ਡਾ. ਅੰਬੇਡਕਰ ਲਾਇਬ੍ਰੇਰੀ ਨੂੰ ਪੁਸਤਕਾਂ ਭੇਂਟ
ਜਲੰਧਰ (ਸਮਾਜ ਵੀਕਲੀ)- ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਵੱਲੋਂ ਆਪਣੀ ਜਨਮ ਵਰ੍ਹੇ-ਗੰਢ ‘ਤੇ ਰਿਲੀਜ ਕੀਤੀ ਗਈ, ਆਪਣੇ ਸੰਘਰਸ਼ਮਈ ਜੀਵਨ ਅਤੇ ਕਿਰਤੀ ਕਿਸਾਨਾਂ ਲਈ ਕੀਤੇ ਸੰਗਰਾਮ ਨੂੰ ਸਵੈ-ਕਥਨ ਦੇ ਰੂਪ ਵਿਚ ਪ੍ਰਗਟਾਉਂਦੀ ਸਾਮਰਾਜੀ ਤੇ ਫਾਸ਼ੀਵਾਦੀ ਸ਼ਕਤੀਆਂ ਤੋਂ ਪੂਰਨ ਸੁਤੰਤਰਤਾ ਦੀ ਤਾਂਘ ਅਤੇ ਆਸ਼ਾਵਾਦੀ ਦ੍ਰਿਸ਼ਟੀਕੋਣ ਨੂੰ ਰੂਪਮਾਨ ਕਰਦੀ ਪੁਸਤਕ ‘ਬਸੰਤ ਰੁੱਤ ਆਏਗੀ’ ਦੀਆਂ ਕਾਪੀਆਂ ਡਾ. ਅੰਬੇਡਕਰ ਲਾਇਬ੍ਰੇਰੀ, ਡਾ ਅੰਬੇਡਕਰ ਭਵਨ ਨੂੰ ਭੇਂਟ ਕੀਤੀਆਂ.ਗਈਆਂ।
ਇਸ ਮੌਕੇ ਤੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਇੱਕ ਯਾਦਗਾਰੀ ਮਿਲਣੀ ‘ਤੇ ਸਹਾਇਕ ਸਕੱਤਰ ਅਤੇ ਵਿਦਵਾਨ ਲੇਖਕ ਚਰੰਜੀ ਲਾਲ ਕੰਗਣੀਵਾਲ ਦੀ ਮੌਜੂਦਗੀ ਵਿਚ ਸੁਰਿੰਦਰ ਕੁਮਾਰੀ ਕੋਛੜ ਨੇ ਅੰਬੇਡਕਰ ਭਵਨ ਦੇ ਟਰੱਸਟੀਆਂ ਡਾ. ਜੀ.ਸੀ. ਕੌਲ, ਬਲਦੇਵ ਰਾਜ ਭਾਰਦਵਾਜ, ਚਰਨ ਦਾਸ ਸੰਧੂ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ) , ਪੰਜਾਬ ਯੂਨਿਟ ਦੇ ਕਾਰਜਕਾਰਨੀ ਮੈਂਬਰ ਡਾ. ਮੋਹਿੰਦਰ ਸੰਧੂ ਨੂੰ ਲਾਇਬ੍ਰੇਰੀ ਲਈ ਪੁਸਤਕਾਂ ਭੇਂਟ ਕਰਦਿਆਂ ਕਿਹਾ ਕਿ ਮਹਾਨ ਚਿੰਤਕ ਬਾਬਾ ਸਾਹਿਬ ਡਾ. ਅੰਬੇਡਕਰ ਅਤੇ ਦੇਸ਼ ਭਗਤ ਗ਼ਦਰੀ ਬਾਬੇ ਭਾਰਤੀ ਸਮਾਜ ਵਿਚ ਸਥਾਪਿਤ ਵਰਣ ਵਿਵਸਥਾ ਅਧੀਨ ਪ੍ਰਚਲਿਤ ਜਾਤ-ਪਾਤ ਨੂੰ ਖਤਮ ਕਰਕੇ ਸਮਾਨਤਾ, ਸੁਤੰਤਰਤਾ, ਭਾਈਚਾਰਕ ਏਕਤਾ ਅਤੇ ਸਮਾਜਿਕ ਨਿਆਂ ਤੇ ਅਧਾਰਿਤ ਸਮਾਜ ਕਾਇਮ ਕਰਨਾ ਚਾਹੁੰਦੇ ਸਨ। ਅਜਿਹਾ ਬੇਗ਼ਮਪੁਰਾ ਅਰਥਾਤ ਗ਼ਮ-ਰਹਿਤ ਸਮਾਜ ਸਥਾਪਿਤ ਕਰਨ ਲਈ ਸਾਡਾ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ ਜਿਸ ਵਿਚ ਸਚੀ-ਸੁੱਚੀ ਕਿਰਤ ਦੀ ਮਹਾਨਤਾ ਨੂੰ ਸਵੀਕ੍ਰਿਤੀ ਪ੍ਰਾਪਤ ਹੋਵੇ। ਕਿਰਤੀ-ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਦੀਆਂ ਸਾਰੀਆਂ ਜਰੂਰੀ ਲੋੜਾਂ ਦੀ ਪੂਰਤੀ ਹੋਵੇ। ਡਾ. ਜੀ.ਸੀ ਕੌਲ ਨੇ ਅੰਬੇਡਕਰ ਭਵਨ ਟਰੱਸਟ ਵੱਲੋਂ ਧੰਨਵਾਦ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਦੇ ਤਪੱਸਵੀ ਤੇ ਸੰਘਰਸ਼ਮਈ ਜੀਵਨ ਨੂੰ ‘ਰੋਲ-ਮਾਡਲ’ ਦੱਸਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਭੈਣ ਜੀ ਦੁਆਰਾ ਲਿਖੀ ਸਵੈ-ਜੀਵਨੀ ‘ਬਸੰਤ ਰੁੱਤ ਆਏਗੀ’ ਤੋਂ ਪ੍ਰੇਰਨਾ ਲੈ ਕੇ ਸਮਾਜ ਵਿਚ ਪ੍ਰਚਲਿਤ ਕੁਰੀਤੀਆਂ, ਬੁਰਾਈਆਂ ਅਤੇ ਪੂੰਜੀਪਤੀ ਅਤੇ ਜਾਗੀਰਦਾਰੀ ਸਮਾਜ ਦੀਆਂ ਫਾਸ਼ੀਵਾਦੀ ਕੂਟਨੀਤਕ ਚਾਲਾਂ ਤੋਂ ਸੁਚੇਤ ਹੋ ਕੇ ਸੁਚੱਜਾ ਭਾਰਤੀ ਸਮਾਜ ਸਿਰਜਣ ਵਿਚ ਆਪਣਾ ਵਿਸ਼ੇਸ਼ ਤੇ ਮਹੱਤਵਪੂਰਨ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਯਾਦਗਾਰੀ ਮਿਲਣੀ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਅੰਬੇਡਕਰ ਭਵਨ ਟਰੱਸਟ (ਰਜਿ) ਦੇ ਸੀਨੀਅਰ ਟਰੱਸਟੀਆਂ ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਕੰਗਣੀਵਾਲ, ਡਾ, ਜੀ.ਸੀ. ਕੌਲ, ਬਲਦੇਵ ਰਾਜ ਭਾਰਦਵਾਜ, ਚਰਨ ਦਾਸ ਸੰਧੂ ਸਮੇਤ ਡਾ, ਮੋਹਿੰਦਰ ਸੰਧੂ, ਪੱਤਰਕਾਰ ਅਤੇ ਮੁਲਾਜਮ ਨੇਤਾ ਮਹਿੰਦਰ ਫੁਗਲਾਣਾ, ਸੁਮਨ ਸ਼ਾਮਪੁਰੀ ਆਦਿ ਸ਼ਾਮਲ ਸਨ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈੱਸ ਬਿਆਨ ਰਾਹੀਂ ਦਿੱਤੀ।
ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.), ਜਲੰਧਰ ।