(ਸਮਾਜ ਵੀਕਲੀ)
ਵੇਖ ਹੋਇਆ ਸੁਲਤਾਨ
ਵੀ ਹੱਕਾ-ਬੱਕਾ
ਬਾਬਾ ਪੜ੍ਹੇ ਨਮਾਜ਼
ਘੁਮਾਵੇ ਮੱਕਾ
ਮੁਗ਼ਲ-ਏ-ਆਜ਼ਮ
ਦੇ ਘਰ ਜੋਧਾ ਬਾਈ
ਹਾਏ ਓ ਰੱਬਾ!
ਜਾਵੇ ਨਾ ਸਮਝਾਈ
ਰੋਜ਼ਾ ਰੱਖਾਂ!
ਗ਼ਮ ਪੀਵਾਂ ਗ਼ਮ ਚੱਖਾਂ
ਮੈਂ ਇਫ਼ਤਾਰੀ ਤੀਕ
ਸਬਰ ਨਾ ਰੱਖਾਂ
ਨਹੀਂ ਕਿਸੇ ਸੌਦਾਗਰ ਨੂੰ
ਮੂੰਹ ਲਾਇਆ
ਭਾਵੇਂ ਉਹ ਮੁਲਤਾਨ ਤੋਂ
ਚੱਲ ਕੇ ਆਇਆ
ਤਾਨਸੈਨ ਅਖ਼ਵਾਵੇ
ਮੋੜੇ ਢੱਗੇ
ਜੇ ਉਹਦੇ ਤੋਂ ਪਹਿਲਾ
ਸੁਰ ਨਾ ਲੱਗੇ
ਬੰਦ ਪਿਆ ਦਰਵਾਜ਼ਾ
ਨਹੀਂ ਜੇ ਖੁੱਲ੍ਹਦਾ
ਮਾਰ ਵਗਾਹ ਕੇ
ਤਾਲਾ ਮੰਹਿਗੇ ਮੁੱਲ ਦਾ
ਵਾਂਗ ਜੁਗਨੂੰਆਂ
ਰਹਿੰਦੇ ਬੁਝਦੇ ਜਗ਼ਦੇ
ਮੈਨੂੰ ਨਹੀਂ ਦੀਵਾਨੇ
ਚੰਗੇ ਲਗਦੇ
ਸਦੀਆਂ ਸਾਡੇ ਹੱਡ
ਰਹੇ ਨੇ ਬਲ਼ਦੇ
ਯੁੱਗਾਂ ਤੋਂ ਨੇ ਸਿਰ ‘ਤੇ
ਆਰੇ ਚੱਲਦੇ
ਅੰਦਰ ਦੀ
ਕਿੱਦਾਂ ਤੈਨੂੰ ਸਮਝਾਈਏ
ਕੀਕਣ ਤੇਰਾ ਭੂਤ
ਧਰਮ ਦਾ ਲਾਹੀਏ
ਜਿਹੜੇ ਠਾਕਰ ਨੂੰ ਤੂੰ
ਤਿਲਕ ਲਗਾਉਂਦਾ
ਸਾਡੇ ਮਿਰਚਾਂ ਪੀਸਣ ਦੇ
ਕੰਮ ਆਉੰਦਾ
ਰੂਹ ਮੇਰੀ ਪਿੰਜਰੇ ‘ਚੋਂ
ਨਿੱਕਲ਼ ਜਾਵੇ
ਜੇ ਕੋਈ ਮੈਂਨੂੰ
ਫੁੱਲਾਂ ਦੀ ਸੌਂਹ ਪਾਵੇ
ਯਾਰ ਮੇਰੇ ਦਾ ਘਰ
ਅੱਖਾਂ ਦੇ ਓਹਲੇ
ਜਿੱਥੇ ਅੰਨ੍ਹਾ ਵੇਖੇ
ਗੂੰਗਾ ਬੋਲੇ
~ ਰਿਤੂ ਵਾਸੂਦੇਵ