ਬਠਿੰਡਾ (ਸ਼ਹਿਰੀ): ਮਨਪ੍ਰੀਤ ਬਾਦਲ ਤੇ ਜਗਰੂਪ ਸਿੰਘ ਗਿੱਲ ਵੱਲੋਂ ਜਿੱਤ ਦੇ ਦਾਅਵੇ

ਬਠਿੰਡਾ (ਸਮਾਜ ਵੀਕਲੀ):  ਬਠਿੰਡਾ (ਸ਼ਹਿਰੀ) ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਵਧਾਉਂਦਿਆਂ ਐਸਐਸਡੀ ਕਾਲਜ, ਗਰੇਅ ਮੈਟਰ ਅਜੀਤ ਰੋਡ, ਬਾਬਾ ਫ਼ਰੀਦ ਨਗਰ, ਮਤੀ ਦਾਸ ਨਗਰ, ਪ੍ਰਤਾਪ ਨਗਰ, ਕੱਚਾ ਧੋਬੀਆਣਾ, ਅਜੀਤ ਰੋਡ, ਕਰਤਾਰ ਬਸਤੀ, ਨਵੀਂ ਬਸਤੀ, ਜੁਝਾਰ ਸਿੰਘ ਨਗਰ ਸਮੇਤ ਕਈ ਵਾਰਡਾਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਕਾਂਗਰਸ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਨੇ ਜੋ ਸਹੂਲਤਾਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਹਨ, ਉਸ ਨੇ ਸੂਬੇ ਦੀ ਤਸਵੀਰ ਅਤੇ ਸਿਆਸੀ ਹਾਲਾਤ ਵੀ ਬਦਲ ਕੇ ਰੱਖ ਦਿੱਤੇ ਹਨ, ਜਿਸ ਕਰਕੇ ਵਿਰੋਧੀਆਂ ਨੂੰ ਕੋਈ ਮੁੱਦਾ ਹੱਥ ਨਹੀਂ ਲੱਗ ਰਿਹਾ ਜਦੋਂ ਕਿ ਕਾਂਗਰਸ ਦੇ ਹੱਕ ਵਿਚ ਲਹਿਰ ਚੱਲ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਤੋਂ ਦੂਜੀ ਵਾਰ ਜਿੱਤ ਲਈ ਵੋਟ ਮੰਗਦੇ ਹੋਏ ਕਿਹਾ ਕਿ ਜੋ ਉਮੀਦ ਤੇ ਵਿਸ਼ਵਾਸ ਸ਼ਹਿਰ ਵਾਸੀਆਂ ਵੱਲੋਂ ਕੀਤਾ ਹੈ, ਉਸ ਨੂੰ ਹਮੇਸ਼ਾ ਮਜ਼ਬੂਤ ਬਣਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸਸ਼ਿਪ, ਵਰਕਰ ਅਤੇ ਕੌਂਸਲਰ ਹਾਜ਼ਰ ਸਨ।

ਇਸੇ ਦੌਰਾਨ ਹਲਕੇ ਤੋਂ ‘ਆਪ’ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਚੋਣ ਪ੍ਰਚਾਰ ਤੇਜ਼ ਕਰਦਿਆਂ ਲਾਲ ਸਿੰਘ ਬਸਤੀ, ਮਾਡਲ ਟਾਊਨ, ਜੁਝਾਰ ਸਿੰਘ ਨਗਰ, ਅਜੀਤ ਰੋਡ, ਆਰੀਆ ਸਮਾਜ ਚੌਕ ਸਮੇਤ ਕਈ ਖੇਤਰਾਂ ’ਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸਰਕਾਰ ਬਣਾਉਣ ਲਈ ‘ਆਪ’ ਨੂੰ ਮੌਕਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੰਮੇ ਅਰਸੇ ਤੋਂ ਲੁਟੇਰਿਆਂ ਦੀ ਗ੍ਰਿਫ਼ਤ ’ਚ ਰਹੇ ਪੰਜਾਬ ਨੂੰ ਹੁਣ ਇਮਾਨਦਾਰ ਸਰਕਾਰ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਲਈ ‘ਆਪ’ ਲੋਕਾਂ ਨੂੰ ਉਨ੍ਹਾਂ ਦਾ ਹੱਕ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਮਿਸਾਲ ਵਜੋਂ ਪੇਸ਼ ਕੀ਼ਤਾ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਲੋਕ ਹਕੀਕਤ ਵਿੱਚ ਜਾਣ ਸਕਣਗੇ ਕਿ ਵਿਕਾਸ ਕਿਸ ਨੂੰ ਕਹਿੰਦੇ ਹਨ। ਉਨ੍ਹਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਾਰੇ ‘ਆਪ’ ਦੀ ਸਰਕਾਰ ਬਣਨ ਤੋਂ ਰੋਕਣ ਲਈ ਅੰਦਰਖਾਤੇ ‘ਘਿਓ-ਖਿਚੜੀ’ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖ ਜਥੇਬੰਦੀਆਂ ਵੱਲੋਂ ਕੇਜਰੀਵਾਲ ਖ਼ਿਲਾਫ਼ ਰੋਸ ਪ੍ਰਦਰਸ਼ਨ
Next articleਤਾਨਾਸ਼ਾਹ ਵਜੋਂ ਪਾਰਟੀ ਚਲਾ ਰਿਹੈ ਕੇਜਰੀਵਾਲ: ਸੁਖਬੀਰ