ਡਿਪਟੀ ਕਮਿਸ਼ਨਰ ਨੇ ਗਰਮ ਰੁੱਤ ਦੀ ਸਬਜ਼ੀ ਬੀਜ ਕਿੱਟ ਕੀਤੀ ਜਾਰੀ
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸੰਤੁਲਿਤ ਖੁਰਾਕ ਵਿਚ ਸਬਜ਼ੀਆਂ ਦਾ ਖਾਸ ਮਹੱਤਵ ਹੈ। ਘਰ ਦੀ ਲੋੜ ਅਨੁਸਾਰ ਘਰ ਵਿਚ ਹੀ ਘਰੇਲੂ ਬਗੀਚੀ ਤਹਿਤ ਸਬਜ਼ੀਆਂ ਦੀ ਦਵਾਈਆਂ ਰਹਿਤ ਕਾਸ਼ਤ ਕਰਨੀ ਚਾਹੀਦੀ ਹੈ। ਇਸ ਨਾਲ ਇਕ ਤਾਂ ਆਮਦਨ ਵਿਚ ਵਾਧਾ ਹੋਵਾਗਾ, ਨਾਲ ਹੀ ਸ਼ੁੱਧ ਅਤੇ ਤਾਜ਼ੀ ਸਬਜ਼ੀ ਦਾ ਸੇਵਨ ਕਰਕੇ ਸਿਹਤ ਤੰਦਰੁਸਤ ਰੱਖੀ ਜਾ ਸਕਦੀ ਹੈ। ਕਿਉਂਕਿ ਸਬਜ਼ੀਆਂ ਤੋਂ ਖੁਰਾਕੀ ਤੱਤ ਭਰਪੂਰ ਮਾਤਰਾ ਵਿਚ ਮਿਲਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਰਾਜੇਸ਼ ਧੀਮਾਨ ਨੇ ਘਰੇਲੂ ਬਗੀਚੀ ਲਈ ਸਬਜ਼ੀ ਬੀਜ ਦੀ ਕਿੱਟ ਜਾਰੀ ਕਰਨ ਮੌਕੇ ਕੀਤਾ। ਉਨ੍ਹਾਂ ਬਾਗਬਾਨੀ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਘਰੇਲੂ ਬਗੀਚੀ ਸਕੀਮ ਤਹਿਤ ਦਿੱਤੀਆਂ ਜਾਣ ਵਾਲੀਆਂ ਗਰਮ ਰੁੱਤ ਦੀ ਸਬਜ਼ੀ ਬੀਜ ਦੀਆਂ ਮਿੰਨੀ ਕਿੱਟਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬਜ਼ੀਆਂ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ, ਖਣਿਜ, ਲੂਣ ਅਤੇ ਰੇਸ਼ੇ ਪਾਏ ਜਾਂਦੇ ਹਨ, ਜੋ ਕਿ ਮਨੁੱਖੀ ਸਰੀਰ ਵਿਚ ਬਿਮਾਰੀਆਂ ਪ੍ਰਤੀ ਲੜਣ ਦੀ ਸ਼ਕਤੀ ਨੂੰ ਵਧਾਉਂਦੀਆਂ ਹਨ। ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਬਜ਼ੀਆਂ ਘਰਾਂ ਵਿਚ ਪਈ ਖਾਲੀ ਥਾਂ ਜਾਂ ਖੇਤਾਂ ਵਿਚ ਉਗਾਈਆਂ ਜਾ ਸਕਦੀਆਂ ਹਨ। ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਫਰਵਰੀ-ਮਾਰਚ ਮਹੀਨੇ ਦੌਰਾਨ 1500 ਸਬਜ਼ੀ ਬੀਜ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਕਿੱਟਾਂ ਵਿਚ 10 ਕਿਸਮ ਦੇ ਸਬਜ਼ੀ ਬੀਜ, ਜਿਨ੍ਹਾਂ ਵਿਚ ਘੀਆ ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਘੀਆ ਤੋਰੀ, ਟੀਂਡਾ, ਕਰੇਲਾ, ਭਿੰਡੀ, ਲੋਬੀਆਂ, ਤਰ, ਖੀਰਾ ਹਨ। ਇਨ੍ਹਾਂ ਦੀ ਇਸ ਸਮੇਂ ਦੌਰਾਨ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ ਨਿਊਟਰੀਸ਼ਨ ਹੈਦਰਾਬਾਦ ਅਨੁਸਾਰ ਸੰਤੁਲਿਤ ਖੁਰਾਕ ਵਿਚ ਹਰ ਵਿਅਕਤੀ ਨੂੰ ਪ੍ਰਤੀ ਦਿਨ 380 ਗ੍ਰਾਮ ਸਬਜ਼ੀਆਂ ਅਤੇ 100 ਗ੍ਰਾਮ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਕ ਸਬਜ਼ੀ ਬੀਜ ਦੀ ਮਿੰਨੀ ਕਿੱਟ ਦੀ ਕੀਮਤ 80 ਰੁਪਏ ਹੈ। ਇਹ ਸਬਜ਼ੀ ਬੀਜ ਮਿੰਨੀ ਕਿੱਟਾਂ ਬਾਗਬਾਨੀ ਵਿਭਾਗ ਦੇ ਮੁੱਖ ਦਫਤਰ ਜਾਂ ਬਲਾਕਾਂ ਦੇ ਦਫ਼ਤਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਡਾ.ਪਰਮਜੀਤ ਸਿੰਘ, ਉਪ ਮੰਡਲ ਭੂਮੀ ਰੱਖਿਆ ਅਫਸਰ ਕ੍ਰਿਸ਼ਨ ਕੁਮਾਰ ਦੁੱਗਲ ਅਤੇ ਪੀ.ਏ.ਟੂ ਡੀ.ਸੀ ਜਸਵੀਰ ਸਿੰਘ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj