(ਸਮਾਜ ਵੀਕਲੀ)
ਦੋਸਤੋ ਇਹ ਸ਼ੋਹਰਤਾਂ ਤੇ ਬੁਲੰਦੀਆਂ ਕਿਸੇ ਕੰਮ ਦੀਆਂ ਨਹੀਂ ਜੇ ਅਸੀਂ ਚੰਗੇ ਮਨੁੱਖ ਹੀ ਨਾ ਬਣ ਸਕੇ। ਜੇ ਅਸੀਂ ਆਪਣੀ ਤੇ ਆਪਣਿਆਂ ਦੇ ਕੰਮ ਨਾ ਆ ਸਕੇ ਤਾਂ ਅਸੀਂ ਕਾਹਦੇ ਮਨੁੱਖ ਹੋਏ। ਬੁਲੰਦੀਆਂ ਤੇ ਪਹੁੰਚ ਕੇ ਵੀ ਮਨੁੱਖ ਅਧੂਰਾ ਰਹਿੰਦਾ ਹੈ ਜੇਕਰ ਉਸਦੇ ਆਪਣੇ ਉਸ ਦੇ ਨਾਲ ਨਾ ਹੋਣ। ਮਨੁੱਖ ਲਈ ਮਨੁੱਖ ਹੋਣਾ ਜ਼ਿਆਦਾ ਜ਼ਰੂਰੀ ਹੈ। ਸ਼ੁਹਰਤਾਂ ਤੇ ਦੌਲਤਾਂ ਬੇਮਾਨੀ ਹੋ ਜਾਂਦੀ ਹੈ ਜਦੋਂ ਅਸੀਂ ਮਨੁੱਖਤਾ ਤੋਂ ਮੁਨਕਰ ਹੋ ਜਾਂਦੇ ਹਾਂ। ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਕਦਮ ਜ਼ਮੀਨ ਤੇ ਰੱਖ ਕੇ ਤੁਰੀਏ।
ਜ਼ਮੀਨ ਨਾਲ ਜੁੜਿਆ ਹੋਇਆ ਮਨੁੱਖ ਹੀ ਕਿਸੇ ਦੀ ਮਦਦ ਕਰ ਸਕਦਾ ਹੈ। ਵੱਡਿਆਂ ਤੋਂ ਹੀ ਉਮੀਦ ਕੀਤੀ ਹੀ ਨਹੀਂ ਜਾ ਸਕਦੀ ਕਿ ਉਹ ਆਮ ਬੰਦੇ ਖੜ੍ਹੇ ਹੋਣਗੇ। ਵੱਡਾ ਹੋ ਕੇ ਤਾਂ ਬੰਦਾ ਆਪਣੀ ਵਡਿਆਈ ਵਿੱਚ ਹੀ ਗੁਆਚ ਜਾਂਦਾ ਹੈ। ਮਨੁੱਖ ਲਈ ਮਨੁੱਖ ਰਹਿਣਾ ਹੀ ਜ਼ਰੂਰੀ ਹੈ। ਜਦੋਂ ਮਨੁੱਖ ਆਪਣੇ ਨੂੰ ਨਾਲ ਦਿਆਂ ਨਾਲੋਂ ਵੱਖ ਸਮਝਣ ਲੱਗ ਜਾਂਦਾ ਹੈ ਜਾਂ ਉਨ੍ਹਾਂ ਤੋਂ ਉੱਚਾ ਸਮਝਣ ਲੱਗ ਜਾਂਦਾ ਹੈ ਤਾਂ ਸਮਝੋ ਉਹ ਕੁਰਾਹੇ ਪੈ ਜਾਂਦਾ ਹੈ। ਫਿਰ ਉਸ ਤੋਂ ਕਿਸੇ ਦੀ ਮਦਦ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਮਨੁੱਖਤਾ ਦਾ ਧਰਮ ਇਹ ਕਹਿੰਦਾ ਹੈ ਕਿ ਅਸੀਂ ਆਪਣੇ ਨਾਲ ਆਪਣਿਆਂ ਦਾ ਵੀ ਖਿਆਲ ਰੱਖੀਏ।
ਤਰੱਕੀ ਦੀਆਂ ਪੌੜੀਆਂ ਚੜ੍ਹਦੇ ਹੋਏ ਅਸੀਂ ਇਹ ਨਾ ਭੁੱਲ ਜਾਈਏ ਕਿ ਅਸੀਂ ਆਮ ਹੀ ਰਹਿੰਦੇ ਜੇਕਰ ਸਾਨੂੰ ਹੱਲਾ ਸ਼ੇਰੀ ਸਾਡੇ ਆਪਣਿਆਂ ਨੇ ਨਾ ਦਿੱਤੀ ਹੁੰਦੀ। ਅਸੀਂ ਜੋ ਕੁਝ ਆਪਣੇ ਮਾਂ-ਬਾਪ ਤੇ ਆਪਣੇ ਸਾਥੀਆਂ ਦੀ ਬਦੌਲਤ ਹਾਂ। ਅਕਿਰਤਘਣ ਹੁੰਦੇ ਨੇ ਉਹ ਲੋਕ ਜੋ ਆਪਣਿਆਂ ਨੂੰ ਭੁੱਲ ਜਾਂਦੇ ਹਨ। ਨਾ ਦੌਲਤ ਸਦਾ ਰਹਿੰਦੀ ਹੈ ਨਾ ਹੀ ਸ਼ੋਹਰਤ। ਇਹ ਸਭ ਆਉਣੀਆਂ ਜਾਣੀਆਂ ਚੀਜ਼ਾਂ ਹਨ। ਮਨੁੱਖ ਤੋਂ ਬਾਅਦ ਉਸ ਦੀ ਚੰਗਿਆਈ ਹੀ ਯਾਦ ਰਹਿ ਜਾਂਦੀ ਹੈ। ਇਹ ਸਫ਼ਲ ਕਾਰੋਬਾਰੀ ਬਣਨ ਨਾਲੋ ਇਕ ਸਫਲ ਮਨੁੱਖ ਬਣਨਾ ਜ਼ਿਆਦਾ ਜ਼ਰੂਰੀ ਹੈ।
ਹਿੰਦੁਸਤਾਨ ਵਿੱਚ ਅਨੇਕਾਂ ਕਾਰੋਬਾਰੀ ਹਨ ਪਰ ਜਿਸ ਸ਼ਿੱਦਤ ਨਾਲ ਰਤਨ ਟਾਟਾ ਦਾ ਨਾਮ ਲਿਆ ਜਾਂਦਾ ਹੈ ਉਸ ਦੀ ਕੋਈ ਮਿਸਾਲ ਨਹੀਂ। ਉਹਨਾਂ ਨੂੰ ਉਹਨਾਂ ਦੇ ਪੈਸੇ ਲਈ ਨਹੀਂ ਉਹਦੇ ਕੰਮ ਲਈ ਇੱਜ਼ਤ ਦਿੱਤੀ ਜਾਂਦੀ ਹੈ। ਨੇਕ ਕੰਮ ਕਰੋ ਤਾਂ ਕਿ ਲੋਕ ਦਿਲੋਂ ਤੁਹਾਡੀ ਇੱਜ਼ਤ ਕਰਨ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly