ਬਾਬਾ ਬੰਦਾ ਸਿੰਘ ਬਹਾਦਰ ਨੇ ਮੁਜਾਰਿਆਂ ਨੂੰ ਜਮੀਨਾਂ ਦੇ ਮਾਲਕ ਬਣਾਇਆ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਨੀਹ ਰੱਖੀ– ਬਾਜਵਾ
ਲੁਧਿਆਣਾ, (ਸਮਾਜ ਵੀਕਲੀ) ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ ਅਤੇ ਕਾਂਗਰਸੀ ਆਗੂ ਪਰਮਜੀਤ ਸਿੰਘ ਘਵੱਦੀ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਉਨਾਂ ਨੂੰ 14 ਮਈ ਨੂੰ ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਵਿੱਚ ਦਿੱਤਾ ਜਾਣਾ ਸੀ ਪਰ ਉਹ ਬਾਹਰ ਹੋਣ ਕਾਰਨ ਲੈ ਨਹੀਂ ਸਕੇ ਸਨ। ਇਸ ਸਮੇਂ ਸ. ਬਾਜਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਦਰਸਾਏ ਰਸਤੇ ‘ਤੇ ਚੱਲ ਕੇ ਸਾਨੂੰ ਅੱਜ ਦੀ ਕਿਸਾਨੀ ਨੂੰ ਖੁਸ਼ਹਾਲ ਕਰਨ ਲਈ ਉਸਾਰੂ ਰੋਲ ਅਦਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਰਤੀ ਕਿਸਾਨਾਂ ਨੂੰ ਮੁਜਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਕੇ 14 ਮਈ 1710 ਨੂੰ ਸਰਹਿੰਦ ‘ਤੇ ਫਤਿਹ ਦਾ ਝੰਡਾ ਲਹਿਰਾਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ। ਉਹਨਾਂ ਕਿਹਾ ਕਿ 740 ਸਿੰਘਾਂ (ਸਾਥੀਆਂ) ਸਮੇਤ ਦਿੱਲੀ ਮਹਿਰੋਲੀ ਵਿਖੇ 9 ਜੂਨ 1716 ਨੂੰ ਹੋਈ ਸ਼ਹਾਦਤ ਲਾ-ਮਿਸਾਲ ਹੈ। ਉਹਨਾਂ ਕਿਹਾ ਕਿ ਸ਼੍ਰੀ ਬਾਵਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਦੇਸ਼ ਵਿਦੇਸ਼ ਦੀ ਧਰਤੀ ‘ਤੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਦਿਹਾੜੇ ਮਨਾ ਕੇ ਸਾਡੇ ਗੌਰਵਮਈ ਇਤਿਹਾਸ ਨੂੰ ਵਿਦੇਸ਼ਾਂ ਤੱਕ ਪਹੁੰਚਾਇਆ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਹਨਾਂ ਕਿਹਾ ਕਿ ਬਾਵਾ ਨੇ 40 ਸਾਲ ਤੋਂ ਸਮਾਜਸੇਵਾ ਦਾ ਝੰਡਾ ਚੁੱਕਿਆ ਹੈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਲੜਾਈ ਲੜੀ ਹੈ।


