ਬਰਨਾਲਾ (ਸਮਾਜ ਵੀਕਲੀ): ਖੇਤੀ ਕਾਨੂੰਨਾਂਂ ਖ਼ਿਲਾਫ਼ ਰੇਲਵੇ ਸਟੇਸ਼ਨ ਮੋਰਚੇ ਵਿੱਚ ਅੱਜ 302ਵੇਂ ਦਿਨ ਬੁਲਾਰਿਆਂ ਨੇ ਪਿੰਡਾਂ ‘ਚ ਸਿਆਸੀ ਆਗੂਆਂ ਦੀਆਂ ਵਧ ਰਹੀਆਂ ਚੋਣ ਫੇਰੀਆਂ ਤੋਂ ਸਮਾਜਿਕ/ਭਾਈਚਾਰਕ ਵੰਡੀਆਂ ਦੇ ਖਦਸ਼ੇ ਤੋਂ ਸੁਚੇਤ ਕੀਤਾ। ਆਗੂਆਂ ਨੇ ਕਿਹਾ ਕਿ ਸਿਆਸੀ ਨੇਤਾ ਹਮੇਸ਼ਾ ਜਾਤਾਂ, ਗੋਤਾਂ, ਧਰਮਾਂ ਦੇ ਆਧਾਰ ‘ਤੇ ਲੋਕਾਂ ਵਿੱਚ ਵੰਡੀਆਂ ਪਾ ਕੇ ਵੋਟਾਂ ਬਟੋਰਦੇ ਤੇ ਲੋਕਾਂ ਨੂੰ ਆਪਣੇ ਹਾਲ ‘ਤੇ ਛੱਡ ਗਾਇਬ ਹੋ ਜਾਂਦੇ ਹਨ। ਇਨ੍ਹਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿ ਕੇ ਆਪਣਾ ਏਕਾ ਬਚਾ ਕੇ ਰੱਖਣਾ ਚਾਹੀਦਾ ਲੋੜੀਂਦਾ ਹੈ।
31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਨਰੈਣ ਦੱਤ, ਨਛੱਤਰ ਸਿੰਘ ਸਾਹੌਰ, ਜਗਸੀਰ ਸਿੰਘ ਸੀਰਾ, ਨੇਕਦਰਸ਼ਨ ਸਿੰਘ, ਬਲਜੀਤ ਸਿੰਘ ਚੌਹਾਨਕੇ, ਗੁਰਮੇਲ ਸ਼ਰਮਾ, ਮਨਜੀਤ ਕੌਰ ਖੁੱਡੀ ਕਲਾਂ, ਬਾਬੂ ਸਿੰਘ ਖੁੱਡੀ ਕਲਾਂ, ਉਜਾਗਰ ਸਿੰਘ ਬੀਹਲਾ, ਰਣਧੀਰ ਸਿੰਘ ਰਾਜਗੜ੍ਹ ਨੇ ਸੰਬੋਧਨ ਕੀਤਾ। ਧਰਨੇ ਵਿੱਚ ਸੌ ਸਾਲ ਦੀ ਮਾਤਾ ਕਰਤਾਰ ਕੌਰ ਕਰਮਗੜ੍ਹ ਦੀ ਹਾਜ਼ਰੀ ਵਿਸ਼ੇਸ਼ ਰਹੀ। ਇਸ ਹਾਜ਼ਰੀ ਲਈ ਮਾਤਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਕਰਨੈਲ ਕੌਰ ਖੁੱਡੀ ਕਲਾਂ, ਲਖਵਿੰਦਰ ਸਿੰਘ ਠੀਕਰੀਵਾਲਾ ਤੇ ਨਰਿੰਦਰਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly