(ਸਮਾਜ ਵੀਕਲੀ) ਮਿਤੀ 25 ਜਨਵਰੀ 2025 ਦਿਨ ਸ਼ਨੀਵਾਰ ਨੂੰ ਅੰਬੇਡਕਰਾਇਡ ਬੁੱਧੀਸਟ ਕੋਰਡੀਨੇਸ਼ਨ ਕਮੇਟੀ ਦੇ ਪ੍ਰਮੁੱਖ ਸਾਥੀ ਅਤੇ ਸਹਿਯੋਗੀ ਆਸਟਰੀਆ ਤੋਂ ਮਹਾਉਪਾਸਕ ਬਲਵਿੰਦਰ ਕੁਮਾਰ ਢੰਡਾ ਜੀ ਦੇ ਮਾਤਾ ਜੀ ਮਹਾਉਪਾਸਕਾ ਚੈਨੋ ਦੇਵੀ ਢੰਡਾ ਜੀ ਦੀ ਯਾਦ ਵਿੱਚ ਅੰਬੇਡਕਰ ਭਵਨ ਜਲੰਧਰ ਵਿਖੇ ਪੁਨਯਾ ਅਨੁਮੋਦਨ ਕਾਰਜ ਅਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ।ਮਾਤਾ ਚੈਨੋ ਦੇਵੀ ਜੀ ਦਾ ਬੀਤੇ ਦਿਨੀ ਆਸਟਰੀਆ ਵਿਖੇ ਦੇਹਾਂਤ ਹੋ ਗਿਆ ਸੀ।ਪਰਿਵਾਰ ਵਲੋਂ ਉਨ੍ਹਾਂ ਦੀਆਂ ਅਸਥੀਆਂ ਪੰਜਾਬ ਲਿਆਕੇ ਮਹਾਂ ਸ਼ੰਭੂਨ ਬੁੱਧ ਵਿਹਾਰ ਸੂੰਢ ਵਿਖੇ ਭਿੱਖੂ ਸੰਘ ਵਲੋਂ ਪੂਜਾ ਵੰਦਨਾ ਤੋਂ ਬਾਦ ਸਤਿਲੁਜ ਨਦੀ ਵਿੱਚ ਵਿਸਰਜਿਤ ਕੀਤਿਆਂ ਗਈਆਂ ਸਨ। ਅੱਜ ਦੇ ਸ਼ਰਧਾਂਜਲੀ ਸਮਾਗਮ ਵਿੱਚ ਸਾਰੇ ਢੰਡਾ ਪਰਿਵਾਰ ਨਾਲ ਆਏ ਹੋਏ ਸਾਰੇ ਰਿਸ਼ਤੇਦਾਰਾਂ ਸਕੇ ਸੰਬੰਧੀਆਂ ਨੇ ਦੁੱਖ ਸਾਂਝਾ ਕੀਤਾ।ਡਾ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟੇਨ ਯੂ ਕੇ ਅਤੇ ਪੰਜਾਬ ਦੁਆਰਾ ਸੰਚਾਲਿਤ ਡਾ ਅੰਬੇਡਕਰ ਬੁੱਧੀਸਟ ਰਿਸੋਰਸ ਸੈਂਟਰ ਅਤੇ ਭੰਤੇ ਮਹਾ ਸ਼ੰਭੂਨ ਬੁੱਧ ਵਿਹਾਰ ਸੂੰਢ ਨਜਦੀਕ ਬੰਗਾ ਤੋਂ ਸਤਿਕਾਰ ਯੋਗ ਭੰਤੇ ਵਿਨੇ ਥੇਰੋ ਜੀ ਨੇ ਸਾਰੇ ਧੰਮ ਬੰਧੂਆਂ ਨੂੰ ਤ੍ਰਿਸ਼ਰਣ ਪੰਚਸ਼ੀਲ ਗ੍ਰਹਿਣ ਕਰਾਏ ।ਉਨ੍ਹਾਂ ਨੇ ਤ੍ਰਿਰਤਨ ਪੂਜਾ ਵੰਦਨਾ ਦੇ ਨਾਲ ਨਾਲ ਆਪਣੇ ਪ੍ਰਵਚਨਾਂ ਦੁਆਰਾ ਮਨੁੱਖ ਨੂੰ ਆਪਣੇ ਜੀਵਨ ਵਿੱਚ ਸਦਾ ਚੰਗੇ ਕਰਮ ਕਰਨ ਦੀ ਸਿੱਖਿਆ ਦਿੱਤੀ।ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਪ੍ਰੋਫੈਸਰ ਗਿਆਨ ਚੰਦ ਕੌਲ ਜੀ ਨੇ ਕਿਹਾ ਕਿ ਮਾਤਾ ਚੈਨੋ ਦੇਵੀ ਜੀ ਸ਼ੁਰੂ ਤੋਂ ਹੀ ਅੰਬੇਡਕਰ ਵਾਦੀ ਵਿਚਾਰਾਂ ਦੇ ਹੋਣ ਕਾਰਨ ਹੀ ਉਨ੍ਹਾਂ ਆਪਣੀ ਘਾਲਣਾ ਅਤੇ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਇਸ ਮੁਕਾਮ ਤੱਕ ਲਿਆਂਦਾ ਹੈ ਕੇ ਅੱਜ ਉਨ੍ਹਾਂ ਦੇ ਬੱਚੇ ਆਪਣੇ ਮਹਾਪੁਰਸ਼ਾਂ ਦੇ ਮਿਸ਼ਨ ਦੀ ਤਨ ਮਨ ਧਨ ਨਾਲ ਸੇਵਾ ਕਰ ਰਹੇ ਹਨ।ਚੰਗੇ ਮਾਤਾ ਪਿਤਾ ਹੀ ਆਪਣੇ ਬੱਚਿਆਂ ਨੂੰ ਵੀ ਚੰਗੇ ਸੰਸਕਾਰ ਹੀ ਸਿਖਾਉਂਦੇ ਹਨ।ਇਸ ਲਈ ਸਾਰੇ ਮਾਪਿਆਂ ਨੂੰ ਚਾਹੀਦਾ ਹੈ ਕੇ ਉਹ ਖ਼ੁਦ ਅੰਬੇਡਕਰ ਮਿਸ਼ਨ ਅਤੇ ਬੁੱਧ ਧੱਮ ਨੂੰ ਸਮਝਕੇ ਆਪਣੇ ਬੱਚਿਆਂ ਨੂੰ ਵੀ ਪੁਰਖਿਆਂ ਦੇ ਮਿਸ਼ਨ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨ।ਤਕਸ਼ਿਲਾ ਮਹਾਂ ਬੁੱਧ ਵਿਹਾਰ ਲੁਧਿਆਣਾ ਤੋਂ ਪੂੰਜਾਬ ਬੁੱਧੀਸਟ ਸੋਸਾਇਟੀ ਯੂ ਕੇ ਦੇ ਪ੍ਰਮੁੱਖ ਸਾਥੀ ਡਾ ਹਰਬੰਸ ਵਿਰਦੀ ਜੀ ਨੇ ਵੀ ਢੰਡਾ ਪਰਿਵਾਰ ਨਾਲ ਮਾਤਾ ਜੀ ਦੇ ਦੇਹਾਂਤ ਤੇ ਅਫਸੋਸ ਜਾਹਰ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ।ਕਿੱਸਾ ਗੌਤਮੀ ਦਾ ਜਿਕਰ ਕਰਦਿਆਂ ਦੁੱਖ ਅਨਿੱਤਤਾ ਅਤੇ ਅਨਾਤਮ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ਅਤੇ ਮਨੁੱਖੀ ਜੀਵਨ ਵਿੱਚ ਸ਼ੀਲ ਸਮਾਧੀ ਅਤੇ ਪ੍ਰਗਯਾ ਨੂੰ ਅਪਨਾਕੇ ਦੁੱਖਾਂ ਤੋਂ ਮੁਕਤੀ ਪਾਉਣ ਲਈ ਅੰਬੇਡਕਰ ਮਿਸ਼ਨ ਅਤੇ ਬੁੱਧ ਧੱਮ ਨਾਲ ਜੁੜਨ ਦੀ ਸਿੱਖਿਆ ਦਿੱਤੀ। ਸ਼ਰਧਾਂਜਲੀ ਸਭਾ ਵਿੱਚ ਸਿਧਾਰਥ ਨਗਰ ਬੁੱਧ ਵਿਹਾਰ ਤੋਂ ਹਰਮੇਸ਼ ਜੱਸਲ ਜੀ ਅਤੇ ਵਿਸ਼ਵ ਬੋਧ ਸੰਘ ਦੇ ਉੱਪ ਪ੍ਰਧਾਨ ਰਮੇਸ਼ ਕੌਲ ਜੀ ਨੇ ਵੀ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ੋਕ ਸਭਾ ਵਿੱਚ ਸੋਫ਼ੀ ਪਿੰਡ ਬੁੱਧ ਵਿਹਾਰ,ਮਕਸੂਦਾਂ ਬੁੱਧ ਵਿਹਾਰ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਅੰਬੇਡਕਰ ਮਿਸ਼ਨ ਅਤੇ ਬੁੱਧ ਧੱਮ ਨਾਲ ਸੰਬੰਧਿਤ ਸੰਸਥਾਵਾਂ ਅਤੇ ਸੰਸਥਾਨਾਂ ਦੇ ਸਾਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਏ ਬੀ ਸੀ ਸੀ ਦੇ ਯੂ ਐਸ ਏ ਤੋਂ ਆਏ ਸਾਥੀ ਰਾਜਬੀਰ ਗੰਗੜ ਜੀ, ਅੰਬੇਡਕਰ ਮਿਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਬਲ਼ਦੇਵ ਭਾਰਦਵਾਜ, ਸੇਠ ਸੱਤ ਪਾਲ ਮੱਲ,ਹੁਸਨ ਲਾਲ ਬੋਧ,ਹਰਭਜਨ ਸਾਂਪਲਾ ਅਤੇ ਧਰਮਵੀਰ ਬੋਧ ਆਦਿ ਦੇ ਨਾਮ ਵੀ ਵਰਨਣ ਯੋਗ ਹਨ।ਮੰਚ ਸੰਚਾਲਨ ਦੀ ਸੇਵਾ ਅੰਬੇਡਕਰਾਇਡ ਬੁੱਧੀਸਟ ਕੋਰਡੀਨੇਸ਼ਨ ਕਮੇਟੀ ਦੇ ਕਨਵੀਨਰ ਅਤੇ ਇੰਟਰਨੈਸ਼ਨਲ ਬੁੱਧੀਸਟ ਮਿਸ਼ਨ ਟਰੱਸਟ ਦੇ ਪ੍ਰਧਾਨ ਬਲਦੇਵ ਰਾਜ ਜੱਸਲ ਜੀ ਨੇ ਬਾਖੂਬੀ ਨਿਭਾਈ । ਮਾਤਾ ਚੈਨੋ ਦੇਵੀ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ ਨਾਲ ਉਨ੍ਹਾਂ ਨੇ ਪੰਜਾਬ ਵਿੱਚ ਬੁੱਧ ਧੱਮ ਦੇ ਪ੍ਰਚਾਰ ਪ੍ਰਸਾਰ ਦੇ ਅਜੋਕੇ ਅੰਦੋਲਨ ਵਿੱਚ ਬੁੱਧ ਧੱਮ ਪ੍ਰਚਾਰ ਸਮਿਤੀ ਅਤੇ ਸੀਨੀਅਰ ਬੋਧੀ ਆਗੂਆਂ ਮਾਨਯੋਗ ਐਲ ਆਰ ਬਾਲੀ ਜੀ, ਮਹਾਸ਼ਾ ਕ੍ਰਿਸ਼ਨ ਕੁਮਾਰ ਬੋਧੀ,ਹਜਾਰਾ ਰਾਮ ਬੋਧੀ,ਸਗਲੀ ਰਾਮ ਬੋਧੀ, ਦਰਸ਼ਨ ਬੋਧੀ ਆਦਿ ਜੀ ਦੇ ਯੋਗਦਾਨ ਨੂੰ ਵੀ ਯਾਦ ਕੀਤਾ।ਸਮਾਗਮ ਦੇ ਅਖੀਰ ਵਿੱਚ ਮਾਤਾ ਚੈਨੋ ਦੇਵੀ ਜੀ ਦੇ ਪਰਿਵਾਰ ਵਲੋਂ ਉਨ੍ਹਾਂ ਦੇ ਸਪੁੱਤਰ ਬਲਵਿੰਦਰ ਢੰਡਾ ਜੀ ਨੇ ਆਏ ਹੋਏ ਰਿਸ਼ਤੇਦਾਰਾਂ, ਸਕੇ ਸੰਬੰਧੀਆਂ ਅਤੇ ਮਿਸ਼ਨਰੀ ਸਾਥੀਆਂ ਦਾ ਧੰਨਵਾਦ ਕੀਤਾ ਤੇ ਮਾਤਾ ਜੀ ਨੂੰ ਆਪਣੀ ਕਵਿਤਾ ਰਾਹੀਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮਾਤਾ ਜੀ ਦੀ ਯਾਦ ਵਿੱਚ ਦਾਨ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਨੇ ਅੰਬੇਡਕਰ ਬੁੱਧ ਵਿਹਾਰ ਮਕਸੂਦਾਂ ਨੂੰ ਪੰਜਾਹ ਹਜ਼ਾਰ ਰੁਪਏ ਤੇ ਅੰਬੇਡਕਰ ਭਵਨ ਜਲੰਧਰ ਨੂੰ ਅਕਵੰਜਾ ਸੌ ਰੁਪਏ ਦਾਨ ਦੇਣ ਦੀ ਘੋਸ਼ਣਾ ਵੀ ਕੀਤੀ।