ਅੰਬੇਡਕਰ ਭਵਨ ਵਿਖੇ ਹੋਇਆ ਚੇਤਨਾ ਸੈਮੀਨਾਰ

ਅੰਬੇਡਕਰ ਭਵਨ ਟਰੱਸਟ ਅਤੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਅਹੁਦੇਦਾਰ ਐਡਵੋਕੇਟ ਮਹਿਮੂਦ ਪ੍ਰਾਚਾ, ਡਾ: ਰਿਤੂ ਸਿੰਘ ਅਤੇ ਆਸ਼ੂਤੋਸ਼ ਸਿੰਘ ਨੂੰ ਸਨਮਾਨਿਤ ਕਰਦੇ ਹੋਏ।

ਅੰਬੇਡਕਰ ਭਵਨ ਵਿਖੇ ਹੋਇਆ ਚੇਤਨਾ ਸੈਮੀਨਾਰ
ਉੱਚ ਵਿਦਿਅਕ ਅਦਾਰਿਆਂ ਵਿੱਚ ਜਾਤੀ ਵਿਤਕਰਾ ਚਿੰਤਾਜਨਕ ਵਰਤਾਰਾ– ਐਡਵੋਕੇਟ ਪ੍ਰਾਚਾ
ਅਸੀਂ ਖੁਦਕਸ਼ੀ ਨਹੀਂ ਕਰਨੀ, ਬੇਇਨਸਾਫੀ ਵਿਰੁੱਧ ਲੜਣੈ– ਡਾ. ਰਿਤੂ ਸਿੰਘ

ਜਲੰਧਰ (ਸਮਾਜ ਵੀਕਲੀ): ‘ਮਿਸ਼ਨ ਸੇਵ ਕੰਸਟੀਟਿਊਸ਼ਨ’ ਦੇ ਪੰਜਾਬ ਯੂਨਿਟ ਵੱਲੋਂ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਚੇਤਨਾ ਪ੍ਰੋਗਰਾਮ ਅਧੀਨ ‘ਭਾਰਤ ਦੇ ਉੱਚ ਵਿਦਿਅਕ ਅਦਾਰਿਆਂ ਵਿੱਚ ਜਾਤੀ ਵਿਤਕਰਾ’ ਵਿਸ਼ੇ ਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ, ਜਿਸ ਵਿੱਚ ਨੈਸ਼ਨਲ ਕਨਵੀਨਰ ਮਹਿਮੂਦ ਪ੍ਰਾਚਾ, ਸੀਨੀਅਰ ਐਡਵੋਕੇਟ, ਸੁਪਰੀਮ ਕੋਰਟ, ਡਾ. ਰਿਤੂ ਸਿੰਘ, ਸਹਾਇਕ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ ਅਤੇ ਕਨਵੀਨਰ ਪੰਜਾਬ ਯੂਨਿਟ, ਭੀਮ ਆਰਮੀ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਆਸ਼ੂਤੋਸ਼ ਸਿੰਘ ਬੌਧ, ਲਾਅ ਸਟੂਡੈਂਟ, ਦਿੱਲੀ ਯੂਨੀਵਰਸਿਟੀ ਨੇ ਸ਼ਿਰਕਤ ਕੀਤੀ। ਅੰਬੇਡਕਰ ਭਵਨ ਦੇ ਖਚਾ ਖੱਚ ਭਰੇ ਰਮਾਬਾਈ ਅੰਬੇਡਕਰ ਯਾਦਗਾਰ ਹਾਲ ਵਿੱਚ ਸ਼ਾਮਿਲ ਪੰਜਾਬ ਭਰ ਤੋਂ ਆਏ ਬੁੱਧੀਜੀਵੀ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਆਸ਼ੂਤੋਸ਼ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨਾਲ ਸੰਬੰਧਿਤ ਇਸ ਇਤਿਹਾਸਿਕ ਸਥਾਨ ਨੂੰ ਨਮਨ ਕਰਦਿਆਂ ਇਸ ਸੱਚ ਦਾ ਅਹਿਸਾਸ ਹੁੰਦਾ ਹੈ ਕਿ 27 ਅਕਤੂਬਰ 1951 ਨੂੰ ਇੱਥੇ ਵਿਸ਼ਵ ਦੇ ਮਹਾਨ ਚਿੰਤਕ ਡਾ. ਅੰਬੇਡਕਰ ਵੱਲੋਂ ‘ਭਾਰਤ ਵਿੱਚ ਲੋਕਤੰਤਰ ਦਾ ਭਵਿੱਖ’ ਵਿਸ਼ੇ ਤੇ ਬੋਲਦਿਆਂ ਭਾਰਤੀ ਲੋਕਤੰਤਰ ਨੂੰ ਜਿਨ੍ਹਾਂ ਖਤਰਿਆਂ ਬਾਰੇ ਸੁਚੇਤ ਕਰਦਿਆਂ ਕੁਝ ਸ਼ੰਕੇ ਪ੍ਰਗਟ ਕੀਤੇ ਸਨ ਉਹ ਅੱਜ ਸਪਸ਼ਟ ਤੌਰ ਤੇ ਪ੍ਰਗਟ ਹੋ ਰਹੇ ਹਨ। ਅੱਜ ਨਾਇਕ ਪੂਜਾ, ਵਿਦਿਅਕ ਅਤੇ ਸਰਕਾਰੀ ਅਦਾਰਿਆਂ ਵਿੱਚ ਪੂੰਜੀਪਤੀਆਂ ਦਾ ਸਿੱਧਾ ਦਖਲ, ਚੋਣਾਂ ਵਿੱਚ ਧਨ ਤੇ ਬਲ ਦੀ ਬੇਸ਼ੁਮਾਰ ਵਰਤੋਂ, ਭਰਿਸ਼ਟਾਚਾਰ , ਦਲਿਤਾਂ, ਔਰਤਾਂ, ਘੱਟ ਗਿਣਤੀ ਕੌਮਾਂ ਅਤੇ ਪਿਛੜਿਆਂ ਉੱਪਰ ਜੁਲਮ, ਵੋਟ ਦੀ ਵਰਤੋਂ ਸਬੰਧੀ ਚੇਤਨਾ ਦੀ ਘਾਟ ਨੇ ਭਾਰਤੀ ਲੋਕਤੰਤਰ ਨੂੰ ਤਾਨਾਸ਼ਾਹੀ ਰਾਜ ਵੱਲ ਧਕੇਲ ਦਿੱਤਾ ਹੈ।

ਪੰਜਾਬ ਯੂਨਿਟ ਦੇ ਕਨਵੀਨਰ, ਲਤਾੜੇ, ਪਿਛਾੜੇ ਅਤੇ ਗਰੀਬ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਹੋ ਰਹੇ ਜਾਤੀ ਵਿਤਕਰੇ ਤੇ ਬੇਇਨਸਾਫੀ ਵਿਰੁੱਧ ਬੁਲੰਦ ਆਵਾਜ਼ ਅਤੇ ਕਈ ਸਾਲਾਂ ਤੋਂ ਨਿਰੰਤਰ ਸੰਘਰਸ਼ਸ਼ੀਲ, ਜੁਝਾਰੂ, ਬੁੱਧੀਜੀਵੀ ਸਕਾਲਰ ਡਾ. ਰਿਤੂ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਰੋਤਿਆਂ ਨੂੰ ਚੇਤੰਨ ਕਰਦਿਆਂ ਦੌਲਤ ਰਾਮ ਕਾਲਜ, ਦਿੱਲੀ ਯੂਨੀਵਰਸਿਟੀ ਦੀ ਪ੍ਰਿੰਸੀਪਲ ਅਤੇ ਦੂਸਰੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਪ੍ਰਾਧਿਆਪਕ ਦੀਆਂ ਨਿਯੁਕਤੀਆਂ ਸਬੰਧੀ ਕੀਤੀਆਂ ਜਾਂਦੀਆਂ ਮਨਮਾਨੀਆਂ ਅਤੇ ਘਪਲਿਆਂ ਬਾਰੇ ਵਿਸਤ੍ਰਿਤ ਚਰਚਾ ਕੀਤੀ। ਯਾਦ ਰਹੇ ਕਿ ਪੀੜਿਤ ਅਧਿਆਪਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੇ ਕਾਰਨ ਦਿੱਲੀ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਡਾ. ਰਿਤੂ ਸਿੰਘ ਨੂੰ ਪ੍ਰਾਧਿਆਪਕ ਪਦ ਤੋਂ ਹਟਾ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ, ਮਹਿਮੂਦ ਪਰਾਚਾ ਦੀ ਅਗਵਾਈ ਹੇਠ ਡਾ. ਰਿਤੂ ਸਿੰਘ ਨੇ ਲੰਮਾ ਸੰਘਰਸ਼ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ । ਪਰ ਹੁਣ ਸਮੁੱਚੇ ਦਲਿਤਾਂ, ਪਿਛੜਿਆਂ ਅਤੇ ਘੱਟ ਗਿਣਤੀਆਂ ਲਈ ਸੰਘਰਸ਼ ਦਾ ਪ੍ਰਤੀਕ ਬਣ ਗਈ । ਪੀੜਤਾਂ ਅਤੇ ਲਤਾੜਿਆ ਲਈ ‘ਰੋਲ ਮਾਡਲ’ ਬਣੀ ਡਾ. ਰਿਤੂ ਨੇ ਮਨੂਵਾਦੀਆਂ ਦੀਆਂ ਗੈਰ ਸੰਵਿਧਾਨਿਕ ਕੂਟਨੀਤਕ ਚਾਲਾਂ ਤੋਂ ਸ਼ਿਕਾਰ ਤੇ ਨਿਰਾਸ਼ ਹੋ ਕੇ ਡਰਨ ਅਤੇ ਮਰਨ ਨਾਲੋਂ ਇਹਨਾਂ ਵਿਰੁੱਧ ਲੜਾਈ ਕਰਦਿਆਂ ‘ਸਵਾ ਲਾਖ ਸੇ ਏਕ ਲੜਾਊਂ’ ਦੇ ਮਹਾਵਾਕ ਤੋਂ ਸ਼ਕਤੀ ਪ੍ਰਾਪਤ ਕਰਕੇ ਆਪਣੇ ਹੱਕਾਂ ਲਈ ਸੰਘਰਸ਼ ਕਰਕੇ ਕੁਰਬਾਨੀ ਦੇਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਪੀੜਿਤ ਲੋਕਾਂ ਦੇ ਹੱਕਾਂ ਲਈ ਬੋਲਣਾ ਅਤੇ ਅਧਿਕਾਰ ਪ੍ਰਾਪਤੀ ਲਈ ਲੜਨਾ ਗੁਨਾਹ ਹੈ ਤਾਂ ਇਹ ਗੁਨਾਹ ਮੈਂ ਵਾਰ ਵਾਰ ਕਰਾਂਗੀ। ਡਾ. ਰਿਤੂ ਸਿੰਘ ਨੇ ਬੁਲੰਦ ਆਵਾਜ਼ ਵਿੱਚ ਕਿਹਾ ਕਿ ਮੈਂ ਮਰਨਾ ਨਹੀਂ, ਆਤਮ ਹੱਤਿਆ ਨਹੀਂ ਕਰਨੀ, ਲੋਟੂਆਂ ‘ਤੇ ਬੇਇਨਸਾਫੀਆਂ ਵਿਰੁੱਧ ਲੜਨਾ ਹੈ । ਸੈਮੀਨਾਰ ਦੇ ਆਖਰੀ ਪੜਾ ‘ਤੇ ਸਟੇਜ ਦਾ ਸੰਚਾਲਨ ਕਰਦਿਆਂ ਡਾ. ਕੌਲ ਨੇ ਇਸ ਚੇਤਨਾ ਅੰਦੋਲਨ ਦੇ ਰਹਿਨੁਮਾ ਐਡਵੋਕੇਟ ਮਹਿਮੂਦ ਪ੍ਰਾਚਾ ਨੂੰ ਉਹਨਾਂ ਦੇ ਭਾਸ਼ਣ ਦੀ ਤੀਬਰਤਾ ਨਾਲ ਉਡੀਕ ਕਰ ਰਹੇ ਸਰੋਤਿਆਂ ਦੇ ਰੂਬਰੂ ਹੋਣ ਲਈ ਬੇਨਤੀ ਕੀਤੀ ਤਾਂ ਹਾਲ ਵਿੱਚ ਉਤਸੁਕਤਾ ਭਰੀ ਚੁੱਪ ‘ਤੇ ਸ਼ਾਂਤੀ ਛਾ ਗਈ। ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਐਡਵੋਕੇਟ ਪ੍ਰਾਚਾ ਨੇ ਲੋਕਤੰਤਰ ਅਤੇ ਭਾਰਤੀ ਸੰਵਿਧਾਨ ਦਾ ਬਰੀਕੀ ਅਤੇ ਸੂਖਮਤਾ ਨਾਲ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ.ਅੰਬੇਡਕਰ ਬੇਹੱਦ ਜ਼ਹੀਨ ਇਨਸਾਨ ਸਨ। ਉਨ੍ਹਾਂ ਨੇ ਸਰਬ ਸ੍ਰੇਸ਼ਟ ਸੰਵਿਧਾਨ ਦੀ ਸਿਰਜਣਾ ਕਰਕੇ ਪੂਰੇ ਵਿਸ਼ਵ ਵਿੱਚ ਆਪਣਾ ਡੰਕਾ ਬਜਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸਿੱਖਿਆ ਦੇ ਉੱਚ ਅਦਾਰਿਆਂ ਵਿੱਚ ਜਾਤੀ ਵਿਤਕਰਾ ਇੱਕ ਚਿੰਤਾਜਨਕ ਵਰਤਾਰਾ ਹੈ। ਡਾ. ਅੰਬੇਡਕਰ ਵੱਲੋਂ ਦਲਿਤਾਂ, ਪਿਛੜਿਆਂ, ਲਤਾੜਿਆ ਅਤੇ ਘੱਟ ਗਿਣਤੀ ਕੌਮਾਂ ਲਈ ਕੀਤੇ ਗਏ ਸੰਵਿਧਾਨਕ ਪਰਾਵਧਾਨਾ ਨੂੰ ਛਿੱਕੇ ਤੇ ਟੰਗ ਦਿੱਤਾ ਗਿਆ ਹੈ। ਆਪਣੇ ਆਪ ਨੂੰ ਸ੍ਰੇਸ਼ਟ ਕਹਿਣ ਵਾਲੇ 10 ਪ੍ਰਤੀਸ਼ਤ ਲੋਕਾਂ ਨੇ ਦੇਸ਼ ਦੇ ਸਾਰੇ ਸੰਸਾਧਨਾ ਅਤੇ ਪਬਲਿਕ ਅਦਾਰਿਆਂ ਤੇ ਕਬਜ਼ਾ ਕਰਕੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ। ਐਡਵੋਕੇਟ ਪ੍ਰਾਚਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਅਤੇ ਵਿਦਿਆਰਥੀ ਵਰਗ ਨੂੰ ਡਾ. ਰਿਤੂ ਸਿੰਘ ਵਾਂਗ ਹਿੰਮਤੀ, ਬਹਾਦਰ ਅਤੇ ਜੁਝਾਰੂ ਬਣ ਕੇ ਡਾ. ਅੰਬੇਡਕਰ ਦੀ ਵਿਚਾਰਧਾਰਾ, ਜੋ ਸੰਵਿਧਾਨ ਵਿੱਚ ਨਿਹਿਤ ਹੈ , ਨੂੰ ਬਚਾਉਣ ਦੀ ਲੋੜ ਹੈ । ਸਾਡੀ ਸਿਰਫ ਇੱਕੋ ਮੰਗ ਹੈ ਕਿ ਦੇਸ਼ ਵਿੱਚ ਸਹੀ ਅਰਥਾਂ ਵਿੱਚ ਸੰਵਿਧਾਨ ਨੂੰ ਲਾਗੂ ਕੀਤਾ ਜਾਵੇ। ਸਾਡਾ ਅੰਦੋਲਨ ਸੰਵਿਧਾਨ ਨੂੰ ਬਚਾਉਣ ਲਈ ਹੈ। ਜੇਕਰ ਸੰਵਿਧਾਨ ਬਚੇਗਾ ਤਾਂ ਹੀ ਸਾਡਾ ਜੀਵਨ ਸੁਰੱਖਿਤ ਰਹੇਗਾ। ਐਡਵੋਕੇਟ ਪ੍ਰਾਚਾ ਨੇ ਇਸ ਮੌਕੇ ਤੇ ਭਾਰਤ ਵਿੱਚ ਚੱਲ ਰਹੇ ਤਿੰਨ ਪ੍ਰਮੁੱਖ ਅੰਦੋਲਨਾਂ, ਸੰਵਿਧਾਨ ਬਚਾਓ, ਈਵੀਐਮ ਰਾਹੀਂ ਚੋਣਾਂ ਦਾ ਵਿਰੋਧ ਅਤੇ ਕਿਸਾਨਾਂ ਦੇ ਸੰਘਰਸ਼ ਦੀ ਪੁਰਜੋਰ ਹਮਾਇਤ ਕਰਨ ਦੀ ਅਪੀਲ ਕੀਤੀ।

ਮੈਡਮ ਕਰਮਜੀਤ ਕੌਰ ਰਿਟਾ. ਡੀਪੀਆਈ (ਕਾਲਜਾਂ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦਲਿਤ ਵਿਦਿਆਰਥੀਆਂ ਨਾਲ ਉੱਚ ਵਿਦਿਅਕ ਅਦਾਰਿਆਂ ਵਿੱਚ ਅੱਜ ਵੱਡੇ ਪੱਧਰ ਤੇ ਵਿਤਕਰਾ ਕੀਤਾ ਜਾ ਰਿਹਾ ਹੈ। ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਚੁੱਪ ਧਾਰੀ ਬੈਠੇ ਹਨ। ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਸ੍ਰੀ ਸੋਹਨ ਲਾਲ ਰਿਟਾ. ਡੀਪੀਆਈ (ਕਾਲਜਾਂ) ਨੇ ਦਿੱਲੀ ਤੋਂ ਆਏ ਬੁੱਧੀਜੀਵੀ ਚਿੰਤਕਾਂ ਅਤੇ ਜੁਝਾਰੂ ਸਾਥੀਆਂ ਸਮੇਤ ਪੰਜਾਬ ਭਰ ਤੋਂ ਆਏ ਸਰੋਤਿਆਂ ਦਾ ਧੰਨਵਾਦ ਕਰਦਿਆਂ ਇਸ ਗੱਲ ਤੇ ਵਿਸ਼ੇਸ਼ ਜੋਰ ਦਿੱਤਾ ਕਿ ਵਿਦਿਆਰਥੀ ਵਰਗ ਅਤੇ ਨੌਜਵਾਨ ਪੀੜ੍ਹੀ ਨੂੰ ਬਾਬਾ ਸਾਹਿਬ ਵੱਲੋਂ ਕੀਤੇ ਅਣਥੱਕ ਸੰਘਰਸ਼ ਪ੍ਰਤੀ ਚੇਤੰਨ ਹੁੰਦਿਆਂ, ਜੋਸ਼ ਅਤੇ ਹੋਸ਼ ਕਾਇਮ ਰੱਖਦਿਆਂ, ਹੌਸਲੇ, ਹਿੰਮਤ ਅਤੇ ਦਲੇਰੀ ਨਾਲ ਬੇਇਨਸਾਫੀ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਜੂਕੇਸ਼ਨ ਹੀ ਸਮਾਜਿਕ ਅਤੇ ਆਰਥਿਕ ਪਰਿਵਰਤਨ ਲਿਆ ਸਕਦੀ ਹੈ।

ਇਸ ਵਿਚਾਰ ਚਰਚਾ ਵਿੱਚ ਅੰਬੇਡਕਰ ਭਵਨ ਟਰੱਸਟ ਅਤੇ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਮੈਂਬਰ ਸਰਬ ਸ਼੍ਰੀ ਚਰਨ ਦਾਸ ਸੰਧੂ, ਹਰਮੇਸ਼ ਜਸਲ, ਡਾ.ਚਰਨਜੀਤ ਸਿੰਘ, ਤਿਲਕ ਰਾਜ, ਪ੍ਰੋਫੈਸਰ ਬਲਬੀਰ, ਡਾ. ਮਹਿੰਦਰ ਸੰਧੂ, ਹਰਭਜਨ ਨਿਮਤਾ, ਬਲਦੇਵ ਰਾਜ ਭਾਰਦਵਾਜ, ਡਾ: ਰਾਹੁਲ, ਡਾ: ਸੁਭਾਸ਼, ਡਾ: ਥਿੰਦ, ਡਾ: ਐਸ ਪੀ ਸਿੰਘ, ਡਾ: ਸੁਰਿੰਦਰ, ਤਰਸੇਮ ਲਾਲ ਕੌਲ ਯੂਕੇ, ਹਰੀ ਰਾਮ ਓਐਸਡੀ, ਪ੍ਰਭ ਦਿਆਲ ਰਾਮਪੁਰ, ਪ੍ਰਦੀਪ ਰਾਜਾ (ਚੇਤਨਾ ਚੈਨਲ), ਐਨਆਰਆਈ ਸਭਾ ਪੰਜਾਬ ਦੀ ਪ੍ਰਧਾਨ ਮੈਡਮ ਪਰਵਿੰਦਰ ਕੌਰ ਬੰਗਾ, ਗੌਤਮ, ਮੈਡਮ ਕਵਿਤਾ, ਅਨਿਲ ਬਾਘਾ, ਮੇਹਰ ਮਲਿਕ, ਐਡਵੋਕੇਟ ਰਾਜਿੰਦਰ ਬੋਪਾਰਾਏ, ਮਨਜੀਤ ਸਿੰਘ, ਡਾ. ਸੰਦੀਪ ਮਹਿਮੀ, ਪ੍ਰੋ. ਅਰਿੰਦਰ ਸਿੰਘ, ਪਿਛੋਰੀ ਲਾਲ ਸੰਧੂ, ਮਨੋਹਰ ਮਹੇ, ਰਾਮ ਲਾਲ ਦਾਸ, ਪ੍ਰੋ. ਅਸ਼ਵਨੀ ਜੱਸਲ, ਨਰਿੰਦਰ ਲੇਖ, ਐਮ ਆਰ ਸੱਲਣ, ਲਲਿਤ ਕੰਗਣੀਵਾਲ ਅਤੇ ਭਾਰੀ ਗਿਣਤੀ ਵਿਚ ਸਾਥੀ ਮੌਜੂਦ ਸਨ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈੱਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ), ਜਲੰਧਰ

 

Previous articleਗਾਇਕ ਭੈਣਾਂ ਕੌਰ ਸਿਸਟਰਜ ਵਲੋਂ ਗਾਇਆ ਸ਼ਬਦ ( ਕਹਿ ਰਵਿਦਾਸ ਆਸ ਲਗਿ ਜੀਵਉ ) ਰਿਲੀਜ਼
Next articleअंबेडकर भवन में हुआ जागरूकता सेमिनार