* ਬੁਰੇ ਹਲਾਤ *

ਅਵਤਾਰ ਤਰਕਸ਼ੀਲ

(ਸਮਾਜ ਵੀਕਲੀ)

ਦੇਖੀ ਨਾ ਭਾਰਤ ਵਿੱਚ ਕਮੀ ਕੋਈ,
ਮੰਦਰ, ਮਸਜਿਦ ਤੇ ਭਗਵਾਨ ਦੀ l

ਵੱਖ ਵੱਖ ਜਾਤਾਂ ਤੇ ਧਰਮ ਦੇਖੇ,
ਘਾਟ ਹਰ ਵੇਲੇ ਦਿਸੇ ਇਨਸਾਨ ਦੀ l

ਬਹੁਤ ਗਰੀਬੀ ਰੇਖਾ ਤੋਂ ਥੱਲੇ ਜਿਉਂਦੇ,
ਛੱਤ ਜਿਨ੍ਹਾਂ ਦੇ ਸਿਰ ਤੇ ਨਾ ਮਕਾਨ ਦੀ l

ਲੋੜਵੰਦਾਂ ਨੂੰ ਇਲਾਜ ਨਾ ਜੁੜੇ,
ਉਸਾਰੀ ਹੁੰਦੀ ਧਰਮ ਅਸਥਾਨ ਦੀ l

ਲੋਕਾਂ ਕੋਲੋਂ ਬੜਾ ਕੁੱਝ ਖੁੱਸ ਗਿਆ,
ਸਿਫਤ ਕਰਦੇ ਰਹੇ ਆਪਣੀ ਆਨ ਦੀ l

ਦੁੱਖ ਨਾ ਸੁਣੇ ਕੋਈ ਕਿਸੇ ਦਾ,
ਪ੍ਰਵਾਹ ਨਾ ਕਰੇ ਹੋਰਾਂ ਦੀ ਜਾਨ ਦੀ l

ਦਫ਼ਤਰਾਂ ਵਿੱਚ ਕੰਮ ਦੇਰੀ ਨਾਲ ਹੋਵੇ,
ਬਾਬੂ ਕੋਸ਼ਿਸ਼ ਕਰਦੇ ਨੇ ਟਰਕਾਣ ਦੀ l

ਮੱਦਦ ਕਰਕੇ ਨਾ ਕੋਈ ਨਾਲ ਰਲਾਵੇ,
ਕੋਸ਼ਿਸ਼ ਕਰਦੇ ਦੂਜੇ ਨੂੰ ਢਾਣ ਦੀ l

ਪਵਨ ਪਾਣੀ ਵੀ ਗੰਧਲੇ ਕਰਤੇ,
ਕਸਰ ਛੱਡੀ ਨਾ ਪ੍ਰਦੂਸ਼ਣ ਫੈਲਾਣ ਦੀ l

ਸਪਰੇਆਂ ਫਸਲਾਂ ਖਰਾਬ ਕੀਤੀਆਂ,
ਝੋਨੇ ਕਸਰ ਛੱਡੀ ਨਾ ਪਾਣੀ ਮੁਕਾਣ ਦੀ l

ਅਧਿਆਪਕਾਂ ਦੀ ਘਾਟ ਸਕੂਲਾਂ ਵਿੱਚ,
ਫਿਕਰ ਨਾ ਕਿਸੇ ਨੂੰ ਬੱਚੇ ਪੜ੍ਹਾਣ ਦੀ l

ਜਿਕਰ ਅਕਲ ਦਾ ਵਿਰਲਾ ਕਰਦਾ,
ਉਂਝ ਗੱਲ ਕਰਦੇ ਰਹਿਣ ਧਿਆਨ ਦੀ l

ਗਾਇਕਾਂ ਦੇ ਲੋਕੀਂ ਫੈਨ ਹੋ ਗਏ,
ਕਦਰ ਨਾ ਸਰਹੱਦੀਂ ਬੈਠੇ ਜਵਾਨ ਦੀ l

ਪੜ੍ਹੇ ਤੇ ਅਨਪੜ੍ਹ ਸਾਧਾਂ ਦੇ ਪੈਰੀਂ ਪੈਂਦੇ,
ਖੋਜ ਵਰਤਣ ਭਾਵੇਂ ਵਿਗਿਆਨ ਦੀ l

ਭੁੱਖਮਰੀ ਪੈ ਗਈ ਦੇਸ਼ ਵਿੱਚ,
ਮਾਣ ਕਰਦੇ ਰਹੇ ਆਪਣੀ ਸ਼ਾਨ ਦੀ l

ਚੰਗੇ ਕੰਮ ਦੀ ਕਦਰ ਨਾ ਇਥੇ,
ਜੈ ਜੈ ਕਾਰ ਮੁੱਲ ਮਿਲੇ ਸਨਮਾਨ ਦੀ l

ਤਰਕਸ਼ੀਲ ਹੈਰਾਨ ਹੋ ਦੇਖੇ,
ਹੁੰਦੀ ਝੂਠੀ ਸਿਫਤ ਬੇਈਮਾਨ ਦੀ l

ਅਵਤਾਰ ਉੱਠ ਕੇ ਕਰ ਲੈ ਫਿਕਰ ,
ਖੁਰਦਪੁਰੀਏ ਦੇ ਭਾਰਤ ਦੇਸ਼ ਮਹਾਨ ਦੀ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

Previous articleResults disappointing but the game is not over for 2024
Next articleਪਤਨੀ ਦਾ ਉਲਾਂਭਾ