HOME ਬਹੁਜਨ ਨਾਇਕ ਕਾਂਸ਼ੀ ਰਾਮ ਤੇ ਉਨ੍ਹਾਂ ਦੀ ਪੰਜਾਬ ਰਾਜਨੀਤੀ

ਬਹੁਜਨ ਨਾਇਕ ਕਾਂਸ਼ੀ ਰਾਮ ਤੇ ਉਨ੍ਹਾਂ ਦੀ ਪੰਜਾਬ ਰਾਜਨੀਤੀ

1
ਸਾਹਿਬ ਕਾਂਸ਼ੀ ਰਾਮ ਜੀ
15 ਮਾਰਚ ਜਨਮ ਦਿਨ ’ਤੇ ਵਿਸ਼ੇਸ਼
ਐਸ ਐਲ ਵਿਰਦੀ ਐਡਵੋਕੇਟ
ਐਸ ਐਲ ਵਿਰਦੀ ਐਡਵੋਕੇਟ

   (ਸਮਾਜ ਵੀਕਲੀ)   ਮਹਾਂਪੁਰਸ਼ ਕਾਂਸ਼ੀ ਰਾਮ ਜੀ ਦਾ ਜਨਮ 15 ਮਾਰਚ 1934 ਨੂੰ ਪੰਜਾਬ ਦੇ ਜਿਲ੍ਹਾ ਰੋਪੜ ਦੇ ਪਿੰਡ ਖਵਾਸ ਪੁਰ ਵਿਖੇ ਦਲਿਤ ਪ੍ਰੀਵਾਰ ’ਚ ਹਰੀ ਸਿੰਘ ਦੇ ਘਰ, ਮਾਤਾ ਬਿਸ਼ਨ ਕੌਰ ਦੀ ਕੁੱਖੋਂ ਹੋਇਆ। ਮੁਢਲੀ ਸਿੱਖਿਆ ਪਿੰਡ ਤੋਂ ਪ੍ਰਾਪਤ ਕਰਨ ਉਪ੍ਰੰਤ ਉਨ੍ਹਾਂ 1956 ਵਿਚ ਬੀ. ਐਸ. ਸੀ. ਰੋਪੜ ਕਾਲਜ਼ ਤੋਂ ਕੀਤੀ। 1957 ਵਿਚ ਉਹ ਡਿਫੈਂਸ ਸਾਇੰਸ ਐਂਡ ਰੀਸਰਚ ਡੀਵੈਲਪਮੈਂਟ ਆਰਗੇਨਾਈਜੇਸ਼ਨ (4. S. R. 4. O.) ਵਲੋਂ ਲਏ ਗਏ ਇਕ ਮੁਕਾਬਲੇ ਦੇ ਇਮਤਿਹਾਨ ਵਿਚ ਬੈਠੇ ਤਾਂ ਪਾਸ ਹੋਣ ਉਪ੍ਰੰਤ ਉਨ੍ਹਾਂ ਬਤੌਰ ਸਾਇੰਟਿਸਟ ਐਕਸਪਲੋਸਿਵ ਰੀਸਰਚ, ਐਂਡ ਡੀਵੈਲਪਮੈਂਟ ਲੈਬੋਰਟਰੀ ਕਿਰਕੀ ਜਿਲ੍ਹਾ ਪੂਨਾ ਵਿਚ ਜੁਆਇਨ ਕਰ ਲਿਆ। ਉਨ੍ਹਾਂ ਦੀ ਇਕ ਮਸ਼ਹੂਰ ਸਾਇੰਸਦਾਨ ਬਣਨ ਦੀ ਇੱਛਾ ਸੀ। ਪ੍ਰੰਤੂ ਇੱਥੇ ਇੰਸਟੀਚਿਉਟ ਦੇ ਪ੍ਰਬੰਧਕਾਂ ਨੇ ਤਥਾਗਤ ਬੁੱਧ ਤੇ ਡਾ. ਅੰਬੇਡਕਰ ਦੇ ਜਨਮ ਦਿਨ ਦੀ ਛੁੱਟੀ ਬੰਦ ਕਰ ਦਿਤੀ ਤਾਂ ਵਿਰੋਧ ’ਚ ਹੋਏ ਅੰਦੋਲਨ ਨੇ ਉਨ੍ਹਾਂ ਦਾ ਜੀਵਨ ਹੀ ਬਦਲ ਦਿੱਤਾ।

ਕਾਂਸ਼ੀ ਰਾਮ ਜੀ ਡਾ. ਅੰਬੇਡਕਰ ਦੇ ਮਿਸ਼ਨ ਨੂੰ ਲੈ ਕੇ ਘਰੋ ਘਰੀਂ ਤੁਰ ਪਏ। ਉਨ੍ਹਾਂ ਮਹਾਂਰਾਸ਼ਟਰ ਦੇ ਸ਼ਹਿਰ ਨਾਗਪੁਰ ਨੂੰ ਆਪਣਾ ਹੈਡ ਕੁਆਟਰ ਬਣਾਕੇ ਆਪਣਾ ਸੰਘਰਸ਼ ਸ਼ੁਰੂ ਕਰ ਦਿੱਤਾ। 18-20 ਘੰਟੇ ਲਗਾਤਾਰ ਕੰਮ ਕਰਕੇ ਕਾਂਸ਼ੀ ਰਾਮ ਨੇ ਹਜ਼ਾਰਾਂ ਸਰਕਾਰੀ ਮੁਲਾਜਮਾਂ ਨੂੰ ਇਕੱਠੇ ਕਰਕੇ 6 ਦਸੰਬਰ 1978 ਨੂੰ ਬਾਮਸੇਫ ਨਾਂ ਦਾ ਸੰਗਠਨ ਬਣਾਇਆ।। ਫਿਰ ਉਨ੍ਹਾਂ 6 ਦਸੰਬਰ 1981 ਵਿਚ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸੰਮਤੀ (ਡੀ.ਐੱਸ.ਫੋਰ.) ਬਣਾਈ। ਫਿਰ ਡਾ. ਅੰਬੇਡਕਰ ਦੇ ਕਾਰਵੇਂ ਨੂੰ ਮੰਜ਼ਲੇ ਮਕਸੂਦ ’ਤੇ ਪਹੁੰਚਾਉਣ ਲਈ ਉਨ੍ਹਾਂ ਨੇ 14 ਅਪ੍ਰੈਲ 1984 ਨੂੰ ਬਹੁਜਨ ਸਮਾਜ ਪਾਰਟੀ ਬਣਾ ਲਈ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿਚ ਕੌਮੀ ਪੱਧਰ ਦੀਆਂ ਸੱਤ ਰਾਜਨੀਤਕ ਪਾਰਟੀਆਂ ਹਨ। ਇਹ ਸਾਰੀਆਂ ਪਾਰਟੀਆਂ ਉੱਚ ਜਾਤੀਏ ਮਨੂੰਵਾਦੀਆਂ ਦੁਆਰਾ ਚਲਾਈਆਂ ਜਾ ਰਹੀਆਂ ਹਨ। ਉਹ ਉੱਚ ਜਾਤੀਆਂ ਆਪਣੇ ਰਾਜ ਨੂੰ ਬਚਾਉਣ ਲਈ ਵਿਉਂਤਬੰਦ ਤਰੀਕੇ ਨਾਲ ਆਪਣੀਆਂ ਪਾਰਟੀਆਂ ਨੂੰ ਕੰਟਰੋਲ ਕਰਦੀਆਂ ਹਨ। ਦਲਿਤ ਸ਼ੋਸਿਤ ਮਜ਼ਦੂਰ ਸਮਾਜ ਆਪਣੀਆਂ 85% ਵੋਟਾਂ ਦੇ ਬਾਵਜੂਦ ਵੀ ਬੇਵੱਸ ਹੈ। ਵਿਵਸਥਾ ਪ੍ਰੀਵਰਤਨ ਲਈ ਕਾਂਸ਼ੀ ਰਾਮ ਜੀ ਨੇ ਲਗਾਤਾਰ ਸੰਘਰਸ਼ ਤੇ ਸੰਘਰਸ਼ ਕੀਤਾ। ਦੇਸ਼ ਭਰ ਵਿਚ ਸਾਈਕਲ ਮਾਰਚ ਕੀਤੇ।
ਬਹੁਜਨ ਸਮਾਜ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦਾ ਦਾਇਰਾ ਵਧਾਉਣ ਲਈ ਕਾਂਸ਼ੀ ਰਾਮ ਜੀ ਨੇ ਬਹੁਜਨ ਸਮਾਜ ਦੇ ਦੂਸਰੇ ਬੜੇ ਅੰਗ ਜਿਸ ਨੂੰ ਓ. ਬੀ. ਸੀ. ਜਾਂ ਦੂਜਾ ਪੱਛੜਾ ਵਰਗ ਕਿਹਾ ਜਾਂਦਾ ਨੂੰ ਸਾਥ ਜੋੜਨ ਲਈ ਮੰਡਲ ਕਮਿਸ਼ਨ ਅੰਦੋਲਨ ਸ਼ੁਰੂ ਕਰ ਦਿੱਤਾ। ਮੰਡਲ ਕਮਿਸ਼ਨ ਦਾ ਸੰਖੇਪ ਇਤਿਹਾਸ ਇਹ ਹੈ ਕਿ 1977 ਵਿਚ ਜਨਤਾ ਪਾਰਟੀ ਨੇ ਪਾਰਲੀਮਾਨੀ ਚੋਣਾਂ ਸਮੇਂ ਆਪਣੇ ਚੋਣ ਮੈਨੀਫੇਸਟੋ ਅਨੁਸਾਰ ਵਿਚ 20 ਦਸੰਬਰ 1978 ਨੂੰ ਸ੍ਰੀ ਬਿੰਦੇਸ਼ਵਰੀ ਪ੍ਰਸ਼ਾਦ ਮੰਡਲ ਦੀ ਪ੍ਰਧਾਨਗੀ ਹੇਠ ਇਕ ਕਮਿਸ਼ਨ ਬਿਠਾਇਆ ਸੀ, ਜੋ ਬਾਅਦ ਵਿਚ ਮੰਡਲ ਕਮਿਸ਼ਨ ਦੇ ਨਾਮ ਨਾਲ ਮਸ਼ੂਹਰ ਹੋਇਆ। ਮੰਡਲ ਕਮਿਸ਼ਨ ਨੇ ਆਪਣੀ ਰਿਪੋਰਟ ’ਚ ਇਸ ਦੇਸ਼ ਵਿੱਚ 3743 ਜਾਤੀਆਂ ਦੀ ਪਛਾਣ ਕੀਤੀ ਜਿਨ੍ਹਾਂ ਨੂੰ ਪੱਛੜੀਆਂ ਜਾਤੀਆਂ ਮੰਨਿਆ ਗਿਆ। ਪ੍ਰੰਤੂ ਕੇਂਦਰ ਦੀ ਸਰਕਾਰ ਇਨ੍ਹਾਂ ਚੋਂ ਇੱਕ ਵੀ ਜਾਤੀ ਨੂੰ ਪੱਛੜੀ ਮੰਨਣ ਲਈ ਤਿਆਰ ਨਹੀਂ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਪੱਛੜੀਆਂ ਜਾਤੀਆਂ ਵਿੱਚ 88 ਜਾਤੀਆਂ ਮੁਸਲਮਾਨ ਸਮਾਜ ਨਾਲ ਸਬੰਧਤ ਹਨ। ਕਮਿਸ਼ਨ ਨੇ ਪਿਛੜੀਆਂ ਜਾਤੀਆਂ ਦੀ ਬੇਹਤਰੀ ਲਈ 40 ਸਿਫਾਰਸ਼ਾਂ ਕੀਤੀਆਂ ਹਨ। ਜਿਨ੍ਹਾਂ ਵਿਚ 52 ਪ੍ਰੀਸ਼ਤ ਬੈਕਵਰਡ ਜਾਤੀਆਂ ਨੂੰ ਉਨ੍ਹਾਂ ਦੀ ਅਬਾਦੀ ਅਨੁਸਾਰ ਰਿਜ਼ਰਵੇਸ਼ਨ ਦੇਣ ਦੀ ਵਿਸ਼ੇਸ਼ ਸਿਫ਼ਾਰਸ਼ ਕੀਤੀ ਗਈ ਹੈ, ਪਰ ਵੀ ਪੀ ਸਿੰਘ ਦੀ ਸਰਕਾਰ ਆਪਣਾ ਵਾਇਦਾ ਪੂਰਾ ਨਹੀ ਕਰ ਰਹੀ ਹੈ।
ਮਾਨੇਵਰ ਕਾਂਸ਼ੀ ਰਾਮ ਨੇ ਮੰਡਲ ਕਮਿਸ਼ਨ ਨੂੰ ਲਾਗੂ ਕਰਾਉਣ ਲਈ ਬਹੁਜਨ ਸਮਾਜ ਪਾਰਟੀ ਵਲ੍ਹੋਂ 1 ਅਗਸਤ ਤੋਂ 30 ਅਗਸਤ 1989 ਤੱਕ ਬੋਟ ਕਲੱਬ ਉਤੇ ਧਰਨਾ ਅਤੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰ ਦਿੱਤਾ। 1989 ਵਿੱਚ ਸੈਂਟਰ ’ਚ ਜਨਤਾ ਦਲ ਤੇ ਰਾਸ਼ਟਰੀ ਮੋਰਚੇ ਦੀ ਸਰਕਾਰ ਨੇ ਬਹੁਜਨ ਸਮਾਜ ਪਾਰਟੀ ਦੇ ਅੰਦੋਲਨ ਕਾਰਨ, ਜਿਉਂ ਹੀ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਤਾਂ ਵਿਰੋਧੀ ਪਾਰਟੀਆਂ ਨੇ ਉੱਚ ਜਾਤੀ ਵਿਦਿਆਰਥੀਆਂ ਨੂੰ ਭੜਕਾ ਕੇ ਦੇਸ਼ ਵਿਚ ਸਾੜ ਫੂਕ ਅਤੇ ਆਤਮ ਹੱਤਿਆਵਾਂ ਦਾ ਸਿਲਸਿਲਾ ਸ਼ੁਰੂ ਕਰਵਾ ਦਿੱਤਾ। ਦੇਸ਼ ਦੀ ਮਾਨਯੋਗ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਮੰਡਲ ਕਮਿਸ਼ਨ ਦੇ ਲਾਗੂ ਕਰਨ ’ਤੇ ਪਾਬੰਦੀ ਲਾ ਦਿੱਤੀ। ਫਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਡਲ ਕਮਿਸ਼ਨ ਤੋਂ ਲੋਕਾਂ ਦਾ ਧਿਆਨ ਹੋਰ ਪਾਸੇ ਲਿਜਾਣ ਲਈ-ਰਾਮ, ਰੋਟੀ ਔਰ ਇਨਸਾਫ ਦਾ ਨਾਹਰਾ ਦੇ ਕੇ ਆਪਣੇ ਹਿੰਦੂਤਤ ਦੇ ਲਕਸ਼ ਨੂੰ ਉਭਾਰਨਾ ਪ੍ਰਚੰਡ ਕਰ ਦਿੱਤਾ ਤਾਂ ਮੰਡਲ ਕਮਿਸ਼ਨ ਦਾ ਮੁੱਦਾ ਠੰਡੇ ਬਸਤੇ ’ਚ ਚਲਾ ਗਿਆ।
ਬਹੁਜਨ ਸਮਾਜ ਪਾਰਟੀ ਦੇ ਸਮਾਜਿਕ, ਆਰਥਿਕ ਮੁਕਤੀ ਅੰਦੋਲਨ ਕਾਰਨ ਵੱਖ-ਵੱਖ ਜਾਤੀਆਂ ’ਚ ਵੰਡਿਆ ਗਿਆ ਬਹੁਜਨ ਮੁੜ ਇਕੱਠਾ ਹੋਣ ਲੱਗ ਪਿਆ ਸੀ। ਪਿੱਛੜੀਆਂ ਸ਼੍ਰੇਣੀਆਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਲੱਗ ਪਈਆਂ ਸਨ। ਕਾਂਸ਼ੀ ਰਾਮ ਦੇ ਬਹੁਜਨ ਅੰਦੋਲਨ ਕਾਰਨ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਦੰਗਿਆਂ ਨੂੰ ਠੱਲ ਪੈਣ ਲੱਗ ਪਈ। ਦਲਿਤ ਸਮਾਜ ਅੰਗੜਾਈਆਂ ਲੈਣ ਲੱਗ ਪਿਆ। ਕਾਂਸ਼ੀ ਰਾਮ ਦੀ ਲਹਿਰ ਮਨੂੰਵਾਦ ਲਈ ਦਿਨੋ ਦਿਨ ਖ਼ਤਰਾ ਬਣਦੀ ਜਾ ਰਹੀ ਸੀ।
ਬਸਪਾ ਸੁਪਰੀਮੋ ਕਾਂਸ਼ੀ ਰਾਮ ਨੇ ਐਲਾਨੀਆ ਕਿਹਾ ਕਿ ਉਨ੍ਹਾਂ ਦੇ ਜੀਵਨ ਦਾ ਇੱਕੋ ਇੱਕ ਨਿਸ਼ਾਨਾ ਮਨੂੰਵਾਦ ਨੂੰ ਮੱਧਮ ਪਾ ਕੇ ਦੇਸ਼ ’ਚ ਮਾਨਵਤਾ ਦਾ ਬੋਲਬਾਲਾ ਕਾਇਮ ਕਰਨਾ ਹੈ। ਸਿੱਟੇ ਵੱਜੋਂ ਮਨੂੰਵਾਦੀ ਤਾਕਤਾਂ ਕਾਂਸ਼ੀ ਰਾਮ ਦੇ ਦੇਸ਼ ਵਿਆਪੀ ਸ਼ਾਂਤਮਈ ਅੰਦੋਲਨ ਤੋਂ ਭੈਅ ਭੀਤ ਹੋ ਗਈਆਂ। ਕੇਂਦਰ ਵਿੱਚ ਰਾਜਸੀ ਸਮੀਕਰਨ ਵਿਗੜਨ ਲੱਗ ਪਏ ਸਨ। ਪਾਰਟੀਆਂ ਅੰਦਰ ਨਵੇਂ ਸਿਰੇ ਤੋਂ ਧਰੁਵੀਕਰਨ ਹੋ ਰਿਹਾ ਸੀ। ਕਾਂਸ਼ੀ ਰਾਮ ਦੀ ਦੂਰ ਅੰਦੇਸ਼ੀ ਅਤੇ ਰਾਜਸੀ ਸੂਝ-ਬੂਝ ਸਦਕਾ ਸਿਆਸੀ ਦੀਆਂ ਗਿਣਤੀਆਂ-ਮਿਣਤੀਆਂ ਵਿਗੜ ਗਈਆਂ ਸਨ। ਇੱਕੋ ਪਾਰਟੀ ਦੀ ਮਜ਼ਬੂਤ ਸਰਕਾਰ ਬਣਨ ਦੇ ਦਿਨ ਲੱਦ ਗਏ ਸਨ। ਵੱਖ ਵੱਖ ਵਿਚਾਰਾਂ ਦੀਆਂ ਪਾਰਟੀਆਂ ਨੂੰ ਜੋੜ ਕੇ ਬਣੀਆਂ ਮਜ਼ਬੂਰ ਸਰਕਾਰਾਂ ਦਾ ਦੌਰ ਸ਼ੁਰੂ ਹੋ ਗਿਆ ਸੀ।
ਮਾਨਯੋਗ ਕਾਂਸ਼ੀ ਰਾਮ ਨੇ ਜਦ 1993 ਵਿੱਚ ਸਿਧਾਂਤਕ ਸਮਝੌਤੇ ਰਾਂਹੀ ਬੈਕਵਾਰਡ ਮੁਲਾਇਮ ਸਿੰਘ ਨਾਲ ਸਮਝੌਤਾ ਕਰਕੇ ਉੱਤਰ ਪ੍ਰਦੇਸ਼ ਵਿੱਚੋਂ ਮਨੂੰਵਾਦੀ ਰਾਜ ਨੂੰ ਉਖਾੜ ਕੇ ਯੂ. ਪੀ ’ਚ ਪਹਿਲੀ ਵਾਰ ਸਮਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਸਰਕਾਰ ਬਣਾਈ ਤਾਂ ਮਨੂੰਵਾਦੀਆਂ ਦੇ ਹੋਸ਼ ਉਡ ਗਏ। ਮੰਡਲ ਕਮਿਸ਼ਨ ਲਾਗੂ ਹੋਇਆ। ਬਹੁਜਨਾਂ ਨੂੰ ਰਾਜ ਭਾਗ ਵਿਚ ਭਾਗੇਦਾਰੀ ਮਿਲੀ। ਯੂ. ਪੀ ’ਚ ਦਲਿਤਾਂ ਨੂੰ ਜ਼ਮੀਨਾਂ ਦੇ ਕਬਜੇ ਦੁਵਾਏ, ਬਹੁਜਨ ਮਹਾਂਪੁਰਸ਼ਾਂ ਦੇ ਨਾਮਾ ’ਤੇ ਯਾਦਗਾਰਾਂ ਬਣੀਆ।
ਜੂਨ1995 ’ਚ ਗਿੱਦੜਬਾਹਾ ਹਲਕੇ ਵਿੱਚ ਜ਼ਿਮਨੀ ਚੋਣ ਹੋਈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਹ ਚੋਣ ਮੁੱਖ ਵਿਰੋਧੀ ਪਾਰਟੀ ਵਜੋਂ ਲੜੀ। ਬਹੁਜਨ ਸਮਾਜ ਪਾਰਟੀ ਨੇ ਬਿਨਾਸ਼ਰਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਮਾਇਤ ਕੀਤੀ, ਸਿੱਟੇ ਵਜੋਂ ਅਕਾਲੀ ਦਲ ਬਾਦਲ ਇਹ ਸੀਟ ਗਿਆ। ਇਸ ਜਿੱਤ ਕੇ ਪੰਜਾਬ ਵਿਚ ਅੰਦਰ ਖੁਸ਼ੀ ਦੀ ਲਹਿਕ ਫੈਲਾਅ ਦਿੱਤੀ। ਜਿਸ ਤੋਂ ਉਤਸ਼ਾਹਿਤ ਹੋ ਕੇ ਮਈ, 1996 ਦੀ ਆਮ ਸੰਸਦੀ ਚੋਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਸਾਂਝਾ ਚੋਣ ਗਠਜੋੜ ਕਰਕੇ ਲੜੀ ਗਈ। ਪੰਜਾਬੀਆਂ ਨੇ ਇਸ ਗਠਜੋੜ ਨੂੰ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਸਿਧਾਂਤਿਕ ਗਠਜੋੜ ਮੰਨਦਿਆਂ ਇਸ ਦੇ ਬੜੇ ਸਾਰਥਕ ਨਤੀਜੇ ਸਾਹਮਣੇ ਲਿਆਂਦੇ। ਪੰਜਾਬ ਦੀਆਂ ਕੁੱਲ 13 ਸੰਸਦੀ ਸੀਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਠ ਅਤੇ ਬਹੁਜਨ ਸਮਾਜ ਪਾਰਟੀ ਨੇ ਤਿੰਨ ਸੰਸਦੀ ਸੀਟਾਂ ’ਤੇ ਜਿੱਤ ਹਾਸਲ ਕਰ ਲਈ। ਬਸਪਾ ਮੁਖੀ ਕਾਂਸ਼ੀ ਰਾਮ ਹੁਸ਼ਿਆਰਪੁਰ ਦੀ ਜਨਰਲ ਸੀਟ ਤੋਂ ਚੋਣ ਜਿੱਤੇ। ਦੂਜੀ ਫਿਲੌਰ (ਰਿਜ਼ਰਵ) ਸੀਟ ਅਤੇ ਫਿਰੋਜ਼ਪੁਰ ਸੰਸਦੀ ਸੀਟ ਜਿੱਤੀ। ਲੰਮੇ ਸਮੇਂ ਤੋਂ ਰਾਜ ਕਰਦੀ ਕਾਂਗਰਸ ਪਾਰਟੀ ਮਾਝੇ ਦੀਆਂ ਕੇਵਲ ਦੋ ਸੀਟਾਂ ਅੰਮਿ੍ਰਤਸਰ ਤੇ ਗੁਰਦਾਸਪੁਰ ਤੱਕ ਸਿਮਟ ਕੇ ਰਹਿ ਗਈ।
ਅਜ਼ਾਦੀ ਤੋਂ ਬਾਅਦ ਬਸਪਾ ਮੁਖੀ ਕਾਂਸ਼ੀ ਰਾਮ ਨੇ ਪਹਿਲੀ ਵਾਰ ਦਲਿਤਾਂ ਅਤੇ ਗ਼ੈਰ ਦਲਿਤਾਂ ਨੂੰ ਇਸ ਸਾਂਝੇ ਗਠਜੋੜ ਵਿੱਚ ਲਾਮਬੰਦ ਕੀਤਾ। ਕਾਂਗਰਸ ਦੀ ਦਲਿਤਾਂ ਅਤੇ ਗ਼ੈਰ ਦਲਿਤਾਂ ਨੂੰ ਵੰਡਣ ਵਾਲੀ ਰਣਨੀਤੀ ਨੂੰ ਠਲ੍ਹ ਪਈ ਸੀ, ਜਿਸ ਦਾ ਅਕਾਲੀ ਦਲ ਨੂੰ ਵਧੇਰੇ ਲਾਭ ਹੋਇਆ। ਕਈ ਲੋਕ ਕਾਂਗਰਸ ਨੂੰ ਛੱਡ ਕੇ ਆਪਣੇ ਸੈਂਕੜੇ ਸਮਰਥਕਾਂ ਸਮੇਤ ਅਕਾਲੀ ਦਲ ਵਿੱਚ ਆਏ ਅਤੇ ਅਕਾਲੀ ਦਲ ਬਾਦਲ ਵੱਲੋਂ ਚੋਣ ਲੜਕੇ ਜਿੱਤੇ ਵੀ ਸਨ। ਪਹਿਲੀ ਵਾਰ  ਅਕਾਲੀ ਦਲ ਨੇ ਗ਼ੈਰ ਸਿੱਖ, ਖ਼ਾਸ ਕਰ ਦੁਆਬੇ ਦੇ ਦਲਿਤਾਂ ਨਾਲ ਜੋੜਨ ਵਿੱਚ ਸਫਲਤਾ ਹਾਸਲ ਕੀਤੀ। ਅਕਾਲੀ-ਬਸਪਾ ਗਠਜੋੜ ਕਾਰਨ ਪੰਜਾਬ ’ਚ ਨਵਾਂ ਭਾਈਚਾਰਾ ਪ੍ਰਫੁੱਲਤ ਹੋਣ ਲੱਗਾ। ਅਜ਼ਾਦੀ ਤੋਂ ਬਾਅਦ ਅਕਾਲੀ ਦਲ ਦੀ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਥਿਤੀ ਕਦੀ ਵੀ ਇੰਨੀ ਮਜ਼ਬੂਤ ਨਹੀਂ ਹੋਈ ਸੀ, ਜਿੰਨੀ ਕਿ ਇਸ ਗੱਠਜੋੜ ਨਾਲ ਮਜਬੂਤ ਹੋਈ। ਬੇਵਿਸ਼ਵਾਸੀ ਦੇ ਐਸੇ ਮਹੌਲ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਕੇਂਦਰ ਤੋਂ ਪੰਜਾਬ ਅਤੇ ਪੰਥਕ ਹਿੱਤਾਂ ਲਈ ਬਹੁਤ ਕੁਝ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਆ ਗਿਆ ਸੀ।
ਕੇਂਦਰ ਵਿੱਚ ਦੇਵਗੌੜਾ ਦੀ 1996-97 ਵਿਚ ਸਰਕਾਰ ਬਣੀ। ਭਾਜਪਾ ਨੇ ਗਿਣਤੀਆਂ-ਮਿਣਤੀਆਂ ਕਰਕੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਨਾਲ ਜੋੜ ਲਿਆ। ਅਕਾਲੀ ਦਲ ਨੇ ਗੌੜਾ ਸਰਕਾਰ ਤੋਂ ਹਮਾਇਤ ਵਾਪਿਸ ਲੈ ਕੇ ਭਾਜਪਾ ਨੂੰ ਦੇ ਦਿੱਤੀ। ਅਜਿਹਾ ਕਰਕੇ ਅਕਾਲੀ ਦਲ ਬਾਦਲ ਨੇ ਸੰਸਦ ਅਤੇ ਕੌਮੀ ਸਿਆਸਤ ਵਿੱਚ ਵੱਧ ਅਧਿਕਾਰਾਂ ਲਈ ਲੜਨ ਵਾਲੇ ਰੁਤਵੇ ਨੂੰ ਸਾਰਿਆਂ ’ਚੋਂ ਗਵਾ ਲਿਆ। ਜਿਸ ਕਰਕੇ ਅਕਾਲੀ ਦਲ ਦੇ ਵਿਚਾਰਧਾਰਕ ਸਹਿਯੋਗੀ ਜਨਤਾ ਦਲ, ਸਮਾਜਵਾਦੀ ਪਾਰਟੀ, ਤੇਲਗੂਦੇਸ਼ਮ, ਡੀ.ਐਮ.ਕੇ. ਆਦਿ ਉਸ ਦੇ ਵਿਰੋਧੀ ਬਣ ਗਏ। ਜੇ ਅਕਾਲੀ ਦਲ ਬਾਦਲ ਤੇ ਬਸਪਾ ਦੇ 19 ਸਾਂਸਦ ਮਾਨੇਵਰ ਕਾਂਸ਼ੀ ਰਾਮ ਜੀ ਦੀ ਅਗਵਾਈ ਵਿੱਚ ਇਕੱਠੇ ਰਹਿੰਦੇ ਤਾਂ ਦੇਸ਼ ਦੀ ਰਾਜਨੀਤੀ ਦਾ ਚਿਹਰਾ-ਮੁਹਰਾ ਸਰਬੱਤ ਦੇ ਭਲੇ ਵਾਲਾ ਹੋਣਾ ਸੀ।
ਜੇਕਰ ਅਕਾਲੀ ਦਲ ਦੀ ਲੀਡਰਸ਼ਿਪ ਦੂਰ-ਅੰਦੇਸ਼ੀ ਸੋਚ ਅਪਣਾ ਕੇ ਪੰਜਾਬ ਦੇ ਜੰਮਪਲ ਤੇ ਸਿੱਖ ਹਿਤੈਸ਼ੀ ਮਜ਼ਬੂਤ ਇਰਾਦੇ ਵਾਲੇ ਬਸਪਾ ਮੁੱਖੀ ਕਾਂਸ਼ੀ ਰਾਮ ਨਾਲ ਡਟਕੇ ਖੜ੍ਹੀ ਰਹਿੰਦੀ ਤਾਂ ਦੇਸ਼ ਦਾ ਸਿਆਸੀ ਵਾਤਾਵਰਨ ਬਿਲਕੁਲ ਹੋਰ ਹੋਣਾ ਸੀ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਚੋਣ ਸਮਝੌਤਾ ਕਰ ਲਿਆ, ਬੇਸ਼ਕ ਨੇ 75 ਸੀਟਾਂ ਲੈ ਕੇ ਬਹੁਮਤ ਲੈ ਗਿਆ ਪਰ ਭਾਰਤੀ ਜਨਤਾ ਪਾਰਟੀ (ਭਾਜਪਾ) 2 ਐਮ ਐਲ ਏ ਤੋਂ 18 ਐਮ ਐਲ ਏ ਬਣਾ ਗਈ। ਇਸ ਤੋਂ ਬਾਅਦ ਮਾਨੇਵਰ ਕਾਂਸ਼ੀ ਰਾਮ ਬਿਮਾਰ ਪੈ ਗਏ ਅਤੇ 2006 ਵਿਚ ਉਨ੍ਹਾਂ ਦੀ ਮੌਤ ਹੋ ਗਈ।
ਬਹੁਜਨ ਨਾਇਕ ਕਾਂਸ਼ੀ ਰਾਮ ਨੇ ਹਜਾਰਾਂ ਜਾਤਾਂ ਵਿਚ ਵੰਡੇ ਭਾਰਤੀ ਸਮਾਜ ਨੂੰ ਬਹੁਜਨ ਸਮਾਜ ਦਾ ਅਹਿਸਾਸ ਕਰਵਾ ਕੇ, ਸਦੀਆਂ ਤੋਂ ਜੋਰਾਵਰਾਂ ਅੱਗੇ ਜੁੜਦੇ ਹੱਥਾਂ ਨੂੰ ਸੰਘਰਸ਼ ਪ੍ਰਤੀ ਸੇਧਤ ਕਰ ਦਿੱਤਾ। ਉਹ ਗਰੀਬ ਗੁਰਬਿਆਂ ਦੇ ਬੇਤਾਜ ਬਾਦਸ਼ਾਹ ਬਣੇ ਰਹੇ। ਜਿਸ ਰਾਜਸੱਤਾ ਨੂੰ ਕਾਮਰੇਡ ਆਪਣੇ ਕੇਡਰ ਨੂੰ 75 ਸਾਲ ਵਿਚ ਵੀ ਨਹੀਂ ਸਮਝਾ ਸਕੇ ਉਹ ਉਨ੍ਹਾਂ ਬਹੁਜਨ ਸਮਾਜ ਨੂੰ 15 ਸਾਲਾਂ ਵਿਚ ਸਮਝਾ ਦਿੱਤੀ ਕਿ ਵੋਟ ਹਮਾਰਾ, ਰਾਜ ਤੁਮਹਾਰਾ-ਨਹੀ ਚਲੇਗਾ! ਨਹੀ ਚਲੇਗਾ!! ਕਾਂਸ਼ੀ ਰਾਮ ਦੀ ਇਹ ਗੱਲ ਜਿਮੀਦਾਰਾਂ ਦਾ ਸੀਰੀ ਘੋਲੀ ਵੀ ਸਮਝਦਾ ਹੈ ਤੇ ਸਦੀਆਂ ਤੋਂ ਸਿਰ ’ਤੇ ਸਵਰਨਾਂ ਦਾ ਗੰਦ ਢੋਣ ਵਾਲੀ ਘੱਕੋ ਵੀ ਸਮਝਦੀ ਹੈ ਕਿ ਵੇਟ ਹਮਾਰਾ-ਰਾਜ ਤੁਮਹਾਰਾ ਨਹੀ ਚਲੇਗਾ। ਇਸ ਲਈ ਸਚਮੁੱਚ ਹੀ ਮਾਨਯੋਗ ਕਾਂਸ਼ੀ ਰਾਮ ਮਹਾਂਪੁਰਸ਼ ਸਨ।
ਜੀ ਟੀ ਰੋਡ, ਸਿਵਲ ਕੋਰਟਸ, ਫਗਵਾੜਾ
ਮੋ. 98145 17499
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਾਕ ਆਫਿਸ ਖੈੜਾ ਦੋਨਾ ਵਿਖੇ ਡਾਕ ਵਿਭਾਗ ਵੱਲੋਂ ਜਾਗਰੂਕਤਾ ਸੈਮੀਨਾਰ ਆਯੋਜਿਤ
Next articleਟਰੰਪ ਨੇ ਈਰਾਨ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ, ਸੁਪਰੀਮ ਲੀਡਰ ਬਾਰੇ ਕਿਹਾ: “ਮੁਜਤਬਾ ਸ਼ਾਇਦ ਜ਼ਿੰਦਾ ਨਹੀਂ ਹੈ।”