ਮੇਰੇ ਹਿੱਸੇ ਦਾ ਬਲਦੇਵ ਕੈਂਥ – ਜਗਤਾਰ ਸਿੰਘ ਹਿੱਸੋਵਾਲ

ਬਲਦੇਵ ਕੈਂਥ

(ਸਮਾਜ ਵੀਕਲੀ)

ਸਮੇਂ ਦਾ ਕੇੜ੍ਹਾ ਪਤਾ ਲੱਗਦਾ ਹੈ ਕਿ ਕਦੋਂ ਲੰਘ ਜਾਂਦੇ ਨੇ ਦਿਨ, ਮਹੀਨੇ ਅਤੇ ਸਾਲਾਂ ਦੇ ਸਾਲ । ਬਲਦੇਵ ਕੈਂਥ ਨੂੰ ਗੁਜ਼ਰਿਆਂ ਅੱਜ ਪੂਰੇ ਅਠਾਰਾਂ ਵਰ੍ਹੇ ਹੋ ਗਏ ਹਨ। ਪਰ ਬਲਦੇਵ ਮੇਰੇ ਚੇਤਿਆਂ ਵਿੱਚ ਹਮੇਸ਼ਾ ਵਸਦਾ ਰਿਹਾ ਹੈ। ਮੈਂ ਜਦੋਂ ਵੀ ਲਿਖਣ ਲੲੀ ਬੈਠਦਾ ਹਾਂ ਤਾਂ ਬਲਦੇਵ ਮੈਨੂੰ ਜ਼ਰੂਰ ਯਾਦ ਆਉਂਦਾ ਹੈ । ਜਦੋਂ ਮੈਂ ਆਪਣੀ ਕਿਸੇ ਪੁਰਾਣੀ ਲਿਖਤ ਨੂੰ ਫ਼ਰੋਲਦਾ ਹਾਂ ਤਾਂ ਉਸ ਨਾਲ ਬਿਤਾਏ ਪਲਾਂ ਦੀਆਂ ਤਸਵੀਰਾਂ ਮਨ ਦੇ ਚਿੱਤਰਪਟ ਤੇ ਚਲਚਿੱਤਰਾਂ ਵਾਂਗ ਤੁਰਨ ਲੱਗਦੀਆਂ ਹਨ। ਮੈਨੂੰ ਯਾਦ ਆਉਂਦਾ ਹੈ ਬਲਦੇਵ ਜਦੋਂ ਪਿੰਡ ਦੇ ਬੱਸ ਸਟੈਂਡ ਤੇ ਮਿਲਿਆ ਸੀ।ਉਹ ਪਹਿਲਾਂ ਵੀ ਤਾਂ ਪਿੰਡ ਹੀ ਰਹਿੰਦਾ ਸੀ।ਪਰ ਇਹੀ ਮਿਲਣੀ ਮੇਰੇ ਚੇਤਿਆਂ ਵਿੱਚ ਹੂ ਬ ਹੂ ਪਈ ਹੋਈ ਹੈ।ਜਿਸ ਨੇ ਮੇਰੀ ਜ਼ਿੰਦਗੀ ਨੂੰ ਨਵੇਂ ਅਰਥ ਦੇ ਦਿੱਤੇ ਸਨ।

ਭਾਵੇਂ ਕਿ ਅਸੀਂ ਦੋਵੇਂ ਸਾਈਕਲਾਂ ਤੇ ਹਾਂ ਤੇ ਪਿੰਡ ਤੱਕ ਦਾ ਕੋਈ ਸਫ਼ਰ ਕੋਈ ਜ਼ਿਆਦਾ ਨਹੀਂ ਸੀ। ਮਹਿਜ਼ ਸੱਤ-ਅੱਠ ਦਾ । ਪਰ ਇਸ ਨਿੱਕੜੇ ਜਿਹੇ ਸਫ਼ਰ ਦੌਰਾਨ ਬਲਦੇਵ ਨਾਲ ਹੋਈ ਸੰਖੇ਼ਪ ਜਿਹੀ ਮੁਲਾਕਾਤ ਨੇ ਮੈਨੂੰ ਅਜਿਹੇ ਸਫ਼ਰ ਤੇ ਤੋਰ ਦਿੱਤਾ,ਜਿਹੜਾ ਅੱਜ ਤੱਕ ਖ਼ਤਮ ਨਹੀਂ ਹੋਇਆ ਹੈ। ਭਾਵੇਂ ਦੇ ਬੇਸ਼ੁਮਾਰ ਪਲ਼ ਇਸ ਦੇ ਲੇਖੇ ਲੱਗ ਚੁੱਕੇ ਹਨ ਪਰ ਅੱਜ ਵੀ ਮੈਂ ਉਸ ਸਫ਼ਰ ਤੇ ਹੀ ਮੈਂ ਤੁਰਿਆ ਜਾ ਰਿਹਾ ਹਾਂ। ਨਾ ਮੁੱਕਣ ਵਾਲੇ ਅਦਬੀ ਸਾਹਿਤਕ ਸਫ਼ਰ ਤੇ । ਬਲਦੇਵ ਨੂੰ ਸ਼ਾਇਦ ਕੋਈ ਇਲਹਾਮ ਹੋਵੇਗਾ ਕਿ ਮੇਰੇ ਅੰਤਰਮਨ ਵਿਚ ਵੀ ਕੋਈ ਕਲਾ ਦਾ ਬੀਅ ਪਿਆ ਹੈ । ਤਾਹੀਂ ਤਾਂ ਉਸਨੇ ਸਾਹਿਤ ਦੀ ਗੱਲ ਤੋਰੀ ਹੋਵੇਗੀ। ਉਸਨੇ ਆਪਣੇ ਬੋਲਾਂ ਨਾਲ ਇਸ ਨੂੰ ਅਜਿਹਾ ਤਰੌਂਕਿਆ ਕਿ ਪੁੰਗਰਿਆ ਬੀਜ਼ ਫੁੱਟਦਾ ਹੀ ਤੁਰਿਆ ਜਾ ਰਿਹਾ ਹੈ।

ਬਲਦੇਵ ਉਹਨੀਂ ਦਿਨੀਂ ਮਾਸਿਕ ਮੈਗਜੀਨਾਂ ਸਪਤਾਹਿਕ ਸਮਰਾਟ, ਪੰਦਰਾਂ ਰੋਜ਼ਾ ਸੰਜੋਗੀ ਮੇਲੇ ਅਤੇ ਰੋਜ਼ਾਨਾ ਅਖ਼ਬਾਰਾਂ ਜਨਤਕ ਲਹਿਰ, ਨਵਾਂ ਜ਼ਮਾਨਾ , ਅੱਜ ਵੀ ਆਵਾਜ਼ ਅਤੇ ਫ਼ਿਲਮੀ ਮਾਸਿਕ ਪੱਤ੍ਰਿਕਾਵਾਂ ਵਿੱਚ ਛਪਦਾ ਹੁੰਦਾ ਸੀ। ਘਰ ਪਹੁੰਚ ਕੇ ਮੈਂ ਸਾਈਕਲ ਖੜ੍ਹਾ ਕਰਕੇ ਮੈਂ ਬਲਦੇਵ ਦੇ ਘਰ ਗਿਆ,ਜਿਸ ਨੇ ਮੈਨੂੰ ਕੲੀ ਸਾਹਿਤਕ ਮੈਗਜ਼ੀਨ ਅਤੇ ਅਖਬਾਰਾਂ ਦੇ ਐਤਵਾਰੀ ਮੈਗਜ਼ੀਨ ਮੈਨੂੰ ਪੜ੍ਹਨ ਲਈ ਦਿੱਤੇ ਸਨ। ਮੈਂ ਉਹਨਾਂ ਨੂੰ ਗੋਹ ਨਾਲ ਪੜ੍ਰਿਆ ਤੇ ਕੱਚਾ ਪਿੱਲਾ ਲਿੱਖਣਾ ਸ਼ੁਰੂ ਕਰ ਦਿੱਤਾ। ਮੇਰੀ ਪਹਿਲੀ ਕਹਾਣੀ ‘ਪਹਿਚਾਣ ‘ ਸਪਤਾਹਿਕ ਸਮਰਾਟ ਵਿਚ ਛਪੀ।ਤੇ ਪਿੰਡ ਵਿੱਚ ਧਾਰਮਿਕ ਗੀਤ ਲਿਖਣ ਵਾਲ਼ੇ ਨੌਜਵਾਨ ਨੇ ਧਰਮਸ਼ਾਲਾ ਦੇ ਤਖਤਪੋਸ਼ ਤੇ ਬੈਠ ਕੇ ਰੱਜ ਕੇ ਅਲੋਚਨਾ ਕੀਤੀ। ਮੈਂ ਉਸਦੇ ਤਰਕ ਸਾਹਮਣੇ ਨਿਰਉਤਰ ਰਿਹਾ।ਮੇਰਾ ਹੌਸਲਾ ਟੁੱਟ ਗਿਆ ਪਰ ਬਲਦੇਵ ਨੇ ਕਿਹਾ,”ਏਨਾ ਦੀ ਪ੍ਰਵਾਹ ਨਾ ਕਰ। ਤੂੰ ਇਸ ਤੋਂ ਵੀ ਚੰਗਾ ਲਿਖ ਸਕਦਾ ਏਂ।ਹੋਰ ਲਿਖ। ਮੈਂ ਸੋਧ ਕਰਕੇ ਦੇਵਾਂਗਾ।” ਮੈਂ ਹੌਸਲਾ ਕਰਕੇ ਹੋਰ ਲਿਖਣਾ ਸ਼ੁਰੂ ਕਰ ਦਿੱਤਾ ਤੇ ਬਲਦੇਵ ਨਾਲ ਮੇਰੀ ਨੇੜਤਾ ਵੱਧਦੀ ਗਈ।

ਅਕਸਰ ਹੀ ਅਸੀਂ ਉਸਦੇ ਘਰ ਦੇ ਵਿਹੜੇ ਵਿਚ ਜਾਂ ਸੇਮ ਨਾਲੇ ਤੇ ਜੰਗਲ ਪਾਣੀ ਜਾਣ ਸਮੇਂ ਸਾਹਿਤ ਦੇ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕਰਦੇ। ਉਸਨੇ ਦਸਵੀਂ ਕਲਾਸ ਰਕਬਾ ਸਕੂਲ ਤੋਂ ਕਰਕੇ ਗਿਆਰਵੀਂ ਵਿਚ ਸੁਧਾਰ ਕਾਲਜ ਵਿੱਚ ਦਾਖਲਾ ਲਿਆ ਸੀ।ਉਹ ਦੱਸਦਾ ਹੁੰਦਾ ਸੀ ਕਿ ਕਾਲਜ ਦੀ ਜਿੰਦਗੀ ਦੇ ਦੌਰਾਨ ਉਸਦੇ ਮੱਥੇ ਵਿਚ ਮੁਹੱਬਤ ਦਾ ਦੀਵਾ ਬਲਿਆ ਕਿ ਉਹ ਕਵਿਤਾ ਦਾ ਪਾਂਧੀ ਬਣ ਗਿਆ। ਬਲਦੇਵ ਦਾ ਪਿਤਾ ਹਰਨੇਕ ਸਿੰਘ ਘਰ ਵਿਚ ਹੀ ਜੁੱਤੀਆਂ ਸਿਆਂਂਉਦਾ ਸੀ। ਬਲਦੇਵ ਤੋਂ ਇੱਕ ਭੈਣ ਤੇ ਭਰਾ ਵੱਡੇ ਅਤੇ ਇੱਕ ਭੈਣ ਛੋਟੀ ਸੀ।ਘਰ ਦੀ ਗਰੀਬੀ ਕਾਰਨ ਬਲਦੇਵ ਕਾਲਜ ਦੀ ਪੜ੍ਹਾਈ ਬਰਕਰਾਰ ਨਾ ਰੱਖ ਸਕਿਆ। ਗ਼ੁਰਬਤ ਨੇ ਉਸ ਲਈ ਉਚੇਰੀ ਵਿੱਦਿਆ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਕਰ ਦਿੱਤੇ ਸਨ।

ਬਲਦੇਵ ਮਾੜਚੂ ਜਿਹੇ ਸਰੀਰ ਵਾਲਾ ਸੀ ਪਰ ਦਿਲ ਅਤੇ ਦਿਮਾਗ਼ ਤੋਂ ਪੂਰਾ ਨਰੋਆ ਸੀ। ਇਸ ਕਰਕੇ ਉਸਨੇ ਹਾਰ ਨਹੀਂ ਮੰਨੀ ਗਿਆਨ ਦੀ ਪ੍ਰਾਪਤੀ ਲਈ ਦਿਨ ਰਾਤ ਕਿਤਾਬਾਂ ਵਿਚ ਘਿਰਿਆ ਰਹਿੰਦਾ।ਉਹ ਜਿੰਨਾ ਸੋਹਣਾ ਲਿਖਦਾ ਸੀ ,ਉਹਨਾਂ ਹੀ ਖੂਬਸੂਰਤ ਉਸਦਾ ਵਿਅਕਤੀਤੱਵ ਸੀ।ਉਹ ਬਹੁਤ ਘੱਟ ਬੋਲਦਾ ਸੀ।ਉਸਦੀ ਦੀ ਹਰ ਗੱਲ ਨਾਪੀ ਤੋਲੀ ਹੁੰਦੀ ਸੀ। ਮੈਂ ਨਹੀਂ ਮੰਨਦਾ ਕਿ ਉਸਨੇ ਕਦੇ ਆਪਣੇ ਕਹੇ ਗੲੇ ਅਲਫਾਜਾਂ ਲਈ ਮੁਆਫ਼ੀ ਮੰਗੀ ਹੋਵੇਗੀ।ਉਸਨੇ ਟੈਲੀਵਿਜ਼ਨ ਰਿਪੇਅਰ ਦਾ ਕੰਮ ਸਿੱਖਿਆ ਸੀ ਪਰ ਉਸਦਾ ਇਹ ਕੰਮ ਢਿੱਲਾ ਮੱਠਾ ਹੀ ਚਲਦਾ ।ਉਹ ਮੁੱਲਾਂਪੁਰ ਵਿਚ ਆਪਣੇ ਤਾਏ ਦੀ ਆਡੀਓ ਵੀਡੀਓ ਕੈਸਟਾਂ ਦੀ ਦੁਕਾਨ ਤੇ ਕੰਮ ਕਰਨ ਲੱਗ ਪਿਆ ਸੀ।ਤੇ ਕੲੀ ਸਾਲ ਕਰਦਾ ਰਿਹਾ।

ਆਪਣੇ ਘਰ ਦੀ ਹਾਲਤ ਨੂੰ ਦੇਖ ਕੇ ਉਹ ਚਿੰਤਾ ਵਿੱਚ ਰਹਿੰਦਾ ਸੀ। ਘਰ ਵਿੱਚ ਜੁੱਤੀਆਂ ਬਣਾਉਂਦੇ ਉਸਦੇ ਬਾਪ ਦੀ ਸਿਹਤ ਬੀਮਾਰੀ ਕਾਰਨ ਲਗਾਤਾਰ ਘੱਟ ਰਹੀ ਸੀ।ਵੱਡਾ ਭਰਾ ਜ਼ਿਮੀਂਦਾਰਾਂ ਦੇ ਕੰਮ ਕਰਦਾ ਸੀ । ਜਿਵੇਂ ਕਿਵੇਂ ਵੱਡੀ ਭੈਣ ਵਿਆਹ ਦਿੱਤੀ ਸੀ ਤੇ ਛੋਟੀ ਮੁਟਿਆਰ ਸੀ, ਉਸਦੇ ਵਿਆਹ ਦੇ ਵਿਆਹ ਦਾ ਵੀ ਫ਼ਿਕਰ ਸੀ। ਉਸਨੂੰ ਸਫ਼ਲ ਜ਼ਿੰਦਗੀ ਲਈ ਆਪਣਾ ਕੈਰੀਅਰ ਨਾ ਬਣਾ ਸਕਣ ਦਾ ਅਫਸੋਸ ਸੀ।ਉਹ ਚੰਗਾ ਲਿਖਣਾ ਚਾਹੁੰਦਾ ਸੀ।ਉਹ ਕਹਾਣੀ, ਕਵਿਤਾ, ਗੀਤ ਅਤੇ ਲੇਖ ਲਿਖਦਾ। ਉਸਦੀਆਂ ਲਿਖਤਾਂ ਹੁਣ ਅਜੀਤ, ਜੱਗਬਾਣੀ ਅਤੇ ਪੰਜਾਬੀ ਟ੍ਰਿਬਿਊਨ ਵਿੱਚ ਵੀ ਛਪਣ ਲੱਗ ਪਈਆਂ ਸਨ।ਉਹ ਬਿਨਾ ਕਿਸੇ ਜੁਗਾੜਬੰਦੀ ਜਾਂ ਬਿਨਾ ਕਿਸੇ ਸਿਫ਼ਾਰਸ਼ ਦੇ ਸਾਹਿਤਕ ਪਰਚਿਆਂ ਅਤੇ ਪੰਜਾਬ ਦੀਆਂ ਸਿਰਮੌਰ ਅਖ਼ਬਾਰਾਂ ਵਿੱਚ ਛਖ ਰਿਹਾ।ਉਹ ਫ਼ਿਲਮਾਂ ਤੇ ਬਹੁਤ ਚੰਗੇ ਆਰਟੀਕਲ ਲਿਖਦਾ ਸੀ। ਉਸਦੀ ਇਸ ਬਦੌਲਤ ਚੰਗੇ ਫਿਲਮਸਾਜ਼ ਕੋਲ ਉਸਦੇ ਲਿਖੇ ਆਰਟੀਕਲਾਂ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਸੀ।ਉਹ ਚੰਗਾ ਫ਼ਿਲਮ ਸਮੀਖਿਆਕਾਰ ਸੀ।

ਬਲਦੇਵ ਘਰ ਤੋਂ ਬਾਹਰ ਘੱਟ ਹੀ ਨਿਕਲਦਾ ਸੀ।ਉਹ ਕਦੇ ਆਵਾਰਾ ਨਹੀਂ ਘੁੰਮਦਾ ਸੀ।ਨਾ ਕਦੇ ਬਰੋਟੇ ਹੇਠ ਬੈਠਦੇ ਸੀ।ਹਾ ਅਕਸਰ ਹੀ ਉਹ ਸ਼ਾਮਾਂ ਨੂੰ ਆਪਣੇ ਘਰ ਦੇ ਦਰਵਾਜ਼ੇ ਵਿਚ ਖੜ੍ਹਾ ਮਿਲਦਾ ਸੀ।ਉਹ ਵੀਰਵਾਰ ਨੂੰ ਖ਼ਾਨਗਾਹ ਤੇ ਤੇਲ ਜ਼ਰੂਰ ਪਾਉਣ ਜਾਂਦਾ ਸੀ ਤੇ ਹਜ਼ਰਤ ਬਾਬਾ ਸ਼ੇਖ ਮੁਹੰਮਦ ਸਾਹਿਬ ਦੀ ਦਰਗਾਹ ਤੇ ਪ੍ਰਸ਼ਾਦ ਵੀ ਚੜਾਉਂਦਾ ਸੀ।ਉਸਦੀ ਮਾਤਾ ਨੈਣਾਂ ਦੇਵੀ ਵਿਚ ਵੀ ਆਸਥਾ ਸੀ। ਪਿੰਡ ਵਿੱਚ ਉਸਨੇ ਮਾਤਾ ਨੈਣਾਂ ਦੇਵੀ ਕਲੱਬ ਦਾ ਗਠਨ ਕੀਤਾ ਸੀ। ਉਸਨੇ ਰਣਜੀਤ ਸਿੰਘ ਨੂਰਪੁਰਾ ਨਾਲ ਰਾਏਕੋਟ ਵਿੱਚ ਨੂਰਾਮਾਹੀ ਸਾਹਿਤ ਸਭਾ ਵੀ ਬਣਾਈ ਸੀ। ਜਿੱਥੇ ਮੈਂ ਵੀ ਉਸ ਨਾਲ ਸਾਹਿਤਕ ਇਕੱਤਰਤਾਵਾਂ ਵਿਚ ਜਾਂਦਾ ਹੁੰਦਾ ਸੀ।

ਜਦੋਂ ਮੈਂ ਰਣਬੀਰ ਸਿੰਘ ਟੂਸੇ ਅਤੇ ਸਾਧੂ ਸਿੰਘ ਦਿਲਸ਼ਾਦ ਨਾਲ ਮਿਲ ਕੇ ਗੁਰੂਸਰ ਸੁਧਾਰ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਾਹਿਤਕ ਅਤੇ ਸੱਭਿਆਚਾਰਕ ਮੰਚ ਬਣਾਉਣ ਦੀ ਵਿਉਂਤਬੰਦੀ ਕੀਤੀ ਸੀ ਤਾਂ ਬਲਦੇਵ ਨੇ ਸਾਨੂੰ ਬਹੁਤ ਹੱਲਾਸ਼ੇਰੀ ਦਿੱਤੀ ਸੀ। ਜਦੋਂ ਵੀ ਮੈਂ ਲੇਖ਼ਕ ਸਾਥੀਆਂ ਵਲੋਂ ਸਹਿਯੋਗ ਦੀ ਘਾਟ ਦਾ ਗ਼ਿਲਾ ਬਲਦੇਵ ਕੋਲ ਕਰਦਾ ਤਾਂ ਬਲਦੇਵ ਕਹਿੰਦਾ,’ ਇਹ ਏਵੇਂ ਹੀ ਹੁੰਦਾ। ਕੰਮ ਕਰਨ ਵਾਲੇ ਤਾਂ ਇੱਕ ਦੋ ਹੀ ਹੁੰਦੇ ਨੇ।” ਇਸ ਮੰਚ ਦਾ ਬਾਅਦ ਵਿੱਚ ਉੱਥੋਂ ਪੁੱਟ ਕੇ ਮੁੱਲਾਂਪੁਰ ਵਿਖੇ ਲਗਾਇਆ ਗਿਆ ਸੀ।ਪਰ ਮੈਨੂੰ ਲੱਗਦਾ ਹੁਣ ਏਥੇ ਵੀ ਮੁਰਝਾਅ ਜਿਹਾ ਗਿਆ ਹੈ।

ਐਤਵਾਰ ਨੂੰ ਬਲਦੇਵ ਨੂੰ ਦੁਕਾਨ ਤੋਂ ਛੁੱਟੀ ਹੁੰਦੀ ਸੀ।ਪਰ ਉਹ ਅਖ਼ਬਾਰਾਂ ਲੈਣ ਲੲੀ ਐਤਵਾਰ ਸਵੇਰ ਸਾਰ ਹੀ ਮੁੱਲਾਂਪੁਰ ਚਲਾ ਜਾਂਦਾ। ਵਾਪਸੀ ਤੇ ਉਸਦੇ ਸਾਈਕਲ ਦੇ ਹੈਂਡਲ ਨਾਲ ਬੰਨ੍ਹੇ ਪਲਾਸਟਿਕ ਦੀ ਤਾਰਾਂ ਦੇ ਬਣੇ ਝੋਲੇ ਵਿੱਚ ਕੲੀ ਅਖ਼ਬਾਰ ਹੁੰਦੇ ਸਨ। ਹਿੰਦੀ ਤੇ ਪੰਜਾਬੀ ਦੇ।ਕਦੇ ਉਹ ਉਹ ਅੰਗਰੇਜ਼ੀ ਦਾ ‘ ਦਾ ਟ੍ਰਿਬਿਊਨ’ ਵੀ ਲਿਆਉਂਦਾ ਸੀ।  ਬਲਦੇਵ ਜਦੋਂ ਲਿਖਦਾ ਸੀ ਤਾਂ ਆਪਣੇ ਕੋਲ ਰੇਡੀਓ ਲਗਾਉਣਾ ਨਹੀਂ ਭੁੱਲਦਾ ਸੀ। ਉਹ ਅਕਾਸ਼ਬਾਣੀ ਜਲੰਧਰ ਤੋਂ ਆਪਣੀਆਂ ਕਹਾਣੀਆਂ ਨਾਲ ਪਾਠਕਾਂ ਨਾਲ ਸਾਂਝ ਪਾ ਚੁੱਕਾ ਸੀ। ਬਲਦੇਵ ਜੋ ਲਿਖਦਾ ਸੀ ਪਹਿਲਾਂ ਆਪਣੇ ਪਰਿਵਾਰ ਵਿੱਚ ਪੜ੍ਹ ਕੇ ਸੁਣਾਉਂਦਾ ਸੀ, ਫਿਰ ਛਪਣ ਲਈ ਭੇਜਦਾ ਸੀ। ਉਹ ਨਾਟਕ ਵੀ ਲਿਖਦਾ ਸੀ।ਉਸਦੀ ਇੱਛਾ ਸੀ ਕਿ ਉਸਦੇ ਨਾਟਕਾਂ ਦਾ ਫ਼ਿਲਮਾਂਕਣ ਹੋਵੇ ਪਰ ਅਜਿਹਾ ਨਹੀਂ ਹੋ ਸਕਿਆ। ਭਾਵੇਂ ਕਿ ਉਹ ਇਕ ਚੰਗਾ ਲੇਖਕ ਸੀ ਪਰ ਮੇਰੇ ਪਿੰਡ ਨੇ ਕਦੇ ਉਸ ਤੇ ਮਾਣ ਮਹਿਸੂਸ ਨਹੀਂ ਕੀਤਾ ਸੀ।

ਮੇਰੀਆਂ ਲਿਖਤਾਂ ਦਾ ਬਲਦੇਵ ਪਹਿਲਾ ਪਾਠਕ ਹੁੰਦਾ ਸੀ। ਮੈਂ ਬਹੁਤ ਚਾਅ ਨਾਲ ਰਚਨਾ ਲਿਖ ਕੇ ਉਸਨੂੰ ਝੱਟ ਦਿਖਾਉਣ ਜਾਂਦਾ ਹੁੰਦਾ ਸੀ।ਉਹ ਪੜ੍ਹ ਕੇ ਚੰਗੀ ਰਾਇ ਦਿੰਦਾ ਸੀ ਤੇ ਰਚਨਾ ਵਿੱਚ ਸੋਧ ਸੁਧਾਈ ਕਰ ਦਿੰਦਾ ਸੀ।ਜਿਸ ਸਦਕਾ ਮੈਂ ਅੱਜ ਦੋ ਕਿਤਾਬਾਂ ਦਾ ਰਚਨਹਾਰ ਬਣ ਸਕਿਆ ਹਾਂ। ਬਲਦੇਵ ਮੇਰਾ ਉਸਤਾਦ, ਆਲੋਚਕ ਅਤੇ ਸਾਹਿਤ ਦਾ ਖੇਤਰ ਰਾਹਨੁਮਾ ਸੀ। ਅੱਜ ਵੀ ਮੈਨੂੰ ਉਸਦੀ ਕਮੀ ਬੇਹੱਦ ਮਹਿਸੂਸ ਹੁੰਦੀ ਹੈ। ਬਲਦੇਵ ਨੇ ਸਾਹਿਤ ਦੇ ਵਿਸ਼ਾਲ ਅਕਾਸ਼ ਵਿੱਚ ਲੰਬੀ ਪਰਵਾਜ਼ ਭਰਨੀ ਸੀ ਪਰ ਅਫਸੋਸ ਕਿ ਪਿੰਡ ਦੇ ਨਾਮ ਨੂੰ ਰੁਸ਼ਨਾਉਣ ਜਾ ਰਿਹਾ ਬਲਦੇਵ ਜੋਬਨ ਰੁੱਤੇ ਹੀ 3 ਜੂਨ 2005 ਦੀ ਮਨਹੂਸ ਸ਼ਾਮ ਨੂੰ ਰੋਡ ਐਕਸੀਡੈਂਟ ਸਾਥੋਂ ਵਿਦਾ ਲੈ ਗਿਆ।ਬਲਦੇਵ ਕੈਂਥ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬਲਦੇਵ ਕੈਂਥ ਹਿੱਸੋਵਾਲ ਯਾਦਗਾਰੀ ਪੁਰਸਕਾਰ ਸ਼ੁਰੂ ਕੀਤਾ ਗਿਆ ਸੀ। ਪਰ ਕੁੱਝ ਕਾਰਨਾਂ ਕਰਕੇ ਇਸ ਪੁਰਸਕਾਰ ਵਿਚ ਲਗਾਤਾਰਤਾ ਨਹੀਂ ਬਣਾ ਸਕਿਆ ਹਾਂ। ਸੋਚ ਰਿਹਾ ਹਾਂ ਕਿ ਕਿਸੇ ਤਰੀਕੇ ਨਾਲ ਇਸ ਪੁਰਸਕਾਰ ਨੁੰ ਨਿਰਵਿਘਨ ਚਾਲੂ ਰੱਖਿਆ ਜਾ ਸਕੇ।

98783-30324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਮਤਾ ਦਾ ਕੀ ਅਰਥ ਹੈ?
Next articleਪਿਆਰ ਦੇ ਫੁੱਲ