ਬਹਿਰੂਪੀਏ

(ਸਮਾਜ ਵੀਕਲੀ) 
ਠੱਗ ਬਹਿਰੂਪੀਏ ਚਾਰ ਚੁਫੇਰੇ
ਰੂਪ  ਬਣਾਕੇ  ਫਿਰਨ  ਘਣੇਰੇ ,
ਆਉਂਦੀ ਨਹੀਂ ਪਛਾਣ ਕਿਸੇ ਦੀ
ਉਜਲੇ  ਬਸਤਰ  ਬੋਲ  ਮਿਠੇਰੇ ।
ਧਰਮ ਕਰਮ ਦੀ ਆੜ ਸੁਨਹਿਰੀ
ਲੋਕਾਂ  ਦੇ ਮਨ ਛਾਪ ਹੈ ਗਹਿਰੀ ,
ਲੋਕ-ਪਰਲੋਕ  ਸੁਹੇਲਾ  ਹੋ ਜਾਏ
ਜੀਵਨ ਚਾਹੇ ਬਣ ਜਾਏ ਜ਼ਹਿਰੀ ।
ਰਾਜਨੀਤੀ ਵਿੱਚ ਸਭ ਤੋਂ ਵੱਧ ਨੇ
ਇਹ ਬਹਿਰੂਪੀਏ ਅੱਧੋ ਅੱਧ ਨੇ ,
ਹੁਣ  ਨਹੀਂ  ਕੋਈ  ਖਾਂਦਾ ਘਾਟਾ
ਹਿੱਸਾ ਲੈਂਦੇ ਪਹਿਲੋਂ  ਈ ਕੱਢ ਨੇ ।
ਕਿਸ  ਉੱਤੇ  ਇਤਬਾਰ  ਕਰੋਗੇ
ਜੀਵਨ  ਹੀ  ਦੁਸ਼ਵਾਰ  ਕਰੋਗੇ ,
ਆਸਤੀਨ ਦਾ ਸੱਪ ਹੀ ਨਿੱਕਲੂ਼
ਜਿਸ ਨਾਲ਼ ਅੱਖਾਂ ਚਾਰ ਕਰੋਗੇ ।
ਸਮਾਜ ਸੇਵਾ ਦਾ ਨਵਾਂ ਹੀ ਫੰਡਾ
ਦਫ਼ਤਰ  ਛੋਟ  ਤੇ  ਵੱਡਾ  ਝੰਡਾ ,
ਲੱਭਣ  ਅੰਨ੍ਹੇ  ਗੱਠ  ਦੇ  ਪੂਰੇ
ਨਾਮ  ਦਾਨ  ਰੋਜ਼ੀ  ਦਾ  ਧੰਧਾ ।
ਖੇਤਰ ਸਿਹਤ ਦਾ ਬੜਾ ਨਿਰਾਲਾ
ਐਲੋ ਹੋਮੀਓ ਚਾਹੇ ਦੇਸੀ ਵਾਲ਼ਾ ,
ਸਾਰੇ ਮਿੱਠੀਆਂ ਪੁੜੀਆਂ ਵੰਡਣ
ਆਪਣੀ ਦੱਸਣ ਸਭ ਤੋਂ ਆਹਲਾ ।
ਸ਼ਿੰਦਾ ਬਾਈ 
Previous articleਸ਼ੁਭ ਸਵੇਰ ਦੋਸਤੋ
Next article*ਲ਼*ਪੈਰ ਬਿੰਦੀ