(ਸਮਾਜ ਵੀਕਲੀ)
ਬਾਬਾ ਬੁੱਲੇ ਸ਼ਾਹ 1
ਸਾਈਂ ਬੁੱਲੇ ਸ਼ਾਹ ਮਹਾਨ ਸੂਫ਼ੀ,ਉੱਚ ਦਰਜੇ ਦਾ ਕਵੀ,ਅਤੇ ਵਿਅੰਗ ਕਾਰ, ਇਹੋ ਜਿਹੀ ਗੱਲ ਕਰਨ ਵਾਲਾ ਕਿ ਗੱਲ ਲਾਈਏ ਸਿੱਟੇ ਕੋਈ ਰੋਵੇ ਭਾਵੇਂ ਪਿੱਟੇ, ਹੱਕ, ਸੱਚ ਅਤੇ ਨਿਆਂ ਦੀ ਗੱਲ ਕਰਨ ਵਾਲਾ ਇਕ ਸੱਚਾ ਇਨਸਾਨ, ਅਤੇ ਸੰਤ ਮੱਤ,ਵੈਸ਼ਨਵ ਮੱਤ,ਅਤੇ ਸੂਫ਼ੀ ਸਿਧਾਂਤ ਦਾ ਸਮਨਵੈ ਕਰਨ ਵਾਲਾ ਨਾਮਵਰ ਕਵੀ ਹੋਇਆ ਹੈ ।ਬੁੱਲੇ ਸ਼ਾਹ ਦੇ ਆੳਣ ਨਾਲ ਪੰਜਾਬੀ ਸੂਫ਼ੀ ਕਵਿਤਾ ਸਿ਼ਖ਼ਰ ਤੇ ਪੱੁਜ ਗਈ ਸੀ ।ਸੰਤ ਬੱੁਲ੍ਹੇ ਸ਼ਾਹ ਨੂੰ ਪੰਜਾਬ ਦਾ ਮਨਸੂਰ ਭੀ ਕਿਹਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ । ਸੰਤ ਬੱਲ੍ਹੇ ਸ਼ਾਹ ਨੂੰ ਸਰਵਜਨਿਤ ਤੌਰ ਤੇ ਰਹੱਸਵਾਦੀਆਂ ਵਿਚੋਂ ਮਹਾਨਤਮ ਸੰਤ ਸਵੀਕਾਰ ਕੀਤਾ ਜਾਂਦਾ ਹੈ, ਪੰਜਾਬੀ ਦੇ ਹੋਰ ਕਿਸੇ ਭੀ ਰਹੱਸਵਾਦੀ ਸੰਤ ਨੂੰ ਬੱੁਲ੍ਹੈ ਸ਼ਾਹ ਜਿੱਡੀ ਮਾਨਤਾ ਅਤੇ ਏਡੀ ਵੱਡੀ ਪ੍ਰਸ਼ੰਸਾ ਪ੍ਰਾਪਤ ਨਹੀਂ ਹੈ, ਸੰਤ ਬੱੁਲ੍ਹੇ ਸ਼ਾਹ ਨੂੰ ਵਿਲੱਖਣ ਲੋਕਪ੍ਰਿਯਤਾ ਪ੍ਰਾਪਤ ਹੈ । ਇੰਜ ਜਾਪਦਾ ਹੈ ਉਸਦੀਆਂ ਕਾਫ਼ੀਆਂ ਤੇ ਸੂਫ਼ੀ ਸੰਤ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਦੀ ਰੰਗਣ ਚੜ੍ਹੀ ਹੋਈ ਸੀ, ਕਿਉਂਕਿ ਬੱੁਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੀਆਂ ਕੁਝ ਤੁਕਾਂ ਸੰਤ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਨਾਲ ਮਿਲਦੀਆਂ ਹਨ, ਪਰ ਬੱੁਲ੍ਹੇ ਸ਼ਾਹ ਨੂੰ ਉਨਾਂ੍ਹ ਦੀ ਸੂਫ਼ੀਆਨਾ ਸ਼ਾਇਰੀ ਕਰਕੇ ਵਧੇਰੇ ਸੁਹਰਤ ਪ੍ਰਾਪਤ ਹੋਈ । ਸਾਈਂ ਬੱਲ੍ਹੇ ਸ਼ਾਹ ਦਾ ਜਨਮ 1680 ਈਸਵੀ ਨੂੰ ਪਿੰਡ ੳੱੁਚ ਸ਼ਰੀਫ਼ ਗੀਲਾਨੀਆਂ (ਜੀਲਾਂਨੀਆਂ ) (ਅੱਜਕਲ ਬਹਾਵਲ ਪੁਰ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ ) ਵਿਚ ਹੋਇਆ, ਅਤੇ ਮ੍ਰਿਤੂ 1748 ਇਸਵੀ ਨੂੰ ਕਸੂਰ (ਪਾਕਿਸਤਾਨ ) ਵਿਚ ਹੋਈ । ਮੀਆਂ ਮੌਲਾ ਬਕਸ਼ ਕੁਸ਼ਤਾ ਦੀ ਲਿਖਤ ਅਨੂੰਸਾਰ ਸੰਤ ਬੱੁਲੇ੍ਹ ਸ਼ਾਹ ਨੇ 1746 ਇਸਵੀ ਨੂੰ ਪਰਲੋਕ ਗਮਨ ਕੀਤਾ ਸੀ । ਇਨਾਂ੍ਹ ਦਾ ਅਸਲੀ ਨਾਂਅ ਅਬਦੁੱਲਾ ਸ਼ਾਹ ਸੀ, ਅਤੇ ਇਨ੍ਹਾਂ ਦੇ ਵੱਡੇ ਵਡੇਰੇ ਬੁਖਾਰੇ (ਅੱਜਕਲ ਉਜਬੇਕਿਸਤਾਨ ) ਤੋਂ ਭਾਰਤ ਆਏ ਸਨ । ਬੱੁਲ੍ਹੇ ਸ਼ਾਹ ਇਰਾਕ ਦੇ ਸ਼ੇਖ਼ ਅਬਦੱੁਲ ਕਾਦਿਰ ਜਿਲਾਨੀ ਦੀ ਸੰਤਾਨ ਚੋਂ ਸਨ, ਜਿਨਾਂ੍ਹ ਦਾ ਸਿੱਧਾ ਸਬੰਧ ਨਬੀ ਮੁਹੱਮਦ ਸਾਹਿਬ ਦੇ ਵੰਸ਼ਜ ਨਾਲ ਜਾ ਮਿਲਦਾ ਹੈ । ਸੰਤ ਬੱੁਲੇ੍ਹ ਸ਼ਾਹ ਦੇ ਪਿਤਾ ਦਾ ਨਾਂਅ ਸਖੀ ਮੁਹੱਮਦ ਦਰਵੇਸ਼ ਸੀ, ਉਹ ੳੱਚ ਗਿਲਾਨੀਆਂ ਛੱਡ ਕੇ ਮਲਕਵਾਲ ਆ ਵਸੇ ਸਨ ਉਦੋਂ ਬੱਲੇ੍ਹ ਸ਼ਾਹ ਛੇ ਮਹੀਨਿਆਂ ਦੇ ਸਨ, ਅਤੇ ਕੁਝ ਚਿਰ ਬਾਅਦ ਇਹ ਸਾਰਾ ਪਰਿਵਾਰ ਪਿੰਡ ਪਾਂਡੋਕੇ ਆਕੇ ਰਿਹਿਣ ਲੱਗ ਗਿਆ ਸੀ ।ਉਨਾਂ੍ਹ ਦੇ ਪਿਤਾ ਮੌਲਵੀ ਅਤੇ ਅਧਿਆਪਕ ਸਨ ਅਤੇ ਉਹ ਪਿੰਡ ਪਾਂਡੋਕੇ ਆਕੇ ਪੜ੍ਹਾਉਣ ਲੱਗ ਗਏ ਸਨ । ਜਿਵੇਂ ਹਰ ਸੰਤ ਨਾਲ ਕਰਾਮਾਤ ਕਰਨ ਦੀ ਰੱਬੀ ਸ਼ਕਤੀ ਬਾਰੇ ਗੱਲਾਂ ਜੁੜੀਆਂ ਹੁੰਦੀਆਂ ਹਨ ਦੱਸਦੇ ਹਨ ਬੁੱਲੇ੍ਹ ਸ਼ਾਹ ਵਿਚ ਜਨਮ ਤੋਂ ਹੀ ਰੱਬੀ ਤਾਕਤ ਹਾਜਰ ਸੀ । ਇਕ ਕਹਾਵਤ ਅਨੂੰਸਾਰ ਬੱੁਲ੍ਹੇ ਸਾ਼ਹ ਇਕ ਵਾਰੀ ਬਾਹਰ ਡੰਗਰ ਚਾਰਨ ਗਏ, ਆਪ ਤਾਂ ਦਰਖ਼ਤ ਦੀ ਛਾਂ ਹੇਠ ਸੌਂ ਗਏ, ਤੇ ਡੰਗਰਾਂ ਨੇ ਇਕ ਜਿ਼ਮੀਦਾਰ ਜੀਵਨ ਖਾਨ ਦਾ ਕੇਤ ਉਜਾੜ ਦਿੱਤਾ, ਜੀਵਨ ਖਾਨ ਨੂੰ ਆਪਣੇ ਉੱਜੜੇ ਹੋਏ ਖੇਤ ਤੱਕ ਕੇ ਗੱੁਸਾ ਆ ਗਿਆ ਤੇ ਉਹ ਜਿੳੋਂ ਹੀ ਵਾਗੀ ਨੂੰ ਮਾਰਨਾ ਚਾਹਿਆ, ਉਸਨੇ ਵੇਖਿਆ ਸੰਤ ਬੱੁਲੇ੍ਹ ਸਾ਼ਹ ਦਰਖ਼ਤ ਹੇਠ ਸੱੁਤੇ ਪਏ ਹਨ, ਅਤੇ ਇਕ ਫਨੀਅਰ ਸੱਪ ਨੇ ਉਨਾਂ੍ਹ ਤੇ ਛਾਂ ਕੀਤੀ ਹੋਈ ਹੈ । ਜੀਵਨ ਖਾਨ ਨੇ ਉਨਾਂ੍ਹ ਦੇ ਪਿਤਾ ਨੂੰ ਸਿ਼ਕਾਇਤ ਲਗਾਈ ਕਿ ਤੇਰੇ ਪੱੁਤਰ ਨੇ ਡੰਗਰ ਖੇਤ ਵਿਚ ਵਾੜਕੇ ਉਸਦਾ ਖੇਤ ਉਜਾੜ ਦਿੱਤਾਂ ਹੈ, ਅਤੇ ਬੁੱਲੇ ਸ਼ਾਹ ੳੱੁਥੇ ਮੋਇਆ ਪਿਆ ਹੈ । ਜਦੋਂ ਉਹ ਘਬਰਾਕੇ ਉੱਥੇ ਆਏ ਤਾਂ ਦੇਖਿਆ ਬੱੁਲ੍ਹੇ ਸਾ਼ਹ ਸੱੁਤਾ ਪਿਆ ਸੀ ਅਤੇ ਸੱਪ ਸ਼ੋਰ ਸੁਣਿਕੇ ਚਲਾ ਗਿਆ ਸੀ ।ਬੱੁਲੇ ਸ਼ਾਹ ਵੀ ਜਾਗ ਗਏ ਉਨਾਂ੍ਹ ਦੇ ਪਿਤਾ ਨੇ ਕਿਹਾ ਬੇਟਾ “ ਅਸੀਂ ਪਰਦੇਸੀ ਹਾਂ ਕਿਸੇ ਜਿ਼ਮੀਦਾਰ ਦਾ ਮੁਕਾਬਲਾ ਨਹੀਂ ਕਰ ਸਕਦੇ ਤੂੰ ਆਪਣੇ ਡੰਗਰ ਕਿਸੇ ਦੇ ਖੇਤ ਵਿਚ ਨਾ ਜਾਣ ਦਿਆ ਕਰ, ਜੀਵਨ ਖਾਨ ਨੇ ਸਿ਼ਕਾਇਤ ਲਗਾਈ ਹੈ ਕਿ ਡੰਗਰਾਂ ਨੇ ਸਾਰਾ ਖੇਤ ਉਜਾੜ ਦਿੱਤਾ ਹੈ ।” ਪਰ ਬੱੁਲੇ੍ਹ ਸ਼ਾਹ ਨੇ ਕਿਹਾ, “ ਪਿਤਾ ਜੀ ਖੇਤ ਬਿਲਕੁਲ ਠੀਕ ਹਨ ਬੇਸ਼ਕ ਜਾਕੇ ਦੇਖ ਲਉ।” ਉਨਾਂ੍ਹ ਨੇ ਜਦੋਂ ਜਾਕੇ ਦੇਖਿਆ ਤਾਂ ਚਨੇ ਦਾ ਖੇਤ ਸੱਚ ਮੱੁਚ ਹੀ ਹਰਿਆ ਭਰਿਆ ਸੀ, ਇਸ ਕਰਾਮਾਤ ਨੂੰ ਦੇਖ ਕੇ ਜੀਵਨ ਖਾਨ ਬਹੁਤ ਹੀ ਪਰਭਾਵਿਤ ਹੋਇਆ, ਅਤੇ ਉਸਨੇ ਇਹ ਖੇਤ ਆਪ ਜੀ ਨੂੰ ਦੇ ਦਿੱਤੇ, ਇਹ ਖੇਤ ਹੁਣ ਤੱਕ ਭੀ ਸਖੀ ਮੁਹੱਮਦ ਦਰਵੇਸ਼ ਦੀ ਮਜਾਰ ਦੀ ਮਲਕੀਅਤ ਹਨ । ਸੰਤ ਬੁੱਲੇ ਸ਼ਾਹ ਦੀ ਮੁੱਢਲੀ ਪੜ੍ਹਾਈ ਪਿੰਡ ਪਾਂਡੋਕੇ ਹੀ ਹੋਈ, ਅਤੇ ਜਦੋਂ ਥੋਹੜੇ ਵੱਡੇ ਹੋਏ ਤਾਂ ਉਨਾਂ੍ਹ ਨੇ ਕਸੂਰ ਦੇ ਮੌਲਵੀ ਗੁਲਾਮ ਮੁਰਤਜਾ ਕੋਲੋਂ ਸਿੱਖਿਆ ਪ੍ਰਾਪਤ ਕੀਤੀ । ਕਿਤਾਬੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਬੁੱਲੇ੍ਹ ਸ਼ਾਹ ਦੇ ਮਨ ਵਿਚ ਰੁਹਾਨੀ ਗਿਆਨ ਪ੍ਰਾਪਤ ਕਰਨ ਦੀ ਇੱਛਾ ਜਾਗੀ, ਇਕ ਵਾਰੀ ਬਟਾਲਾ (ਪਜਾਬ ) ਗਏ ਤਾਂ ਮਨਸੂਰ ਵਾਂਗ ਮੁੰਹ ਚੋਂ ਨਿਕਲਿਆ ਮੈਂ ਅੱਲਾ ਹਾਂ । ਲੋਕ ਉਨਾਂ੍ਹ ਨੂੰ ਦਰਬਾਰ ਫ਼ਾਜ਼ਲੀਆ ਬਟਾਲਾ ਦੇ ਮੋਢੀ ਸੇ਼ਖ ਫ਼ਾਜ਼ਲ-ਉ-ਦੀਨ ਕੋਲ ਲੈ ਗਏ ।ਉਨਾਂ੍ਹ ਨੇ ਫ਼ਰਮਾਇਆ, “ ਇਹ ਸੱਚ ਕਹਿੰਦਾ ਹੈ ਕਿ ਇਹ ਅੱਲਾ ਹੈ (ਕੱਚਾ, ੳਲ੍ਹੜ ) ਏ, ਇਸਨੂੰ ਕਹੋ ਕਿ ਸ਼ਾਹ ਇਨਾਇਤ ਕੋਲ ਜਾਕੇ ਪੱਕ ਕੇ ਆਵੇ ।”
ਸ਼ਾਹ ਇਨਾਇਤ ਕਾਦਰੀ ਇਕ ਪਹੁੰਚੇ ਹੋਏ ਸੰਤ ਸਨ । ਉਹ ਜਾਤ ਦੇ ਅਰਾਈਂ ਅਤੇ ਆਪਣੇ ਹੱਥੀਂ ਕੰਮ ਕਰਨ ਵਾਲੇ, ਅਤੇ ਕਸੂਰ ਵਾਸੀ ਸਨ । ਕਸੂਰ ਦੇ ਪਠਾਨ ਹਾਕਮ ਹੁਸੈਨ ਖਾਨ ਨਾਲ ਅਨਬਣ ਹੋ ਜਾਣ ਦੇ ਕਾਰਨ ਉਹ ਲਾਹੋਰ ਆਕੇ ਰਹਿਣ ਲੱਗ ਗਏ ਸਨ । ਸ਼ਾਹ ਇਨਾਇਤ ਕਾਦਰੀ ਸਿਲਸਿਲੇ ਦੇ ਪ੍ਰਤੀਨਿਧੀ ਸਨ । ਕਾਦਰੀ ਸਿਲਸਿਲਾ ਬਾਹਰਵੀਂ ਸਦੀ ਵਿਚ ਇਰਾਨ ਵਿਚ ਪੈਦਾ ਹੋਇਆ ਸੀ । ਸਭ ਤੋਂ ਪਹਿਲਾਂ ਕਾਦਰੀ ਸੂਫ਼ੀ ਸਿਧਾਂਤ ਨੂੰ ਮੁਹੱਮਦ ਗੌਰੀ ਨੇ 1482 ਈਸਵੀ ਵਿਚ ਭਾਰਤ ਵਿਚ ਲਿਆਂਦਾ ਸੀ । ਹਜਰਤ ਮੀਆਂ ਮੀਰ (1550-1622) ਨੇ ਪੰਜਾਬ ਵਿਚ ਇਸ ਫਿਰਕੇ ਦਾ ਪ੍ਰਾਚਾਰ ਕੀਤਾ, ਅਤੇ ਮੀਆਂ ਮੀਰ ਦੀ ਦੂਜੀ ਪੀੜ੍ਹੀ ਚੋਂ ਸਨ ਸ਼ਾਹ ਇਨਾਇਤ ਕਾਦਰੀ । ਕਾਦਰੀ ਫਿਰਕੇ ਦੇ ਸਿਧਾਂਤ ਇਸ ਤਰ੍ਹਾਂ ਹਨ ।ਕਾਦਰੀ ਸੂਫੀ਼ ਸਾਧਕ ਦੁਨਿਆਵੀ ਤਿਆਗ ਵਿਚ ਵਿਸ਼ਵਾਸ ਰੱਖਦੇ ਹਨ, ਮੁਸਲਮਾਨੀ ਭੇਖ ਅਤੇ ਸ਼ਰਾ- ਸ਼ਰੀਅਤ ਦਾ ਭੀ ਸਖ਼ਤੀ ਨਾਲ ਪਾਲਣ ਨਹੀਂ ਕਰਦੇ, ਅਤੇ ਨਾ ਹੀ ਉਹ ਰਸਮਾਂ ਰਿਵਾਜਾਂ ਵਿਚ ਯਕੀਨ ਰੱਖਦੇ ਹਨ ।ਉਨ੍ਹਾਂ ਦਾ ਵਿਸ਼ਵਾਸ ਹੈ ਕਿ ਸਾਧਕ ਮੁਰਸ਼ਦ (ਗੁਰੂ ) ਦੀ ਕ੍ਰਿਪਾ ਨਾਲ ਹੀ ਰੱਬ ਨੂੰ ਪ੍ਰਾਪਤ ਕਰ ਸਕਦਾ ਹੈ ਉਹ ੳੱਚਤਮ ਆਚਰਣ ਦੇ ਧਾਰਨੀ ਹੁੰਦੇ ਹਨ ਅਤੇ ਗ੍ਰਹਿਸਤੀ ਜੀਵਨ ਵੀ ਅਖ਼ਤਿਆਰ ਨਹੀਂ ਕਰਦੇ । ਮੀਆਂ ਮੀਰ ਤੋਂ
ਬਾਬਾ ਬੁੱਲੇ੍ਹ ਸ਼ਾਹ 2
ਚੱਲੀ ਆ ਰਹੀ ਰਿਵਾਇਤ ਨੂੰ ਬੁੱਲੇ੍ਹ ਸ਼ਾਹ ਨੇ ਬਖੂਬੀ ਨਿਭਾਇਆ । ਕਾਦਰੀ ਫਿਰਕਾ ਆਪਣੀ ਨਿਮਰਤਾ, ਦਿਲ ਦੀ ਪਾਕੀਜਗੀ, ਅਤੇ ਫ਼ਰਾਕ ਦਿਲੀ ਲਈ ਜਾਣਿਆਂ ਜਾਂਦਾ ਹੈ । ਇਕ ਹੋਰ ਕਰਾਮਾਤ ਸੰਤ ਬੱਲੇ੍ਹ ਸ਼ਾਹ ਨਾਲ ਜੁੜੀ ਹੋਈ ਹੈ ਉਹ ਇਹ ਹੈ ਕਿ ਗਰਮੀਆਂ ਦੇ ਦਿਨਾ ਵਿਚ ਇਕ ਵਾਰੀ ਲਾਹੋਰ ਦੇ ਸ਼ਾਲੀਮਾਰ ਬਾਗ ਵਿਚ ਲੱਗੇ ਹੋਏ ਅੰਬਾਂ ਨੂੰ ਦੇਖ ਕੇ ੳਸੁਦਾ ਅੰਬ ਖਾਣ ਨੂੰ ਦਿਲ ਕਰ ਆਇਆ, ਉਸਨੇ ਬਾਗ ਦੇ ਮਾਲੀ ਨੂੰ ਨਾ ਦੇਖ ਕੇ ਸੋਚਿਆ ਮਾਲੀ ਦੀ ਇਜਾਜਤ ਤੋਂ ਬਗੈਰ ਅੰਬ ਤੋੜਕੇ ਖਾਣਾ ਪਾਪ ਹੈ ਤੇ ਇਸ ਪਾਪ ਤੋਂ ਬਚਣ ਲਈ ਉਸਨੇ ਅੱਖਾਂ ਬੰਦ ਕਰਕੇ ਅੱਲਾ ਗਨੀ ਦਾ ਮੰਤਰ ਪੜ੍ਹਿਆ ਤਾਂ ਅੰਬ ਟੱੁਟ ਕੇ ਉਸਦੀ ਝੋਲੀ ਵਿਚ ਆ ਪਿਆ, ਤੇ ਕਈ ਵਾਰੀ ਮੰਤਰ ਉਚਾਰਣ ਨਾਲ ਢੇਰ ਸਾਰੇ ਅੰਬ ਡਿੱਗ ਪਏ ਜਿਹੜੇ ਉਸਨੇ ਆਪਣੀ ਚਾਦਰ ਵਿਚ ਬਨ੍ਹ ਲਏ । ਉਸੇ ਵਕਤ ਬਾਗ ਦੇ ਮਾਲੀ ਸ਼ਾਹ ਇਨਇਤ ਨੇ ਆਕੇ ਉਸ ਤੇ ਅੰਬ ਚੋਰੀ ਕਰਨ ਦਾ ਦੋਸ਼ ਲਗਾਇਆ ।ਬੁਲ੍ਹੇ ਸ਼ਾਹ ਨੇ ਸੋਚਿਆ ਨੀਵੀਂ (ਅਰਾਈਂ ) ਜਾਤ ਦਾ ਇਹ ਮਾਲੀ ਮੈਨੂੰ ਚੋਰ ਦੱਸਦਾ ਹੈ ਅਤੇ ਉਹ ਤਨਜ ਨਾਲ ਕਹਿਣ ਲਗਿਆ “ ਮੈਂ ਅੰਬ ਚੋਰੀ ਨਹੀਂ ਕੀਤੇ ਇਹ ਆਪੇ ਹੀ ਮੇਰੀ ਝੋਲੀ ਵਿਚ ਆ ਪਏ ਹਨ ਜਿਵੇਂ ਹੁਣ ਤੂੰ ਦੇਖੇਂਗਾ ।” ਤੇ ਬੁਲੇ੍ਹ ਸ਼ਾਹ ਵਲੋਂ ਅੱਲਾ ਗਨੀ ਦਾ ਸ਼ਬਦ ਪੜ੍ਹਣ ਨਾਲ ਅੰਬ ਉਸਦੀ ਝੋਲੀ ਵਿਚ ਆ ਪਿਆ । ਇਸ ਕਰਿਸ਼ਮੇ ਨਾਲ ਸ਼ਾਹ ਇਨਾਇਤ ਤੇ ਕੋਈ ਅਸਰ ਨਾ ਹੋਇਆ ਤੇ ਉਹ ਮੁਸਕਾਉਣ ਲੱਗ ਗਏ ਤੇ ਬੁਲੇ੍ਹ ਸ਼ਾਹ ਹੇਰਾਨ ਹੋ ਗਿਆ । ਉਸਦੀ ਤਰਸ ਯੋਗ ਹਾਲਤ ਤੱਕ ਕੇ ਸ਼ਾਹ ਇਨਾਇਤ ਦੇ ਮਨ ਵਿਚ ਰਹਿਮ ਅਤੇ ਤਰਸ ਆ ਗਿਆ ਤੇ ਉਨਾਂ੍ਹ ਨੇ ਕਿਹਾ ਭਲੇ ਬੰਦੇ ਤੈਨੂੰ ਤਾਂ ਇਹ ਭੀ ਨਹੀਂ ਪਤਾ ਕਿ ਇਸ ਕਲਾਮ ਦਾ ਉਚਾਰਣ ਕਿਸ ਤਰਾਂ੍ਹ ਕਰਨਾ ਚਾਹੀਦਾ ਹੈ । ਤੇ ਇਹ ਕਹਿਕੇ ਉਨਾਂ ਵਲੋਂ ਅੱਲਾ ਗਨੀ ਦਾ ਸ਼ਬਦ ਅੁਚਾਰਣ ਨਾਲ ਸਾਰੀ ਧਰਤੀ ਅੰਬਾਂ ਨਾਲ ਭਰ ਗਈ ਅਤੇ ਇਕ ਵਾਰੀ ਫੇਰ ਉਹੀ ਸ਼ਬਦ ਉਚਾਰਣ ਨਾਲ ਸਾਰੇ ਅੰਬ ਦਰਖ਼ਤਾਂ ਨਾਲ ਜਾਕੇ ਲੱਗ ਗਏ । ਇਹ ਕੌਤਕ ਤੱਕ ਕੈ ਬੁੱਲੈ ਸ਼ਾਹ ਹੈਰਾਨ ਹੀ ਰਹਿ ਗਿਆ,ਉਹ ਰੱਬੀ ਸ਼ਕਤੀ ਵਿਚ ਅਸਫ਼ਲ ਰਿਹਾ ਸੀ ਅਤੇ ਜਿਸ ਵਿਅਕਤੀ ਨੂੰ ਉਹ ਨੀਵੀਂ ਜਾਤ ਦਾ ਸਮਝਦਾ ਸੀ ਉਹ ਜਿੱਤ ਗਿਆ ਸੀ । ਉਸਨੇ ਸ਼ਾਹ ਇਨਾਇਤ ਦੇ ਚਰਨਾ ਵਿਚ ਢਹਿਕੇ ਬੇਨਤੀ ਕੀਤੀ ਕਿ ਉਸਨੂੰ ਦਾਸ ਸਮਝਕੇ ਨਾਮ ਦਾਨ ਬਕਸ਼ ਦਿਉ । ਬੁਲੇ੍ਹ ਸ਼ਾਹ ਨੂੰ ਗੁਰੂ ਦੀ ਤਲਾਸ਼ ਵਿਚ ਨਿਕਲਨ ਤੋਂ ਪਹਿਲਾਂ ਹੀ ਸੰਤਾਂ-ਮਹਾਤਮਾਵਾਂ,ਪੀਰਾਂ-ਔਲੀਆਂ, ਮੁੱਲਾਂ-ਮੌਲਵੀਆਂ ਦਾ ਸਤਿਸੰਗ ਅਤੇ ਸਿੱਖਿਆ ਪ੍ਰਾਪਤ ਹੋ ਚੁੱਕੀ ਸੀ, ਇਹ ਸਨ ਹਜਰਤ ਗੁਲਾਮ ਮੁਰਤਜਾ,ਗੁਲਾਮ ਮੁਹੀ-ਉ-ਦੀਨ ਕਸੈਰੀ,ਅਤੇ ਸਾਧ ਦਰਸ਼ਨੀ ਨਾਥ । ਇਸਤਂੋਂ ਇਲਾਵਾ ਬੁੱਲੇ੍ਹ ਸ਼ਾਹ ਨੂੰ ਘਰੋਂ ਭੀ ਚੰਗੇ ਸੰਸਕਾਰ ਮਿਲੇ ਸਨ । ਇਕ ਹੋਰ ਕਥਨ ਅਨੂੰਸਾਰ ਬੁੱਲੇ੍ਹ ਸ਼ਾਹ ਜਦੋਂ ਸੰਤ ਸ਼ਾਹ ਇਨਾਇਤ ਕੋਲ ਜਾਂਦਾ ਹੈ ਤਾਂ ਸ਼ਾਹ ਇਨਾਇਤ ਖੇਤ ਦੀ ਕਿਆਰੀ ਵਿਚ ਗੰਢਿਆਂ ਦੀ ਪਨੀਰੀ ਲਗਾ ਰਹੇ ਸਨ ਪੁੱਛਣ ਲੱਗੇ, “ ਜਵਾਨਾਂ ਕਿਵੇਂ ਆਇਆ ਏਂ ।”ਬੁੱਲਾ੍ਹ ਪ੍ਰਾਰਥਨਾ ਕਰਦਾ ਹੈ ਕਿ ਅੁਹ ਰੱਬ ਨੂੰ ਮਿਲਣਾ ਚਾਹੁੰਦਾ ਹੈ, ਰੱਬ ਕਿਸ ਤਰਾਂ੍ਹ ਮਿਲ ਸਕਦਾ ਹੈ ।” ਸ਼ਾਹ ਇਨਾਅਤ ਨੇ ਉਸ ਵਕਤ ਬੜੇ ਹੀ ਸਧਾਰਣ ਢੰਗ ਨਾਲ ਬੜੀ ਵੱਡੀ ਸੱਚਾਈ ਪ੍ਰਕਟ ਕਰਕੇ ਗੁਰੂ ਮੰਤਰ ਦੇ ਦਿੱਤਾਂ । ਕਹਿਣ ਲੱਗੇ, “ ਬੁੱਲ੍ਹਿਆ ਰੱਬ ਦਾ ਕੀ ਪਾਉਣਾ ਏਧਰੋਂ ਪੁੱਟਣਾ ਤੇ ਉਧਰ ਲਾਉਣਾ।”ਇਸ ਗੁਰੂ ਮੰਤਰ ਦੇ ਗੁਝੇ ਅਰਥ ਜਿਗਿਆਸੂ ਬਣਿਕੇ ਆਏ ਬੁੱਲੇ੍ਹ ਸ਼ਾਹ ਦੇ ਧੁਰ ਅੰਦਰ ਲੱਥ ਗਏ ,ਉਹ ਸ਼ਾਹ ਇਨਾਇਤ ਦੇ ਚਰਨਾ ਵਿਚ ਢਹਿ ਪਿਆ ਤੇ ਸੰਤ ਸ਼ਾਹ ਇਨਾਇਤ ਨੇ ਉਸਨੂੰ ਆਪਣਾ ਚੇਲਾ ਬਣਾ ਲਿਆ । ਇਸ ਗੁਰੂ ਮੰਤਰ ਦੇ ਢੰੁਘੇ ਅਰਥ ਇਹ ਸਨ ਕਿ ਸੰਸਾਰ ਦੀ ਮੋਹ ਮਾਇਆ ਨੂੰ ਛੱਡ ਕੇ ਆਪਣਾ ਮਨ ਪਰਮਾਤਮਾਂ ਦੀ ਯਾਦ ਅਤੇ ਸਿਮਰਨ ਵਿਚ ਲਗਾਦੇ ਤਾਂਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ । ਬੁੱਲੇ੍ਹ ਸ਼ਾਹ ਦਾ ਪਰਿਵਾਰ ਬਹੁਤ ਵੱਡਾ ਸੀ ਬਹੁਤ ਸਾਰੇ ਭੈਣ ਭਈ ਅਤੇ ਭਰਜਾਈਆਂ ਸਨ, ਉਸਦੇ ਘਰ ਵਾਲੇ ਜ਼ਾਤ-ਪਾਤ ਅਤੇ ਉਂਚ ਨੀਚ ਦੇ ਬੰਧਨਾ ਵਿਚ ਪੂਰੀ ਤਰਾਂ੍ਹ ਜਕੜੇ ਹੋਏ ਸਨ ਉਹ ਬੁੱਲੇ੍ਹ ਸ਼ਾਹ ਨੂੰ ਨਰਾਜ਼ ਹੋਕੇ ਇਸ ਕਰਕੇ ਤਿਆਗ ਦਿੰਦੇ ਹਨ ਕਿ ਉਸਨੇ ਸੱਯਦ (ਉੱਚੀ ਜਾਤ ਵਾਲਾ ) ਹੋਕੇ ਇਕ ਅਰਾਈਂ (ਨੀਂਵੀਂ ਜਾਤ ਵਾਲਾ ) ਨੂੰ ਮੁਰਸ਼ਦ (ਗੁਰੂ ) ਬਣਾਇਆ ਹੈ ਇਸ ਗੱਲ ਦਾ ਉਨ੍ਹਾਂ ਦੀ ਇਸ ਕਾਫੀ਼ ਤੋਂ ਪਤਾ ਚਲਦਾ ਹੈ।
ਬੁੱਲੇ੍ਹ ਨੂੰ ਸਮਝਾਵਣ ਆਈਆਂ ਭੈਣਾ ਤੇ ਭਰਜਾਈਆਂ ।
ਅਲ ਨਬੀ ਔਲਾਦ ਅਲੀ ਦੀ, ਤੂੰ ਕੀ ਲੀਕਾਂ ਲਾਈਆਂ
ਮੰਨ ਲੈ ਬੁੱਲਿਆ ਸਾਡਾ ਕਹਿਣਾ, ਛੱਡ ਦੇ ਪੱਲਾ ਰਾਈਆਂ ।
ਕਿਉਂਕਿ ਸੱਯਦ ਆਪਣੇ ਆਪ ਨੂੰ ਖੇਤੀ ਬਾੜੀ ਕਰਨ ਵਾਲੇ ਅਰਾਈਆਂ ਤੋਂ ੳੱੁਚੀ ਜ਼ਾਤ ਵਾਲੇ ਮੰਨਦੇ ਹਨ ,ਪਰ ਬੁੱਲੇ੍ਹ ਸ਼ਾਹ ਨੇ ਜ਼ਾਤ- ਪਾਤ ਦੇ ਬੰਧਨਾ ਨੂੰ ਤੋੜ ਕੇ ਗੁਰੂ ਅਤੇ ਗੁਰੂ ਦੀ ਜਾਤ ਦਾ ਪੂਰਾ ਸਤਿਕਾਰ ਕੀਤਾ, ਜਿਸਦਾ ਹੇਠ ਲਿਖੀ ਕਾਫ਼ੀ ਤੋਂ ਪਤਾ ਚਲਦਾ ਹੈ ।
ਜਿਹੜਾ ਸਾਨੂੰ ਸੱਯਦ ਆਖੇ, ਦੋਜ਼ਖ਼ ਮਿਲੇ ਸਜਾਈਆਂ ।
ਜਿਹੜਾ ਸਾਨੂੰ ਰਾਈਂ ਆਖੇ, ਬਹਿਸ਼ਤੀ ਪੀਘਾਂ ਪਾਈਆਂ।
ਜੇ ਤੂੰ ਲੋਰੇਂ ਬਾਗ ਬਹਾਰਾਂ, ਬੁੱਲ੍ਹਿਆ ਤਾਲਿਬ ਹੋਜਾ ਰਾਈਆ ।
ਬੁੱਲੇ੍ਹ ਸ਼ਾਹ ਦੀ ਇਕ ਭੈਣ ਨੇ ਬੁੱਲ੍ਹੇ ਸ਼ਾਹ ਦਾ ਸਾਰੀ ਉਮਰ ਸਾਥ ਦਿੱਤਾ, ਉਹ ਭੀ ਬੁੱਲੇ੍ਹ ਸ਼ਾਹ ਵਾਂਗ ਕਵਾਰੀ ਰਹਿਕੇ ਉਸਦੀ ਸੇਵਾ ਕਰਦੀ ਰਹੀ । ਸ਼ਾਹ ਇਨਾਇਤ ਫ਼ਾਰਸੀ ਅਤੇ ਸੰਸਕ੍ਰਿਤ ਦੇ ਚੰਗੇ ਵਿਦਵਾਨ ਸਨ, ਅਤੇ ਫ਼ਕੀਰ ਮੁਹੰਮਦ ਅਲਰਜ਼ਾ ਸ਼ੱਤਾਰੀ ਦੇ ਸਿ਼ਸ਼ ਸਨ ਅਤੇ ਖਲੀਫ਼ਾ ਥਾਪੇ ਗਏ ਸਨ ਉਨ੍ਹਾਂ ਨੇ ਫ਼ਾਰਸੀ ਵਿਚ ਬਹੁਤ ਸਾਰੀਆਂ ਪੁਸਤਕਾਂ ਲਿਖਣ ਤੋਂ ਅਲਾਵਾ ਕੁਰਆਣ ਸ਼ਰੀਫ਼ ਦਾ ਟੀਕਾ ਵੀ ਲਿਖਿਆ ਸੀ । ਉਹ ਇਕ ਪਹੰੁਚੇ ਹੋਏ ਸੰਤ ਸਨ । ਕਹਿੰਦੇ ਹਨ ਬੜੇ ਭਾਗਾਂ ਵਾਲੇ ਹੁੰਦੇ ਹਨ ਉਹ ਲੋਕ ਜਿਨ੍ਹਾਂ ਨੂੰ ਪੂਰਾ ਗੁਰ ੂਮਿਲ ਜਾਂਦਾ ਹੈ, ਅਤੇ ਮਾਰਗ ਦਰਸ਼ਨ ਕਰਾਕੇ ਰੱਬ ਨੂੰ ਮਿਲਾਉਂਦਾ ਹੈ, ਬੁੱਲੇ੍ਹ ਸ਼ਾਹ ਭੀ ਬੜੇ ਭਾਗਾਂ ਵਾਲੇ ਸਨ ਜਿਨਾਂ੍ਹ ਨੂੰ ਸ਼ਾਹ ਇਨਾਇਤ ਵਰਗਾ ਸਿਧ ਪੁਰਸ਼ ਅਤੇ
ਬਾਬਾ ਬੁੱਲੇ੍ਹ ਸ਼ਾਹ 3
ਕਾਮਿਲ ਮੁਰਸ਼ਦ ਮਿਲਿਆ । ਬੁੱਲੇ੍ਹ ਸ਼ਾਹ ਨੇ ਗੁਰੂ ਅਤੇ ਰੱਬ ਵਿਚ ਕੋਈ ਅੰਤਰ ਨਹੀਂ ਜਾਣਿਆਂ, ਉਹ ਭੀ ਸੰਤ ਕਬੀਰ ਵਾਂਗ ਗੁਰੂ ਨੂੰ ੳੱਚਾ ਰੁਤਬਾ ਦਿੰਦਾ ਹੈ, ਸੰਤ ਕਬੀਰ ਜੀ ਕਹਿੰਦੇ ਹਨ,
ਗੁਰੂ ਗੋਬਿੰਦ ਦੋਉ ਖੜੇ, ਕਾਕੇ ਲਾਗੂੰ ਪਾਇ ।ਬਲਿਹਾਰੀ ਗੁਰੂ ਆਪਣੇ ਜਿਨ ਗੋਬਿੰਦ ਦੀਉ ਬਤਾਇ । ਬੁੱਲੇ੍ਹ ਸ਼ਾਹ ਦੀਆਂ ਕਾਫੀ਼ਆਂ ਤੋਂ ਭੀ ਇਹੀ ਪ੍ਰਤੀਤ ਹੁੰਦਾ ਹੈ ।
– ਬੁੱਲਾ੍ਹ ਸ਼ਹੁ ਦੀ ਸੁਣੋ ਹਕਾਇਤ, ਹਾਦੀ ਪਕੜਿਆ ਹੋਗ ਹਿਦਾਇਤ ।ਸਬ ਗੁਨਾਹ ਥੀਂ ਹੋਗ ਇਨਾਇਤ,ਫਿਰ ਬਾਕੀ ਕਿਆ ਗੁਫ਼ਤਾਰ । ਕੈਸੀ ਤੋਬਾ ਹੈ ਇਹ ਤੋਬਾ ਨਾ ਕਰ ਯਾਰ ।
-ਜਿਸ ਢੂੰਡ ਪਾਇਆ,ਨਾਹੀਂ ਝੁਰ ਝੁਰ ਹੋਇਆ ਮੋਰ ।ਪੀਰ ਪੀਰਾਂ ਬਗਦਾਦ ਅਸਾਡਾ,ਮੁਰਸ਼ਦ ਤਖ਼ਤ ਲਾਹੌਰ ।
ਸਾਧੋ ਕਿਸਨੂੰ ਕੂਕ ਸੁਣਾਵਾਂ,ਮੇਰੀ ਬੱੁਕਲ ਦੇ ਵਿਚ ਚੋਰ ।
– ਬੁੱਲਾ੍ਹ ਸ਼ੁ਼ਹ ਅਨਾਇਤ ਆਰਫ਼ ਹੈ,ਉਹ ਮੇਰੇ ਦਿਲ ਦਾ ਵਾਰਸ ਹੈ । ਮੈਂ ਲੋਹਾ ਤੇ ਉਹ ਪਾਰਸ ਹੈ ਤੁਸੀਂ ਉਸਦੇ ਸੰਗ ਖ਼ਸਦੇ ਹੋ । ਕੀਹਨੂੰ ਲਾਮਕਾਨੀ ਦੱਸਦੇ ਹੋ, ਤੁਸੀਂ ਹਰ ਰੰਗ ਵਿਚ ਵਸਦੇ ਹੋ ।
-ਬੁਲ੍ਹਾ ਮੇਹਰ ਅਨਾਇਤ ਕਰੇ ਹਜਾਰ ਇਹੋ ਕੌਲ ਇਹੋ ਇਕਰਾਰ ।ਦਿਲ ਪਰਦੇ ਵਿਚ ਪਾਇਆ ਯਾਰ ਆਪੇ ਮੇਲ ਮਿਲਾਇਆ ਯਾਰ ।
ਅਨਾਇਤ ਦਾ ਅਰਥ ਕਿਰਪਾ ਜਾਂ ਮੇਹਰ ਹੁੰਦਾ ਹੈ, ਉਪਰੋਕਤ ਕਾਫੀ਼ ਦੇ ਬੰਦ ਵਿਚ ਬੁੱਲ੍ਹੇ ਸਾ਼ਹ ਨੇ ਗੁਰੂ ਦੇ ਨਾਮ ਦੇ ਇਹੋ ਅਰਥ ਲਗਾਏ ਹਨ ਅਤੇ ਇੰਜ ਕਰਕੇ ਉਸਨੇ ਕਿਰਪਾ ਸਿਧਾਂਤ ਦੀ ਪੋ੍ਰੜ੍ਹਤਾ ਕੀਤੀ ਹੈ ।ਬੁੱਲੇ੍ਹ ਸ਼ਾਹ ਬੜੀ ਪਤੇ ਦੀ ਗੱਲ ਕਹਿੰਦਾ ਹੈ ਕਿ ਅਸੀਂ ਸਾਰੇ ਪ੍ਰਭੁ ਤੋਂ ਇਨਸਾਫ਼ ਨਹੀਂ ਸਗੋਂ ਕ੍ਰਿਪਾ ਦ੍ਰਿਸ਼ਟੀ,ਅਤੇ ਮੇਹਰ ਭਰੀ ਸਵੱਲੀ ਨਜਰ ਚਾਹੰੁਦੇ ਹਾਂ ,ਕਿਉਂਕਿ ਕੋਈ ਭੀ ਇਨਸਾਨ ਇਹੋ ਜਿਹਾ ਨਹੀਂ ਜਿਸਨੇ ਜਾਣੇ ਅਨਜਾਣੇ ਵਿਚ ਕੋਈ ਐਬ,ਫਰੇਬ,ਪਾਪ, ਜਾਂ ਕੋਈ ਗਲਤੀ ਨਹੀਂ ਕੀਤੀ ਹੁੰਦੀ । ਜੇ ਕੋਈ ਇਨਸਾਨ ਰੱਬ ਤੋਂ ਇਨਸਾਫ਼ ਮੰਗਦਾ ਹੈ ਤਾਂ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਸਜ਼ਾ ਤੋਂ ਬਚ ਜਾਵੇਗਾ ,ਇਸ ਲਈ ਬੁੱਲੇ੍ਹ ਸ਼ਾਹ ਭੀ ਆਪਣੇ ਮੁਰਸ਼ਦ ਅਤੇ ਉਸ ਰਾਹੀਂ ਰੱਬ ਵੱਲੋਂ ਕੇਵਲ ਫਜ਼ਲ ਹੀ ਮੰਗਦਾ ਹੈ ਇਨਸਾਫ਼ ਨਹੀਂ ਮੰਗਦਾ, ਕਿਉਂਕਿ ਉਸਦਾ ਸ਼ਹੁ(ਰੱਬ)ਮੇਹਰਬਾਨ, ਉਦਾਰ ਅਤੇ ਗਰੀਬਨਵਾਜ ਹੈ ।
ਬੁੱਲਾ੍ਹ ਸੌ਼ਹ ਸੱਤਾਰ ਸੁਣੀਦਾ, ਇਕ ਵੇਲਾ ਟਲ ਜਾਵੇ ।
ਅਦਲ ਕਰੇ ਤਾਂ ਜਾਹ ਨਾ ਕਾਈ,ਫ਼ਜ਼ਲੋਂ ਬਰਖਾ ਪਾਵੇ ।
ਬੁੱਲੇ੍ਹ ਸ਼ਾਹ ਇਕ ਹੋਰ ਪਤੇ ਦੀ ਗੱਲ ਕਰਦਾ ਹੈ ਉਹ ਹੈ ਰੱਬ ਦੇ ਭਾਣੇ ਵਿਚ ਰਹਿਣਾ ਉਹ ਰੱਬ ਦੇ ਭਾਣੇ ਨੂੰ ਹੁਕਮ ਹਜੂਰੋਂ ਆਏ ਕਹਿੰਦਾ ਹੈ ।ਇਸ ਗੱਲ ਦਾ ਉਸਦੀਆਂ ਕਾਫੀਆਂ ਤੋਂ ਪਤਾ ਲਗਦਾ ਹੈ ।
– ਅਗਲੇ ਜਾ ਬੰਗਾਲੇ ਬੈਠੇ ਪਿਛਲਿਆਂ ਫ਼ਰਸ਼ ਬਿਛਾਏ ਬੁੱਲਾ੍ਹ ਜਿਨ੍ਹਾਂ ਨੂੰ ਹੁਕਮ ਹਜੂਰੋਂ ਆਂਦਾ ।
ਤਿਨ੍ਹਾ ਨੂੰ ਕੌਣ ਹਟਾਏ ਅਸਾਂ ਭੇਤ ਸਜਨ ਦੇ ਪਾਏ ।
– ਜੋ ਕੁਝ ਕਰਸੀ ਅੱਲਾ੍ਹ ਭਾਣਾ, ਕਿਆ ਕੁਝ ਕਰਸੀ ਕੋਈ ।
ਜੋ ਕੁਝ ਲੇਖ ਮੱਥੇ ਤੇ ਲਿਖਿਆ, ਮੈਂ ੳਸਤੇ ਸਾਕਿਰ ਹੋਈ ।
ਬੁੱਲੇ੍ਹ ਸ਼ਾਹ ਕਹਿੰਦਾ ਹੈ ਕਿ ਰੱਬ ਤਾਂ ਸਰਵਗੁਣ ਸਮਮਰਥ ਹੈ ਹੀ ਗੁਰੂ ਭੀ ਜੋ ਚਾਹੇ ਕਰ ਸਚਦਾ ਹੈ,ਗੁਰੁ ਮਾਰਗ ਦਰਸ਼ਨ ਕਰਾਕੇ ਰੱਬ ਨਾਲ ਮੇਲ ਕਰਾਉਂਦਾ ਹੈ ।
ਗੁਰੂ ਜੋ ਚਾਹੇ ਕਰਦਾ ਹੈ । ਮੇਰੇ ਘਰ ਚੋਰੀ ਹੋਈ ਸੁੱਤੀ ਰਹੀ ਨਾ ਜਾਗਿਆ ਕੋਈ,
ਮੈਂ ਗੁਰੂ ਫੜ ਸੋਝੀ ਹੋਈ, ਜੋ ਮਾਲ ਗਿਆ ਸੋ ਤਰਦਾ ਹੈ , ਗੁਰੂ ਜੋ ਚਾਹੇ ਕਰਦਾ ਹੈ ।—–
ਬੁੱਲੇ੍ਹ ਸ਼ਾਹ ਗੁਰੂ ਅਤੇ ਰੱਬ ਵਿਚ ਕੋਈ ਭੇਦ ਨਹੀਂ ਕਰਦਾ ।ਰੱਬ ਨਾਲ ਇਸ਼ਕ ਹਕੀਕੀ ਸੂਫ਼ੀ ਰੱਹਦਵਾਦ ਦਾ ਧੁਰਾ ਹੈ, ਸੂਫੀ਼ਆ ਦਾ ਵਿਚਾਰ ਹੈ ਕਿ ਅਸਲੀ ਕਾਬਾ ਮਨੁਖ ਦੇ ਹਿਰਦੇ ਵਿਚ ਹੇ, ਜੇ ਕਿਸੇ ਨੇ ਰੱਬ ਨੂੰ ਪਾਅੁਣਾ ਹੈ ਤਾਂ ਅੰਦਰੋਂ ਹੀ ਪਾਉਣਾ ਹੈ । ਬੁੱਲੇ੍ਹ ਸਾਹ ਦਾ ਰਾਜਨੈਤਿਕ ਕਾਲ ਜੁਗਗਰਦੀ ਵਾਲਾ ਸੀ ਇਹ ਉਹ ਸਮਾਂ ਸੀ ਜਦੋਂ ਮੁਗਲ ਹਾਕਮ ਸਿੱਖਾਂ ਤੇ ਬੇਤਹਾਸ਼ਾ ਤਸ਼ਦਦ ਕਰ ਰਹੇ ਸਨ, ਇਸ ਤਸ਼ਦਦ ਦੇ ਅਰਸੇ ਦਰਮਿਆਨ ਸਿੱਖਾਂ ਦਾ ਖਾਲਸਾ ਰੂਪ ਹੋਂਦ ਵਿਚ ਆਇਆ, ਇਸ ਸਮਂੇ ਵਿਚ ਛੋਟੇ ਸਾਹਬਜਾਦਿਆਂ ਦੀ ਸ਼ਹਾਦਤ, ਸਿੱਖਾਂ ਨੂੰ ਚਰਖੜੀਆਂ ਤੇ ਚਾੜ੍ਹਿਆ ਗਿਆ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦੇਣਾ ਸੀ । ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟੇ ਗਏ, ਹਕੀਕਤ ਰਾਏ ਧਰਮੀ ਨੂੰ ਬਾਗਬਾਨਪੁਰੇ ਨੇੜੇ ਕਤਲ ਕੀਤਾ ਗਿਆ, ਭਾਈ ਤਾਰੂ ਸਿੰਘ ਜੀ ਦੀ ਰੰਬੀ ਨਾਲ ਖੋਪੜੀ ਲਾਹੀ ਗਈ, ਸੁਬੇਗ ਸਿੰਘ ਅਤੇ ਸਹਿਬਾਜ ਸਿੰਘ ਨੂੰ ਚਰਖੜੀ ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ, ਇਸੇ ਸਾਲ ਹੀ ਕਾਹਨੂੰਵਾਨ ਦੇ ਛੰਭ ਲਾਗੇ ਸਿੱਖਾਂ ਦਾ ਛੋਟਾ ਘੱਲਘਾਰਾ ਵਾਪਰਿਆ ।ਇਸ ਤਰ੍ਹਾਂ ਸਿੱਖਾਂ ਦੇ ਕਤਲ ਅਤੇ ਸ਼ਹਾਦਤ ਦੀ ਦੁਖਾਂਤਕ ਹਕੀਕਤ ਬੁੱਲੇ੍ਹ ਸ਼ਾਹ ਦੀਆਂ ਨਜਰਾਂ ਸਾਹਮਣੇ ਰੋਜ ਲੰਘਦੀ ਰਹੀ ।ਇਸ ਜੁਗਗਰਦੀ ਵੇਲੇ ਪੰਜਾਬ ਵਿਚ ਕਹਿਰ ਦੀ ਅੱਗ ਵਰ੍ਹ ਰਹੀ ਸੀ, ਅੋਰੰਗਜੇਬ ਨੇ ਮਨੁਖ ਦੀਆਂ ਧਾਰਮਿਕ, ਸਮਾਜਿਕ,ਅਤੇ ਰਾਜਸੀ ਸੁਤੰਤਰ ਭਾਵਨਾਵਾਂ ਨੂੰ ਆਪਣੇ ਹਾਕਮਾਨਾ ਜੋਰ ਨਾਲ ਦਬਾਂ ਰੱਖਿਆ ਸੀ । ਲੋਕਾਂ ਨੂੰ ਜਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਸੀ, ਇਸ ਹਨੇਰਗਰਦੀ ਨੂੰ ਤੱਕ ਕੇ ਬੁੱਲੇ੍ਹ ਸ਼ਾਹ ਦੀ ਆਤਮਾ ਕੁਰਲਾ ਉੱਠੀ । ਉਹ ਲਿਖਦਾ ਹੈ ।
ਦਰ ਖੱੁਲਾ ਹਸ਼ਰ ਅਜਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ ।
ਬੁੱਲੇ੍ਹ ਸ਼ਾਹ ਫ਼ਕੀਰ ਹੋਣ ਦੇ ਨਾਤੇ ਫ਼ਰਾਖ਼ਦਿਲੀ ਦਾ ਮਾਲਕ ਸੀ ।ਸੱਚੇ ਇਸ਼ਕ ਦੀ ਸਿ਼ਦਤ ਵਿਚ ਉਹ ਸ਼ਰਾ੍ਹ ਦੀਆਂ ਅਖੱੋਤੀ ਰਹੁ-ਰੀਤਾਂ ਅਤੇ ਰਿਵਾਇਤਾਂ ਨੂੰ ਭੀ ਉਲੰਘ ਗਿਆ, ਉਹ ਸੱਚੇ ਦਿਲ ਨਾਲ ਨਮਾਜ ਪੜ੍ਹਣ ਅਤੇ ਪ੍ਰਭੁ ਭਗਤੀ
ਬਾਬਾ ਬੁੱਲੇ੍ਹ ਸ਼ਾਹ 4
ਕਰਨ ਵਿਚ ਵਿਸ਼ਵਾਸ ਰਖਕਦਾ ਸੀ, ਉਸਦਾ ਕਹਿਣਾ ਸੀ ਕਿ ਜੇ ਤੁਸੀਂ ਸੱਚੇ ਦਿਲ ਨਾਲ ਰੱਬ ਦੀ ਭਗਤੀ ਨਹੀਂ ਕਰਦੇ ਤਾਂ ਮਸੀਤ ਵਿਚ ਜਾਕੇ ਨਮਾਜ ਪੜ੍ਹਣਾ ਇਕ ਦਿਖਾਵਾ ਹੈ, ਤੇ ਉਸਦਾ ਕੋਈ ਲਾਭ ਨਹੀਂ ਹੁੰਦਾ । ਉਸਦੀ ਇਸ ਕਫ਼ੀ ਤੋਂ ਪਤਾ ਚਲਦਾ ਹੈ ।
ਉਮਰ ਗਵਾਈ ਵਿਚ ਮਸੀਤੀਂ, ਅੰਦਰ ਭਰਿਆ ਨਾਲ ਪਲੀਤੀ। ਕਦੇ ਨਮਾਜ ਵਹਦਤ ਨਾ ਕੀਤੀ, ਹੁਣ ਕਿਉੋਂ ਕਰਨਾ ਏ ਧਾੜੋ ਧਾੜ ।ਇਸ਼ਕ ਦੀ ਨਵੀਉੋਂ ਨਵੀਂ ਬਹਾਰ ।
ਉਪਰੀਆਂ ਰਹੁਰੀਤਾਂ ਵਾਲੇ ਵਿਚਾਰ ਉਸਨੂੰ ਚੰਗੇ ਨਹੀਂ ਸਨ ਲਗਦੇ । ਉਸਨੇ ਫੋਕੇ ਰਸਮੋ-ਰਿਵਾਜ ਅਤੇ ਬਾਹਰੀ ਦਿਖਾਵੇ ਦੀ ਰੱਜ ਕੇ ਭੰਡੀ ਕੀਤੀ, ਅਤੇ ਇਸਲਾਮ ਦੀ ਤੀਖੀ ਟੀਕਾ ਟਿੱਪਣੀ ਕੀਤੀ, ਇਸ ਨਾਲ ਮੁੱਲਾਂ ਮੋਲਾਣੇ ਨਰਾਜ਼ ਹੋ ਗਏ, ਉਸ ਵਕਤ ਦੀ ਰਾਜਸੀ ਹਾਲਤ ਸੂਫ਼ੀਆਂ, ਖਾਸ ਕਰਕੇ ਸ਼ਾਹ ਇਨਾਇਤ (ਬੁੱਲੇ੍ਹ ਸ਼ਾਹ ਦਾ ਗੁਰੂ ) ਕਿਸਮ ਦੇ ਸੂਫ਼ੀਆਂ ਦੇ ਵਿਰੋਧ ਵਿਚ ਖੜੀ ਸੀ, ਉਨ੍ਹਾਂ ਨੇ ਬੁੱਲੇ੍ਹ ਸ਼ਾਹ ਨੂੰ ਸਥਾਪਤ ਮੁਹੰਮਦੀ ਮੁੱਲਾਂ ਵਿਰੱੁਧ ਖੁੱਲ ਕੇ ਤੇ ਸ਼ਰੇ੍ਹਆਮ ਬੋਲਣ ਤੋਂ ਮਨਾਂ੍ਹ ਕਰ ਦਿੱਤਾ । ਕਿਉੋਂਕਿ ਉਹ ਨਹੀਂ ਸਨ ਚਾਹੁੰਦੇ ਕਿ ਮਨਸੂਰ-ਅਲ-ਹਲਾਜ ਅਤੇ ਸ਼ਮਸ ਤਬਰੇਜ ਵਾਂਗ ਉਸਨੂੰ ਭੀ ਕਤਲ ਕਰ ਦਿੱਤਾ ਜਾਵੇ ।ਪਰ ਨਵੇਂ ਬਣੇ ਸੂਫੀ਼ ਚੇਲੇ ਨੇ ਮੁਰਸ਼ਦ ਦੀ ਨੇਕ ਸਲਾਹ ਤੇ ਧਿਅਨ ਨਾ ਦਿੱਤਾ, ਜਿਵੇਂ ਕਿ ਇਸ ਤੱਕ ਤੋਂ ਸਪਸ਼ਟ ਹੁੰਦਾ ਹੈ ।
-ਬੁੱਲੇ੍ਹ ਨੂੰ ਲੋਕ ਮੱਤੀਂ ਦੇਂਦੇ, ਬੁੱਲ੍ਹਿਆ ਤੂੰ ਜਾ ਬਹੁ ਮਸੀਤੀ । ਵਿਚ ਮਸੀਤਾਂ ਕੀ ਕੁਝ ਹੁੰਦਾ, ਜੇ ਦਿਲੋਂ ਨਿਮਾਜ ਨਾ ਕੀਤੀ
ਬਾਹਰੋਂ ਪਾਕ ਕੀਤੇ ਕੀ ਹੁੰਦਾ, ਜੇ ਅੰਦਰੋਂ ਨਾ ਗਈ ਪਲੀਤੀ ।ਬਿਨ ਮੁਰਸ਼ਦ ਕਾਮਲ ਬੁੱਲ੍ਹਿਆ ਤੇਰੀ ਐਵੇਂ ਗਈ ਇਬਾਦਤ ਕੀਤੀ ।
– ਭੱਠ ਨਮਾਜਾਂ ਚਿੱਕੜ ਰੋਜੇ਼, ਕਲਮੇ ਤੇ ਫਿਰ ਗਈ ਸਿਆਹੀ ।ਬੁੱਲਾ੍ਹ ਸ਼ਾਹ ਅੰਦਰੋਂ ਮਿਲਿਆ, ਭੁੱਲੀ ਫਿਰੇ ਲੁਕਾਈ ।
ਤੇ ਬੁੱਲੇ੍ਹ ਸ਼ਾਹ ਵੱਲੋਂ ਨਾਂ-ਫ਼ਰਮਾਨੀ ਦੇ ਇਸ ਕਾਰਜ ਨੇ ਸ਼ਾਹ ਇਨਾਇਤ ਨੂੰ ਨਰਾਜ਼ ਕਰ ਲਿਆ, ਤੇ ਇਸੇ ਲਈ ਉਸਨੇ ਬੱੁਲੇ੍ਹ ਸ਼ਾਹ ਨੂੰ ਬਾਹਰ ਕੱਢ ਦਿੱਤਾ ।ਮੁਰਸ਼ਦ ਦੇ ਗੁੱਸੇ ਹੋ ਜਾਣ ਤੋਂ ਬਾਅਦ ਬੁੱਲ੍ਹੇ ਸ਼ਾਹ ਦੇ ਹੋਸ਼ ਗੁੱਮ ਹੋ ਗਏ ਤੇ ਉਹ ਮੁਰਸ਼ਦ ਦੇ ਦਰਸ਼ਨ ਕਰਨ ਵਾਸਤੇ ਤੜਪਣ ਲੱਗਾ, ਬੁੱਲੇ੍ਹ ਸ਼ਾਹ ਦੀਆਂ ਅਰਜੋਈਆਂ ਅਤੇ ਖੁਸ਼ਾਮਦਾਂ ਦਾ ਭੀ ਸੂਫੀ਼ ਸੰਤ ਸ਼ਾਹ ਇਨਾਇਤ ਤੇ ਕੋਈ ਅਸਰ ਨਾ ਹੋਇਆ । ਬੁੱਲੇ੍ਹ ਸ਼ਾਹ ਨੇ ਆਪਣੇ ਮੁਰਸ਼ਦ ਨੂੰ ਮਨਾਉਣ ਵਾਸਤ ਬਹੁਤ ਸਾਰੀਆਂ ਕਾਫ਼ੀਆਂ ਲਿਖੀਆਂ ਹਨ ।
-ਬਹੁੜੀ ਵੇ ਤਬੀਬਾ ਮੈਂਡੀ ਜਿੰਦ ਗਈਆਂ,ਤੇਰੇ ਇਸ਼ਕ ਨਚਾਇਆਂ ਕਰ ਥਈਆ ਥਈਆ।
ਇਸ਼ਕ ਡੇਰਾ ਮੇਰੇ ਅੰਦਰ ਕੀਤਾ ਭਰਕੇ ਜ਼ਹਿਰ ਪਿਆਲਾ ਮੈਂ ਪੀਤਾ
ਝਬਦੇ ਆਵੀਂ ਵੇ ਤਬੀਬਾ ਨਹੀਂ ਤਾਂ ਮੈਂ ਮਰ ਗਈਆਂ ।
– ਮੈਂ ਨਾ੍ਹਤੀ ਧੋਤੀ ਰਹਿ ਗਈ, ਕਹੀ ਗੰਢ ਮਾਹੀ ਦਿਲ ਪੈ ਗਈ । ਦਰਦ ਵਿਹੁਣੀ ਪਈ ਦਰ ਤੇਰੇ, ਤੰ ੂਂ ਹੈ ਦਰਦ ਰੰਝਾਣੀ ਦਾ। ਕੋਠੇ ਚੜ੍ਹਦਿਆਂ ਮੈਂ ਹੋਕਾ, ਇਸ਼ਕ ਵਿਹਾਜੇ ਕੋਈ ਨਾ ਲੋਕਾ । ਇਸ ਦਾ ਮੂਲ ਨਾ ਖਾਣਾ ਧੋਖਾ, ਜੰਗਲ ਬਸਤੀ ਮਿਲੇ ਨਾ ਚੋਰ । ਦੇ ਦਿਦਾਰ ਹੋਇਆ ਜਦ ਰਾਹੀ ਅਚਣਚੇਤ ਪਈ ਗਲ ਫਾਹੀ । ਢਾਡੀ ਕੀਤੀ ਬੇਪਰਵਾਹੀ, ਮੈਂਨੂੰ ਮਿਲਿਆ ਠੱਗ ਲਾਹੌਰ ।
-ਤੈਂ ਬਾਝੋਂ ਮੇਰਾ ਕੌਣ ਹੈ,ਦਿਲ ਢਾਉ ਨਾ ਮੇਰਾ । ਆਉ ਅਨਾਇਤ ਕਾਦਰੀ, ਜੀ ਚਾਹੇ ਮੇਰਾ।
ਮੈਂ ਉਡੀਕਾਂ ਕਰ ਰਹੀ, ਕਦੀ ਆ ਕਰੋ ਫੇਰਾ ।
ਅਖੀਰ ਬੁੱਲੇ੍ਹ ਸ਼ਾਹ ਨੇ ਆਪਣੇ ਮੁਰਸ਼ਦ ਨੂੰ ਮਨਾ ਹੀ ਲਿਆ ।ਸ਼ਾਹ ਇਨਾਇਤ ਨੂੰ ਨਾਚ ਗਾਣੇ ਦਾ ਬਹੁਤ ਸ਼ੌਂਕ ਸੀ , ਇਸ ਗੱਲ ਦਾ ਜਦੋਂ ਬੁੱਲੇ੍ਹ ਸ਼ਾਹ ਨੂੰ ਪਤਾ ਲੱਗਿਆ ਤਾਂ ਬੁੱਲੇ੍ਹ ਸ਼ਾਹ ਨੇ ਭੀ ਨਾਚ ਗਾਣਾ ਸਿੱਖ ਲਿਆ ਅਤੇ ਜਿੱਥੇ ਕਿਤੇ ਭੀ ਉਸਦਾ ਮੁਰਸ਼ਦ ਜਾਂਦਾ ਬੁੱਲੇ੍ਹ ਸ਼ਾਹ ਔੌਰਤ ਦਾ ਭੇਖ ਧਾਰ ਕੇ ਗੁਰੂ ਦੇ ਮੁਹਰੇ ਨੱਚਣ ਲੱਗ ਜਾਂਦਾ । ਇਕ ਦਿਨ ਇਕ ਔੋਰਤ ਮਸੀਤ ਦੇ ਸਾਹਮਣੇ ਗੁਰੂ ਦੇ ਸਤਿਕਾਰ ਅਤੇ ਰੱਬ ਦੀ ਉਸਤਤ ਵਿਚ ਗਾ ਅਤੇ ਨੱਚ ਰਹੀ ਸੀ ਜਦੋਂ ਸ਼ਾਹ ਇਨਾਇਤ ਦਾ ਧਿਆਨ ਉਧਰ ਗਿਆ ਤਾਂ ਉਸਨੇ ਦੇਖਿਆ ਇਹ ਤਾਂ ਬੁੱਲੇ੍ਹ ਸ਼ਾਹ ਔਰਤ ਦੇ ਭੇਖ ਵਿਚ ਨੱਚ ਅਤੇ ਗਾ ਰਿਹਾ ਹੈ । ਕਾਫ਼ੀ ਦੇ ਬੋਲ ਸਨ
-ਬਸ ਕਰਜੀ ਹੁਣ ਬਸ ਕਰਜੀ ।ਇਕ ਬਾਤ ਅਸਾਂ ਨਾਲ ਹੱਸ ਕਰਜੀ ।
ਤੁਸੀਂ ਦਿਲ ਮੇਰੇ ਵਿਚ ਵਸਦੇ ਹੋ, ਐਵੇਂ ਸਾਥੋਂ ਦੂਰ ਕਿਉੋਂ ਨੱਸਦੇ ਹੋ ।——–
ਜਦੋਂ ਸ਼ਾਹ ਇਨਾਇਤ ਨੇ ਪੁੱਛਿਆ ਉਏ ਤੂੰ ਬੁੱਲਾ੍ਹ ਹੈਂ ਅੱਗੋਂ ਜਵਾਬ ਮਿਲਿਆ ਨਹੀਂ ਜੀ ਮੈਂ ਭੱੁਲਾ ਹਾ ਤੇ ਇਹ ਗੱਲ ਸੁਣਿਕੇ ਸ਼ਾਹ ਜੀ ਨੇ ਅਲਬੇਲੇ ਅਤੇ ਮਸਤ ਮਲੰਗ ਸਾਈਂ ਬੁੱਲੇ੍ਹ ਸ਼ਾਹ ਨੂੰ ਆਪਣੇ ਗਲ ਨਾਲ ਲਗਾਕੇ ਨਰਾਜ਼ਗੀ ਦੂਰ ਕਰ ਦਿੱਤੀ, ਬੁੱਲੇ੍ਹ ਨੂੰ ਰੱਬ ਰੂਪ ਗੁਰੂ ਮਿਲ ਗਿਆ । ਬੁੱਲੇ੍ਹ ਨੇ ਨਿਰੀ ਨਮਾਜ, ਰੋਜਾ,ਹੱਜ, ਅਤੇ ਕਾਬਾ ਨਾਲ ਹੀ ਤਨਜ ਨਹੀਂ ਕੀਤੀ ਸਗੋਂ ਰੱਬ ਨਾਲ ਭੀ ਚੁਹਲ ਕਰਨ ਤੋਂ ਬਾਜ ਨਹੀਂ ਆਇਆ । ਇਸ ਗੱਲ ਦਾ ਹੇਠ ਲਿਖੀ ਕਾਫ਼ੀ ਤੋਂ ਪਤਾ ਚਲਦਾ ਹੈ ।
-ਬੁੱਲ੍ਹਿਆ ਪੀ ਸ਼ਰਾਬ ਤੇ ਖਾ ਕਬਾਬ, ਹੇਠਬਾਲ ਹੱਡਾਂ ਦੀ ਅੱਗ ।ਚੋਰੀ ਕਰ ਤੇ ਭੰਨ ਘਰ ਰੱਬ ਦਾ, ਉਸ ਠੱਗਾਂ ਦੇ ਠੱਗ
ਨੂੰ ਠੱਗ ।
ਬਾਬਾ ਬੁੱਲੇ੍ਹ ਸ਼ਾਹ 5
ਸੂਫਿ਼ਆਈ ਖਿਆਲ ਦੇ ਲੋਕਾਂ ਦੀ ਨਜ਼ਰ ਵਿਚ ਰੱਬੀ ਰਾਹ ਦੀ ਦੂਜੀ ਮੰਜਲ ਤਰੀਕਤ ਹੈ ।ਤਰੀਕਤ ਵਿਚ ਆਕੇ ਮਸਜਿਦ ਵੱਲ ਧਿਆਨ ਦੇਣ ਅਤੇ ਜਾਹਰੀ ਇਬਾਦਤ ਕਰਨ ਦੀ ਲੋੜ ਨਹੀਂ ਰਹਿ ਜਾਂਦੀ, ਸੰਤ ਬੁੱਲੇ੍ਹ ਸ਼ਾਹ ਉਪਰਲੀਆਂ ਮੰਜਲਾਂ,ਸ਼ਰੀਅਤ,ਤਰੀਕਤ,ਤੇ ਮਾਰਫ਼ਤ ਨੂੰ ਪਾਰ ਕਰਕੇ ਹਕੀਕਤ ਵਿਚ ਪਹੁੰਚ ਗਿਆ ਸੀ, ਭਾਵ ਰੱਬ ਵਿਚ ਲੀਨ ਹੋ ਗਿਆ ਸੀ । ਉਹ ਲਿਖਦਾ ਹੈ
-ਫੂਕ ਮੁਸੱਲਾ ਭੰਨ ਸੱੁਟ ਲੋਟਾ, ਨਾ ਫੜ ਤਸਬੀ ਆਸਾ ਸੋਟਾ, ਆਸ਼ਕ ਕਹਿੰਦੇ ਦੇ ਦੇ ਹੋਕਾ ਤੁਰਕ ਹਲਾਲੌਂ ਖਾਹ ਸਰਦਾਰ । ਇਸ਼ਕ ਦੀ ਨਵੀਉਂ ਨਵੀਂ ਬਹਾਰ
ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਦ ਕੋਲੋਂ ਜੀਉੜਾ ਡਰਿਆ ।ਡੇਰੇ ਜਾ ਠਾਕਰ ਦੇ ਵੜਿਆ ਜਿੱਥੇ ਵਜਦੇ ਨਾਦ ਹਜਾਰ। ਇਸ਼ਕ ਦੀ ਨਵੀਉਂ ਨਵੀਂ ਬਹਾਰ
ਭੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ,ਸਜਦੇ ਕਰਦਿਆਂ ਘਸ ਗਏ ਮੱਥੇ ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਸ ਪਾਯਾ ਤਿਸ ਨੂਰ ਅਨਵਾਰ । ਇਸ਼ਕ ਦੀ ਨਵੀਉਂ ਨਵੀਂ ਬਹਾਰ ।
ਬੁੱਲੇ੍ਹ ਸ਼ਾਹ ਨੇ ਮੁਗਲ ਸਾਮਰਾਜ ਦੇ ਪੈਦਾ ਕੀਤੇ ਘਰਿਣਤ ਵਾਯੂਮੰਡਲ ਅਤੇ ਅੋਰੰਗਜੇਬ ਦੀ ਕੱਟੜ ਨੀਤੀ ਵਿਰੁਧ ਆਵਾਜ ਉਠਾਈ । ਉਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਬ ਜੀ ਦੀ ਪ੍ਰਸ਼ਸਾ ਕਰਦੇ ਹੋਏ ਉਨ੍ਹਾਂ ਨੂੰ ਗਾਜ਼ੀ (ਧਰਮ ਲਈ ਸ਼ਹੀਦ ਹੋਣ ਵਾਲਾ ) ਕਹਿੰਦਾ ਹੈ ।
– ਕਿਧਰੇ ਚੋਰ ਹੋ, ਕਿਧਰੇ ਕਾਜ਼ੀ ਹੋ,ਕਿਤੇ ਮਿੰਬਰ ਬਹਿ ਇਜ਼ੀ ਹੋ
ਕਿਤੇ ਤੇਗ਼ ਬਹਾਦਰ ਗਾਜ਼ੀ ਹੋ,ਆਪੇ ਆਪਣਾ ਕਟਕ ਚੜਾ੍ਹਈਦਾ ।
ਬੁੱਲੇ੍ਹ ਸ਼ਾਹ ਮਹਜਬੀ ਵਾਦ, ਜ਼ਾਤ- ਪਾਤ, ਨਸਲੀ ਵਿਤਕਰੇ,ਦਾ ਖੁੱਲਮ ਖੁੱਲਾ ਵਿਰੋਧ ਕਰਦਾ ਹੈ, ਉਹ ਕਹਿੰਦਾ ਹੇ ਕਿ ਸਾਰੀ ਕਾਇਨਾਤ ਹੀ ਉਸ ਪਰਮ ਪਿਤਾ ਪਰਮਾਤਮਾ ਦੀ ਬਣਾਈ ਹੋਈ ਹੈ ਉਹ ਰੱਬ ਦੇ ਭਾਣੇ ਨੂੰ ਮੰਨਣ, ਅਤੇ ਭਾਰਤਰੀ ਭਾਵ ਰੱਖਣ ਵਾਲਾ ਸੱਚਾ ਸੰਤ ਹੋਇਆ ਹੈ। ਉਹ ਸੱਚੇ ਦਿਲੋਂ ਨਾਮ ਸਿਮਰਣ ਕਰਨ ਤੇ ਜੋਰ ਦਿੰਦਾ ਹੈ ਇਹ ਸਭ ਉਸਦੇ ਕਲਾਮ ਤੋਂ ਪਰਤੀਤ ਹੁੰਦਾ ਹੇ । ਬੁੱਲ੍ਹੇ ਸ਼ਾਹ ਦਾ ਕਲਾਮ ਹੇਠ ਲਿਖੀ ਤਰਤੀਬ ਨਾਲ ਹੈ ।
ਕਾਫ਼ੀਆਂ-156,ਅਠਵਾਰਾਂ-1,ਦੋਹੜੇ-12,ਸ਼ਹਿਰਫ਼ੀਆਂ-3,ਘੰਢਾ-40 । 156 ਕਾਫੀ਼ਆਂ ਚੋਂ ਕਝਜ ਤਾਂ ਬਹੁਤ ਪ੍ਰਸਿਧ ਹੋਈਆਂ ਹਨ ।
– ਮੁੰਹ ਆਈ ਬਾਤ ਨਾ ਰਹਿੰਦੀ ਏ । ਝੂਠ ਆਖਾਂ ਤੇ ਕੁਝ ਬਚਦਾ ਏ,ਸੱਚ ਆਖਿਆਂ ਭਾਂਬੜ ਮਚਦਾ ਏ ।
ਜੀ ਦੋਹਾਂ ਗੱਲਾਂ ਤੋਂ ਜਚਦਾ ਏ,ਜਚ ਜਚ ਕੇ ਜਿਹਬਾ ਕਹਿੰਦੀ ਏ ।——-
– ਮਾਟੀ ਕੁਦਮ ਕਰੇਂਦੀ ਯਾਰ ।ਮਾਟੀ ਜੋੜਾ,ਮਾਟੀ ਘੋੜਾ,ਮਾਟੀ ਦਾ ਅਸਵਾਰ,ਮਾਟੀ ਨੂੰ ਦੌੜਾਏ ਮਾਟੀ ਦਾ ਖੜਕਾਰ ।-
– ਰਾਂਝਾ ਰਾਂਜਾ ਕਰਦੀ ਨੀ, ਮੈਂ ਆਪੇ ਰਾਂਝਾ ਹੋਈ । ਸੱਦੋ ਨੀ ਮੈਨੂੰ ਰਾਂਝਾ ਹੀਰ ਨਾ ਆਖੋ ਕੋਈ ।——–
-ਰਾਤੀਂ ਜਾਗੇ ਕਰੇਂ ਇਬਾਦਤ, ਰਾਤੀਂ ਜਾਗਣ ਕੁੱਤੇ ਤੈਥੋਂ ੳੱੁਤੇ ।ਭਂੌਕਣ ਬੰਦ ਨਾ ਹੰੁਦੇ ਜਾ ਰੂੜੀ ਤੇ ਸੱੁਤੇ ਤੈਥੋਂ ੳੱੁਤੇ ।
-ੳੱਠ ਜਾਗ ਘੁਰਾੜੇ ਮਾਰ ਨਹੀਂ।ਇਹ ਸੌਣ ਤੇਰੇ ਦਰਕਾਰ ਨਹੀਂ ।—-
-ਕਰ ਕੱਤਣ ਵੱਲ ਧਿਆਨ ਕੁੜੇ ।—–
ਵਾਰਿਸ ਸ਼ਾਹ,ਸੂਫ਼ੀ ਕਵੀ ਅਬਦੁਲ ਲਤੀਫ,ਸਿੰਧੀ ਸੂਫ਼ੀ ਕਵੀ ਅਬਦੁਲ ਵਹਾਦ ਅਤੇ ਉਰਦੂ ਦੇ ਮਹਾਨ ਸ਼ਾਇਰ ਮੀਰ ਤਕੀ ਮੀਰ ਸੰਤ ਬੁੱਲੇ੍ਹ ਸ਼ਾਹ ਦੇ ਸਮਕਾਲੀ ਸਨ । ਉਹ ਸਾਰੇ ਸੂਫੀਆਂ ਚੋਂ ਸਭਤੋਂ ਜਿਆਦਾ ਹਰਮਨ ਪਿਆਰਾ ਹੋਇਆ ਹੈ ,ਉਸਦੀ ਪੰਜਾਬੀ ਨਜ਼ਮ ਹਰ ਛੋਟੇ ਵੱਡੇ ਦੀ ਜ਼ੁਬਾਨ ਤੇ ਹੈ ।ਬੁੱਲੇ੍ਹ ਸ਼ਾਹ ਦੀਆਂ ਨਜ਼ਮਾਂ ਨੂੰ ਫਿਲਮਾਂ ਵਿਚ ਭੀ ਲਿਆ ਗਿਆ ਹੈ । ਉਸਦੀ ਪ੍ਰਸਿਧ ਕਾਂਫੀ਼ “ਬੁੱਲਾ੍ਹ ਕੀ ਜਾਣਾ ਮੈ ਕੌਣ।” ਰੱਬੀ ਸ਼ੇਰ ਗਿੱਲ ਨੇ ਗਾਈ ਹੈ ।1990 ਵਿਚ ਜਨੂਨ ਨਾਂਅ ਦੇ ਇਕ ਰੌਕ ਬੈਂਡ (ਗੱਰੁਪ ) ਨੇ ਬੁੱਲੇ੍ਹ ਸ਼ਾਹ ਦੀਆਂ ਕਾਫ਼ੀਆਂ ਗਾਈਆਂ ਸਨ ਜਿਨਾਂ੍ਹ ਨੂੰ ਬੜੀ ਪ੍ਰਸਿਧੀ ਮਿਲੀ ਸੀ ਫਾ਼ਜਲਕਾ ਵਿਚ ਹਰ ਸਾਲ ਬਾਬਾ ਬੱੁਲੇ੍ਹ ਸ਼ਾਹ ਦਾ ਮੇਲਾ ਲਗਦਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਸੂਫੀ਼ ਗਾਇਕੀ ਦੇ ਗਾਇਕ, ਅਤੇ ਕਵਾੱਲ ਮੇਲੇ ਵਿਚ ਸਿ਼ਰਕਤ ਕਰਦੇ ਹਨ ਅਤੇ ਹਜਾਰਾਂ ਸ਼ਰਧਾਲੂ ਮੇਲੇ ਵਿਚ ਭਾਗ ਲੈਂਦੇ ਹਨ । ਸੰਤ ਬਾਬਾ ਬੱੁਲੇ੍ਹ ਸ਼ਾਹ ਦਾ ਨਾਂਅ ਰਹਿੰਦੀ ਦੁਨਿਆਂ ਤੱਕ ਲਿਆ ਜਾਵੇਗਾ ।
ਭਗਵਾਨ ਸਿੰਘ ਤੱਗੜ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly