(ਸਮਾਜ ਵੀਕਲੀ)
ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ, ਹਮ ਕਰੇਗਾ ਪੂਰਾ । ਇਹ ਨਾਅਰਾ ਹਰ ਪੰਜ ਸਾਲ ਵੋਟਾਂ ਤੋਂ ਪਹਿਲਾਂ ਸੁਣਨ ਨੂੰ ਮਿਲਦਾ ਹੈ। ਬਾਬਾ ਸਾਹਿਬ ਦਾ ਸੁਪਨਾ ਸੀ ਕਿ ਸਾਰੇ ਹੀ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਮਿਲਣ, ਸਾਰਿਆਂ ਨੂੰ ਇਕੋ ਤਰ੍ਹਾਂ ਦੀ ਸਿਖਿਆ ਮਿਲੇ, ਅਮੀਰ ਗਰੀਬ ਦਾ ਪਾੜਾ ਖ਼ਤਮ ਹੋਵੇ, ਜ਼ਾਤੀ ਵਿਵਸਥਾ ਖਤਮ ਹੋਵੇ, ਔਰਤਾਂ ਨੂੰ ਪੂਰਨ ਅਜ਼ਾਦੀ ਮਿਲੇ, ਦੇਸ਼ ਵਿਚੋਂ ਧਰਮ, ਜ਼ਾਤ ਦੀ ਨਫ਼ਰਤ ਖਤਮ ਹੋਵੇ, ਅੰਧਵਿਸ਼ਵਾਸ, ਭ੍ਰਿਸ਼ਟਾਚਾਰ, ਵਰਗੀਆਂ ਸਮੱਸਿਆਵਾਂ ਦਾ ਅੰਤ ਹੋਵੇ, ਦੇਸ਼ ਦਾ ਸਿਸਟਮ ਇਹੋ ਜਿਹਾ ਹੋਵੇ ਕਿ ਸਾਡੇ ਨੌਜਵਾਨਾਂ ਨੂੰ ਦੂਜੇ ਮੁਲਕਾਂ ਵਿੱਚ ਜਾਣ ਦੀ ਲੋੜ ਨਾਂ ਪਵੇ।
ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਦੇਸ਼ ਦੀ ਗੰਦੀ ਰਾਜਨੀਤੀ ਦੇ ਕਾਰਨ ਬਾਬਾ ਸਾਹਿਬ ਦੇ ਸੁਪਨੇ ਅਜੇ ਅਧੂਰੇ ਹੀ ਹਨ। ਅਜ਼ਾਦੀ ਤੋਂ 75 ਸਾਲ ਬਾਅਦ ਵੀ ਸਾਡੇ ਦੇਸ਼ ਦੀ ਲੱਗਭਗ 40 ਫੀਸਦੀ ਅਬਾਦੀ ਸਿਖਿਆ ਤੋਂ ਵਾਂਝੀ ਹੈ ਤਕਰੀਬਨ 500 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਨਿਚੇ ਦੀ ਜ਼ਿੰਦਗੀ ਬਸਰ ਕਰ ਰਹੇ ਹਨ ਅਤੇ 150 million ਦੇ ਕਰੀਬ ਲੋਕ ਬਿਨਾਂ ਛੱਤ ਤੋਂ ਸੌਂਦੇ ਹਨ। ਹਰ ਸਾਲ ਲਗਭਗ 4 ਲੱਖ ਦੇ ਕਰੀਬ ਬੱਚੇ ਭੁਖਮਰੀ ਦਾ ਸ਼ਿਕਾਰ ਹੁੰਦੇ ਹਨ ਜਿਸਦਾ ਵੱਡਾ ਕਾਰਨ ਦੇਸ਼ ਦੀ ਰਾਜਨੀਤੀ ਨੂੰ ਕਿਹਾ ਜਾ ਸਕਦਾ ਹੈ ਜੋ ਪੈਸਾ ਖਰਚਣ ਤੋਂ ਸ਼ੁਰੂ ਹੋ ਕੇ ਪੈਸਾ ਕਮਾਉਣ ਤੱਕ ਦਮ ਤੋੜ ਜਾਂਦੀ ਹੈ। ਦੇਸ਼ ਦੀ ਖੁਸ਼ਹਾਲੀ ਲਈ ਸੁਪਨੇ ਪੂਰੇ ਕਰਨ ਲਈ ਸੰਘਰਸ਼ ਕਰਨ ਵਾਲੇ ਮਹਾਂਨਾਇਕ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਨਾਂ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਬਾਬਾ ਸਾਹਿਬ ਇੱਕ ਇਹੋ ਜਿਹੇ ਮਹਾਨ ਸਖਸ ਸਨ ਜਿਨ੍ਹਾਂ ਨੂੰ ਉਸ ਵੇਲੇ ਦੇ ਹਾਲਾਤ ਨੇ ਉਨ੍ਹਾਂ ਨੂੰ ਬਚਪਨ ਵਿੱਚ ਹੀ ਸਿਆਣਾ ਅਤੇ ਗੰਭੀਰ ਬਣਾ ਦਿੱਤਾ ਸੀ। ਕੁਝ ਸ਼ਾਤਿਰ ਲੋਕਾਂ ਵਲੋਂ ਇੱਕੋ ਤਰ੍ਹਾਂ ਦੇ ਲੋਕਾਂ ਨੂੰ ਜ਼ਾਤੀ ਵਰਣ ਵਿਵਸਥਾ ਦੇ ਨਾਂ ਉੱਤੇ ਵੰਡ ਕੇ ਭੇਦਭਾਵ ਅਤੇ ਨਫ਼ਰਤ ਦਾ ਬੀਜ ਬੋ ਦਿੱਤਾ ਗਿਆ ਸੀ ਜਿਥੋਂ ਅਮੀਰ ਅਤੇ ਗਰੀਬ ਦਾ ਪਾੜਾ ਸ਼ੁਰੂ ਹੋਇਆ ਸਭ ਤੋਂ ਗਰੀਬ ਵਰਗ ਨੂੰ ਗੁਲਾਮ ਬਣਾਇਆ ਗਿਆ ਉਨ੍ਹਾਂ ਦੇ ਪੜਨ ਲਿਖਣ, ਬੋਲਣ ਸੁਨਣ ਦੇ ਅਧਿਕਾਰ ਖੋਹ ਲਏ ਗਏ ਸਨ।
ਜਦੋਂ ਡਾ. ਭੀਮਰਾਓ ਅੰਬੇਡਕਰ ਜੀ ਨੇ 14 ਅਪ੍ਰੈਲ 1891 ਨੂੰ ਜਨਮ ਲਿਆ ਉਸ ਵੇਲੇ ਜ਼ਾਤੀ ਭੇਦਭਾਵ ਪੂਰੀ ਚਰਮ ਸੀਮਾ ਤੇ ਸੀ ਅਤੇ ਬਚਪਨ ਤੋਂ ਹੀ ਆਪ ਨੂੰ ਕਈ ਤਰ੍ਹਾਂ ਦੇ ਆਰਥਿਕ ਅਤੇ ਸਮਾਜਿਕ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਸਕੂਲ ਵਿੱਚ ਵੀ ਕਈ ਵਾਰੀ ਬਾਬਾ ਸਾਹਿਬ ਨੂੰ ਜ਼ਾਤੀ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ ਇਹੋ ਵਜ੍ਹਾ ਸੀ ਕਿ ਅੰਬੇਡਕਰ ਜੀ ਨੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਿਲ ਪ੍ਰਸਿਥਤੀਆਂ ਦਾ ਸਾਹਮਣਾ ਕਰਦਿਆਂ ਆਪਣੀ ਪੜ੍ਹਾਈ ਸ਼ੁਰੂ ਕੀਤੀ। ਬਾਬਾ ਸਾਹਿਬ ਨਾਲ ਸਕੂਲੀ ਪੜ੍ਹਾਈ ਦੌਰਾਨ ਵੀ ਕਈ ਵਾਰ ਭੇਦਭਾਵ ਹੋਇਆ। ਉਨ੍ਹਾਂ ਨੇ ਉਦੋਂ ਹੀ ਮਨ ਬਣਾ ਲਿਆ ਸੀ ਕਿ ਉਹ ਇਸ ਭਿਆਨਕ ਬਿਮਾਰੀ, ਭੇਦਭਾਵ, ਮਨੁੱਖੀ ਨਫਰਤ ਖ਼ਿਲਾਫ਼ ਸੰਘਰਸ਼ ਕਰਨਗੇ। ਬਾਬਾ ਸਾਹਿਬ ਨੂੰ ਪਤਾ ਸੀ ਕਿ ਇਹ ਸੰਘਰਸ਼ ਸਿਖਿਆ ਤੋਂ ਬਿਨਾਂ ਅਸੰਭਵ ਹੈ ਇਸ ਲਈ ਉਨ੍ਹਾਂ ਨੇ ਦੇਸ਼ ਅਤੇ ਦੁਨੀਆਂ ਦੀ ਸਭ ਤੋਂ ਵਧੀਆ ਤਾਲੀਮ ਹਾਸਿਲ ਕੀਤੀ।
ਡਾ. ਅੰਬੇਡਕਰ ਨੂੰ ਵੀਹਵੀਂ ਅਤੇ ਇੱਕੀਵੀਂ ਸਦੀ ਦੇ ਚਿੰਤਕਾਂ, ਵਿਦਵਾਨਾਂ ਅਤੇ ਸਿਆਸੀ ਆਗੂਆਂ ਨੇ ਬਹੁ-ਪੱਖੀ ਪ੍ਰਤਿਭਾ ਦਾ ਮਾਲਕ ਮੰਨਿਆ ਹੈ। ਉਹ ਭਾਰਤ ਦੇ ਸੰਵਿਧਾਨ ਦੇ ਰਚਣਹਾਰੇ ਅਤੇ ਦਲਿਤਾਂ ਲਈ ਮਾਰਗ ਦਰਸ਼ਕ ਸਾਬਤ ਹੋਏ। ਉਹ ਆਪਣੀ ਬੌਧਿਕ ਸਮਰੱਥਾ ਸਦਕਾ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਦਲਿਤ ਸਮਾਜ ਵਿਚ ਵਿਚਾਰਧਾਰਕ ਕ੍ਰਾਂਤੀ ਲਿਆਉਣ ਕਰ ਕੇ ਉਨ੍ਹਾਂ ਦਾ ਪ੍ਰਾਥਮਿਕ ਸਥਾਨ ਹੈ।
ਡਾ. ਅੰਬੇਡਕਰ ਨੇ ਭਾਰਤ ਦੇ ਗ਼ਰੀਬ ਨਾਗਰਿਕਾਂ ਨੂੰ ਵੋਟਾਂ ਦਾ ਬਰਾਬਰ ਦਾ ਹੱਕ ਲੈ ਕੇ ਦਿੱਤਾ ਅਤੇ ਮਜ਼ਦੂਰਾਂ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਲਈ ਹੱਕ ਦਿਵਾਉਣ ਲਈ ਸੰਘਰਸ਼ ਕੀਤਾ। ਉਹ ਜੀਵਨ ਭਰ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹੇ। ਉਹ ਇਕ ਵਰਗ ਦੇ ਨਹੀਂ ਬਲਕਿ ਸਮਾਜ ਦੇ ਸਾਰੇ ਵਰਗਾਂ ਦੇ ਹੱਕਾਂ ਦੀ ਤਰਜਮਾਨੀ ਕਰਨ ਵਾਲੇ ਨਿਧੜਕ ਆਗੂ ਸਨ ਅਤੇ ਦੂਰ-ਦ੍ਰਿਸ਼ਟੀ ਦੇ ਮਾਲਕ ਸਨ।
ਭਾਰਤ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੇ ਮਹੱਤਵਪੂਰਨ ਪੁਸਤਕਾਂ ਦੀ ਰਚਨਾ ਕੀਤੀ ਜੋ ਭਾਰਤੀ ਸਮਾਜ ਦੇ ਵਿਚਾਰਧਾਰਕ ਵਿਕਾਸ ਲਈ ਮੀਲ ਪੱਥਰ ਸਾਬਤ ਹੋ ਰਹੀਆਂ ਹਨ। ‘ਜਾਤ-ਪਾਤ ਦਾ ਬੀਜ ਨਾਸ’ ਪੁਸਤਕ ਵਿਚ ਉਨ੍ਹਾਂ ਨੇ ਜਾਤ-ਪਾਤ ਨੂੰ ਭਾਰਤੀ ਸਮਾਜ ਲਈ ਕੋੜ੍ਹ ਅਤੇ ਮਹਾ ਕਲੰਕ ਦੱਸਿਆ ਹੈ। ਉਨ੍ਹਾਂ ਨੇ ਭਾਰਤੀ ਸਮਾਜ ਵਿਚ ਸ਼ੂਦਰ ਕੌਣ ਹਨ, ਦੀ ਇਤਿਹਾਸਕ ਦ੍ਰਿਸ਼ਟੀ ਤੋਂ ਸ਼ਨਾਖ਼ਤ ਕੀਤੀ। ਉਨ੍ਹਾਂ ਦਲਿਤ ਸਮਾਜ ਦੀ ਮੁਕਤੀ ਲਈ ਬੁੱਧ ਜਾਂ ਕਾਰਲ ਮਾਰਕਸ ਦਾ ਤੁਲਨਾਤਮਕ ਅਧਿਐਨ ਕੀਤਾ। ‘ਫੈਡਰੇਸ਼ਨ ਬਨਾਮ ਆਜ਼ਾਦੀ’ ਵਿਚ ਮਨੁੱਖੀ ਹੱਕਾਂ ਬਾਰੇ ਜਾਣਕਾਰੀ ਮਿਲਦੀ ਹੈ। ‘ਬੁੱਧ ਅਤੇ ਉਸ ਦਾ ਧੱਮ’ ਉਨ੍ਹਾਂ ਦੀ ਆਖਰੀ ਪੁਸਤਕ ਮੰਨੀ ਗਈ ਹੈ।
ਬਾਬਾ ਸਾਹਿਬ 6 ਦਸੰਬਰ, 1956 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ। ਪਰ ਅਜੇ ਉਨ੍ਹਾਂ ਦੇ ਸੁਪਨੇ ਅਧੂਰੇ ਹਨ ਜੋ ਸ਼ਾਇਦ ਫਿਰ ਕਿਸੇ ਸੰਘਰਸ਼ ਦੀ ਉਡੀਕ ਵਿੱਚ ਹਨ।
ਕੁਲਦੀਪ ਸਿੰਘ ਰਾਮਨਗਰ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly