ਸੋਨਾਲੀਕਾ ਨੇ ਸੁੰਦਰੀਕਰਨ ਲਈ ਦਿੱਤਾ 70 ਲੱਖ ਰੁਪਏ ਦਾ ਸਹਿਯੋਗ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਪਰੁਰ ਦੇ ਸੁੰਦਰੀਕਰਨ ਵਿਚ ਉਦਯੋਗਿਕ ਅਦਾਰੇ ਅਹਿਮ ਯੋਗਦਾਨ ਦੇ ਰਹੇ ਹਨ। ਉਹ ਅੱਜ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਪੰਜਾਬ ਅਤੇ ਸੋਨਾਲੀਕਾ ਉਦਯੋਗ ਦੇ ਵਾਈਸ ਚੇਅਰਮੈਨ (ਕੈਬਨਿਟ ਮੰਤਰੀ ਦਰਜਾ) ਅਮ੍ਰਿਤ ਸਾਗਰ ਮਿੱਤਲ ਦੀ ਮੌਜੂਦਗੀ ਵਿਚ ਫੂਡ ਸਟਰੀਟ ਚੌਕ ਤੋਂ ਲੋਕ ਨਿਰਮਾਣ ਵਿਭਾਗ ਰੈਸਟ ਹਾਊਸ (ਪੀ.ਡਬਲਯੂ.ਡੀ) ਤੱਕ ਸ੍ਰੀਮਤੀ ਰਾਜ ਰਾਣੀ ਮਿੱਤਲ ਰੋਡ ਦੇ ਹੋਏ ਸੁੰਦਰੀਕਰਨ ਦਾ ਉਦਘਾਟਨ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਸੋਨਾਲੀਕਾ ਦੇ ਐਮ.ਡੀ ਦੀਪਕ ਮਿੱਤਲ, ਡਾਇਰੈਕਟਰ ਸੰਜੀਵਨੀ ਸ਼ਰਣਮ ਸੰਗੀਤਾ ਮਿੱਤਲ, ਮੇਅਰ ਸੁਰਿੰਦਰ ਕੁਮਾਰ, ਡਾਇਰੈਕਟਰ ਸੋਨਾਲੀਕਾ ਅਕਸ਼ੇ ਸਾਂਗਵਾਨ, ਕੈਬਨਿਟ ਮੰਤਰੀ ਜਿਪਾ ਦੀ ਧਰਮ ਪਤਨੀ ਵਿਭਾ ਸ਼ਰਮਾ ਵੀ ਮੌਜੂਦ ਸਨ। ਇਸ ਮੌਕੇ ਸੰਜੀਵਨੀ ਸ਼ਰਣਮ ਵਿਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਨੂੰ ਲੈ ਕੇ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਸ਼ਹਿਰ ਦੇ ਹਰ ਖੇਤਰ ਦੇ ਸੁੰਦਰੀਕਰਨ ਨੂੰ ਲੈ ਕੇ ਵਿਸ਼ੇਸ਼ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਸੋਨਾਲੀਕਾ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਗਿਆ ਹੈ, ਜਿਸ ਤਹਿਤ ਸੋਨਾਲੀਕਾ ਵੱਲੋਂ ਕਰੀਬ 70 ਲੱਖ ਰੁਪਏ ਦਾ ਸਹਿਯੋਗ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਰੋਡ ਦੇ ਸੁੰਦਰੀਕਰਨ ਵਿਚ ਸੜਕਾਂ ਦੇ ਕਿਨਾਰੇ ਖੂਬਸੂਰਤ ਸਟਰੀਟ ਲਾਈਟਾਂ ਤੋਂ ਇਲਾਵਾ ਸੈਰ ਕਰਨ ਵਾਲੇ ਲੋਕਾਂ ਲਈ ਵਿਸ਼ੇਸ਼ ਫੁੱਟਪਾਥ ਬਣਾਇਆ ਜਾਵੇਗਾ ਅਤੇ ਇਸ ਨੂੰ ਗ੍ਰੀਨ ਬੈਲਟ ਦੇ ਤੌਰ ‘ਤੇ ਵੀ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੇ ਹੋਰਨਾਂ ਇਲਾਕਿਆਂ ਨੂੰ ਵੀ ਇਸੇ ਤਰ੍ਹਾਂ ਖ਼ੂਬਸੂਰਤ ਬਣਾਇਆ ਜਾਵੇਗਾ, ਤਾਂ ਜੋ ਲੋਕਾਂ ਨੂੰ ਇਕ ਬਿਹਤਰੀਨ ਮਾਹੌਲ ਦਿੱਤਾ ਜਾ ਸਕੇ। ਉਨ੍ਹਾਂ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਕਿ ਉਦਯੋਗਿਕ ਅਦਾਰੇ ਸ਼ਹਿਰ ਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਸੋਨਾਲੀਕਾ ਦੇ ਸਹਿਯੋਗ ਨਾਲ ਜਲਦ ਹੀ ਗ੍ਰੀਨ ਵਿਊ ਪਾਰਕ ਨੂੰ ਵੀ ਨਵਾਂ ਰੂਪ ਦਿੱਤਾ ਜਾਵੇਗਾ। ਬ੍ਰਹਮ ਸ਼ੰਕਰ ਜਿੰਪਾ ਨੇ ਸੋਨਾਲੀਕਾ ਦੇ ਸਮਾਜਿਕ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਜੀਵਨੀ ਸ਼ਰਣਮ ਰਾਹੀਂ ਸੋਨਾਲੀਕਾ ਨੇ ਜਿਥੇ ਬਜ਼ੁਰਗਾਂ ਦਾ ਹੱਥ ਫੜਿਆ ਹੈ, ਉਥੇ ਫਿਜ਼ੀਓਥਰੈਪੀ ਅਤੇ ਆਰਟੀਜ਼ਮ ਸੈਂਟਰ ਖੋਲ੍ਹ ਕੇ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਵੀ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰੀ ਕੈਟਲ ਪੌਂਡ ਫਲਾਹੀ ਵਿਚ ਸੋਨਾਲੀਕਾ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly