HOME ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਰਕਬਾ (ਲੁਧਿਆਣਾ) ਵਿਖੇ ਲਾਇਬਰੇਰੀ...

ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਰਕਬਾ (ਲੁਧਿਆਣਾ) ਵਿਖੇ ਲਾਇਬਰੇਰੀ ਸਥਾਪਿਤ ਕਰਨ ਦਾ ਫ਼ੈਸਲਾ – ਪ੍ਰੋ: ਗੁਰਭਜਨ ਸਿੰਘ ਗਿੱਲ

1
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਵੱਲੋਂ ਲੁਧਿਆਣਾ ਵਿਖੇ ਕਰਵਾਈ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਰਕਬਾ (ਲੁਧਿਆਣਾ) ਵਿਖੇ ਇਸੇ ਸਾਲ ਲਾਇਬਰੇਰੀ ਸਥਾਪਿਤ ਕੀਤੀ ਜਾਵੇਗੀ।ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੇ ਬੁਲਾਵੇ ਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਫਾਊਂਡੇਸ਼ਨ ਦੇ ਸਰਪ੍ਰਸਤ ਪ੍ਰੋ: ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਇਹ ਫ਼ੈਸਲਾ ਕੀਤਾ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਭਵਨ ਵਿਖੇ ਲਾਇਬਰੇਰੀ ਬਣਾਈ ਜਾਵੇਗੀ।ਫਾਉਂਡੇਸ਼ਨ ਦੇ ਸਰਪ੍ਰਸਤ ਸਾਬਕਾ ਮੰਤਰੀ ਸ੍ਰ: ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਪੰਜਾਬ ਦੀ ਅਸਲ ਸ਼ਕਤੀ ਸ਼ਬਦ ਵਿੱਚ ਹੈ। ਸ਼ਬਦਾਂ ਨਾਲ ਸਾਂਝ ਵਧਾ ਕੇ ਹੀ ਅਸੀਂ ਵਿਕਾਸਮੁਖੀ ਸੋਚ ਅਖ਼ਤਿਆਰ ਕਰ ਸਕਦੇ ਹਾਂ। ਉਨ੍ਹਾਂ ਇਸ ਲਾਇਬਰੇਰੀ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਵਿਸ਼ਵਾਸ ਦਿੱਤਾ।ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਹ ਆਪਣੇ ਪਰਿਵਾਰਕ ਸਰੋਤਾਂ ਤੋਂ 251 ਕਿਤਾਬਾਂ ਇਸ ਲਾਇਬਰੇਰੀ ਨੂੰ ਭੇਂਟ ਕਰਨ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਨਾਲ ਸੰਪਰਕ ਕਰਕੇ ਪੁਸਤਕ ਦਾਨ ਮੁਹਿੰਮ ਦਾ ਹਿੱਸਾ ਬਣਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸਤਦਾਨ ਜੇਕਰ ਪੜ੍ਹਨ ਲਿਖਣ ਵਾਲੇ ਪਾਸੇ ਤੁਰਨ ਤਾਂ ਉਨ੍ਹਾਂ ਦੀ ਬੋਲ ਬਾਣੀ ਸੁਧਰ ਸਕਦੀ ਹੈ। ਅੱਜ ਜੇ ਸਾਡੇ ਬਹੁਤੇ ਸਿਆਸਤਦਾਨ ਇੱਕ ਦੂਜੇ ਲਈ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਤਾਂ ਇਸ ਦੀ ਜੜ੍ਹ ਇੱਥੇ ਹੀ ਪਈ ਹੈ ਕਿ ਸ਼ਬਦ ਸਾਡੀ ਸੋਚ ਦਾ ਹਿੱਸਾ ਨਹੀਂ ਰਿਹਾ। ਇਹ ਲਾਇਬਰੇਰੀਆਂ ਸਾਡੇ ਸਮਾਜਿਕ ਜੀਵਨ ਨੂੰ ਸੰਵਾਰਨ ਵਿੱਚ ਮਦਦਗਾਰ ਸਾਬਤ ਹੋ ਸਕਦੀਆਂ ਹਨ।ਇਸ ਮੌਕੇ ਬੋਲਦਿਆਂ ਸ੍ਰ: ਅਮਰਜੀਤ ਸਿੰਘ ਟਿੱਕਾ ਨੇ ਕਿਹਾ ਉਹ ਬਾਬਾ ਦੀਪ ਸਿੰਘ ਟ੍ਰਸਟ, ਮਾਡਲ ਟਾਊਨ ਲੁਧਿਆਣਾ ਵੱਲੋਂ ਵੀ ਇਸ ਸ਼ੁਭ ਕਾਰਜ ਲਈ ਸਹਿਯੋਗ ਦੇਣ ਲਈ ਟ੍ਰਸਟ ਨੂੰ ਮਸ਼ਵਰਾ ਦੇਣਗੇ। ਨਿੱਜੀ ਤੌਰ ਤੇ ਵੀ ਉਹ ਇਸ ਪ੍ਰਾਜੈਕਟ ਲਈ ਮੁਹਿੰਮ ਚਲਾਉਣਗੇ। ਸ੍ਰ: ਗੁਰਦੇਵ ਸਿੰਘ ਲਾਪਰਾਂ ਨੇ ਕਿਹਾ ਕਿ ਉਹ ਆਪਣੇ ਨਿੱਜੀ ਸਰੋਤਾਂ ਤੋਂ ਕਿਤਾਬਾਂ ਲਈ ਅਲਮਾਰੀਆਂ ਦਾਨ ਕਰਨਗੇ।ਉੱਘੇ ਸਮਾਜਿਕ ਆਗੂ ਸ੍ਰ: ਜਸਵੰਤ ਸਿੰਘ ਛਾਪਾ ਨੇ ਕਿਹਾ ਕਿ ਕੁਝ ਸਾਲ ਪਹਿਲਾਂ “ਸਰਬੱਤ ਦਾ ਭਲਾ ਟ੍ਰਸਟ” ਪਟਿਆਲਾ ਵੱਲੋਂ “ਸ਼ਬਦ ਪ੍ਰਕਾਸ਼  ਭਵਨ” ਦੀ ਉਸਾਰੀ ਵਿੱਚ ਸ. ਸ ਪ ਸ ਓਬਰਾਏ ਨੇ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਵੱਡਾ ਹਿੱਸਾ ਪਾਇਆ ਸੀ। ਇਸ ਸਥਾਨ ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ  ਵਿੱਚ ਸ਼ਾਮਲ ਬਾਣੀਕਾਰਾਂ ਦੀਆਂ ਮੌਲਿਕ ਪੇਂਟਿੰਗਜ਼ ਦੀ ਪ੍ਰਦਰਸ਼ਨੀ ਸੁਭਾਇਮਾਨ ਹੈ। ਇਸ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਬਹੁਤ ਸ਼ਰਧਾ ਨਾਲ ਵੇਖਦੀਆਂ ਹਨ। ਇਸ ਮੌਕੇ ਸ੍ਰ: ਮਲਕੀਤ ਸਿੰਘ ਦਾਖਾ ਤੇ ਕ੍ਹਿਸ਼ਨ ਕੁਮਾਰ ਬਾਵਾ ਨੂੰ ਦੋਸ਼ਾਲੇ , ਪੁਸਤਕਾਂ ਤੇ ਬਾਕੀ ਸ਼ਖ਼ਸੀਅਤਾਂ ਜਗਦੀਸ਼ਪਾਲ ਸਿੰਘ ਗਰੇਵਾਲ, ਜਸਵੰਤ ਸਿੰਘ ਛਾਪਾ, ਪ੍ਰਿੰਸ, ਅਮਰਜੀਤ ਸਿੰਘ ਟਿੱਕਾ, ਗੁਰਦੇਵ ਸਿੰਘ ਲਾਪਰਾਂ ਨੂੰ ਵੀ ਪੁਸਤਕਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“ਜੇ ਕੇਤਨ ਤੁਹਾਡੀ ਪਸੰਦ ਨਾ ਹੁੰਦਾ…” ਪੁਣੇ ਦੇ ਕਾਰੋਬਾਰੀ ਕਤਲ ਮਾਮਲੇ ਵਿੱਚ ਪੁੱਛਗਿੱਛ ਦੌਰਾਨ ਸੀਆ ਦੇ ਭਰਾ ਨੇ ਕਈ ਰਾਜ਼ ਖੋਲ੍ਹੇ
Next articleਵਿਸ਼ਵਵਿਆਪੀ ਅਸਥਿਰਤਾ ਦਾ ਪ੍ਰਭਾਵ: ਸੋਨੇ ਦੀਆਂ ਕੀਮਤਾਂ ਵਿੱਚ ₹5,000 ਦੀ ਗਿਰਾਵਟ ਆਈ, ਚਾਂਦੀ ਦੀਆਂ ਕੀਮਤਾਂ ਵਿੱਚ ਵੀ ₹15,000 ਦੀ ਗਿਰਾਵਟ ਆਈ।