ਸਮਾਜ ਵੀਕਲੀ ਯੂ ਕੇ-
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜੀਵਨ ਸੰਘਰਸ਼, ਸਮਰਪਣ ਅਤੇ ਸਮਾਜਿਕ ਪਰਿਵਰਤਨ ਦਾ ਪ੍ਰਤੀਕ ਹੈ। ਉਹਨਾਂ ਭਾਰਤੀ ਸਮਾਜ ਵਿੱਚ ਸਮਤਾ, ਨਿਆ ਅਤੇ ਲੋਕਤੰਤਰਿਕ ਅਧਿਕਾਰਾਂ ਦੀ ਸਥਾਪਨਾ ਦੇ ਲਈ ਆਪਣਾ ਜੀਵਨ ਸਮਰਪਿਤ ਕੀਤਾ। ਦਿੱਲੀ ਵਿੱਚ ਉਨਾਂ ਨਾਲ ਜੁੜੇ ਕਈ ਸਥਾਨ ਉਹਨਾਂ ਦੇ ਯੋਗਦਾਨ ਅਤੇ ਉਹਨਾਂ ਦੇ ਵਿਚਾਰਾਂ ਦੀ ਅਨੂਠੀ ਵਿਰਾਸਤ ਨੂੰ ਵਿਆਖਿਆਤ (ਪ੍ਰਦਰਸ਼ਿਤ) ਕਰਦੇ ਹਨ :-
1. ਬੰਗਲਾ ਨੰਬਰ 22, ਪ੍ਰਿਥਵੀ ਰਾਜ ਰੋਡ (1942-1946)- ਇਸ ਬੰਗਲੇ ਵਿੱਚ ਰਹਿੰਦਿਆਂ ਬਾਬਾ ਸਾਹਿਬ ਨੇ ਕਿਰਤ ਮੰਤਰੀ ਦੇ ਰੂਪ ਵਿੱਚ ਕਈ ਇਤਿਹਾਸਿਕ ਸੁਧਾਰ ਕੀਤੇ ਜਿਵੇਂ :
*ਭਾਰਤ ਵਿੱਚ ਪਹਿਲੀ ਵਾਰ ਮਜ਼ਦੂਰਾਂ ਦੇ ਲਈ ਕੰਮ ਦੇ ਅੱਠ ਘੰਟੇ ਨਿਸ਼ਚਿਤ ਕੀਤੇ।
*ਇੱਥੇ ਬਾਬਾ ਸਾਹਿਬ ਨੇ ਮਾਰਤੱਤਵ ਜਰੂਰੀ ਲਾਭ ਅਧਿਨਿਯਮ ਦੀ ਰੂਪ ਰੇਖਾ ਤਿਆਰ ਕੀਤੀ, ਜਿਸ ਵਿੱਚ ਮਹਿਲਾਵਾਂ ਨੂੰ ਉਹਨਾਂ ਦੇ ਕੰਮ ਦੇ ਸਥਾਨ ‘ਤੇ ਸਨਮਾਨ ਅਤੇ ਸੁਰੱਖਿਆ ਮਿਲੀ।
*ਸਮਾਜਿਕ ਸੁਰੱਖਿਆ ਦੇ ਤਹਿਤ ਇੱਥੇ ਭਵਿੱਖ ਨਿਧੀ (EPE) ਅਤੇ ਮਜ਼ਦੂਰ ਬੀਮਾ ਯੋਜਨਾਵਾਂ ਦੀ ਨੀਂਹ ਰੱਖੀ । *ਕਰਮਚਾਰੀਆਂ ਦੇ ਕਲਿਆਣ ਦੇ ਲਈ ਮਜ਼ਦੂਰਾਂ ਦੇ ਅਧਿਕਾਰਾਂ ਅਤੇ ਉਹਨਾਂ ਦੀ ਭਲਾਈ ਲਈ ਕਾਨੂੰਨਾਂ ਦਾ ਨਿਰਮਾਣ ਕੀਤਾ।
*ਇਹ ਸਥਾਨ ਸਮਾਜਿਕ ਸੁਰੱਖਿਆ ਅਤੇ ਮਜ਼ਦੂਰ ਅਧਿਕਾਰਾਂ ਦੀ ਦਿਸ਼ਾ ਵਿੱਚ ਬਾਬਾ ਸਾਹਿਬ ਦੇ ਦੂਰਦਰਸ਼ੀ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ।
2. ਬੰਗਲਾ ਨੰਬਰ 01, ਹਾਰਡਿੰਗਸ ਐਵੇਨਿਉ (ਤਿਲਕ ਮਾਰਗ)-(1947 -1951)- ਇਹ ਬੰਗਲਾ ਉਸ ਸਮੇਂ ਡਾਕਟਰ ਅੰਬੇਡਕਰ ਜੀ ਦਾ ਨਿਵਾਸ ਅਸਥਾਨ ਸੀ, ਜਦੋਂ ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਸਨ। ਇਸ ਬੰਗਲੇ ਵਿੱਚ ਡਾਕਟਰ ਅੰਬੇਡਕਰ ਨੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਅਤੇ ਮਹਿਲਾਵਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦੇ ਲਈ “ਹਿੰਦੂ ਕੋਡ ਬਿੱਲ” ਦਾ ਮਸੌਦਾ ਬਣਾਇਆ। ਇੱਥੇ ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਦੇ ਮਾਧਿਅਮ ਰਾਹੀਂ ਭਾਰਤ ਵਿੱਚ ਲੋਕਤੰਤਰਿਕ ਸਮਾਜ ਅਤੇ ਰਾਜਨੀਤਿਕ ਵਿਵਸਥਾ ਦੀ ਆਧਾਰਸ਼ਿਲਾ ਰੱਖੀ।
ਬਾਬਾ ਸਾਹਿਬ ਨੇ ਹਿੰਦੂ ਕੋਡ ਬਿੱਲ, ਜੋ ਭਾਰਤੀ ਮਹਿਲਾਵਾਂ ਦੇ ਵਿਆਹ, ਸੰਪਤੀ ਅਤੇ ਤਲਾਕ ਦੇ ਅਧਿਕਾਰਾਂ ਦੇ ਲਈ ਕ੍ਰਾਂਤੀਕਾਰੀ ਯਤਨ ਸੀ। ਉਸ ਦਾ ਮਸੌਦਾ ਵੀ ਇੱਥੇ ਹੀ ਤਿਆਰ ਹੋਇਆ ਸੀ ਹਾਲਾਂਕਿ ਤਤਕਾਲੀਨ ਸਰਕਾਰ ਨੇ ਇਸ ਨੂੰ ਪਾਸ ਨਹੀਂ ਕੀਤਾ ।ਜਿਸ ਕਰਕੇ ਬਾਬਾ ਸਾਹਿਬ ਬਹੁਤ ਨਿਰਾਸ਼ ਹੋਏ ਅਤੇ ਉਹਨਾਂ ਨੇ ਰੋਸ ਵਜੋਂ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਇਹ ਬੰਗਲਾ ਖਾਲੀ ਕਰ ਦਿੱਤਾ ਸੀ। ਵਰਤਮਾਨ ਵਿੱਚ ਇਹ ਬੰਗਲਾ ਪੋਲੈਂਡ ਦੇ ਰਾਜਦੂਤ ਦਾ ਆਵਾਸ ਹੈ, ਜੋ ਬਾਬਾ ਸਾਹਿਬ ਦੀ ਵਿਰਾਸਤ ਨੂੰ ਸੰਭਾਲੀ ਬੈਠਾ ਹੈ। ਇਸ ਬੰਗਲੇ ਨੂੰ ਮਹਿਲਾ ਮੁਕਤੀ ਸਥਾਨ ਦੇ ਰੂਪ ਵਿੱਚ ਰੱਖਿਆ ਜਾਣਾ ਚਾਹੀਦਾ ਹੈ।
3. ਅੰਬੇਡਕਰ ਭਵਨ, ਕਰੋਲ ਬਾਗ (14 ਅਪ੍ਰੈਲ 1951)- ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਆਪਣੀ ਮਿਹਨਤ ਅਤੇ ਸਾਧਨਾਂ ਨਾਲ ਇਸ ਭਵਨ ਦੀ ਜ਼ਮੀਨ ਨੂੰ ਖਰੀਦਿਆ ਸੀ। ਬਾਬਾ ਸਾਹਿਬ ਜੀ ਨੇ ਆਪਣੇ ਕਰ ਕਮਲਾ ਨਾਲ 14 ਅਪ੍ਰੈਲ 1951 ਨੂੰ ਇਸ ਦਾ ਉਦਘਾਟਨ ਕੀਤਾ ਸੀ, ਜੋ ਭਵਿੱਖ ਵਿੱਚ ਬਹੁਜਨ ਅੰਦੋਲਨ ਦਾ ਮੁਖ ਦਫਤਰ ਬਣਨ ਦੇ ਲਈ ਸੰਕਲਪਿਤ ਸੀ। ਸਮਾਜਿਕ ਪਰਿਵਰਤਨ ਦੇ ਲਈ ਇਹ ਭਵਨ ਬਾਬਾ ਸਾਹਿਬ ਦੀ ਪ੍ਰੇਰਨਾ ਦਾ ਪ੍ਰਤੀਕ ਸੀ ।ਅੰਬੇਡਕਰ ਭਵਨ ਨੂੰ ਬਾਬਾ ਸਾਹਿਬ ਨੇ ਸਮਾਜਿਕ ਜਾਗਰੂਕਤਾ ਅਤੇ ਬਹੁਜਨ ਉਥਾਨ ਦੇ ਲਈ ਸਮਰਪਿਤ ਕੀਤਾ ਹਾਲਾਂਕਿ ਰਾਜਨੀਤਿਕ ਅਤੇ ਸਮਾਜਿਕ ਚੁਣੌਤੀਆਂ ਦੇ ਕਾਰਨ ਇਹ ਭਵਨ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀਂ ਹੋ ਸਕਿਆ।
4. 26 ਅਲੀਪੁਰ ਰੋਡ (ਮਹਾਂ ਪ੍ਰਨਿਰਵਾਣ ਭੂਮੀ (1951- 1956)- ਇਹ ਸਥਾਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜੀਵਨ ਦੇ ਅੰਤਿਮ ਸਾਲ ਦੀ ਗਵਾਹੀ ਭਰਦਾ ਹੈ। ਜਿਹੜੀ ਜੋਤ ਲੱਖਾਂ ਗਰੀਬਾਂ, ਮਜਲੂਮਾਂ, ਨਿਆਸਰਿਆ ਪੈਰੋਕਾਰਾਂ ਨੂੰ ਰੋਸ਼ਨੀ ਦਿੰਦੀ ਸੀ, ਉਹਨਾਂ ਨੂੰ ਰੋਂਦਿਆਂ ਕੁਰਲਾਂਦਿਆਂ ਹੋਇਆ ਛੱਡ ਕੇ ਉਹ ਜੋਤ 6 ਦਸੰਬਰ 1956 ਨੂੰ ਸਦਾ ਲਈ ਬੁੱਝ ਗਈ। ਬਾਬਾ ਸਾਹਿਬ ਭਾਵੇਂ ਸਰੀਰਕ ਤੌਰ ‘ਤੇ ਸਾਡੇ ਵਿਚਕਾਰ ਨਹੀਂ ਹਨ ਪ੍ਰੰਤੂ ਉਹਨਾਂ ਦੀ ਸੋਚ, ਵਿਚਾਰਧਾਰਾ ਹਮੇਸ਼ਾ ਹੀ ਬਹੁਜਨਾਂ ਦੇ ਦਿਲਾਂ ਵਿੱਚ ਵੱਸ ਕੇ ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਰਹੇਗੀ। ਮਹਾਂਪ੍ਰੀਨਿਰਵਾਣ ਦਿਵਸ ‘ਤੇ ਹਰ ਸਾਲ ਲੱਖਾਂ ਅਨਿੁਆਈ ਇੱਥੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਆਉਂਦੇ ਹਨ ।ਇਹ ਸਥਾਨ ਡਾਕਟਰ ਅੰਬੇਡਕਰ ਜੀ ਦੀ ਜੀਵਨ ਯਾਤਰਾ ਅਤੇ ਉਹਨਾਂ ਦੇ ਸੰਘਰਸ਼ਾਂ ਨੂੰ ਯਾਦ ਦਿਵਾਉਂਦਾ ਹੈ। ਬਾਬਾ ਸਾਹਿਬ ਜੀ ਦਾ ਆਖਰੀ ਸੰਦੇਸ਼ ਇਹ ਸੀ ਕਿ “ਮੈਂ ਇਹ ਕਾਫਲਾ ਬੜੇ ਦੁੱਖਾਂ, ਤਕਲੀਫਾਂ, ਮੁਸੀਬਤਾਂ, ਔਕੜਾਂ ਨਾਲ ਇੱਥੋਂ ਤੱਕ ਲੈ ਕੇ ਆਇਆ ਹਾਂ। ਜੇ ਮੇਰੇ ਪੈਰੋਕਾਰ ਸ਼ਰਧਾਲੂ ਇਸ ਕਾਫਲੇ ਨੂੰ ਅੱਗੇ ਨਹੀਂ ਵਧਾ ਸਕਦੇ ਤਾਂ ਇਸ ਕਾਫਲੇ ਨੂੰ ਪਿੱਛੇ ਵੀ ਨਾ ਜਾਣ ਦੇਣ।”
5. ਸੰਸਦ ਭਵਨ, ਰਾਇਸੀਨਾ ਹਿਲਸ – ਡਾਕਟਰ ਅੰਬੇਡਕਰ ਨੇ ਭਾਰਤੀ ਸੰਵਿਧਾਨ ਨੂੰ ਸੰਸਦ ਭਵਨ ਵਿੱਚ ਪ੍ਰਸਤੁਤ(ਪੇਸ਼) ਕੀਤਾ। ਸਮਤਾ ਅਤੇ ਨਿਆ ਦਾ ਘੋਸ਼ਣਾ ਕਰਦੇ ਹੋਏ ਉਹਨਾਂ ਸੰਸਦ ਵਿੱਚ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਦੇ ਸਿਧਾਂਤਾਂ ਨੂੰ ਸਥਾਪਿਤ ਕੀਤਾ। ਇਸ ਦੇ ਨਾਲ ਹੀ ਬਾਬਾ ਸਾਹਿਬ ਨੇ ਸੰਸਦ ਭਵਨ ਦੇ ਪ੍ਰਤੀਕ ਦੇ ਰੂਪ ਵਿੱਚ ਬਹੁਜਨ ਸਮਾਜ ਨੂੰ ਰਾਜਨੀਤਿਕ ਅਧਿਕਾਰਾਂ ਦੇ ਲਈ ਸੰਘਰਸ਼ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ। ਬਾਬਾ ਸਾਹਿਬ ਨੇ ਆਪਣੇ ਜੀਵਨ ਵਿੱਚ ਸਿੱਖਿਆ ਨੂੰ ਸਮਾਜ ਸੁਧਾਰ ਦਾ ਮੁੱਖ ਸਾਧਨ ਮੰਨਿਆ। ਉਹਨਾਂ ਕਿਹਾ “ਸਿੱਖਿਅਤ ਬਣੋ, ਸੰਘਰਸ਼ ਕਰੋ ਅਤੇ ਸੰਗਠਿਤ ਰਹੋ।”ਬਾਬਾ ਸਾਹਿਬ ਦੀ ਇਸ ਸੋਚ ਨੇ ਭਾਰਤ ਵਿੱਚ ਸਮਾਜਿਕ ਅਤੇ ਆਰਥਿਕ ਸੁਧਾਰਾਂ ਦੀ ਦਿਸ਼ਾ ਵਿੱਚ ਨਵੀਂ ਊਰਜਾ ਪ੍ਰਦਾਨ ਕੀਤੀ।
ਉਪਰੋਤਕ ਦਿੱਲੀ ਵਿੱਚ ਬਾਬਾ ਸਾਹਿਬ ਨਾਲ ਜੁੜੇ ਇਹ ਸਾਰੇ ਅਸਥਾਨ ਉਹਨਾਂ ਦੇ ਸਮਾਜਿਕ ਪਰਿਵਰਤਨ, ਬਰਾਬਰਤਾ, ਨਿਆ ਅਤੇ ਲੋਕਤੰਤਰ ਦੇ ਪ੍ਰਤੀ ਅਟੁੱਟ ਸਮਰਪਣ ਦੇ ਜੀਵੰਤ ਪ੍ਰਣਾਮ ਹਨ। ਇਨਾਂ ਅਸਥਾਨਾਂ ਦੀ ਸੰਭਾਲ ਅਤੇ ਪ੍ਰਚਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਵਿਚਾਰਾਂ, ਸਮਾਜ ਤੇ ਦੇਸ਼ ਹਿੱਤ ਵਿਚ ਪਾਏ ਗਏ ਯੋਗਦਾਨਾਂ ਲਈ ਸਦਾ ਪ੍ਰੇਰਨਾ ਦਿੰਦਾ ਰਹੇਗਾ।
ਮੂਲ ਲੇਖਕ: ਡਾ. ਰਾਜ ਕੁਮਾਰ ਦਿੱਲੀ ਯੂਨੀਵਰਸਿਟੀ।
ਪੰਜਾਬੀ ਅਨੁਵਾਦ: ਪ੍ਰਿੰਸੀਪਲ ਪਰਮਜੀਤ ਜੱਸਲ
ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਜਲੰਧਰ।