(ਸਮਾਜ ਵੀਕਲੀ)
ਬੰਬਲ਼ ਵੱਟਦੀ , ਖੇਸੀ ਸਵਾਰਦੀ ਬੀਬੀ
ਅਪਣੇ ਸਹਿਜ ਅਤੇ ਸੁਹਜ ਨਾਲ
ਸ਼ਾਂਤ, ਅਡੋਲ ਬੈਠੀ
ਬੁੱਧ ਵਾਂਗ ……
ਚਾਰ-ਚਾਰ ਧਾਗੇ ਕੱਢ
ਦੋਹਾਂ ਹੱਥਾਂ ਨੂੰ ਰਗੜ-2 ਵਟਾ ਚਾੜ੍ਹਦੀ
ਬੰਬਲ਼ ਦੇ ਸਿਰੇ ਤੇ ਗੰਢ ਲਾਉਂਦੀ
ਹੱਥਾਂ ਦੀ ਬਰਕਤ ਖੇਸੀ ‘ਚ ਪਾਉਂਦੀ
ਕੁਛ ਨਾ ਬੋਲਦੀ…..
ਖੇਸੀ ਦੇ ਕੱਲੇ- ਕੱਲੇ ਰੇਸ਼ੇ ਨੂੰ
ਬੀਬੀ ਦੇ ਹੱਥਾਂ ਦੀ ਛੋਹ ਰਾਹੀਂ
ਸੁਹਜ, ਸਹਿਜ, ਬਰਕਤ ਅਤੇ ਗਰਮਾਇਸ਼ ਪਹੁੰਚਦੀ
ਇੰਝ ਖੇਸੀ ਨਿੱਘੀ ਤੇ ਹੰਢਣਸਾਰ ਬਣਦੀ
ਬੀਬੀ ਕਹਿ ਤਾਂ ਨਾ ਸਕਦੀ ਸੀ ਕਿ:
“ਜੇਸ ਖੇਸੀ ਦੀ ਤੁਸੀਂ ਬੁੱਕਲ਼ ਮਾਰੋਂ
ਮੈਂ ਵੈਸਾ ਹੀ ਕੋਈ ਨਿੱਘ ਹੋਵਾਂ ….।”
ਪਰ
ਬੀਬੀ ਦੇ ਹੱਥਾਂ ‘ਚ
ਕੋਈ ਐਸੀ ਹੀ ਭਾਵਪੂਰਤ ਸਤਰ ਸੀ
ਬੀਬੀ ਕਵਿਤਾ ਅਤੇ ਬੁੱਧ ਜਿਹੀ
ਸੁਹਜ ਅਤੇ ਸਹਿਜਰੱਤੀ ਸੀ ।
ਸੋਨੀਆਂ ਪਾਲ
ਵੁਲਵਰਹੈਂਪਟਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly