HOME ਬੱਲੋਂਵਾਲ ਸੌਂਖੜੀ ਵਿਖੇ ਸਾਉਣੀ ਦੀਆਂ ਫਸਲਾਂ ਲਈ ਪੀ.ਏ.ਯੂ. ਦੇ ਕਿਸਾਨ ਮੇਲੇ ਵਿੱਚ...

ਬੱਲੋਂਵਾਲ ਸੌਂਖੜੀ ਵਿਖੇ ਸਾਉਣੀ ਦੀਆਂ ਫਸਲਾਂ ਲਈ ਪੀ.ਏ.ਯੂ. ਦੇ ਕਿਸਾਨ ਮੇਲੇ ਵਿੱਚ ਹੁੰਮ ਹੁਮਾ ਕੇ ਪੁੱਜੇ ਕਿਸਾਨ

1

ਸੰਸਦ ਮੈਂਬਰ ਸ. ਮਾਲਵਿੰਦਰ ਸਿੰਘ ਕੰਗ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ

ਬਲਾਚੌਰ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੀ.ਏ.ਯੂ. ਦੇ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਅੱਜ ਡਾ. ਦੇਵ ਰਾਜ ਭੁੰਬਲਾ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ  ਮਾਲਵਿੰਦਰ ਸਿੰਘ ਕੰਗ ਸਨ ਜਦਕਿ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਤੋਂ ਇਲਾਵਾ ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ ਡਾ ਅਸ਼ੋਕ ਕੁਮਾਰ, ਪੀਏਯੂ ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾਕਟਰ ਨਿਰਮਲ ਜੌੜਾ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਭਜੋਧ ਸਿੰਘ ਸੰਧੂ ਅਤੇ ਯੂਨੀਵਰਸਿਟੀ ਉੱਚ ਅਧਿਕਾਰੀ ਵੀ ਮੰਚ ਤੇ ਮੌਜੂਦ ਸਨ। ਮਾਲਵਿੰਦਰ ਸਿੰਘ ਕੰਗ ਨੇ ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਂਵਾਲ ਸੌਂਖੜੀ ਵਿਖੇ ਨਿਰਮਿਤ ਕੀਤੇ ਗਏ ਨਵੇਂ ਹੋਸਟਲ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਉਪਰੰਤ ਮੇਲੇ ਦੇ ਉਦਘਾਟਨੀ ਸਮਾਰੋਹ ਵਿਚ ਸ. ਮਾਲਵਿੰਦਰ ਸਿੰਘ ਕੰਗ ਨੇ ਆਪਣੇ ਮੁੱਖ ਭਾਸ਼ਣ ਦੌਰਾਨ ਇਸ ਇਲਾਕੇ ਲਈ ਯੂਨੀਵਰਸਿਟੀ ਵਲੋਂ ਕੀਤੇ ਗਏ ਵਿਸ਼ੇਸ਼ ਖੇਤੀ ਖੋਜ ਕੰਮਾਂ ਦੀ ਸ਼ਲਾਘਾ ਕੀਤੀ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਪੰਜਾਬੀ ਕਿਸਾਨਾਂ ਨੂੰ ਸਿਰ ਜੋੜ ਕੇ ਵਿਚਾਰਾਂ ਕਰਨ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਨਾਜ ਦੇ ਸੰਕਟ ਵੇਲੇ ਪੰਜਾਬ ਨੇ ਦੇਸ਼ ਦੀ ਅਗਵਾਈ ਕੀਤੀ। ਇਸਦਾ ਮੁੱਲ ਪੰਜਾਬੀ ਕੁਦਰਤੀ ਸਰੋਤਾਂ ਨੂੰ ਤਾਰਨਾ ਪਿਆ ਹੈ। ਉਨ੍ਹਾਂ ਨੇ ਖੇਤੀ ਵਿਭਿੰਨਤਾ ਲਈ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਵਿੱਚ ਹੋਰ ਸੰਜੀਦਗੀ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਲਈ ਝੋਨੇ ਕਣਕ ਦੇ ਬਦਲ ਵਿਚ ਹੋਰ ਫ਼ਸਲਾਂ ਦੇ ਸਮਰਥਨ ਮੁੱਲ ਦੀ ਮੰਗ ਦੇ ਨਾਲ ਨਾਲ ਉਨ੍ਹਾਂ ਨੇ ਕਿਸਾਨਾਂ ਨੂੰ ਵੀ ਪੀ.ਏ.ਯੂ. ਦੀਆਂ ਸਿਫਾਰਿਸ਼ਾਂ ਅਨੁਸਾਰ ਖੇਤੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਿਤ ਕੀਤਾ।ਨਵੀਆਂ ਖੋਜਾਂ ਦੇ ਪ੍ਰਭਾਵਾਂ ਨੂੰ ਖੇਤ ਤਕ ਪੁਚਾਉਣ ਨੂੰ ਪੀ.ਏ.ਯੂ. ਦੇ ਮੇਲਿਆਂ ਦਾ ਮੰਤਵ ਕਰਾਰ ਦਿੰਦਿਆਂ ਸ. ਕੰਗ ਨੇ ਕਿਸਾਨਾਂ ਨੂੰ ਇਸ ਗਿਆਨ ਕੇਂਦਰ ਨਾਲ ਜੁੜਨ ਲਈ ਕਿਹਾ। ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਗੱਲ ਕਰਦਿਆਂ ਸੰਸਦ ਮੈਂਬਰ ਨੇ ਆਉਂਦੀਆਂ ਪੀੜ੍ਹੀਆਂ ਦੇ ਭਵਿੱਖ ਲਈ ਫਿਕਰਮੰਦੀ ਨੂੰ ਗਹਿਰੀ ਤੇ ਗੰਭੀਰ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮਕਸਦ ਲਈ ਯੂਨੀਵਰਸਿਟੀ ਵਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖਣ ਤੇ ਆਪਣੇ ਵਲੋਂ ਹਰ ਸੰਭਵ ਇਮਦਾਦ ਦੇਣ ਦਾ ਵਾਅਦਾ ਵੀ ਉਨ੍ਹਾਂ ਨੇ ਕੀਤਾ।ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਖੇਤੀ ਸਿੱਖਿਆ ਨਾਲ ਜੋੜਨ ਦੀ ਪ੍ਰੇਰਨਾ ਦੇਣ।ਸ. ਕੰਗ ਨੇ ਕਿਸਾਨੀ ਨੂੰ ਪੁਰਜ਼ੋਰ ਸੰਦੇਸ਼ ਤਹਿਤ ਕਿਹਾ ਕਿ ਖੇਤੀ ਨੂੰ ਪ੍ਰੋਸੈਸਿੰਗ ਅਤੇ ਸਵੈ ਮੰਡੀਕਰਨ ਦੇ ਰਸਤੇ ਤੋਰਨਾ ਅੱਜ ਦੀ ਲੋੜ ਹੈ ਤਾਂ ਜੋ ਵਿਚੋਲੀਏ ਦੀ ਥਾਂ ਮੁਨਾਫਾ ਸਿੱਧਾ ਕਿਸਾਨ ਤਕ ਪੁੱਜ ਸਕੇ।ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਇਹ ਮੇਲੇ ਕਿਸਾਨਾਂ ਦੀਆਂ ਮੁਸ਼ਕਲਾਂ ਜਾਨਣ, ਉਨ੍ਹਾਂ ਦੇ ਅਨੁਭਵਾਂ ਤੋਂ ਸਿੱਖਣ ਅਤੇ ਉਨ੍ਹਾਂ ਨੂੰ ਸਹੀ ਮਾਰਗ ਦੱਸਣ ਦਾ ਮੌਕਾ ਦਿੰਦੇ ਹਨ। ਉਨਾਂ ਕਿਹਾ ਕਿ ਯੂਨੀਵਰਸਿਟੀ ਨੇ ਪੰਜਾਬ ਦੀਆਂ ਭੂਗੋਲਿਕ ਹਾਲਤਾਂ ਦੀ ਵੱਖਰਤਾ ਦੇ ਮੱਦੇਨਜ਼ਰ ਇਨ੍ਹਾਂ ਕਿਸਾਨ ਮੇਲਿਆਂ ਦੀ ਵਿਉਂਤਬੰਦੀ ਕੀਤੀ ਹੈ ਤਾਂ ਜੋ ਪੰਜਾਬ ਦੇ ਖੇਤੀ ਦਾ ਸਮੁੱਚੇ ਤੌਰ ਤੇ ਵਿਕਾਸ ਸੰਭਵ ਹੋ ਸਕੇ।
ਇਨ੍ਹਾਂ ਮੇਲਿਆਂ ਦਾ ਉਦੇਸ਼ ‘ ਖੇਤੀ ਵਿਭਿੰਨਤਾ ਅਪਣਾਓ, ਵਡਮੁੱਲਾ ਵਾਤਾਵਰਣ ਬਚਾਓ’ ਰੱਖਿਆ ਗਿਆ ਹੈ। ਇਸ ਦਾ ਮੁੱਖ ਮੰਤਵ ਖੇਤੀ ਨੂੰ ਬਹੁਵੰਨੀ ਬਣਾਉਣ ਦੇ ਨਾਲ ਨਾਲ ਵਾਤਾਵਰਣ ਦੀ ਸੰਭਾਲ ਲਈ ਕਿਸਾਨਾਂ ਨੂੰ ਸਹਿਯੋਗੀ ਦੀ ਭੂਮਿਕਾ ਲਈ ਤਿਆਰ ਕਰਨਾ ਹੈ। ਉਨਾਂ ਕਿਹਾ ਕਿ ਕੰਢੀ ਖੇਤਰ ਪੰਜਾਬ ਦਾ 9 ਫੀਸਦੀ ਇਲਾਕਾ ਹੋਣ ਦੇ ਬਾਵਜੂਦ ਬੜਾ ਅਹਿਮ ਖੇਤਰ ਹੈ। ਇਸ ਦੀ ਫ਼ਸਲੀ ਅਤੇ ਵਾਤਾਵਰਣੀ ਭਿੰਨਤਾ ਬੜੀ ਖ਼ਾਸ ਹੈ। ਬੱਲੋਵਾਲ ਸੌਂਖੜੀ ਕੇਂਦਰ ਵਲੋਂ ਕੰਢੀ ਦੇ ਇਲਾਕੇ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਲਈ ਕੀਤੇ ਕਾਰਜ ਦਾ ਵਿਸ਼ੇਸ਼ ਉਲੇਖ ਕਰਦਿਆਂ ਉਨਾਂ ਕਿਹਾ ਕਿ ਇਹ ਇਲਾਕਾ ਸਿੰਚਾਈ ਲਈ ਜ਼ਿਆਦਾਤਰ ਮੀਂਹ ਦੇ ਪਾਣੀ ਉੱਪਰ ਨਿਰਭਰ ਕਰਦਾ ਹੈ, ਇਸ ਲਈ ਪੀ ਏ ਯੂ ਨੇ ਇਸ ਖੇਤਰ ਵਾਸਤੇ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਦੀਆਂ ਉੱਨਤ ਕਿਸਮਾਂ ਤਾਂ ਵਿਕਸਤ ਕੀਤੀਆਂ ਹੀ ਹਨ,ਨਾਲ ਹੀ ਸੂਖਮ ਸਿੰਚਾਈ ਵਿਧੀਆਂ ਵੀ ਸਾਮ੍ਹਣੇ ਲਿਆਂਦੀਆਂ ਹਨ। ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਨਾਲ ਨਿਰੰਤਰ ਜੁੜਨ ਦੀ ਅਪੀਲ ਕਰਦਿਆਂ ਖੇਤੀ ਸਾਹਿਤ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਖੇਤੀ ਜਾਣਕਾਰੀ ਹਾਸਿਲ ਕਰਨ ਲਈ ਕਿਹਾ। ਇਸ ਖੇਤਰ ਲਈ ਅਦਰਕ ਦੀ ਖ਼ਾਸ ਕਿਸਮ ਵਜੋਂ ਖੋਜ ਬਾਰੇ ਵਿਸਥਾਰ ਨਾਲ ਜਾਣਕਾਰੀ ਡਾ ਗੋਸਲ ਨੇ ਦਿੱਤੀ। ਉਨਾਂ ਕਿਹਾ ਕਿ ਵਣ ਖੇਤੀ ਵਿੱਚ ਅੰਤਰ ਫ਼ਸਲੀ ਕਾਸ਼ਤ ਦੀਆਂ ਬਹੁਤ ਸੰਭਾਵਨਾਵਾਂ ਹਨ ਤੇ ਇਸ ਲਈ ਪੀ ਏ ਯੂ ਦੀਆਂ ਸਿਫਾਰਿਸ਼ਾਂ ਅਪਣਾਉਣੀਆਂ ਜ਼ਰੂਰੀ ਹਨ। ਵਾਈਸ ਚਾਂਸਲਰ ਨੇ ਕਣਕ ਦੀ ਮੌਜੂਦਾ ਸਥਿਤੀ ਬਾਰੇ ਗੱਲ ਕੀਤੀ ਤੇ ਕਿਸਾਨਾਂ ਨੂੰ ਮਾਹਿਰਾਂ ਨਾਲ ਸੰਪਰਕ ਬਣਾਉਣ ਬਾਰੇ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਵਿੱਚ 10 ਫੀਸਦੀ ਸੀਟਾਂ ਇਸੇ ਇਲਾਕੇ ਦੇ ਬੱਚਿਆਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ ਤਾਂ ਜੋ ਖੇਤੀ ਵਿੱਦਿਆ ਨੂੰ ਘਰੋ ਘਰ ਪੁੱਜਦਾ ਕੀਤਾ ਜਾਵੇ।ਡਾ. ਗੋਸਲ ਨੇ ਪੀ.ਏ.ਯੂ. ਵਲੋਂ ਖੇਤੀ ਕਾਰੋਬਾਰ ਲਈ ਦਿੱਤੀਆਂ ਜਾਣ ਵਾਲੀਆਂ ਸਿਖਲਾਈਆਂ ਦਾ ਜ਼ਿਕਰ ਕਰਦਿਆਂ ਕਿਸਾਨਾਂ ਨੂੰ ਸਿਰਫ ਉਤਪਾਦਨ ਦੀ ਥਾਂ ਆਪਣੀ ਖੇਤੀ ਨੂੰ ਕਾਰੋਬਾਰੀ ਬਣਾਉਣ ਲਈ ਅਪੀਲ ਵੀ ਕੀਤੀ। ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਹਾੜ੍ਹੀ ਦੀ ਭਰਪੂਰ ਫ਼ਸਲ ਅਤੇ ਅਨੁਕੂਲ ਮੌਸਮ ਲਈ ਸ਼ੁਭਕਾਮਨਾਵਾਂ ਦਿੱਤੀਆਂ।ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਖੇਤੀਬਾੜੀ ਕਾਲਜ ਬੱਲੋਵਾਲ ਸੱਖੜੀ ਵਿਖੇ ਬਣਾਏ ਨਵੇਂ ਹੋਸਟਲ ਲਈ ਦਿਖਾਈ ਸਰਗਰਮੀ ਅਤੇ ਇਮਦਾਦ ਲਈ  ਮਾਲਵਿੰਦਰ ਸਿੰਘ ਕੰਗ ਅਤੇ ਸਮੂਹ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਦ੍ਰਿੜ ਕਰਾਇਆ ਕਿ ਵਿਦਿਆਰਥੀਆਂ ਦੀ ਭਲਾਈ ਅਤੇ ਸਹੂਲਤਾਂ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਏਗੀ।ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਾਉਣੀ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਡਾ. ਢੱਟ ਨੇ ਪੰਜਾਬ ਦੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਨੇ ਸਹਿਯੋਗ ਕਰਕੇ ਦੇਸ਼ਵਿੱਚ ਖੇਤੀ ਦਾ ਵਿਕਾਸ ਕਰਕੇ ਅੰਨ ਦੀ ਕਮੀ ਤੋਂ ਵਾਧੂ ਅਨਾਜ ਤਕ ਪੁਚਾਇਆ ਹੈ। ਉਨਾਂ ਕਿਹਾ ਕਿ ਪੀ.ਏ.ਯੂ. ਨੇ ਹੁਣ ਤਕ 991 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਅਤੇ 250 ਤੋਂ ਵੱਧ ਦੇਸ਼ ਨੂੰ ਕਾਸ਼ਤ ਲਈ ਦਿੱਤੀਆਂ ਹਨ।
ਡਾ. ਢੱਟ ਨੇ ਪੀ.ਏ.ਯੂ. ਵੱਲੋਂ ਪਿਛਲੇ ਛੇ ਮਹੀਨਿਆਂ ਵਿਚ ਸਿਫ਼ਾਰਸ਼ ਲਈ ਵਿਕਸਿਤ ਕੀਤੀਆਂ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਤਕਨੀਕਾਂ ਅਤੇ ਹੋਰ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਨਵੀਆਂ ਕਿਸਮਾਂ ਵਿਚ ਉਹਨਾਂ ਝੋਨੇ ਦੀ ਕਿਸਮ ਪੀ.ਆਰ. 133 ਦਾ ਜ਼ਿਕਰ ਕੀਤਾ ਜੋ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ, ਮਿਆਰੀ ਚੌਲਾਂ ਵਾਲੀ ਅਤੇ ਵੱਖ-ਵੱਖ ਖੋਜ ਤਜਰਬਿਆਂ ਵਿੱਚੋਂ ਉੱਤਮ ਪਾਈ ਗਈ ਦਰਮਿਆਨੇ ਸਮੇਂ ਦੀ ਕਿਸਮ ਹੈ। ਕਪਾਹ ਦੀ ਦੇਸੀ ਕਿਸਮ ਪੀ.ਬੀ.ਡੀ. 88 ਦਾ ਜ਼ਿਕਰ ਕਰਦਿਆਂ ਡਾ. ਢੱਟ ਨੇ ਦੱਸਿਆ ਕਿ ਇਹ ਕਿਸਮ 28 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਵਾਲੀ ਅਤੇ ਰੂੰ ਦੇ ਵਧੇਰੇ ਕਸ ਵਾਲੀ ਕਿਸਮ ਹੈ। ਚਿੱਟੀ ਮੱਖੀ ਅਤੇ ਸੋਕੇ ਵਾਲੀਆਂ ਬਿਮਾਰੀਆਂ ਦਾ ਇਸ ਉੱਪਰ ਕੋਈ ਅਸਰ ਨਹੀਂ ਹੁੰਦਾ। ਇਸੇ ਤਰ੍ਹਾਂ ਮੱਕੀ ਦਾ ਹਾਈਬ੍ਰਿਡ ਐੱਨ ਕੇ 7328 ਦਾ ਜ਼ਿਕਰ ਵੀ ਨਿਰਦੇਸ਼ਕ ਖੋਜ ਨੇ ਵਿਸ਼ੇਸ਼ ਰੂਪ ਵਿਚ ਕੀਤਾ। ਇਸੇ ਤਰਾਂ ਖਰਬੂਜੇ ਦੀ 92 ਕੁਇੰਟਲ ਪ੍ਰਤੀ ਏਕੜ ਝਾੜ ਦੇਣ ਵਾਲੀ ਕਿਸਮ ਐੱਮ.ਐੱਚ. 56 ਬਾਰੇ ਦੱਸਿਆ ਅਤੇ ਸੁਰੱਖਿਅਤ ਖੇਤੀ ਲਈ ਬੈਂਗਣਾਂ ਦੀ ਕਿਸਮ ਪੀ.ਸੀ.ਡੀ.ਐਚ 1 ਨੂੰ ਵਿਸ਼ੇਸ਼ਤਾ ਵਾਲੀ ਕਿਸਮ ਦੱਸਿਆ। ਕਾਲੀ ਤੋਰੀ ਪੀ.ਐੱਸ.ਐੱਚ.ਜੀ 1 ਅਤੇ 2 ਨੂੰ ਵੀ ਸਬਜ਼ੀਆਂ ਦੀਆਂ ਨਵੀਆਂ ਕਿਸਮਾਂ ਵਜੋਂ ਪੇਸ਼ ਕੀਤਾ ਗਿਆ। ਇਸ ਇਲਾਕੇ ਲਈ ਮਟਰਾਂ ਦੀ ਕਿਸਮ ਮਟਰ ਅਗੇਤਾ 8 ਨੂੰ ਸਿਫ਼ਾਰਿਸ਼ ਕੀਤਾ ਜਿਹੜੀ 65-70 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ। ਫਲਾਂ ਵਿੱਚ ਆੜੂ ਦੀ ਕਿਸਮਾਂ ਪੰਜਾਬ ਆੜੂ 1 ਅਤੇ 2 ਨੂੰ ਸਿਫ਼ਾਰਿਸ਼ ਕਰਦਿਆਂ ਨਿਰਦੇਸ਼ਕ ਖੋਜ ਨੇ ਇਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ। ਇਸੇ ਤਰ੍ਹਾਂ ਨੈਕਟਰੀਨ ਦੀਆਂ ਨਵੀਆਂ ਕਿਸਮਾਂ ਦੇ ਹਵਾਲੇ ਤੋਂ ਬਿਨਾਂ ਖੇਤੀ ਜੰਗਲਾਤ ਲਈ ਜੋੜ ਤੋੜ ਬਾਰੇ ਦੱਸਿਆ ਗਿਆ। ਉਤਪਾਦਨ ਤਕਨੀਕਾਂ ਵਿਚ ਬੈੱਡਾਂ ਉੱਪਰ ਪਨੀਰੀ ਦੀ ਲਵਾਈ ਦੀ ਤਕਨੀਕ ਸਿੱਧੀ ਬਿਜਾਈ ਵਾਲੇ ਝੋਨੇ ਵਿਚ ਕਣਕ ਦੇ ਨਾੜ ਦੀ ਮਲਚ ਵਜੋਂ ਵਰਤੋਂ ਮੱਕੀ/ਅਰਹਰ-ਕਣਕ ਦੀ ਬਿਜਾਈ ਦੀ ਤਕਨੀਕ ਪ੍ਰਮੁੱਖ ਸਨ। ਇਸ ਤੋਂ ਇਲਾਵਾ ਉਹਨਾਂ ਨੇ ਝੋਨੇ ਦੇ ਮਧਰੇਪਣ ਦੇ ਰੋਗ ਦੀ ਰੋਕਥਾਮ ਅਤੇ ਕਮਾਦ ਦੇ ਰੱਤਾ ਰੋਗ ਦੀ ਰੋਕਥਾਮ ਲਈ ਨਵੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਉਨਾਂ ਕਿਹਾ ਕਿ ਕਿਸਾਨ ਮੇਲਿਆਂ ਨੇ ਪੰਜਾਬ ਵਿੱਚ ਅਗਾਂਹਵਧੂ ਖੇਤੀ ਦੀ ਲਹਿਰ ਉਸਾਰੀ ਹੈ ਅਤੇ ਅਨੇਕ ਕਿਸਾਨਾਂ ਨੂੰ ਮੁਨਾਫੇ ਵਾਲੀ ਖੇਤੀ ਦਾ ਪਹਿਰੇਦਾਰ ਬਣਾਇਆ ਹੈ। ਨਿਰਦੇਸ਼ਕ ਪਸਾਰ ਸਿੱਖਿਆ ਨੇ ਸ. ਮਾਲਵਿੰਦਰ ਸਿੰਘ ਕੰਗ ਦਾ ਪੀ.ਏ.ਯੂ. ਦੀ ਇਮਦਾਦ ਲਈ ਹਮੇਸ਼ਾ ਤਿਆਰ ਰਹਿਣ ਵਾਸਤੇ ਧੰਨਵਾਦ ਕੀਤਾ। ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ ਅਸ਼ੋਕ ਕੁਮਾਰ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਰਾਕੇਸ਼ ਕੁਮਾਰ ਨੇ ਕਿਸਾਨ ਭਲਾਈ ਅਤੇ ਖੇਤੀ ਯੋਜਨਾਵਾਂ ਦੀ ਸਾਂਝ ਹਾਜ਼ਿਰ ਕਿਸਾਨਾਂ ਨਾਲ ਪਵਾਈ।ਇਸ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਅਗਾਂਹ ਵਧੂ ਕਾਰਜ ਕਰਨ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਕਿਸਾਨਾਂ ਵਿੱਚ ਪਿੰਡ ਸੇਵਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ. ਰਣਜੀਤ ਸਿੰਘ, ਪਿੰਡ ਕੁੱਕੜਾਂ ਜ਼ਿਲ੍ਹਾਹੁਸ਼ਿਆਰਪੁਰ ਦੇ ਸ. ਅਰਵਿੰਦਰ ਸਿੰਘ ਮਾਨ, ਪਿੰਡ ਰਾਮਪੁਰ ਦੇ ਸ. ਬਰਜਿੰਦਰ ਸਿੰਘ ਤਾਂਬਰ, ਪਿੰਡ ਗਹਿਲ ਮਜਾਰੀ ਦੇ ਸ. ਚਰਨਜੀਤ ਸਿੰਘ ਝੱਜ, ਪਿੰਡ ਖੇੜਾ ਕੋਟਲੀ ਦੇ ਸ੍ਰੀ. ਗੁਰਮੀਤ ਸਿੰਘ ਅਤੇ ਪਿੰਡ ਢੇਰ ਜ਼ਿਲਾ ਰੋਪੜ ਦੇ ਸ਼੍ਰੀ. ਹਰਜਾਪ ਸਿੰਘ ਪ੍ਰਮੁੱਖ ਹਨ। ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਡਾ. ਰਿਆੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਦੀ ਪ੍ਰਮਾਣਿਕ ਜਾਣਕਾਰੀ ਲਈ ਪੀ.ਏ.ਯੂ ਦੇ ਖੇਤੀ ਸਾਹਿਤ ਨਾਲ ਜੁੜਨ। ਅੰਤ ਵਿੱਚ ਧੰਨਵਾਦ ਦੇ ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਂਵਾਲ ਸੌਂਖੜੀ ਦੇ ਡੀਨ ਡਾ. ਮਨਮੋਹਨਜੀਤ ਸਿੰਘ ਨੇ ਕਹੇ। ਪੀ.ਏ.ਯੂ. ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਹਿਰਾਂ ਨੇ ਕਿਸਾਨਾਂ ਨਾਲ ਸਵਾਲ ਜਵਾਬ ਸੈਸ਼ਨ ਦੌਰਾਨ ਬਹੁਤ ਸਾਰੇ ਮਸਲਿਆਂ ਬਾਰੇ ਵਿਚਾਰ ਕੀਤੀ।ਸਾਉਣੀ ਦੀਆਂ ਫ਼ਸਲਾਂ ਬਾਰੇ ਪੀ.ਏ.ਯੂ. ਦੇ ਖੇਤੀ ਸਾਹਿਤ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ ਗਿਆ। ਇਸ ਮੇਲੇ ਦੌਰਾਨ ਵੱਖ ਵੱਖ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ.ਏ.ਯੂ. ਦੇ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ। ਮੇਲੇ ਦੌਰਾਨ ਲੰਗਰ ਦੀ ਸੇਵਾ ਗੁਰਦੁਆਰਾ ਸ੍ਰੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਵੱਲੋਂ ਕੀਤੀ ਗਈ। ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ।
ਅੰਤ ਵਿੱਚ ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੇਵਿਅਰ ਕਲੱਬ ਵੱਲੋਂ ਅਬਲੋਵਾਲ ਬਸਤੀ ਨਾਲ ਰਜਵਾਹੇ ਦੀ ਸਫਾਈ
Next articleਚੇਅਰਮੈਨ ਜਲਾਲਪੁਰ ਨੇ ਸੁੱਧਾ ਮਾਜਰਾ ਦੇ ਵਿਕਾਸ ਕਾਰਜਾਂ ਲਈ ਦਿੱਤਾ 1.50 ਲੱਖ ਦਾ ਚੈੱਕ