HOME ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦੀਆਂ ਲੜਕੀਆਂ ਨੇ ਸਾਇੰਸ ਸਿਟੀ ਦਾ ਦੌਰਾ ਕੀਤਾ

ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦੀਆਂ ਲੜਕੀਆਂ ਨੇ ਸਾਇੰਸ ਸਿਟੀ ਦਾ ਦੌਰਾ ਕੀਤਾ

1

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ)– ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ)ਫੱਤੂਢੀਂਗਾ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ.ਦਲਜੀਤ ਸਿੰਘ ਦੀ ਰਹਿਨੁਮਾਈ ਹੇਠ ‘ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ’ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀ ਏ ਭਾਗ ਦੂਜਾ ਦੀਆਂ ਵਿਦਿਆਰਥਣਾਂ ਨੂੰ ‘ਵਾਤਾਵਰਣ ਅਧਿਐਨ’ ਦੇ  ਲਾਜ਼ਮੀ ਕੋਰਸ ਅਧੀਨ ‘ਪੁਸ਼ਪਾ ਗੁਜਰਾਲ ਸਾਇੰਸ ਸਿਟੀ’ ਦਾ ਖੇਤਰੀ ਦੌਰਾ ਕਰਵਾਇਆ ਗਿਆ। ਅਜੋਕੇ ਯੁੱਗ ‘ਚ ਇਹ ਅਦਾਰਾ ਵਿਗਿਆਨ, ਸਿੱਖਿਆ, ਕਲਾ, ਤਕਨੀਕ, ਸੱਭਿਆਚਾਰ ਅਤੇ ਮਨੋਰੰਜਨ ਦਾ ਅਦਭੁਤ ਕੇਂਦਰ ਹੈ। ਸਾਇੰਸ ਸਿਟੀ ਦੇ ਵਾਤਾਵਰਣ ਅਧਿਐਨ ਵਿਸ਼ੇ ਦੇ ਮਾਹਿਰ ਮੈਡਮ ਕਮਲਦੀਪ ਕੌਰ ਨੇ ਵਿਦਿਆਰਥਣਾਂ ਨੂੰ ਵਾਤਾਵਰਣ ਸਬੰਧੀ ਆ ਰਹੀਆਂ ਸਮੱਸਿਆਵਾਂ ਤੋਂ ਜਾਗਰੂਕ ਕਰਵਾਉਂਦਿਆਂ ਕਿਹਾ ਕਿ ਪਾਣੀ ਦੀ ਸੰਭਾਲ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਨੇ ਸਾਇੰਸ ਸਿਟੀ ਅੰਦਰ ਬਣੇ ‘ਵਾਟਰ ਹਾਰਵੈਸਟਿੰਗ’ ਦੀ ਜਾਣਕਾਰੀ ਵਿਦਿਆਰਥਣਾਂ ਨਾਲ ਸਾਂਝੀ ਕੀਤੀ ਅਤੇ ਵਾਤਾਵਰਣ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਦਾ ਕਾਰਨ ਵਿਸ਼ਵ ਤਾਪੀਕਰਨ ਨੂੰ ਦੱਸਿਆ। ਉਹਨਾਂ ਕਿਹਾ ਕਿ ‘ਗਲੋਬਲ ਵਾਰਮਿੰਗ’ ਧਰਤੀ ਦੇ ਔਸਤ ਸਤਹ ਤਾਪਮਾਨ ਵਿੱਚ ਲੰਮੇ ਸਮੇਂ ਦਾ ਵਾਧਾ ਹੈ ਜੋ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਜੈਵਿਕ ਈਂਧਨ  ਨੂੰ ਸਾੜਨਾ ਅਤੇ ਜੰਗਲਾਂ ਦੀ ਕਟਾਈ ਦੁਆਰਾ ਪੈਦਾ ਹੁੰਦਾ ਹੈ। ਇਹ ਗਤੀਵਿਧੀਆਂ ਗ੍ਰੀਨ ਹਾਊਸ ਗੈਸਾਂ ਜਿਵੇਂ ਕਿ ਕਾਰਬਨ ਡਾਈਆਕਸਾਈਡ ਅਤੇ ਮੀਥੇਨ ਗੈਸ ਨੂੰ ਵਾਯੂਮੰਡਲ ਵਿੱਚ ਛੱਡਦੀਆਂ ਹਨ। ਜਿਸ ਨਾਲ ਗ੍ਰਹਿ ਗਰਮ ਹੁੰਦਾ ਹੈ। ਇਹ ਗਰਮੀ ਜਲਵਾਯੂ ਪਰਿਵਰਤਨ ਦਾ ਪ੍ਰਮੁੱਖ ਪਹਿਲੂ ਹੈ, ਜਿਸ ਦੇ ਨਤੀਜੇ ਵਜੋਂ ਗਲੇਸ਼ੀਅਰ  ਪਿਘਲਣਾ, ਸਮੁੰਦਰ ਦੇ ਪੱਧਰ ਵਿੱਚ ਵਾਧਾ, ਮੌਸਮ ਦੇ ਪੈਟਰਨ ਵਿੱਚ ਤਬਦੀਲੀਆਂ ਅਤੇ ਸੋਕੇ ਵਿੱਚ ਵਾਧਾ ਵਰਗੇ ਮਾੜੂ ਪ੍ਰਭਾਵ ਪੈਦਾ ਹੁੰਦੇ ਹਨ। ਇਸ ਸਬੰਧੀ ‘ਕਲਾਈਮੇਟ ਚੇਂਜੇਸ’ ਥੀਏਟਰ ਵਿੱਚ ਵਿਦਿਆਰਥੀਆਂ ਨੂੰ ਵੀਡੀਓ ਦਿਖਾ ਕੇ ਸਮਝਾਇਆ ਵੀ ਗਿਆ। ਉਪਰੰਤ ਵਿਦਿਆਰਥਣਾਂ ਵੱਲੋਂ ਸਾਇੰਸ ਸਿਟੀ ਅੰਦਰ ਵੱਖ-ਵੱਖ ਵਿਗਿਆਨਿਕ ਵਿਸ਼ਿਆਂ ਤੇ ਨਿਯਮਾਂ ਨਾਲ ਸੰਬੰਧਿਤ ਗੈਲਰੀਆਂ ਨਾਲ ਵਰਕਿੰਗ, ਵਿਹਾਰਿਕ ਅਤੇ ਸਟਿਲ ਮਾਡਲ, ਉਪਕਰਨ ਅਤੇ ਪੇਂਟਿੰਗਾਂ ਦੇਖੀਆਂ ਗਈਆਂ। ਵਿਦਿਆਰਥੀਆਂ ਨੇ ਸਪੇਸ ਥੀਏਟਰ ਵਿੱਚ ਬ੍ਰਹਿਮੰਡ ਦਾ ਸਮੁੱਚਾ ਨਜ਼ਾਰਾ,ਅਰਥਕਕੁਏਕ ਸਿਮੂਲੇਟਰ ‘ਚ ਵੱਖ-ਵੱਖ ਰਿਐਕਟਰ ਪੈਮਾਨੇ ਦੇ ਭੁਚਾਲੀ ਝਟਕਿਆਂ ਦਾ ਅਹਿਸਾਸ, ਲੇਜ਼ਰ ਸ਼ੋਅ ਰਾਹੀਂ ਦਿਮਾਗ ਨੂੰ ਚਕਰਾ ਦੇਣ ਵਾਲਾ ਨਜ਼ਾਰਾ, ਥ੍ਰੀ ਡੀ ਸ਼ੋਅ ਰਾਹੀਂ ਅਨੋਖੀ ਦੁਨੀਆਂ ਦਾ ਅਹਿਸਾਸ, ਡਾਇਨਾਸੋਰ ਪਾਰਕ ਜੋ ਕਿ ਖਿੱਚ ਦਾ ਕੇਂਦਰ ਹੈ, ਦਾ ਆਨੰਦ ਮਾਣਿਆ। ਕਾਲਜ ਦੇ ਵਾਤਾਵਰਣ ਅਧਿਐਨ ਵਿਸ਼ੇ ਦੀ ਪ੍ਰੋਫੈਸਰ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਉਪਰੋਕਤ ਗਤੀਵਿਧੀਆਂ ਉੱਪਰ ਇੱਕ ਪ੍ਰੋਜੈਕਟ ਤਿਆਰ ਕਰਨ ਲਈ ਕਿਹਾ। ਇਹ ਖੇਤਰੀ ਦੌਰਾ ਕਾਲਜ ਦੀ ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ.  ਕੁਲਦੀਪ ਕੌਰ ਦੀ ਨਿਗਰਾਨੀ ਹੇਠ ਸਫਲਤਾ ਪੂਰਵਕ ਸੰਪੰਨ ਹੋਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਨੂੰਵਾਦੀ ਵਕੀਲ ਵੱਲੋਂ ਚੀਫ ਜਸਟਿਸ ਬੀ ਆਰ ਗਵੱਈ ਤੇ ਜੁੱਤੀ ਸੁੱਟਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ
Next articleਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਪਿੰਡਾਂ ਦੇ ਵਿਕਾਸ ਲਈ ਸਰਪੰਚਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ