ਬਗਲਿਆਂ ਦੀ ਮੀਟਿੰਗ ਵਿਚ ਪਾਸ ਹੋਇਆ ਕਿਉਂ ਨਾ ਆਪਾਂ ਵੀ ਆਪਣੀ ਰਾਜਨੀਤਕ ਪਾਰਟੀ ਰਜਿਸਟਰਡ ਕਰਵਾਈਏ। ਸਾਰਿਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਇੱਕ ਬਗਲੇ ਦਾ ਵਿਚਾਰ ਸੀ ਸਾਨੂੰ ਏਸ ਕੁੱਤੇ ਕੰਮ ਵਿਚ ਨਹੀਂ ਪੈਣਾ ਚਾਹੀਦਾ।
ਦੂਜੇ ਹੋਰ ਨੇ ਵਿਚਾਰ ਪੇਸ਼ ਕੀਤਾ ਜਦੋਂ ਅਸੀਂ ਬਦਨਾਮ ਹੀ ਹਾਂ ਤਾਂ ਸਾਨੂੰ ਪਾਰਟੀ ਰਜਿਸਟਰਡ ਕਰਾਉਣ ‘ਚ ਕੀ ਹਰਜ਼ ਹੈ।
ਇੱਕ ਦਾ ਵਿਚਾਰ ਸੀ ਦੂਜੀਆਂ ਪਾਰਟੀਆਂ ਵਾਂਗ ਸਾਨੂੰ ਵੀ ਆਪਣੀ ਪਾਤਰਤਾ ਸਿੱਧ ਕਰਨੀ ਪਵੇਗੀ ਤੇ ਨਾਲ ਸਾਨੂੰ ਆਪਣੀ ਵਿਚਾਰਧਾਰਾ ਦਾ ਵੀ ਦੱਸਣਾ ਪਵੇਗਾ ਕਿ ਅਸੀਂ ਸੱੱਜੇ ਪੱਖੀ ਹਾਂ ਜਾਂ ਖੱਬੇ ਪੱਖੀ।
ਸਾਰਿਆਂ ਦੇ ਵਿਚਾਰ ਸੁਣਨ ਤੋਂ ਬਾਅਦ ਬਗਲਿਆਂ ਦਾ ਨੇਤਾ ਬੋਲਿਆ,” ਤੁਸੀਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕਰ ਦਿੱਤੇ ਹਨ ।
ਜਿੱਥੋਂ ਤੱਕ ਪਾਰਟੀ ਰਜਿਸਟਰਡ ਕਰਾਉਣ ਦਾ ਸੰਬੰਧ ਹੈ,ਮੈਂ ਇਸ ਦੀ ਲੋੜ ਕਾਫ਼ੀ ਸਮੇਂ ਤੋਂ ਮਹਿਸੂਸ ਕਰ ਰਿਹਾ ਸੀ।
ਪਹਿਲੀ ਗੱਲ ਸਾਨੂੰ ਕੋਈ ਵੀ ਗਲਤ ਕੰਮ ਕਰਨ ਤੋਂ ਪਹਿਲਾਂ ਚਿੱਟੇ ਕਪੜੇ ਪਾਉਣ ਦੀ ਜ਼ਰੂਰਤ ਨਹੀਂ, ਉਹ ਰੱਬ ਵੱਲੋਂ ਸਾਨੂੰ ਪਹਿਲਾਂ ਹੀ ਪੱਕੇ ਤੌਰ ਉੱਤੇ ਗਿਫ਼ਟ ਕੀਤੇ ਗਏ ਹਨ।
ਅਗਲੀ ਗੱਲ ਸਾਨੂੰ ਮਾੜੇ ਕੰਮ ਕਰਨ ਦੀ ਪੂਰਨ ਆਜ਼ਾਦੀ ਮਿਲ ਜਾਵੇਗੀ।
ਤੀਜੀ ਗੱਲ ਸਾਡੇ ਨਾਲ ਭਗਤ ਸ਼ਬਦ ਜੁਗਾਂ- ਜੁਗਾਂਤਰਾਂ ਤੋਂ ਚੱਲਿਆ ਆ ਰਿਹੈ, ਬੱਸ ਵੋਟਾਂ ਮੰਗਣ ਤੋਂ ਪਹਿਲਾਂ ਆਪਣੇ ਨਾਮ ਅੱਗੇ ਸਮਾਜ ਸੇਵੀ ਸ਼ਬਦ ਹੀ ਲਗਾਉਣਾ ਹੈ। ਸਾਨੂੰ ਕਿਸੇ ਡੇਰੇ ਦੇ ਚੱਕਰਾਂ ‘ਚ ਪੈਣ ਦੀ ਲੋੜ ਨਹੀਂ ਸਾਰੇ ਪਸ਼ੂ,ਪੰਛੀ,ਸਾਡੇ ਨਾਮ ਦੇ ਨਾਲ ਭਗਤ ਤੇ ਸਮਾਜ ਸੇਵੀ ਸ਼ਬਦ ਦੇਖ ਕੇ ਅੱਖ਼ਾਂ ਬੰਦ ਕਰ ਕੇ ਸਾਡੇ ਪਿੱਛੇ ਹੇੜ੍ਹ ਦੀ ਹੇੜ੍ਹ ਬਣ ਕੇ ਤੁਰੇ ਆਉਂਣਗੇ।
ਚੌਥੀ ਗੱਲ ਸਾਡਾ ਤਾਂ ਵਾਸਾ ਹੀ ਜ਼ਿਆਦਾ ਕਰ ਕੇ ਧਾਰਮਿਕ ਸਥਾਨਾਂ ਦੇ ਨੇੜੇ ਬਣੇ ਤਲਾਬਾਂ,ਬਾਉਲੀਆਂ ‘ਤੇ ਹੈ, ਸਾਡੀ ਕਮਾਈ ਦਾ ਸਾਧਨ ਵੀ ਬਣਿਆਂ ਰਹੇਗਾ। ਜਦੋਂ ਸਾਡੀ ਪਾਰਟੀ ਦੀ ਹਾਰ ਹੁੰਦੀ ਦਿਸੀ, ਅਸੀਂ ਦੂਜੀਆਂ ਪਾਰਟੀਆਂ ਵਿਚ ਪ੍ਰਵਾਸ ਕਰ ਜਾਇਆ ਕਰਾਂਗੇ।
ਪੰਜਵੀਂ ਗੱਲ ਸਾਨੂੰ ਆਪਣਾ ਚੋਣ ਪ੍ਰਚਾਰ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ ਪਵੇਗੀ, ਸਿਰਫ਼ ਸਾਨੂੰ ਆਪਣਾ ਚੋਣ ਨਿਸ਼ਾਨ ” ਚਿੱਟਾ” ਰੱਖਣ ਨਾਲ ਹੀ ਵੋਟਾਂ ਦੇ ਢੇਰ ਲੱਗ ਜਾਇਆ ਕਰਨਗੇ ਕਿਉਂਕਿ ਇਹ ਸਾਡੇ ਜਮਾਂਦਰੂ ਪਹਿਰਾਵੇ ਦਾ ਨਿਸ਼ਾਨ ਚਿੰਨ੍ਹ ਵੀ ਹੈ।
ਸਭ ਤੋਂ ਵੱਡੀ ਤੇ ਅਖ਼ਰੀਲੀ ਗੱਲ ਜੋ ਸਾਨੂੰ ਜੰਗਲੀ ਚੋਣ ਕਮਿਸ਼ਨ ਕੋਲ ਰਜਿਸਟਰਡ ਹੋਣ ਵਿਚ ਸਹਾਈ ਹੋਵੇਗੀ ਉਹ ਹੈ ” ਸਾਡਾ ਖਾਣਾ, ਕਿਉਂਕਿ ਅਸੀਂ ਕੀੜੇ,ਮਕੌੜਿਆਂ ਨੂੰ ਖਾਣਾ ਸਮਝ ਕੇ ਖਾਂਦੇ ਹਾਂ ਤੇ ਦੂਜੀਆਂ ਪਾਰਟੀਆਂ ਵਾਲੇ ਕੀੜੇ, ਮਕੌੜੇ ਸਮਝ ਕੇ ।
ਹੁਣ ਤੁਸੀਂ ਦੱਸੋ ਸਾਨੂੰ ਪਾਰਟੀ ਰਜਿਸਟਰਡ ਕਰਾਉਣ ਵਿਚ ਕੀ ਹਰਜ਼ ਹੈ ?
ਸਭ ਨੇ ਤਾੜੀ ਮਾਰ ਕੇ ਬਗਲਿਆਂ ਦੇ ਸਰਦਾਰ ਦੀ ਗੱਲ ਦਾ ਸਮਰਥਨ ਕੀਤਾ ਤੇ ਪਾਰਟੀ ਦਾ ਨਾਮ ” ਬਗਲਾ ਭਗਤ, ਸਮਾਜ ਸੇਵੀ, ਚਿੱਟਾ ਪਾਰਟੀ” ਰੱਖਿਆ ਗਿਆ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly