ਸੰਗਰੂਰ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਧਰਮਸ਼ਾਲਾ ਬਾਬਾ ਹਿੰਮਤ ਸਿੰਘ ਸੰਗਰੂਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਮੀਤ ਪ੍ਰਧਾਨ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਵਿੱਚ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਉੱਭਰਦੇ ਨਾਵਲਕਾਰ ਬਰਿੰਦਰ ਮਸੌਣ ਦਾ ਪਲੇਠਾ ਨਾਵਲ ‘ਹੀਰੇ ਦੀ ਤਲਾਸ਼ ਖ਼ਤਮ’ ਲੋਕ ਅਰਪਣ ਕੀਤਾ ਗਿਆ। ਨਾਵਲ ਸਬੰਧੀ ਲਿਖੇ ਆਪਣੇ ਭਾਵਪੂਰਨ ਪਰਚੇ ਵਿੱਚ ਨਾਮਵਰ ਲੇਖਿਕਾ ਡਾ. ਦਵਿੰਦਰ ਕੌਰ ਐਡਵੋਕੇਟ ਨੇ ਕਿਹਾ ਕਿ ਬਰਿੰਦਰ ਮਸੌਣ ਦਾ ਨਾਵਲ ਮਿਹਨਤ ਅਤੇ ਲਗਨ ਨਾਲ ਕੀਤੀ ਕਿਰਤ ਨੂੰ ਉਤਸ਼ਾਹਿਤ ਕਰਨ ਵਾਲੀ ਅਹਿਮ ਦਸਤਵੇਜ਼ ਹੈ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਬਰਿੰਦਰ ਮਸੌਣ ਦਾ ਨਾਵਲ ਕਿਰਤ ਸੱਭਿਆਚਾਰ ਦੀ ਬਹਾਲੀ ਲਈ ਇੱਕ ਨਿੱਗਰ ਉਪਰਾਲਾ ਹੈ। ਸਮਾਗਮ ਵਿੱਚ ਉਚੇਚੇ ਤੌਰ ’ਤੇ ਸ਼ਾਮਲ ਹੋਏ ਅਸ਼ੋਕ ਭੰਡਾਰੀ ਨੇ ਕਿਹਾ ਬਰਿੰਦਰ ਮਸੌਣ ਦੇ ਨਾਵਲ ਵਿੱਚ ਇੱਕ ਚੰਗੇ ਨਾਵਲ ਵਾਲੇ ਸਾਰੇ ਗੁਣ ਮੌਜੂਦ ਹਨ। ਚਰਨਜੀਤ ਸਿੰਘ ਮੀਮਸਾ ਨੇ ਕਿਹਾ ਕਿ ਇਹ ਨਾਵਲ ਲੀਹੋਂ ਲੱਥੀ ਪੀੜ੍ਹੀ ਨੂੰ ਕਿਰਤ ਨਾਲ ਜੋੜਨ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ। ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਬੋਲਦਿਆਂ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਬਰਿੰਦਰ ਮਸੌਣ ਦਾ ਨਾਵਲ ਸਾਹਿਤਕ ਹਲਕਿਆਂ ਵਿੱਚ ਗੰਭੀਰ ਚਰਚਾ ਨੂੰ ਜਨਮ ਦੇਵੇਗਾ। ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਬਰਿੰਦਰ ਮਸੌਣ ਨੇ ਕਿਹਾ ਕਿ ਕਿਸੇ ਰੈਸਟੋਰੈਂਟ ਵਿੱਚ ਖਾਣਾ ਪਰੋਸਣ ਦੇ ਗੰਦੇ ਪ੍ਰਬੰਧ ਨੇ ਉਨ੍ਹਾਂ ਨੂੰ ਇਹ ਨਾਵਲ ਲਿਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਉਪਰੰਤ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਸੁਰਜੀਤ ਸਿੰਘ ਮੌਜੀ, ਗੁਰਵਿੰਦਰ ਸਿੰਘ, ਅਸ਼ਵਨੀ ਕੁਮਾਰ, ਅਸ਼ੋਕ ਭੰਡਾਰੀ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਬਰਿੰਦਰ ਮਸੌਣ, ਸੁਖਵਿੰਦਰ ਸਿੰਘ ਫੁੱਲ, ਡਾ. ਦਵਿੰਦਰ ਕੌਰ ਐਡਵੋਕੇਟ, ਸੁਖਵਿੰਦਰ ਸਿੰਘ ਲੋਟੇ, ਮੂਲ ਚੰਦ ਸ਼ਰਮਾ, ਚਰਨਜੀਤ ਸਿੰਘ ਮੀਮਸਾ, ਬਹਾਦਰ ਸਿੰਘ ਧੌਲਾ, ਪੇਂਟਰ ਸੁਖਦੇਵ ਸਿੰਘ, ਪਰਮਜੀਤ ਕੌਰ, ਬੱਲੀ ਬਲਜਿੰਦਰ, ਗੋਬਿੰਦ ਸਿੰਘ, ਬਲਜੀਤ ਸਿੰਘ ਬਾਂਸਲ, ਕੁਲਵੰਤ ਖਨੌਰੀ, ਜਗਤਾਰ ਨਿਮਾਣਾ, ਬਲਵੰਤ ਕੌਰ ਘਨੌਰੀ ਕਲਾਂ, ਸੰਜੀਵ ਕੁਮਾਰ, ਦੇਸ਼ ਭੂਸ਼ਨ, ਭੁਪਿੰਦਰ ਨਾਗਪਾਲ, ਸ਼ਿਵ ਕੁਮਾਰ ਅੰਬਾਲਵੀ, ਲਵਲੀ ਬਡਰੁੱਖਾਂ, ਪੰਮੀ ਫੱਗੂਵਾਲੀਆ ਅਤੇ ਪੰਥਕ ਕਵੀ ਲਾਭ ਸਿੰਘ ਝੱਮਟ ਆਦਿ ਕਵੀਆਂ ਨੇ ਹਿੱਸਾ ਲਿਆ। ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly