਨ੍ਹਾਂ ਦੇ ਭਰਾਵਾਂ ਲਈ ਵਿਛੋੜੇ ਦੀ ਤੜਪ ਵਿੱਚੋਂ ਲੰਘਣਾ ਡਾਢਾ ਔਖਾ ਹੈ। ਸਰਦਾਰ ਪਰਸ਼ਨ ਸਿੰਘ ਫੌਜੀ ਦੀ ਬੇਵਕਤੀ ਮੌਤ ਕਾਰਨ ਇਹ ਦੁੱਖ ਵੱਡਾ ਤੇ ਅਸਹਿ ਹੈ। ਹਾਲੇ ਉਨ੍ਹਾਂ ਜ਼ਿੰਦਗੀ ਦੇ ਖੂਬਸੂਰਤ ਰੰਗਾਂ ਨੂੰ ਮਾਨਣਾ ਸੀ। ਕਿਉਂਕਿ ਉਨ੍ਹਾਂ ਇਹ ਖੂਬਸੂਰਤ ਪਲ ਲਿਆਉਣ ਲਈ ਬਹੁਤ ਮਿਹਨਤ ਕੀਤੀ। ਬੜਾ ਸਮਾਂ ਉਨ੍ਹਾਂ ਗਰੀਬੀ ਨਾਲ ਘੋਲ ਕੀਤਾ। ਉਹ ਵਖਤਾਂ ਦੇ ਮੌਸਮ ਨੂੰ ਸੋਹਣੀਆਂ ਰੁੱਤਾਂ ਵਿਚ ਬਦਲਣ ਵਾਲੀ ਹਿੰਮਤੀ ਸ਼ਖ਼ਸੀਅਤ ਸਨ। ਬੜੇ ਨਾਜ਼ੁਕ ਦੌਰ ‘ਚੋਂ ਨਿਕਲ ਕੇ ਉਹ ਏਥੋਂ ਤੱਕ ਆਏ ਸਨ। ਉਨ੍ਹਾਂ ਆਪਣੇ ਪਰਿਵਾਰ ਨੂੰ ਸੁਖਾਲਾ ਜੀਵਨ ਦੇਣ ਲਈ ਰੱਜਵਾਂ ਸੰਘਰਸ਼ ਕੀਤਾ। ਆਪਣੀ ਬੇਟੀ ਅਮਨਪ੍ਰੀਤ ਕੌਰ ਨੂੰ ਸੁਚੱਜੀ ਅਗਵਾਈ ਦਿੰਦਿਆਂ ਸੋਹਣੇ ਸਫ਼ਰਾਂ ‘ਤੇ ਤੋਰਿਆ, ਜਿਸ ਕਰਕੇ ਅੱਜ ਉਹ ਖੂਬਸੂਰਤ ਜ਼ਿੰਦਗੀ ਜੀ ਰਹੀ ਹੈ। ਆਪਣੇ ਬੇਟੇ ਅਰਸ਼ਪ੍ਰੀਤ ਸਿੰਘ ਨੂੰ ਵਿਦੇਸ਼ਾਂ ਦੀ ਧਰਤੀ ਵੱਲ ਇਸ ਕਰਕੇ ਤੋਰਿਆ ਕਿ ਉਹ ਜ਼ਿੰਦਗੀ ਦਾ ਸਬਕ ਪੜ੍ਹ ਸਕੇ ਅਤੇ ਜ਼ਿੰਦਗੀ ਨੂੰ ਸੋਹਣੀ ਤੇ ਪ੍ਰਪੱਕ ਕਰ ਸਕੇ। ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਬੇਟਾ ਸਮਝਦਾਰ ਤੇ ਜ਼ਿੰਮੇਵਾਰ ਇਨਸਾਨ ਬਣ ਕੇ ਸਮਾਜ ਵਿਚ ਵਿਚਰੇ। ਅਜਿਹੀ ਸੰਘਰਸ਼ੀ ਸ਼ਖ਼ਸੀਅਤ ਦੇ ਪੁੱਤਰ ਧੀਆਂ ਦਾ ਚੰਗੇ ਬਣਕੇ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਲਈ ਇਹੀ ਸੱਚੀ ਸੁੱਚੀ ਸ਼ਰਧਾਂਜਲੀ ਹੈ। ਸਰਦਾਰ ਪਰਸ਼ਨ ਸਿੰਘ ਫੌਜੀ ਪਿੰਡ ਭਲੂਰ ਦਾ ਦਰਿਆਦਿਲ ਤੇ ਸਾਊ ਪੁੱਤ ਸੀ। ਉਨ੍ਹਾਂ ਨੇ ’25 ਪੰਜਾਬ ਯੂਨਿਟ ਸਿੱਖ ਰੈਜੀਮੈਂਟ’ ਵਿਚ 24 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਂਦਿਆਂ ਆਪਣੇ ਬੇਟੇ ਅਰਸ਼ਪ੍ਰੀਤ ਸਿੰਘ ਅਤੇ ਬੇਟੀ ਅਮਨਪ੍ਰੀਤ ਕੌਰ ਲਈ ਪੜ੍ਹਾਈ ਕਰਨ ਦਾ ਸ਼ਾਨਦਾਰ ਮਾਹੌਲ ਸਿਰਜਿਆ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਬੇਟੀ ਅਮਨਪ੍ਰੀਤ ਕੌਰ ਸਾਹਿਤਕ ਕਿਤਾਬਾਂ ਨਾਲ ਲਗਾਓ ਰੱਖਦੀ ਹੈ। ਅਮਨਪ੍ਰੀਤ ਕੌਰ ਦੇ ਵਿਆਹ ਦੌਰਾਨ ਕਿਤਾਬਾਂ ਦਾ ਸਟਾਲ ਲੱਗਣਾ ਵੀ ਸਰਦਾਰ ਪਰਸ਼ਨ ਸਿੰਘ ਫੌਜੀ ਦੀ ਵਿਲੱਖਣ ਸੋਚ ਦਾ ਹੀ ਰੰਗ ਹੈ। ਇੱਥੇ ਦੱਸ ਦੇਈਏ ਕਿ ਉਨ੍ਹਾਂ ਫੌਜ ਦੀ ਨੌਕਰੀ ਕਰਨ ਤੋਂ ਬਾਅਦ 2013 ਤੋਂ 2023 ਤੱਕ 10 ਸਾਲ ਬੈਂਕ ਅੰਦਰ ਵੀ ਮਹੱਤਵਪੂਰਨ ਸੇਵਾਵਾਂ ਦਿੱਤੀਆਂ। ਅੱਜ ਵੀ ਲੋਕ ਉਨ੍ਹਾਂ ਦੇ ਮਿਲਣਸਾਰ ਸੁਭਾਅ ਦਾ ਜ਼ਿਕਰ ਕਰਦੇ ਹਨ। ਅੱਜਕਲ੍ਹ ਉਹ ਸ੍ਰੀ ਗੁਰੂ ਹਰਿਕ੍ਰਿਸ਼ਨ ਐਜ਼ੂਕੇਸ਼ਨਲ ਅਤੇ ਸੋਸ਼ਲ ਵੈਲਫ਼ੇਅਰ ਸੁਸਾਇਟੀ ਭਲੂਰ ਦੇ ਸਰਗਰਮ ਮੈਂਬਰ ਵਜੋਂ ਕੰਮ ਕਰਦਿਆਂ ਪਿੰਡ ਦੀ ਸੇਵਾ ਵਿਚ ਜੁੱਟੇ ਹੋਏ ਸਨ। ਇਸ ਦੁੱਖ ਦੀ ਘੜੀ ਵਿਚ ਸਮੂਹ ਗ੍ਰਾਮ ਪੰਚਾਇਤ ਭਲੂਰ, ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸਰਬਜੀਤ ਕੌਰ, ਉਨ੍ਹਾਂ ਦੇ ਭਰਾਵਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਸਰਦਾਰ ਪਰਸ਼ਨ ਸਿੰਘ ਫੌਜੀ ਨਮਿੱਤ ਅੰਤਿਮ ਅਰਦਾਸ ਮਿਤੀ 11 ਫਰਵਰੀ 2026 ਦਿਨ ਬੁੱਧਵਾਰ ਨੂੰ ਗੁਰਦੁਆਰਾ ਸੁੱਖ ਸਾਗਰ ਸਾਹਿਬ ਪਿੰਡ ਭਲੂਰ ਵਿਖੇ ਹੋਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



