ਰਈਆ (ਸਮਾਜ ਵੀਕਲੀ): ਬਿਆਸ ਪੁਲੀਸ ਨੇ ਇਥੇ ਕਲਾਨੌਰ ਢਾਬੇ ’ਤੇ ਛਾਪੇ ਦੌਰਾਨ 16 ਹਥਿਆਰਬੰਦ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ 7 ਰਾਈਫਲਾਂ, 7 ਪਿਸਟਲ, 14 ਮੈਗਜ਼ੀਨ ਅਤੇ ਤਿੰਨ ਕਾਰਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿਚ ਹਲਕਾ ਬਾਬਾ ਬਕਾਲਾ ਦੇ ਸਾਬਕਾ ਕਾਂਗਰਸੀ ਵਿਧਾਇਕ ਦਾ ਪੀਏ ਵੀ ਸ਼ਾਮਲ ਹੈ। ਪੁਲੀਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵੱਲੋਂ ਜਾਰੀ ਬਿਆਨ ਅਨੁਸਾਰ ਥਾਣਾ ਬਿਆਸ ਨੂੰ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਕੁਝ ਹਥਿਆਰਬੰਦ ਲੋਕ ਇਸ ਵਕਤ ਕਲਾਨੌਰ ਢਾਬਾ ਬਿਆਸ ਜੀਟੀ ਰੋਡ ’ਤੇ ਬੈਠੇ ਹਨ।
ਇਹ ਲੋਕ ਨਾਜਾਇਜ਼ ਕਲੋਨੀਆਂ ਦੇ ਕਬਜ਼ੇ ਦਿਵਾਉਂਦੇ ਹਨ। ਸ਼ੱਕ ਹੈ ਕਿ ਇਨ੍ਹਾਂ ਕੋਲ, ਜੋ ਗੱਡੀਆਂ ਹਨ, ਉਹ ਚੋਰੀ ਦੀਆਂ ਹਨ। ਐੱਸਐੱਚਉ ਇੰਸਪੈਕਟਰ ਬਲਕਾਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਰਾਤ 8 ਵਜੇ ਛਾਪਾ ਮਾਰ ਕੇ ਬਲਵਿੰਦਰ ਸਿੰਘ ਵਾਸੀ ਸਠਿਆਲਾ, ਪ੍ਰਭਜੀਤ ਸਿੰਘ ਵਾਸੀ ਸੇਰੋਂ ਬਾਘਾ, ਜਰਮਨਜੀਤ ਸਿੰਘ ਵਾਸੀ ਜਾਵੰਦਪੁਰ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਬਲ ਸਰਾ, ਰੁਪਿੰਦਰ ਸਿੰਘ ਵਾਸੀ ਫ਼ਾਜ਼ਿਲ ਪੁਰ, ਮਨਜਿੰਦਰ ਸਿੰਘ ਵਾਸੀ ਧਰਦਿਓ, ਗਗਨਦੀਪ ਸਿੰਘ ਵਾਸੀ ਟਾਂਗਰਾ, ਮਨਪ੍ਰੀਤ ਸਿੰਘ ਵਾਸੀ ਚੰਬਲ, ਗੁਰਪ੍ਰੀਤ ਸਿੰਘ ਗੋਪੀ ਵਾਸੀ ਸਠਿਆਲਾ, ਬੇਅੰਤ ਸਿੰਘ ਵਾਸੀ ਕੋਟਲਾ ਬੁਥੰਨਗੜ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿਚੋਂ ਕਿਸੇ ਕੋਲ ਵੀ ਹਥਿਆਰਾਂ ਦੇ ਲਾਇਸੈਂਸ ਨਹੀਂ ਹਨ।
ਇਨ੍ਹਾਂ ਤੋ ਇਲਾਵਾ ਨਵਪ੍ਰੀਤ ਸਿੰਘ ਵਾਸੀ ਕੋਟ ਮਹਿਤਾਬ, ਰਣਜੀਤ ਸਿੰਘ ਵਾਸੀ ਸਠਿਆਲਾ, ਰਵਿੰਦਰ ਸਿੰਘ ਵਾਸੀ ਵੇਰਕਾ, ਗੁਰਪ੍ਰੀਤ ਸਿੰਘ ਵਾਸੀ ਮਾਨਾਵਾਲਾ ਅਤੇ ਵਿਜੈ ਵਾਸੀ ਅਬੋਹਰ ਨੂੰ ਵੀ ਕਾਬੂ ਕੀਤਾ ਗਿਆ। ਪਤਾ ਲੱਗਾ ਹੈ ਕਿ ਹਲਕਾ ਬਾਬਾ ਬਕਾਲਾ ਦੇ ਸਾਬਕਾ ਵਿਧਾਇਕ ਦਾ ਪੀਏ ਰਿਹਾ ਚੋਣਾਂ ਤੋਂ ਕੁਝ ਦਿਨ ਪਹਿਲਾ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਅਤੇ ਫਿਰ ਪਲਟਾ ਮਾਰ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ ਸੀ। ਬਲਵਿੰਦਰ ਸਿੰਘ ’ਤੇ ਪਹਿਲਾ ਵੀ ਵੱਖ ਵੱਖ ਥਾਣਿਆਂ ਵਿਚ ਛੇ ਮੁਕੱਦਮੇ ਦਰਜ ਹਨ, ਪ੍ਰਭਜੋਤ ਸਿੰਘ ’ਤੇ ਤਿੰਨ ਅਤੇ ਜਰਮਨਜੀਤ ਸਿੰਘ ’ਤੇ ਇਕ ਮੁਕੱਦਮਾ ਦਰਜ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly