ਸਾਹਿਤਕਾਰ ਜਰਨੈਲ ਸਿੰਘ ਦੀ ਸਵੈ-ਜੀਵਨੀ: ਸੁਪਨੇ ਅਤੇ ਵਾਟਾਂ ‘ਤੇ ਵਿਚਾਰ ਵਿਚਾਰ ਗੋਸ਼ਟੀ

ਗੁਰਬਿੰਦਰ ਸਿੰਘ ਰੋਮੀ, ਕੁਰੂਕਸ਼ੇਤਰ (ਸਮਾਜ ਵੀਕਲੀ): ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਜਰਨੈਲ ਸਿੰਘ ਦੁਆਰਾ ਰਚਿਤ ਸਵੈ-ਜੀਵਨੀ: ਸੁਪਨੇ ਅਤੇ ਵਾਟਾਂ ਵਿਸ਼ੇ ‘ਤੇ ਵਿਚਾਰ- ਗੋਸ਼ਟੀ ਦਾ ਆਯੋਜਨ ਕਰਵਾਇਆ ਗਿਆ। ਇਸ ਗੋਸ਼ਟੀ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋਫ਼ੈਸਰ ਅਨਿਲ ਵਸ਼ਿਸ਼ਟ, ਡੀਨ ਅਕਾਦਮਿਕ ਮਾਮਲੇ , ਕੇ. ਯੂ.ਕੇ., ਵਿਸ਼ੇਸ਼ ਮਹਿਮਾਨ ਜਰਨੈਲ ਸਿੰਘ ਪ੍ਰਸਿੱਧ ਪੰਜਾਬੀ ਕਹਾਣੀਕਾਰ ਅਤੇ ਪ੍ਰਧਾਨਗੀ ਪ੍ਰੋਫ਼ੈਸਰ ਬਲਦੇਵ ਸਿੰਘ ਧਾਲੀਵਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਸ਼ੇਸ਼ ਸ਼ਿਰਕਤ ਕੀਤੀ।
ਪ੍ਰੋਗਰਾਮ ਦਾ ਆਗਾਜ਼ ਡਾ.ਕੁਲਦੀਪ ਸਿੰਘ, ਮੁਖੀ ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵੱਲੋਂ ਆਏ ਮਹਿਮਾਨਾਂ ਦੇ ਰਸਮੀ ਸਵਾਗਤੀ ਸ਼ਬਦਾਂ ਨਾਲ ਕੀਤਾ ਗਿਆ। ਡਾ.ਕੁਲਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਨਾਲ ਵਿਦਿਆਰਥੀਆਂ ਦੇ ਰੂ- ਬ -ਰੂ ਕਰਵਾਉਂਦਿਆਂ ਦੱਸਿਆ ਕਿ ਉਹਨਾਂ ਦੀਆਂ ਕਹਾਣੀਆਂ ਜੀਵਨ ਦੇ ਸੰਘਰਸ਼ ਨੂੰ ਦਰਸਾਉਂਦੀਆਂ ਹਨ।

ਉਨ੍ਹਾਂ ਹਰਿਆਣਾ ਵਿੱਚ ਭਾਸ਼ਾ ਦੇ ਵਿਕਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦੇ ਸਾਂਝੇ ਉਪਰਾਲੇ ਨਾਲ਼ ਪੰਜਾਬੀ ਭਾਸ਼ਾ ਦਾ ਉਜੱਵਲ ਭਵਿੱਖ ਹੋ ਸਕਦਾ ਹੈ। ਇਸ ਤੋਂ ਬਾਅਦ ਪ੍ਰਸਿੱਧ ਪੰਜਾਬੀ ਕਵੀ ,ਗਾਇਕ ਅਤੇ ਪੱਤਰਕਾਰ ਰੋਮੀ ਘੜਾਮੇਵਾਲਾ ਨੇ ‘ਜਿੱਥੇ ਮੈਂ ਹੀ ਮੈਂ ਹੋਵਾਂ, ਮੈਨੂੰ ਤੰਗ ਕਰੇ ਨਾ ਕੋਈ ‘… ਕਾਵਿ-ਤੁਕਾਂ ਨਾਲ ਇਸ ਵਿਚਾਰ ਗੋਸ਼ਟੀ ਵਿੱਚ ਕਾਵਿ ਰਸ ਭਰਿਆ। ਪੀ.ਪੀ.ਟੀ. ਦੁਆਰਾ ਕਹਾਣੀਕਾਰ ਜਰਨੈਲ ਸਿੰਘ ਦੇ ਜੀਵਨ , ਸਾਹਿਤਕ ਰਚਨਾਵਾਂ ਅਤੇ ਸਨਮਾਨਾਂ ਨੂੰ ਵਿਦਿਆਰਥੀਆਂ ਦੇ ਸਨਮੁੱਖ ਰੱਖਿਆ ਗਿਆ ਤਾਂ ਜੋ ਵਿਦਿਆਰਥੀ ਉਹਨਾਂ ਦੇ ਜੀਵਨ ਅਤੇ ਸਾਹਿਤਕ ਰਚਨਾਵਾਂ ਨਾਲ ਵਿਵਹਾਰਿਕ ਸਾਂਝ ਪਾ ਸਕਣ।  ਵਿਚਾਰ- ਗੋਸ਼ਟੀ ਦਾ ਮੰਚ ਸੰਚਾਲਨ ਡਾ. ਦੇਵਿੰਦਰ ਬੀਬੀਪੁਰੀਆ , ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਕੇ.ਯੂ.ਕੇ. ਦੁਆਰਾ ਕੀਤਾ ਗਿਆ। ਡਾ.ਰਛਪਾਲ ਸਿੰਘ ਉੱਪਲ, ਪੰਜਾਬੀ ਵਿਭਾਗ, ਗੁਰੂ ਨਾਨਕ ਖਾਲਸਾ ਕਾਲਜ, ਅਬੋਹਰ, ਡਾ.ਅਕਾਲ ਅੰਮ੍ਰਿਤ ਕੌਰ, ਮੁਖੀ ਪੰਜਾਬੀ ਵਿਭਾਗ, ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ,ਜਲੰਧਰ, ਡਾ.ਬਲਵਿੰਦਰ ਸਿੰਘ ਮੁਖੀ, ਪੰਜਾਬੀ ਵਿਭਾਗ, ਗੁਰੂ ਨਾਨਕ ਖਾਲਸਾ ਕਾਲਜ ਡਰੌਲੀ ਕਲਾਂ, ਜਲੰਧਰ, ਡਾ.ਲਤਾ ਖੇੜਾ , ਅਸਿਸਟੈਂਟ ਪ੍ਰੋਫ਼ੈਸਰ , ਪੰਜਾਬੀ ਵਿਭਾਗ ,ਕੇ .ਯੂ.ਕੇ , ਡਾ.ਗੁਰਪ੍ਰੀਤ ਸਿੰਘ ਸਾਹੂਵਾਲਾ, ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਕੇ.ਯੂ.ਕੇ.ਵੱਲੋਂ ਖੋਜ ਪੱਤਰ ਪੜ੍ਹੇ ਗਏ।

ਇਸ ਗੋਸ਼ਟੀ ਦੇ ਮੁੱਖ ਮਹਿਮਾਨ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਨੇ ਆਪਣੀ ਸਵੈ-ਜੀਵਨੀ ਬਾਰੇ ਗੱਲ ਕਰਦਿਆਂ ਆਪਣੀ ਜ਼ਿੰਦਗੀ ਦੇ ਮੂਲ ਚਾਰ ਨੁਕਤਿਆਂ ਸੰਘਰਸ਼, ਸੰਤੁਲਨ, ਸੁਹਿਰਦਤਾ ਤੇ ਸੰਪੂਰਨਤਾ ਨੂੰ ਜੀਵਨ ਦੇ ਅਨੁਭਵੀ ਪੱਖ ਤੋਂ ਪੇਸ਼ ਕੀਤਾ। ਕਹਾਣੀਕਾਰ ਜਰਨੈਲ ਸਿੰਘ ਨੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਆਪਣੀ ਰਚਨਾਤਮਕ ਸਿਰਜਣ ਪ੍ਰਕਿਰਿਆ ਨੂੰ ਬਰਕਰਾਰ ਰੱਖਿਆ। ਮੁੱਖ ਮਹਿਮਾਨ ਪ੍ਰੋਫ਼ੈਸਰ ਅਨਿਲ ਵਸ਼ਿਸ਼ਟ ਜੀ ਨੇ ਪੰਜਾਬੀ ਵਿਭਾਗ ਵਿੱਚ ਇਸ ਵਿਚਾਰ-ਗੋਸ਼ਟੀ ਦੇ ਆਯੋਜਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰੋਫ਼ੈਸਰ ਅਨਿਲ ਵਸ਼ਿਸ਼ਟ ਜੀ ਨੇ ਕਹਾਣੀਕਾਰ ਜਰਨੈਲ ਸਿੰਘ ਜੀ ਦੇ ਆਪਣੇ ਸਵੈ-ਜੀਵਨੀ ਬਾਰੇ ਕਹੇ ਸ਼ਬਦਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਜੀਵਨ ਵਿੱਚ ਕੁੱਝ ਹਾਸਿਲ ਕਰਨ ਲਈ ਸੰਘਰਸ਼ ਦਾ ਬਹੁਤ ਮਹੱਤਵ ਹੈ। ਇਸ ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਕਰ ਰਹੇ ਪ੍ਰੋਫ਼ੈਸਰ ਬਲਦੇਵ ਸਿੰਘ ਧਾਲੀਵਾਲ ਜੀ ਨੇ ਕਹਾਣੀਕਾਰ ਜਰਨੈਲ ਸਿੰਘ ਦੀ ਸਵੈ- ਜੀਵਨੀ ਬਾਰੇ ਗੱਲ ਕਰਦਿਆਂ ਕਿਹਾ ਕਿ ਸਵੈ-ਜੀਵਨੀ ਵਿੱਚ ਦੋ ਗੱਲਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ ਇੱਕ ਤੱਥ ਅਤੇ ਦੂਜਾ ਉਹਨਾਂ ਤੱਥਾਂ ਦੀ ਪੇਸ਼ਕਾਰੀ। ਤੱਥਾਂ ਅਤੇ ਕਲਪਨਾ ਵਿਚਲੇ ਸੰਤੁਲਨ ਦੀ ਗੱਲ ਕਰਦਿਆਂ ਦੱਸਿਆ ਕਿ ਜੇਕਰ ਇਹਨਾਂ ਵਿਚੋਂ ਕੋਈ ਇੱਕ ਪੱਖ ਭਾਰੂ ਹੋ ਜਾਵੇ ਤਾਂ ਸਵੈ-ਜੀਵਨੀ ਪੇਤਲੀ ਪੈ ਜਾਵੇਗੀ।

ਬਲਦੇਵ ਸਿੰਘ ਧਾਲੀਵਾਲ ਨੇ ਸਵੈ-ਜੀਵਨੀ ਦੇ ਥੀਮ ਨਾਲੋਂ ਵਧੇਰੇ ਸ਼ਿਲਪ ਬਾਰੇ ਗੱਲ ਕੀਤੀ। ਉਹਨਾਂ ਕਿਹਾ ਸਵੈ – ਜੀਵਨੀ ਰੂਪਾਕਾਰ ਵਿੱਚ ਜੁਗਤਾਂ ਵਰਤਣ ਦੀ ਮਨਾਹੀਂ ਨਹੀਂ ਪਰ ਉਹਨਾਂ ਜੁਗਤਾਂ ਦੀ ਪ੍ਰਧਾਨਤਾ ਭਾਰੂ ਨਹੀਂ ਹੋਣੀ ਚਾਹੀਦੀ। ਇਸ ਸਵੈ-ਜੀਵਨੀ ਵਿੱਚ ਜੋ ਉੱਭਰਵਾਂ ਪੱਖ ਹੈ ਕਿ ਜੋ ਬਿਰਤਾਂਤ ਸਿਰਜਿਆ, ਜੁਗਤਾਂ ਵਰਤੀਆਂ ਗਈਆਂ, ਉਹਨਾਂ ਦੀ ਦ੍ਰਿਸ਼ਟੀ ਮਾਨਵਵਾਦੀ ਨਜ਼ਰੀਏ ਵਾਲੀ ਹੈ। ਪ੍ਰੋਗਰਾਮ ਦੇ ਅੰਤ ਵਿੱਚ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਪਰਮਜੀਤ ਕੌਰ ਸਿੱਧੂ ਨੇ ਆਏ ਹੋਏ ਮਹਿਮਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਸਮੂਹ ਪੰਜਾਬੀ ਵਿਭਾਗ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਜਰਨੈਲ ਸਿੰਘ ਦੀ ਕਹਾਣੀ ਨਾਲ਼ ਸੰਬੰਧਿਤ ਰਛਪਾਲ ਸਿੰਘ ਉਪਲ ਦੀਆਂ ਦੋ ਪੁਸਤਕਾਂ ਦੀ ਘੁੰਢ ਚੁਕਾਈ ਕੀਤੀ ਗਈ। ਡਾ. ਬਲਵਿੰਦਰ ਸਿੰਘ ਥਿੰਦ ਵੱਲੋਂ ਵੀ ਜਰਨੈਲ ਸਿੰਘ ਦੀ ਕਹਾਣੀ ਨਾਲ਼ ਸੰਬੰਧਤ ਦੋ ਪੁਸਤਕਾਂ ਪੰਜਾਬੀ ਵਿਭਾਗ ਨੂੰ ਅਰਪਿਤ ਕੀਤੀਆਂ ਗਈਆਂ। ਅੰਤ ਵਿੱਚ ਵਿਦਿਆਰਥੀਆਂ ਨੂੰ ਆਏ ਹੋਏ ਵਿਦਵਾਨਾਂ ਦੇ ਵਿਚਾਰਾਂ ਨੂੰ ਅਮਲ ਵਿਚ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ।

 

Previous articleਭਾਰਤ ਮੁਕਤੀ ਮੋਰਚਾ ਅਤੇ ਬਹੁਜਨ ਕ੍ਰਾਂਤੀ ਮੋਰਚਾ ਦੇ ਆਗੂਆਂ ਨੇ ਰਾਸ਼ਟਰਪਤੀ ਦੇ ਨਾਂ ਡੀ ਸੀ ਨੂੰ ਦਿੱਤਾ ਮੰਗ ਪੱਤਰ
Next articleਜਸਵੀਰ ਕੌਰ ਮੰਡਿਆਣੀ ਨੇ ਜਿੱਤਿਆ ਸੋਨ ਤਮਗਾ