(ਸਮਾਜ ਵੀਕਲੀ)- ਸੱਭ ਤੋਂ ਪਹਿਲਾਂ ਤਾਂ ਏਹੀ ਕਹਾਂਗਾ ਕਿ ਬਜ਼ੁਰਗਾਂ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਅਤੇ ਬੇਸਹਾਰਿਆਂ ਲੋੜਵੰਦਾਂ ਦੀ ਕੀਤੀ ਗਈ ਸਹਾਇਤਾ ਤੋਂ ਵੱਡਾ ਕੋਈ ਵੀ ਦਾਨ ਨਹੀਂ ਹੈ।ਇਹ ਵਿਚਾਰ ਮੇਰੇ ਆਪਣੇ ਹਨ ਜਿਹੜੇ ਮੇਰੀ ਜ਼ਿੰਦਗੀ ਦੇ ਤਜੱਰਬੇ ਵਿੱਚੋਂ ਉਪਜੇ ਹਨ।
ਪੈਂਤੀ ਕੁ ਸਾਲ ਪਹਿਲਾਂ ਦੀ ਗੱਲ ਹੈ ਮੇਰੇ ਇਲਾਕੇ ਦਾ ਇੱਕ ਡੇਰੇਦਾਰ ਬਾਬਾ ਜਿਹੜਾ ਅਜੇ ਮੁੰਡਾ ਖੁੰਡਾ ਸੀ ਤੇ ਨਵਾਂ ਨਵਾਂ ਬਾਬਾ ਬਣਿਆਂ ਸੀ ਬੜਾ ਦਬਦਬਾ ਸੀ ਉਸਦਾ ਇਲਾਕੇ ਵਿੱਚ… ਕੁਛ ਮਰਦ ਤੇ ਵੱਡੀ ਗਿਣਤੀ ਵਿੱਚ ਬੀਬੀਆਂ ਉਹਦੇ ਚੇਲੇ ਚੇਲੀਆਂ ਬਣ ਗਏ। ਬੀਬੀਆਂ ਨੇ ਪੈਸੇ ਧੇਲੇ ਤੋਂ ਇਲਾਵਾ ਦੁੱਧ,ਘਿਉ ਸਮੇਤ ਲੱਸੀ ਡੇਰੇ ਚੜ੍ਹਾ ਜਾਣੇ ਤੇ ਉਹਨਾਂ ਦੇ ਘਰ ਵਾਲਿਆਂ ਕਲੇਸ਼ ਕਰਨਾ ਕਿ ਅਸੀਂ ਸਾਰਾ ਦਿਨ ਟੁੱਟ ਟੁੱਟ ਮਰਦੇ ਆਂ ਅਤੇ ਸੁੱਕੀਆਂ ਰੋਟੀਆਂ ਖਾਨੇ ਆਂ ਪਰ ਵੇਹਲੜ ਪਖੰਡੀ ਬਾਬੇ ਨੂੰ ਤੁਸੀ ਦੁੱਧ ਘਿਉ ਚਾੜ੍ਹ ਆਉਣੀਆਂ ਸ਼ਰਮ ਕਰੋ ਕੁੱਝ.. ਫ਼ਿਰ ਉਹਨਾਂ ਬੀਬੀਆਂ ਜਾ ਕਹਾਣੀ ਸੁਣਾਈ ਬਾਬੇ ਨੂੰ, ਬਾਬੇ ਨੇ ਚੇਲ਼ੇ ਭੇਜਣੇ ਜੀਪ ਦੇ ਕੇ ਉਹਨਾਂ ਬੰਦਾ ਚੱਕ ਲਿਆਉਣਾ ਤੇ ਉਹਦੀ ਛਿੱਤਰ ਪਰੇਡ ਕਰਨੀ ਡੇਰੇ ਲਿਆਕੇ ਤੇ ਇੱਕ ਵਾਰ ਕੁੱਟ ਕੁੱਟ ਕੇ ਇੱਕ ਬੰਦਾ ਮਾਰ ਵੀ ਦਿੱਤਾ ਸੀ ਪਰ ਵਾਲ ਵੀ ਵਿੰਗਾ ਨਹੀਂ ਸੀ ਕਰ ਸਕਿਆ ਕੋਈ ਬਾਬਾ ਜੀ ਦਾ। ਮਗਰੋਂ ਉਸ ਬਾਬੇ ਨੇ ਲੋਕ ਭਲਾਈ ਦੇ ਕੰਮ(ਲੋਕਾਂ ਦੇ ਹੀ ਪੈਸਿਆਂ ਨਾਲ)ਏਨੇ ਕੀਤੇ ਕਿ ਅੱਜ ਆਲ ਵਰਲਡ ਵਿੱਚ ਜੈ ਜੈ ਕਾਰ ਹੈ ਬਾਬਾ ਜੀ ਦੀ।
ਦੋ ਤਿੰਨ ਦਿਨਾਂ ਤੋਂ ਇੱਕ ਵੀਡੀਓ ਚੱਲ ਰਹੀ ਹੈ ਜਿਸ ਵਿੱਚ ਕਿਸੇ ਡੇਰੇ ਵਿੱਚ ਚੋਲਿਆਂ ਆਲੇ ਬਾਬੇ ਇੱਕ ਬੱਚੇ ਨੂੰ ਬੇਰਹਿਮੀ ਨਾਲ ਕੁੱਟ ਰਹੇ ਹਨ, ਸੱਚਮੁੱਚ ਦਿਲ ਬੜਾ ਦੁਖੀ ਹੋਇਆ . ਮੈਂ ਭੋਲੇ ਭਾਲੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਕਿ ਬਚੋ ਡੇਰਿਆਂ ਵਾਲਿਆਂ ਤੋਂ,ਰੱਬ ਡੇਰਿਆਂ ਅੰਦਰ ਨਹੀਂ ਹੈ ਤੇ ਨਾ ਹੀ ਕਿਸੇ ਖਾਸ ਜਗ੍ਹਾ ਤੇ ਬੈਠਾ ਹੋਇਆ ਹੈ ਉਹ ਤਾਂ ਕਣ ਕਣ ਵਿੱਚ ਵਸਦਾ ਹੈ.. ਆਪਣੀ ਮਿਹਨਤ ਦੀ ਕਮਾਈ ਆਪਣੇ ਪਰਵਾਰ ਤੇ ਖ਼ਰਚ ਕਰੋ।
ਬਲਦੇਵ ਸਿੰਘ ”ਪੂਨੀਆਂ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly