ਲੇਖਕ ਪਾਠਕ ਸਾਹਿਤ ਸਭਾ ਵਲੋਂ ਸਨਮਾਨ ਸਮਾਗਮ ਦੀ ਤਰੀਕ ਦਾ ਐਲਾਨ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਕਿਸੇ ਪਿੰਡ ਦੇ ਜ਼ੈਲਦਾਰਾਂ ਦੇ ਬੁੜੇ ਨੇ ਜਵਾਨੀ ਵਿੱਚ ਵੈਲੀਪੁਣੇ ਦੀਆਂ ਹੱਦਾਂ ਟੱਪੀਆਂ ਹੋਈਆਂ ਸਨ, ਹਵੇਲੀ ਮੂਹਰੇ ਲੱਗੇ ਬੋਹੜ ਹੇਠਾਂ ਸਾਰਾ ਦਿਨ ਆਪਣੇ ਵਰਗੇ ਪੰਜ ਸੱਤ ਮੁਸ਼ਟੰਡਿਆਂ ਨਾਲ਼ ਢਾਣੀ ਬਣਾ ਕੇ ਤਾਸ਼ ਖੇਡਣਾ, ਸ਼ਰਾਬਾਂ ਪੀਣੀਆਂ ,ਆਉਂਦੀਆਂ ਜਾਂਦੀਆਂ ਲੋਕਾਂ ਦੀਆਂ ਧੀਆਂ ਭੈਣਾਂ ਵੱਲ ਬੁਰੀ ਨਜ਼ਰ ਨਾਲ ਤੱਕਣਾ ਜਿਸ ਕਰਕੇ ਲੋਕਾਂ ਦੀਆਂ ਧੀਆਂ ਭੈਣਾਂ ਨੇ ਉਹ ਰਸਤਾ ਛੱਡ ਕੇ ਸਾਰਾ ਪਿੰਡ ਵਗਲ਼ ਕੇ ਦੂਜੇ ਪਾਸੇ ਵਾਲ਼ੇ ਰਸਤਿਓਂ ਆਪਣੇ ਕੰਮ ਧੰਦੀਂ ਜਾਣਾ । ਫਿਰ ਉਹਦਾ ਇੱਕ ਪੋਤਾ ਨੇਤਾਗਿਰੀ ਵਿੱਚ ਪੈ ਗਿਆ ਤੇ ਉੱਘਾ ਨੇਤਾ ਬਣ ਗਿਆ ।

ਉਹਦੀ ਨੇਤਾਗਿਰੀ ਨੂੰ ਸਲਾਮਾਂ ਹੋਣ ਲੱਗੀਆਂ। ਜਦ ਉਹ ਬੁੜਾ ਮਰਿਆ ਤਾਂ ‘ਜ਼ੈਲਦਾਰਾਂ ਦਾ ਬੁੜਾ’ ਘੱਟ ਤੇ ਨੇਤਾ ਜੀ ਦਾ ਸਤਿਕਾਰਯੋਗ ਦਾਦਾ ਜੀ ਵੱਧ ਬਣ ਗਿਆ ਸੀ। ਬੁੜੇ ਦੀ ਅੰਤਿਮ ਅਰਦਾਸ ਵਾਲਾ ਦਿਨ ਵੀ ਆ ਗਿਆ, ਨੇਤਾ ਜੀ ਨੂੰ ਚਾਹੁਣ ਵਾਲਿਆਂ ਦਾ ਠਾਠਾਂ ਮਾਰਦਾ ਇਕੱਠ, ਉੱਤੋਂ ਨੇਤਾ ਜੀ ਵਰਗੇ ਕਿੰਨੇ ਹੀ ਹੋਰ ਨੇਤਾ ਜੀ “ਹਾਜ਼ਰੀ” ਲਵਾਉਣ ਪੁੱਜੇ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਵੈਰਾਗਮਈ ਕੀਰਤਨ ਤੋਂ ਬਾਅਦ ਭੋਗ ਪੈ ਗਿਆ।

ਭੋਗ ਪੈਂਦੇ ਹੀ ਨੇਤਾ ਜੀ ਦੇ ਪਿਆਰੇ ਦਾਦਾ ਜੀ ਨੂੰ ਸ਼ਰਧਾਂਜਲੀਆਂ ਦੇਣ ਵਾਲ਼ਿਆਂ ਦੀ ਲੰਮੀ ਲਾਈਨ ਲੱਗ ਗਈ, ਸੈਕਟਰੀ ਸਾਹਿਬ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਗਈ,” ਸਾਡੇ ਬਹੁਤ ਹੀ ਸਤਿਕਾਰਤ ਬਜ਼ੁਰਗ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਾਰੀਆਂ ਪਹੁੰਚੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਸਮੇਂ ਦਾ ਧਿਆਨ ਰੱਖਦਿਆਂ ਦੋ ਦੋ ਮਿੰਟ ਦਿੱਤੇ ਜਾਂਦੇ ਹਨ,ਇਸ ਲਈ ਕਿਰਪਾ ਕਰਕੇ ਦੋ ਮਿੰਟ ਵਿੱਚ ਹੀ ਇਸ ਮਹਾਨ ਸ਼ਖ਼ਸੀਅਤ ਨੂੰ ਸ਼ਰਧਾ ਦੇ ਫੁੱਲ ਚੜਾ ਕੇ ਸਮੇਂ ਦੀ ਪਾਬੰਦੀ ਧਿਆਨ ਰੱਖਿਆ ਜਾਵੇ ਤਾਂ ਜੋ ਸਭ ਨੂੰ ਵਕਤ ਮਿਲ ਜਾਵੇ।” ਸ਼ਰਧਾਂਜਲੀਆਂ ਦਾ ਸਿਲਸਿਲਾ ਸ਼ੁਰੂ ਹੁੰਦੇ ਹੀ ਨੇਤਾ ਜੀ ਦੇ ਦਾਦਾ ਜੀ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹਦਿਆਂ ‘ਧੀਆਂ ਭੈਣਾਂ ਦੀਆਂ ਇੱਜ਼ਤਾਂ ਦਾ ਰਾਖਾ” ,”ਗਰੀਬਾਂ ਦਾ ਮਸੀਹਾ”,”ਨੇਕ ਇਨਸਾਨ “, ਭਲਾ ਪੁਰਸ਼” ਆਦਿਕ ਵਧੀਆ ਤੋਂ ਵਧੀਆ ਸ਼ਬਦਾਂ ਨਾਲ਼ ਵਡਿਆਈ ਕਰਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

ਸ਼ਰਧਾਂਜਲੀ ਕੀ ਹੈ?ਅਸਲ ਵਿੱਚ ਸ਼ਰਧਾਂਜਲੀ ਕਿਸੇ ਵਿਅਕਤੀ ਦੇ ਮਰਨ ਉੱਤੇ ਕਹੇ ਜਾਣ ਵਾਲੇ ਉਸਤਤੀ ਜਾਂ ਹਮਦਰਦੀ ਭਰੇ ਸ਼ਬਦਾਂ ਨੂੰ ਕਿਹਾ ਜਾਂਦਾ ਹੈ|ਸਾਡੇ ਭਾਰਤੀ ਸਮਾਜ ਵਿੱਚ ਮੌਤ ਉਪਰੰਤ ਸਮਾਜਿਕ ਰੀਤੀ-ਰਿਵਾਜਾਂ ਤੇ ਧਾਰਮਿਕ ਆਸਥਾਵਾਂ ਮੁਤਾਬਕ ਮਨੁੱਖ ਦੀਆਂ ਅੰਤਿਮ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਆਪਣੇ ਆਪਣੇ ਮੱਤ ਅਨੁਸਾਰ ਸਹਿਜ ਪਾਠ ਜਾਂ ਅਖੰਡ ਪਾਠ ਜਾਂ ਗਰੁੜ ਪੁਰਾਣ ਆਦਿ ਧਾਰਮਿਕ ਗ੍ਰੰਥਾਂ ਦੇ ਪਾਠ ਦਾ ਭੋਗ ਪਾਇਆ ਜਾਂਦਾ ਹੈ।ਉਸ ਤੋਂ ਉਪਰੰਤ ਰਸਮ ਪਗੜੀ ਜਾਂ ਸ਼ਰਧਾਂਜਲੀਆਂ ਦਾ ਦੌਰ ਸ਼ੁਰੂ ਹੁੰਦਾ ਹੈ ਜਿਸ ਵਿੱਚ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ। ਸ਼ਰਧਾਂਜਲੀ ਦੇਣ ਵਾਲਾ ਕੋਈ ਮੰਤਰੀ, ਕਿਸੇ ਰਾਜਨੀਤਕ ਪਾਰਟੀ ਦਾ ਨੇਤਾ ਜਾਂ ਪ੍ਰਧਾਨ ਜਾਂ ਸਮਾਜ ਸੇਵੀ ਜਾਂ ਕੋਈ ਆਮ ਆਦਮੀ ਵੀ ਹੋ ਸਕਦਾ ਹੈ। ਬਹੁਤਾ ਕਰਕੇ ਕਈ ਲੋਕ ਅਜਿਹੇ ਮੌਕਿਆਂ ’ਤੇ ਦੋ ਮਿੰਟ ਮੌਨ ਰੱਖ ਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਨ ਨੂੰ ਸਰਬ ਉੱਤਮ ਮੰਨਦੇ ਹਨ।

ਹਰ ਰੋਜ਼ ਅਨੇਕਾਂ ਥਾਵਾਂ ਉੱਤੇ ਹਜ਼ਾਰਾਂ ਅਜਿਹੇ ਮਰਗ ਦੇ ਭੋਗ ਸਮਾਗਮ ਹੁੰਦੇ ਹਨ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਰਨ ਵਾਲੇ ਬੰਦੇ ਨੂੰ ਇਸ ਤਰ੍ਹਾਂ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ ਚਾਹੇ ਉਹ ਜ਼ਿੰਦਗੀ ਵਿੱਚ ਅਨੇਕਾਂ ਪਾਪ ਹੀ ਕਿਉਂ ਨਾ ਕਮਾ ਚੁੱਕਿਆ ਹੋਵੇ।ਸ਼ਰਧਾਂਜਲੀਆਂ ਭੇਂਟ ਕਰਨ ਵਿੱਚ ਆਮ ਲੋਕਾਂ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਉਹ ਸ਼ਖ਼ਸੀਅਤਾਂ ਸ਼ਾਮਲ ਹੁੰਦੀਆਂ ਹਨ ਜਿਹਨਾਂ ਨੇ ਕਦੇ ਮਰਨ ਵਾਲੇ ਨੂੰ ਦੇਖਿਆ ਤੱਕ ਨਹੀਂ ਹੁੰਦਾ, ਉਹਨਾਂ ਨਾਲ ਗੱਲ ਕਰਨਾ ਜਾਂ ਮਿਲ਼ੇ ਹੋਣਾ ਤਾਂ ਦੂਰ ਦੀ ਗੱਲ ਹੁੰਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗ ਕਰਨ ਲਈ ਹਾਜ਼ਰ ਲੋਕਾਂ ਨੂੰ ਸੰਗਤ ਅਤੇ ਪੂਰੇ ਸਿਰਜੇ ਗਏ ਮਾਹੌਲ ਨੂੰ ਸਤਿਸੰਗ ਦਾ ਨਾਂ ਦਿੱਤਾ ਜਾਂਦਾ ਹੈ ਮਤਲਬ ਕਿ ਅਸੀਂ ਇੱਕ ਸੱਚੇ ਦੀ ਸੰਗਤ ਕਰ ਰਹੇ ਹੁੰਦੇ ਹਾਂ । ਜਿਸ ਦਾ ਸਿੱਧਾ ਸਿੱਧਾ ਅਰਥ ਹੁੰਦਾ ਹੈ ਕਿ ਇੱਕ ਸੱਚੇ ਪਰਮਾਤਮਾ ਦੀ ਉਸਤਤ ਕਰਦਿਆਂ ਸਾਰਾ ਵਾਤਾਵਰਣ ਅਧਿਆਤਮਿਕ ਰੰਗਤ ਵਿੱਚ ਰੰਗ ਕੇ ਮਰਨ ਵਾਲੇ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਜਾਵੇ ਪਰ ਹੁੰਦਾ ਇਸ ਤੋਂ ਉਲਟ ਹੈ। ਉਸ ਦੀ ਆਤਮਾ ਦੀ ਸ਼ਾਂਤੀ ਨਾਲੋਂ ਜ਼ਿਆਦਾ ਉਸ ਦੇ ਖਤਮ ਹੋ ਚੁੱਕੇ ਸਰੀਰ ,ਉਸ ਦੇ ਰੁਤਬੇ ਦੀ ਉਪਮਾ ਦਾ ਵੱਧ ਖਿਆਲ ਰੱਖਿਆ ਜਾਂਦਾ ਹੈ।

ਸੋਚਣ ਦੀ ਗੱਲ ਹੈ ਕਿ ਧਾਰਮਿਕ ਗ੍ਰੰਥਾਂ ਦੀ ਹਜ਼ੂਰੀ ਵਿੱਚ ਬੈਠ ਕੇ ਝੂਠੀ ਵਡਿਆਈ ਅਤੇ ਫੋਕੀ ਸ਼ੋਹਰਤ ਦੇ ਗੁਣ ਗਾਉਣੇ ਕੀ ਜ਼ਰੂਰੀ ਹੈ? ਜਿਸ ਵਿਅਕਤੀ ਦੇ ਕਾਰਨਾਮੇ ਓਥੇ ਮੌਜੂਦ ਲੋਕਾਂ ਨੇ ਸਾਰੀ ਉਮਰੇ ਵੇਖੇ ਅਤੇ ਪਰਖੇ ਹੁੰਦੇ ਹਨ, ਉਸ ਬਾਰੇ ਲਾਊਡ ਸਪੀਕਰਾਂ ਤੇ ਰੌਲ਼ਾ ਪਾ ਕੇ ਦੱਸਣ ਦੀ ਕੀ ਲੋੜ ਹੁੰਦੀ ਹੈ? ਇਸ ਤਰ੍ਹਾਂ ਦਾ ਤਾਂ ਕੋਈ ਨਿਵੇਕਲਾ ਵਿਅਕਤੀ ਹੀ ਹੋਵੇਗਾ ਜਿਸ ਨੇ ਜ਼ਿੰਦਗੀ ਵਿੱਚ ਕਦੇ ਕੋਈ ਗਲਤੀ ਨਹੀਂ ਕੀਤੀ ਹੋਵੇਗੀ। ਧਾਰਮਿਕ ਰੰਗਤ ਵਾਲੇ ਮਾਹੌਲ ਵਿੱਚ ਕਿਸੇ ਵੀ ਵਿਅਕਤੀ ਦੀ ਸ਼ਰੇਆਮ ਝੂਠੀ ਵਡਿਆਈ ਕਰਕੇ ਉਸ ਨੂੰ ਸ਼ਰਧਾਂਜਲੀ ਦੇਣਾ ਕੀ ਪਵਿੱਤਰ ਗਰੰਥਾਂ ਦੀ ਬੇਅਦਬੀ ਕਰਨਾ ਨਹੀਂ ਹੈ? ਕਿਉਂ ਕਿ ਸਾਨੂੰ ਕੋਈ ਵੀ ਧਾਰਮਿਕ ਗ੍ਰੰਥ ਝੂਠ ਬੋਲਣ ਦੀ ਇਜਾਜ਼ਤ ਨਹੀਂ ਦਿੰਦਾ ਹੈ ।

ਅਸਲ ਵਿੱਚ ਦੇਖਿਆ ਜਾਵੇ ਤਾਂ ਆਤਮਿਕ ਸ਼ਾਂਤੀ ਲਈ ਰੱਖੇ ਧਾਰਮਿਕ ਸਮਾਗਮਾਂ ਵਿੱਚ ਕੀਤੀ ਹੋਈ ਅਰਦਾਸ ਹੀ ਉਸ ਵਿਅਕਤੀ ਲਈ ਸ਼ਰਧਾਂਜਲੀ ਹੁੰਦੀ ਹੈ ਕਿਉਂਕਿ ਸਾਰੇ ਲੋਕ ਪਰਮਾਤਮਾ ਦਾ ਨਾਂ ਧਿਆਉਂਦੇ ਹੋਏ ਉਸ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਮੰਗ ਰਹੇ ਹੁੰਦੇ ਹਨ। ਇਸ ਤੋਂ ਉਲਟ ਮਰ ਚੁੱਕੇ ਸਰੀਰ ਦੀਆਂ ਝੂਠੀਆਂ ਸੱਚੀਆਂ ਵਡਿਆਈਆਂ ਕਰਕੇ ਜਿੱਥੇ ਆਪ ਪਾਪਾਂ ਦੇ ਭਾਗੀ ਬਣਦੇ ਹਨ ਓਥੇ ਉਹ ਧਾਰਮਿਕ ਗ੍ਰੰਥਾਂ ਵਿੱਚ ਦਿੱਤੀਆਂ ਗਈਆਂ ਸਿੱਖਿਆਵਾਂ ਦੇ ਵੀ ਉਲਟ ਚੱਲ ਰਹੇ ਹੁੰਦੇ ਹਨ। ਇਸ ਤਰ੍ਹਾਂ ਅੱਜ ਕੱਲ੍ਹ ਸ਼ਰਧਾਂਜਲੀਆਂ, ਸ਼ਰਧਾਂਜਲੀਆਂ ਘੱਟ ਤੇ ਝੂਠ ਦੇ ਪੁਲੰਦੇ ਵੱਧ ਲੱਗਦੀਆਂ ਹਨ।

ਬਰਜਿੰਦਰ ਕੌਰ ਬਿਸਰਾਓ
9988901324

 

Previous articleਝਾਂਕੀ ਪੰਜਾਬ ਦੀ (ਵਿਅੰਗ) ਗਣਤੰਤਰ ਦਿਵਸ 2023
Next articleਸਾਡੇ ਰਿਸ਼ਤੇ ਅਤੇ ਹੱਕ