ਜਾਗਦੀ ਜ਼ਮੀਰ — ਆਸ਼ਾਵਾਦ ਅਤੇ ਸੰਘਰਸ਼ ਦਾ ਸੁਨੇਹਾ

(ਸਮਾਜ ਵੀਕਲੀ)- “ਜਾਗਦੀ ਜ਼ਮੀਰ” ਪਲੇਠੇ ਕਾਵਿ-ਸੰਗ੍ਰਿਹ ਨਾਲ ਹਾਜ਼ਰ ਸ਼ਾਇਰ ਕੇਵਲ ਸਿੰਘ ਰੱਤੜਾ ਇੱਕ ਸਿਰੜੀ ਅਤੇ ਅਨੁਭਵੀ ਸਖ਼ਸ਼ ਹੈ। ਤਾਉਮਰ ਉਸਨੇ ਮਿਹਨਤ, ਸਿਦਕ ਅਤੇ ਸੰਘਰਸ਼ ਦਾ ਪੱਲਾ ਨਹੀਂ ਛੱਡਿਆ। ਉਹ ਅੰਗਰੇਜ਼ੀ ਪਬਲਿਕ ਸਕੂਲਾਂ ਵਿੱਚ ਭੂਗੋਲ ਅਤੇ ਅੰਗਰੇਜ਼ੀ ਪੜਾਉਂਦਾ ਰਿਹਾ । ਸੈਨਿਕ ਸਕੂਲ ਕਪੂਰਥਲੇ ਰਹਿੰਦਿਆਂ ਉਹਨੇ ਅਫਸਰ ਬਣਨ ਲਈ ਸਾਧਨਾ ਵਾਂਗ ਪੜਾਈ ਕੀਤੀ, ਐਮ ਏ (ਇਤਿਹਾਸ)ਕੀਤੀ ਅਤੇ ਫਿਰ ਕੇਂਦਰੀ ਵਿਦਿਆਲੇ ਵਿੱਚ ਕਿਸ਼ਤਵਾੜ (ਜੇਕੇ) ਸਰਕਾਰੀ ਅਧਿਆਪਕ ਲੱਗ ਗਿਆ। ਪ੍ਰੋਫੈਸਰ ਬਣਨ ਲਈ ਯੂਜੀਸੀ ਪਾਸ ਕੀਤੀ ਪਰ ਜਲਦੀ ਹੀ ਭਾਰਤੀ ਜੀਵਨ ਬੀਮਾ ਕਾਰਪੋਰੇਸ਼ਨ ਵਿੱਚ ਬਤੌਰ ਅਫਸਰ ਸਿੱਧੀ ਭਰਤੀ ਤਾਇਨਾਤੀ ਜੰਮੂ ਕਸ਼ਮੀਰ ਵਿੱਚ ਹੀ ਹੋ ਗਈ। ਬੀਮਾ ਖੇਤਰ ਤੋਂ ਹੀ ਸਟੇਟ ਮੈਨੇਜਰ ਦੇ ਅਹੁੱਦੇ ਤੋਂ ਸਵੈ ਇੱਛਾ ਨਾਲ ਸੇਵਾ ਮੁਕਤੀ ਲੈ ਕੇ ਮੁੜ ਸਿਖਿਆ ਖੇਤਰ ਵਿੱਚ ਬਤੌਰ ਪ੍ਰਿੰਸੀਪਲ, ਡਾਇਰੈਕਟਰ ਅਤੇ ਆਪਣੇ ਪਬਲਿਕ ਸਕੂਲ ਦੇ ਮਾਲਕ ਵਜੋਂ ਸਵੈ ਰੁਜਗਾਰੀ ਬਣਿਆ।ਪਰ ਉਹਦੇ ਅੰਦਰਲਾ ਕਵੀ ਅਤੇ ਅਧਿਆਪਕ ਹਮੇਸ਼ਾਂ ਨਾਲ ਨਾਲ ਅੰਗੜਾਈਆਂ ਲੈਂਦਾ ਰਿਹਾ ਹੈ। ਰੱਤੜਾ ਇੱਕ ਬਹੁਪਰਤੀ ਇਨਸਾਨ ਹੈ ।ਉਹ ਸਮਾਜਿਕ ਤਬਦੀਲੀ ਲਈ ਪਹਿਲਾਂ ਖੁਦ ਤੁਰਦਾ ਹੈ, ਸਾਬਤ ਕਰਦਾ ਹੈ ਤਾਂ ਕਿ ਲੋਕਾਂ ਨੂੰ ਮਿਸਾਲ ਭਾਲਣ ਲਈ ਕੋਈ ਦੂਰ ਦਾ ਪਾਤਰ ਨਾ ਲੱਭਣਾ ਪਵੇ। ਉਹਦੀ ਕਾਵਿਕ ਸ਼ੈਲੀ ਸਿੱਧੀ , ਸਾਦਗੀ ਭਰੀ ਅਤੇ ਸਮਝ ਵਿੱਚ ਜਲਦੀ ਆਉਣ ਵਾਲੀ ਹੈ। “ਪੱਖ ਅਤੇ ਵਾਦ” ਕਵਿਤਾ ਵਿੱਚ ਉਹਦਾ ਸ਼ੇਅਰ ਦੇਖੋ
“ਨਾ ਚੜ੍ਹਦੇ ਨਾ ਲਹਿੰਦੇ ਪੱਖੀ
ਨਾ ਉੱਠਦੇ ਨਾ ਬਹਿੰਦੇ ਪੱਖੀ।

ਸੱਜਾ ਖੱਬਾ ਕੀ ਹੁੰਦਾ ਹੈ,
ਮੈਂ ਤਾਂ ਹਾਂ ਬਸ ਬੰਦੇ ਪੱਖੀ ।

ਕੇਵਲ ਸਿੰਘ ਰੱਤੜਾ ਭਾਵੁਕਿਤਾ ਨਾਲ ਕਵਿਤਾ ਨਹੀਂ ਸਿਰਜਦਾ। ਉਹ ਵਲਵਲਿਆਂ ਨੂੰ ਸੰਭਾਲਕੇ ਰਿੜਕਦਾ ਹੈ ਅਤੇ ਫਿਰ ਕੁੱਝ ਤਰੰਨਮ ਦੀ ਪੁੱਠ ਚਾੜ੍ਹਕੇ ਤਾਨ ਭਰ ਦਿੰਦਾ ਹੈ। ਇਸੇ ਕਰਕੇ ਉਹਦੀਆਂ ਬਹੁਤੀਆਂ ਨਜ਼ਮਾਂ ਨੂੰ ਗੁਣਗੁਣਾਇਆ ਜਾ ਸਕਦਾ ਹੈ। ਕਵਿਤਾ ਪਾਠ ਕਰਦਿਆਂ ਉਹਦੇ ਅੰਦਰਲਾ ਗਾਇਕ ਆਪ ਮੁਹਾਰੇ ਸਾਹਮਣੇ ਆ ਜਾਂਦਾ ਹੈ।’ਜਿਗਰ ਦੇ ਬੂਹੇ ,ਪਿਆਰ ਕਰੋ ਪਿਆਰ, ਉਡੀਕਾਂ ਅਤੇ ਮੇਰੇ ਪਿੰਡ ਦੀ ਮਿੱਟੀ ਆਦਿ ਗੀਤ ਨੁਮਾ ਕਵਿਤਾਵਾਂ ਹਨ ਜੋ ਸੌਖਿਆਂ ਹੀ ਬੁੱਲਾਂ ਤੇ ਚੜ੍ਹਨ ਦਾ ਮਾਦਾ ਰੱਖਦੀਆਂ ਹਨ। ਕਵੀ ਨੇ ਸਾਰੀਆਂ ਕਵਿਤਾਵਾਂ ਦੇ ਸਿਰਲੇਖ ਵੀ ਖੂਬ ਬਣਾਏ ਹਨ ਤਾਂ ਕਿ ਲੱਭਣ ਵਿੱਚ ਅਸਾਨੀ ਵੀ ਰਹੇ। ਰੱਤੜਾ ਕੁਦਰਤ ਨੂੰ ਮਾਵਾਂ ਵਰਗਾ ਪਿਆਰ ਕਰਦਾ ਹੈ ਅਤੇ ਉਸ ਨਾਲ ਛੇੜਖਾਨੀਆਂ ਕਰਨ ਵਾਲਿਆਂ ਨੂੰ ਖੂਬ ਲਾਅਨਤਾਂ ਪਾਉਂਦਾ ਹੈ।”ਰੁੱਖ ਅਤੇ ਮਨੁੱਖ” ਕਵਿਤਾ ਵਿੱਚ ਕਹਿੰਦਾ ਹੈ

“ਕਦੇ ਕਦੇ ਮੈਨੂੰ ,ਰੁੱਖ ਮਨੁੱਖ ਇੱਕੋ ਜਹੇ ਲੱਗਦੇ ਨੇ
ਟਾਹਣੀਆਂ ਲੱਗਦੀਆਂ ਬਾਹਵਾਂ,ਫੁੱਲ ਅੱਖਾਂ ਜਹੇ ਲੱਗਦੇ ਨੇ।

ਰੁੱਖਾਂ ਅਤੇ ਮਨੁੱਖਾਂ ਦੀ ਬੇਕਦਰੀ ਕਰਦੇ ਜੋ
ਬੇ ਮੌਤੇ, ਬਿਨ ਜ਼ਿਕਰੋਂ ਮਰਦੇ ਨਾਂ ਨਹੀਂ ਲੱਭਦੇ ਨੇ।”

ਪੰਜਾਬ ਵਿੱਚ ਨਸ਼ੇ, ਗੈਂਗਰਾਜ, ਨਾਜਾਇਜ਼ ਸੰਬੰਧਾਂ ਅਤੇ ਖ਼ੁਦਕੁਸ਼ੀਆਂ ਕਾਰਣ ਮੌਤਾਂ ਦਾ ਝੋਰਾ ਉਹਦੇ ਕੋਮਲ ਮਨ ਨੂੰ ਪੀੜਤ ਕਰਦਾ ਹੈ ਪਰ ਬੇਬਸੀ ਦੇ ਆਲਮ ਵਿੱਚ ਉਂਗਲੀ ਚੁੱਕਦਾ ਕਹਿੰਦਾ ਹੈ

“ਮੌਤਾਂ ਪੜ੍ਹ ਸੁਣਕੇ ਵੀ ਹੁਣ ਦਿਲ ਭਾਰਾ ਨਹੀਂ ਹੁੰਦਾ,
ਪਹਿਲਾਂ ਵਾਂਗੂੰ ਹੰਝੂਆਂ ਦਾ ਰਸ ਖਾਰਾ ਨਹੀਂ ਹੁੰਦਾ ।
ਖ਼ਬਰਾਂ ਨਾਲ਼ੋਂ ਦਹਿਸ਼ਤ ਵੰਡਦੇ ਮੀਡੀਆ ਕੋਲ,
ਠੋਸ ਉਮੀਦਾਂ ਵਾਲਾ ਕੋਈ ਸਹਾਰਾ ਨਹੀਂ ਹੁੰਦਾ ।”
ਕਰੋਨਾ ਕਾਲ ਦੀ ਅਣਕਿਆਸੀ ਮਹਾਂਮਾਰੀ ਦਾ ਡਰ, ਸਹਿਮ, ਵਹਿਮ, ਕਾਰੋਬਾਰਾਂ ਦਾ ਨੁਕਸਾਨ, ਮਨੁੱਖੀ ਰਿਸ਼ਤਿਆਂ ਵਿਚੱ ਸਮਾਜਿਕ ਦੂਰੀਆਂ ,ਆਪਣਿਆਂ ਤੋਂ ਭੈ ਖਾਣ ਦੀ ਲੁੱਕਵੀਂ ਸੋਚ, ਚੀਨ ਨੂੰ ਕਰੋਨਾ ਦਾ ਜਨਮ ਦਾਤਾ ਮੰਨਣਾ,ਪੁਲਿਸ ਵੱਲੋਂ ਸਖ਼ਤੀ ਦੌਰਾਨ ਕਿਤੇ ਕਿਤੇ ਲੋਕਾਂ ਦੇ ਹੱਡ ਸੇਕਣੇ ਅਤੇ ਸਭ ਤੋਂ ਵੱਧ ਪ੍ਰਾਈਵੇਟ ਹਸਪਤਾਲਾਂ ਵੱਲੋਂ ਬੇਰੁਖੀ ਨੂੰ ਕਵੀ ਨੇ ਆਪਣੀਆੰ ਕਈ ਰਚਨਾਵਾਂ ਦਾ ਹਿੱਸਾ ਬਣਾਇਆ ਅਤੇ ਲੋਕਾਂ ਨੂੰ ਸਬਰ ਰੱਖਣ ਲਈ ਅਪੀਲ ਵੀ ਕੀਤੀ ਹੈ।ਇਸ ਤਸਵੀਰ ਦਾ ਕਾਵਿਕ ਵਰਣਨ ਕਵੀ ਰੱਤੜਾ ਨੇ ਇੰਜ ਕੀਤਾ ਹੈ।
“ਜਾਹ ਉਏ ਗਾਫ਼ਲ ਬੰਦਿਆ, ਕੀ ਕੀ ਕਰ ਛੱਡੇ ਤੂੰ ਕਾਰੇ,
ਪੰਛੀ,ਜਾਨਵਰ, ਪੌਦੇ ਖੁਸ਼ ਨੇ, ਲੋਕੀਂ ਫਿਕਰ ਦੇ ਮਾਰੇ।

ਆਪੋ ਆਪਣੀ ਜਾਨ ਦੇ ਲਾਲ੍ਹੇ, ਪੈ ਗਏ ਸਭ ਨੂੰ ਘਰ ਅੰਦਰ,
ਬਾਹਰ ਜਾਂਦਿਆਂ ਪੁਲਿਸ ਵਾਲ਼ਿਆਂ ਹੱਡ ਸੇਕਤੇ ਸਾਰੇ।

ਅਮਲੀ, ਆਸ਼ਕ, ਅਤੇ ਨਸ਼ੇੜੀ, ਚੁਗ਼ਲਖੋਰ ਤੇ ਨੇਤਾ,
ਹੋ ਗਏ ਫੇਲ੍ਹ ਜੁਗਾੜ ਇਹਨਾਂ ਦੇ, ਖੂੰਜੇ ਲੱਗ ਗਏ ਸਾਰੇ “

ਕੇਵਲ ਸਿੰਘ ਰੱਤੜਾ ਕਲਾਕਾਰਾਂ, ਗੀਤਕਾਰਾਂ , ਲ਼ੇਖਕਾਂ ਬੁੱਧੀ-ਜੀਵੀਆਂ, ਸਮਾਜ ਸੇਵੀਆੰ ਨੂੰ ਹਾਕ ਮਾਰਦਾ ਹੈ ਕਿ ਸਮਾਜਕ ਕਦਰਾਂ ਕੀਮਤਾਂ ਵਿੱਚ ਆਈ ਗਿਰਾਵਟ ਲਈ ਸਿਆਸਤ ਹੀ ਇਕੱਲੀ ਨਹੀਂ, ਸਮਾਜ ਦੇ ਨਾਗਰਿਕ ਵੀ ਉੰਨੇ ਹੀ ਜ਼ੁੰਮੇਵਾਰ ਹਨ।ਵਲਗਣਾਂ ਤੋਂ ਬਾਹਰ ਨਿਕਲਕੇ ਲੋਕ ਲਹਿਰ ਖੜੀ ਕਰਨ ਦੀ ਉਮੀਦ ਰੱਖਦਾ ਹੈ। ਵਿਚਾਰੇਪਨ ਦਾ ਬੋਝ,ਸਿਆਸੀ ਸੁਆਰਥੀਪਨ, ਲਾਰੇ ਅਤੇ ਫੋਕੇ ਨਾਹਰਿਆਂ ਦੇ ਆਲਮ ਨੂੰ ਕਵੀ ਨਜ਼ਮਾਂ ਵਿੱਚ ਉਤਾਰਦਾ ਵੀ ਹੈ ਅਤੇ ਇਸਦੇ ਖ਼ਿਲਾਫ਼ ਜੂਝਣ ਦਾ ਸੱਦਾ ਵੀ ਦਿੰਦਾ ਹੈ। ਲੋਕ-ਤੰਤਰ ਵਿੱਚ ਚੇਤੰਨ ਲੋਕਾਂ ਦੇ ਵੀ ਅਲਹਿਦਗੀਪੁਣੇ ਅਤੇ ਉਹਨਾਂ ਵੱਲੋਂ ਸਾਰਥਿਕ ਸੇਧ ਦੀ ਕਮੀ ਨੂੰ ਕਵੀ ਮਹਿਸੂਸ ਕਰਦਾ ਹੈ ਅਤੇ “ਕਲਮਾਂ ਵਾਲ਼ਿਉ,ਅਕਲਾਂ ਵਾਲ਼ਿਉ” ਕਵਿਤਾ ਵਿੱਚ ਅਪੀਲ ਕਰਦਾ ਹੈ।

“ਧੁੰਦਲੀਆਂ ਰਾਤਾਂ, ਕਾਲੇ ਯੁੱਗ ਨੇ, ਕੀਤੀ ਸੁੰਨ ਦਲੀਲ ਮੇਰੀ”

ਬੋਲਿਉ ਸਾਰੇ ਬੋਲ ਸੱਚ ਦੇ, ਰੱਤੜਾ ਬਣਿਉ,ਹੂਕ ਖ਼ਲਕ ਦੀ,
ਜਾਂ ਲਿਖਿਉ ਕੋਈ ਗੀਤ ਪਾਸ਼ ਜਿਹਾ, ਬਣੇ ਕ੍ਰਾਂਤੀ ਚੀਖ ਮੇਰੀ।”

ਔਰਤਾਂ ਦੀ ਸਮਾਜ ਵਿੱਚ ਪਤਲੀ ਹਾਲਤ ਲਈ ਫਿਕਰਮੰਦੀ ਕਵੀ ਨੂੰ ਡਾਢੀ ਤੜਫਾਉਂਦੀ ਹੈ। ਉਹਦੇ ਮੁਤਾਬਕ ਜੇਕਰ ਸਮਾਜ ਵਿੱਚਲੀ ਅੱਧੀ ਅਬਾਦੀ ਸਿੱਖਿਆ, ਸਿਹਤ ਅਤੇ ਮਨੁੱਖੀ ਹੱਕਾਂ ਤੋਂ ਵਾਂਝੀ ਰਹੇ ਤਾਂ ਕੋਈ ਦੇਸ਼ ਜਾਂ ਖ਼ਿੱਤਾ ਤਰੱਕੀ ਕਿਵੇਂ ਕਰੇਗਾ?ਪਰਿਵਾਰ ਵਿੱਚ,ਜਾਂ ਆਸ ਪਾਸ ਹਿੰਸਕ ਘਟਨਾਵਾਂ,ਰੇਪ,ਅਗਵਾ ਜਾਂ ਜਨਤਕ ਤੌਰ ਤੇ ਜ਼ਲੀਲ ਕਰਨ ਵਾਲੀਆਂ ਵਾਰਦਾਤਾਂ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਵਾਪਰਨ ਪਰ ਹੈਂ ਤਾਂ ਸਾਡੀ ਮਰਦਾਨਗੀ ਦੇ ਮੂੰਹ ਉੱਤੇ ਕਰਾਰੀ ਚਪੇੜ ਹੀ। “ਵਹਿਸ਼ੀਪੁਣਾ” ਕਵਿਤਾ ਵਿੱਚ ਕਵੀ ਦੀ ਰੰਜੋਗ਼ਮ ਸਾਫ਼ ਨਜ਼ਰ ਆਉਂਦਾ ਹੈ,

“ਜੰਗਲ਼ ਜੇਹੀ ਜ਼ਿੰਦਗੀ ਹੈ, ਸਭ ਖਾਨਾਜੰਗੀ ਹੈ,
ਪੱਤ ਰੋਲਤੀ ਔਰਤ ਦੀ, ਮਰਦਾਂ ਦੀ ਭੰਡੀ ਹੈ।

ਰਾਮ ਰਾਜ ਕੀ ਆਉਣਾ, ਸਦੀਆਂ ਜਿੱਡੇ ਲਾਰੇ ਨੇ
ਰਾਵਣ ਚੁੱਕਦਾ ਰੋਜ਼ ਜੋ ਸੀਤਾ, ਲੱਗਦੀ ਚੰਗੀ ਹੈ

ਪਸ਼ੂਆਂ ਤੋਂ ਵੱਧ ਵਹਿਸ਼ੀ, ਜਿੱਥੇ ਲੋਕੀਂ ਹੋ ਜਾਣਗੇ
ਰੱਤੜਾ ਬੰਦੇ ਨਾਲ਼ੋਂ, ਬਾਂਦਰ ਜੂਨ ਹੀ ਚੰਗੀ ਹੈ ।”

ਕਿਸਾਨੀ ਸੰਘਰਸ਼ ਨੂੰ ਸੰਬੋਧਨ ਉਸਦੀ ਕਵਿਤਾ “ਸਬਰਨੀਤੀ” ਅਤੇ ‘ਉੱਠੀ ਕਿਰਤ’ਬਹੁਤ ਹੀ ਗਹਿਰਾ ਪ੍ਰਭਾਵ ਛੱਡਣ ਵਾਲੀਆਂ ਹਨ ਅਤੇ ਉਸਦੀ ਲੋਕ ਪੱਖੀ ਸੋਚ ਦਾ ਸਪਸ਼ਟ ਸਬੂਤ ਹੈ। ਉਸਦੀ ਕਾਵਿ ਸ਼ੈਲੀ ਯੂਨੀਵਰਸਿਟੀਆਂ ਦੇ ਬੰਦ ਕਮਰਿਆਂ ਵਿੱਚ ਕੈਦ ਹੋਣ ਲਈ ਨਹੀਂ ਬਣੀ, ਉਹ ਤਾਂ ਲੋਕ ਮਨਾਂ ਅਤੇ ਬੁੱਲ੍ਹਾਂ ਉੱਤੇ ਗੁਣਗੁਣਾਉਣ ਲਈ ਜ਼ਿਆਦਾ ਫਿੱਟ ਬੈਠਦੀ ਹੈ। ‘ ਜਾਗਦੀ ਜ਼ਮੀਰ’ ਨਾਮ ਦੀ ਪ੍ਰਤਿਨਿਧ ਕਵਿਤਾ ਵਿੱਚ ਉਸਨੇ ਆਮ ਲੋਕਾਂ ਦੀ ਚੜ੍ਹਦੀ ਕਲਾ ਨੂੰ ਹੋਰ ਬਲ ਦੇਣ ਲਈ ਕਮਾਲ ਦੀ ਖ਼ੁਦ-ਦਾਰੀ ਪੇਸ਼ ਕੀਤੀ ਹੈ। ਨਮੂਨਾ ਦੇਖੋ

“ਸੀਸ ਤਲੀ ਧਰਕੇ ਜੋ ਖਿੱਚਣ ਲਕੀਰ ਵਾਲੇ,
ਅੱਡਦੇ ਨਾ ਹੱਥ ਕਦੇ,  ਜਾਗਦੀ ਜ਼ਮੀਰ ਵਾਲੇ।

ਜਦੋਂ ਚਾਰੇ ਪਾਸੇ ਬੇਰੁਜ਼ਗਾਰੀ, ਨਿਰਾਸ਼ਾ , ਰਿਸ਼ਵਤਖੋਰੀ, ਜਵਾਨੀ ਦਾ ਪਰਵਾਸ , ਸਿਆਸਤ ਤੋਂ ਉਪਰਾਮਤਾ, ਕਿਸਾਨੀ ਦਾ ਲੰਮਾ ਹੁੰਦਾ ਸੰਘਰਸ਼ ਹੋਵੇ ਤਾਂ ਇਸ ਮੌਕੇ ਸ਼ਾਇਰ ਕੇਵਲ ਸਿੰਘ ਰੱਤੜਾ ਦਾ ਇਹ ਕਾਵਿ ਸੰਗ੍ਰਿਹ ਫਿਜ਼ਾ ਵਿੱਚ ਯਕੀਨਨ ਹਾਂ ਪੱਖੀ ਅਤੇ ਧਰਵਾਸ ਦੇਣ ਦਾ ਸਬੱਬ ਬਣੇਗਾ। ਕਵਿਤਾ ਵਿੱਚ ਰੁਚੀ ਰੱਖਣ ਵਾਲੇ ਕਵੀ, ਪਾਠਕ ਅਤੇ ਸਾਹਿਤਕ ਹਲਕਿਆਂ ਵਿੱਚ ਆਪਣੀ ਨਿਵੇਕਲੀ ਰੰਗਤ ਨਾਲ ਜ਼ਰੂਰ ਜਗ੍ਹਾ ਬਣਾਏਗਾ। ਕਾਵਿ ਜਗਤ ਵਿੱਚ ਅਸੀਂ ‘ਜਾਗਦੀ ਜ਼ਮੀਰ’ ਨੂੰ ਖੁਸ਼ਾਮਦੀਦ ਆਖਦੇ ਹਾਂ ਅਤੇ ਕੇਵਲ ਸਿੰਘ ਰੱਤੜਾ ਕੋਲੋਂ ਨਿਰੰਤਰ ਕਲਮਕਾਰੀ ਦੀ ਉਮੀਦ ਰੱਖਦੇ ਹਾਂ।

– ਡਾ਼ ਰਾਮ ਮੂਰਤੀ (ਪੀ਼ ਐਚ਼ ਡੀ)
94174-49665

Previous articleBJP invites Mulayam Singh for Kalyan’s ‘Tehravin’
Next articleमॉब लिंचिंग की बढ़ती घटनाएं सत्ता का संरक्षण प्राप्त गुंडों द्वारा की जाने वाली सुनियोजित हिंसा- रिहाई मंच