ਨਵਾਂ ਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਅੱਜ ਨਵਾਂ ਸ਼ਹਿਰ ਵਿਖੇ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਇਕੱਤਰ ਹੋਏ ਪ੍ਰਦਰਸ਼ਨਕਾਰੀਆਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲਾ ਪ੍ਰਧਾਨ ਪ੍ਰਗਟ ਸਿੰਘ ਰਾਹੋਂ, ਮੀਤ ਪ੍ਰਧਾਨ ਸਤਪਾਲ ਖਾਲਸਾ ਅਤੇ ਜਨਰਲ ਸਕੱਤਰ ਪ੍ਰਵੇਸ਼ ਖੌਂਸਲਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸੰਬੰਧਿਤ ਵਿਵਾਦਿਤ ਵੀਡੀਓ ਮਾਮਲੇ ਵਿੱਚ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਅਤੇ ਸਾਫ ਹੋ ਗਈ ਹੈ । ਉਨ੍ਹਾਂ ਕਿਹਾ ਕਿ ਫੋਰੈਂਸਿਕ ਜਾਂਚ ਦੀਆਂ ਰਿਪੋਰਟਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਉਕਤ ਵੀਡੀਓ ਨਾਲ ਕਿਸੇ ਕਿਸਮ ਦੀ ਐਡੀਟਿੰਗ, ਟੈਂਪਰਿੰਗ, ਡੀਪਫੇਕ ਤਕਨੀਕ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਕੋਈ ਛੇੜਛਾੜ ਨਹੀਂ ਕੀਤੀ ਗਈ, ਜਿਸ ਨਾਲ ਮੁੱਖ ਮੰਤਰੀ ਵੱਲੋਂ ਪਹਿਲਾਂ ਕੀਤੇ ਗਏ ਦਾਅਵਿਆਂ ਦੀ ਸੱਚਾਈ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਸਿੱਖ ਧਰਮ ਵਿੱਚ ਗੁਰੂ ਸਾਹਿਬਾਨਾਂ, ਭਗਤਾਂ ਅਤੇ ਸੰਤਾਂ-ਮਹਾਂਪੁਰਖਾਂ ਦਾ ਸਤਿਕਾਰ ਸਿੱਖ ਜੀਵਨ ਦਾ ਕੇਂਦਰੀ ਅਸੂਲ ਹੈ ਅਤੇ ਇਸ ਵੀਡੀਓ ਨਾਲ ਸਮੁੱਚੀ ਸਿੱਖ ਕੌਮ ਦੀਆਂ ਧਾਰਮਿਕ
ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ। ਇਸੇ ਗੰਭੀਰ ਮਾਮਲੇ ਨੂੰ ਲੈ ਕੇ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨਵਾਂ ਸ਼ਹਿਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਫੋਰੈਂਸਿਕ ਰਿਪੋਰਟ ਅਤੇ ਉਪਲਬਧ ਤੱਥਾਂ ਦੇ ਆਧਾਰ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਤੁਰੰਤ ਪਰਚਾ ਦਰਜ ਕੀਤਾ ਜਾਵੇ। ਇਸ ਪਰਚੇ ਦੀ ਤਫਤੀਸ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਸੁਤੰਤਰ, ਨਿਰਪੱਖ ਅਤੇ ਸਮਾਬੱਧ ਢੰਗ ਨਾਲ ਕਰਵਾਈ ਜਾਵੇ। ਇਸ ਦੇ ਨਾਲ ਹੀ ਜਾਂਚ ਦੀ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੈਤਿਕ ਆਧਾਰ ‘ਤੇ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ। ਮੰਗ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦੇ ਸਿਆਸੀ, ਪ੍ਰਸ਼ਾਸਕੀ ਜਾਂ ਸਰਕਾਰੀ ਪ੍ਰਭਾਵ ਨੂੰ ਰੋਕਣ ਲਈ ਵਿਸ਼ੇਸ਼ ਨਿਗਰਾਨੀ ਪ੍ਰਬੰਧ ਕੀਤੇ ਜਾਣ ਅਤੇ ਇਸ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਅਤੇ ਸਿੱਖ ਕੌਮ ਦੇ ਮਨਾਂ ਵਿੱਚ ਉੱਠ ਰਹੇ ਸਵਾਲਾਂ ਦਾ ਨਿਰਪੱਖ ਤੇ ਭਰੋਸੇਯੋਗ ਜਵਾਬ ਮਿਲ ਸਕੇ। ਜਥੇਬੰਦੀ ਨੇ ਉਮੀਦ ਜਤਾਈ ਕਿ ਇਸ ਅਤਿ ਸੰਵੇਦਨਸ਼ੀਲ ਮਾਮਲੇ ਵਿੱਚ ਲੋਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸੰਵਿਧਾਨਕ ਜ਼ਿੰਮੇਵਾਰੀ ਤਹਿਤ ਲੋੜੀਂਦੀ ਦਖ਼ਲਅੰਦਾਜ਼ੀ ਕੀਤੀ ਜਾਵੇਗੀ। ਇਸ ਰੋਸ ਪ੍ਰਦਰਸ਼ਨ ਅਤੇ ਮੰਗ ਪੱਤਰ ਸੌਂਪਣ ਦੇ ਮੌਕੇ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਆਗੂ ਤੇ ਵਰਕਰ ਹਾਜ਼ਰ ਸਨ, ਜਿਨ੍ਹਾਂ ਵਿੱਚ ਪਰਮਜੀਤ ਸਿੰਘ, ਬਲਦੇਵ ਖੌਸਲਾ, ਨਰਾਇਣ ਚੰਦ, ਗੁਰਮੁਖ ਸਿੰਘ ਮਹਿਮੂਦਪੁਰ, ਸਰਬਜੀਤ ਸਿੰਘ ਮੰਡੇਰ, ਲਖਵੀਰ ਸਿੰਘ, ਸੁਖਵਿੰਦਰ ਸਿੰਘ ਸਿਆਣਾ, ਸੋਢੀ ਓਮ ਪ੍ਰਕਾਸ਼, ਸੋਢੀ ਕੰਗਣਾ ਬੇਟ ਤੇ ਲਖਵੀਰ ਸਿੰਘ, ਸਮਸ਼ੇਰ ਸਿੰਘ ਤੇ ਅਜੇ ਕੰਗਣਾ, ਸੁਰਿੰਦਰ ਸਿੰਘ, ਜੋਗੇਸ਼ ਜੋਸ਼, ਪਰਮਜੀਤ ਸਿੰਘ ਖਾਲਸਾ, ਅਮਰੀਕ ਸਿੰਘ ਰਾਏ, ਗੁਰਦੇਵ ਸਿੰਘ, ਜੋਗਾ ਸਿੰਘ, ਗੁਰਪ੍ਰੀਤ ਕੌਰ, ਕੁਲਵਿੰਦਰ ਸਿੰਘ ਮਾਣ, ਨਿਸਾਨ ਸਿੰਘ ਖੋਜਾ, ਓਂਕਾਰ ਸਿੰਘ ਖੋਜਾ ਅਤੇ ਵਰਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



